ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਵਿਚ ਜ਼ਿਲਾ ਨਾਰੇਵਾਲ ਵਿਖੇ ਕਰਤਾਰਪੁਰ ਲਾਂਘੇ 'ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੇੜੇ 500 ਸਾਲ ਪੁਰਾਣੇ ਖੂਹ ਮਿਲਣ ਦੀ ਗੱਲ ਕਹੀ ਗਈ ਸੀ। ਬੀਤੇ ਐਤਵਾਰ ਨੂੰ ਪਾਕਿਸਤਾਨੀ ਮੀਡੀਆ ਵੱਲੋਂ ਖੋਦਾਈ ਦੌਰਾਨ ਇਕ 500 ਸਾਲ ਪੁਰਾਣਾ ਖੂਹ ਮਿਲਣ ਦਾ ਦਾਅਵਾ ਕਰਨ ਉਪਰੰਤ ਸੋਸ਼ਲ ਮੀਡੀਆ 'ਤੇ ਵਿਵਾਦ ਛਿੜ ਗਿਆ ਸੀ। ਹੁਣ ਇਹ ਦਾਅਵਾ ਕਰਨ ਵਾਲੀਆਂ ਪਾਕਿਸਤਾਨੀ ਸਮਾਚਾਰ ਏਜੰਸੀਆਂ ਨੇ ਸਵੀਕਾਰ ਕੀਤਾ ਹੈ ਕਿ 500 ਸਾਲ ਪੁਰਾਣਾ ਇਹ ਖੂਹ ਹੁਣ ਨਹੀਂ ਸਗੋਂ ਕੁਝ ਸਾਲ ਪਹਿਲਾਂ ਮਿਲਿਆ ਸੀ।
ਇਸ ਤੋਂ ਪਹਿਲਾਂ ਪਾਕਿਸਤਾਨੀ ਮੀਡੀਆ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਹਵਾਲੇ ਨਾਲ ਇਹ ਵੀ ਦਾਅਵਾ ਕੀਤਾ ਸੀ ਕਿ ਮੁਗਲਸ਼ਾਹੀ ਛੋਟੀਆਂ ਇੱਟਾਂ ਨਾਲ ਬਣਿਆ ਇਹ ਖੂਹ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਨਾਲ ਸਬੰਧਤ ਹੈ। ਸਿਰਫ ਇੰਨਾ ਹੀ ਨਹੀਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਗੋਬਿੰਦ ਸਿੰਘ ਵੱਲੋਂ ਵੀ ਮੀਡੀਆ ਜ਼ਰੀਏ ਇਹ ਦਾਅਵਾ ਕੀਤਾ ਗਿਆ ਸੀ ਕਿ ਸ੍ਰੀ ਕਰਤਾਰਪੁਰ ਲਾਂਘੇ ਦੀ ਚੱਲ ਰਹੀ ਉਸਾਰੀ ਦੌਰਾਨ ਗੁਰਦੁਆਰਾ ਸਾਹਿਬ ਦੇ ਨੇੜੇ ਇਸ ਖੂਹ ਬਾਰੇ ਪਤਾ ਚੱਲਿਆ ਹੈ। ਉਨ੍ਹਾਂ ਦੱਸਿਆ ਕਿ ਪੁਰਾਣੀਆਂ ਇੱਟਾਂ ਦਾ ਬਣਿਆ ਖੂਹ 20 ਫੁੱਟ ਡੂੰਘਾ ਹੈ ਅਤੇ ਮੁੜ ਉਸਾਰੀ ਦੇ ਬਾਅਦ ਇਹ ਸੰਗਤ ਲਈ ਖੋਲ੍ਹਿਆ ਜਾਵੇਗਾ।
ਗੁਰਦੁਆਰਾ ਸਾਹਿਬ ਵਿਚਲੇ ਇਤਿਹਾਸਿਕ ਖੂਹ ਨੂੰ ਸਿੱਖ ਸ਼ਰਧਾਲੂਆਂ ਲਈ ਵਰਦਾਨ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਖੂਹ ਦੇ ਪਾਣੀ ਵਿਚ ਬਹੁਤ ਸਾਰੇ ਗੁਣ ਹਨ ਅਤੇ ਵਿਸਾਖੀ ਸਮੇਤ ਹੋਰਨਾਂ ਧਾਰਮਿਕ ਮੌਕਿਆਂ 'ਤੇ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਇਸ ਖੂਹ ਦਾ ਮਿੱਠਾ ਪਾਣੀ ਲੈ ਕੇ ਜਾ ਸਕੇਗੀ। ਜ਼ਿਕਰਯੋਗ ਹੈ ਕਿ ਇਸ ਖੂਹ ਦੇ 7-8 ਸਾਲ ਪਹਿਲਾਂ ਮਿਲਣ ਦੀ ਪੁਸ਼ਟੀ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ। ਖੋਦਾਈ ਦੌਰਾਨ ਮਿਲੇ ਖੂਹ ਦੀ ਉਸਾਰੀ ਮੁਕੰਮਲ ਕਰਵਾ ਕੇ ਇਸ ਨੂੰ ਉੱਪਰੋਂ ਢੱਕ ਦਿੱਤਾ ਗਿਆ ਸੀ। ਇਹ ਖੂਹ ਮੌਜੂਦਾ ਸਮੇਂ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਬਿਰਧ ਸਰੂਪਾਂ ਦੇ ਸਸਕਾਰ ਲਈ ਬਣਾਏ ਗਏੇ ਗੁਰਦੁਆਰਾ ਅੰਗੀਠਾ ਸਾਹਿਬ ਦੇ ਬਿਲਕੁੱਲ ਨਾਲ ਮੌਜੂਦ ਹੈ।
ਵੇਰਵਿਆਂ ਮੁਤਾਬਕ ਇਸ ਖੂਹ ਤੋਂ ਇਲਾਵਾ ਇਕ ਛੋਟੀ ਖੂਹੀ ਗੁਰਦੁਆਰਾ ਸਾਹਿਬ ਦੇ ਅੰਦਰ ਲੰਗਰ ਹਾਲ ਦੇ ਨੇੜੇ ਅਤੇ ਇਕ ਵੱਡਾ ਪੁਰਾਣਾ ਖੂਹ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜੇ ਦੇ ਨਾਲ ਮੌਜੂਦ ਹੈ। ਇਹ ਤਿੰਨੇ ਖੂਹ ਗੁਰਦੁਆਰਾ ਸਾਹਿਬ ਦੇ ਅੰਦਰ-ਬਾਹਰ ਮੌਜੂਦ ਹਨ। ਇਨ੍ਹਾਂ ਖੂਹਾਂ ਦਾ ਸੰਬੰਧ ਪਹਿਲੀ ਪਾਤਸ਼ਾਹੀ ਦੇ ਜੀਵਨ ਕਾਲ ਨਾਲ ਸਬੰਧਤ ਮੰਨਿਆ ਜਾ ਰਿਹਾ ਹੈ।
ਮੈਲਬੌਰਨ 'ਚ ਪੰਜਾਬੀ ਫੋਕ ਡਾਂਸ ਮੇਲਾ 4 ਮਈ ਨੂੰ
NEXT STORY