ਇਸਲਾਮਾਬਾਦ (ਬਿਊਰੋ): ਪਾਕਿਸਤਾਨ ਨੇ ਪਹਿਲੀ ਵਾਰ ਆਪਣਾ ਸ਼ਾਹਪਾਰ-II ਡਰੋਨ (Shahpar II Drone) ਦੁਨੀਆ ਸਾਹਮਣੇ ਲਿਆਂਦਾ ਹੈ। ਇਹ ਡਰੋਨ ਸ਼ਾਹਪਾਰ-I ਦਾ ਅਪਗ੍ਰੇਡਿਡ ਵਰਜ਼ਨ ਹੈ, ਜੋ 300 ਕਿਲੋਮੀਟਰ ਦੀ ਦੂਰੀ ਤਕ ਉਡਾਣ ਭਰ ਸਕਦਾ ਹੈ। ਪਾਕਿਸਤਾਨ ਨੇ ਇਸ ਡਰੋਨ ਨੂੰ 23 ਮਾਰਚ ਨੂੰ ਹੋਈ ਨੈਸ਼ਨਲ ਪਰੇਡ ਦੌਰਾਨ ਦਿਖਾਇਆ ਸੀ। ਇਸ ਡਰੋਨ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 14 ਘੰਟੇ ਤਕ ਹਵਾ ਵਿਚ ਮੰਡਰਾਅ ਸਕਦਾ ਹੈ। ਇਹ ਡਰੋਨ ਗਲੋਬਲ ਇੰਡਸਟੀਅਲ ਡਿਫੈਂਸ ਸਾਲਿਊਸ਼ਨਜ਼ (GIDS) ਨਾਂ ਦੀ ਇਕ ਕੰਪਨੀ ਨੇ ਬਣਾਇਆ ਹੈ।
ਪਾਕਿ ਰੱਖਿਆ ਮੰਤਰਾਲਾ ਨੇ ਸ਼ਾਹਪਾਰ-I ਨੂੰ ਸਾਲ 2013 ਵਿਚ ਪਹਿਲੀ ਵਾਰ ਪਾਕਿਸਤਾਨੀ ਫੌਜ ਅਤੇ ਹਵਾਈ ਫੌਜ ਵਿਚ ਅਧਿਕਾਰਤ ਤੌਰ ’ਤੇ ਸ਼ਾਮਲ ਕੀਤਾ ਸੀ। ਪਾਕਿਸਤਾਨ ਇਸ ਡਰੋਨ ਨੂੰ ਭਾਰਤ ਨਾਲ ਲੱਗਦੀ ਸਰਹੱਦ ’ਤੇ ਬਹੁਤ ਵੱਡੀ ਗਿਣਤੀ ਵਿਚ ਆਪ੍ਰੇਟ ਕਰਦਾ ਹੈ। ਇਸ ਤੋਂ ਇਲਾਵਾ ਪਾਕਿਸਤਾਨੀ ਫੌਜ ਅਫਗਾਨਿਸਤਾਨ ਦੇ ਬਾਰਡਰ ’ਤੇ ਵੀ ਇਸ ਦੀ ਵਰਤੋਂ ਕਰਦੀ ਹੈ। ਮੀਡੀਅਮ ਰੇਂਜ ਦੇ ਇਸ ਯੂ. ਏ.ਵੀ. ਨੂੰ ਪਾਕਿਸਤਾਨ ਨੇ ਨੈਸ਼ਨਲ ਇੰਜੀਨੀਅਰਿੰਗ ਐਂਡ ਸਾਇੰਟਿਫਿਕ ਕਮਿਸ਼ਨ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਹੈ।
ਇਸ ਕੰਮ ਲਈ ਵਰਤਿਆ ਜਾ ਸਕਦਾ ਹੈ ਡਰੋਨ
ਪਾਕਿਸਤਾਨ ਨੇ ਉਂਝ ਅਧਿਕਾਰਤ ਤੌਰ ’ਤੇ ਇਸ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਨਹੀਂ ਕੀਤਾ ਹੈ। ਇਸ ਲਈ ਜਨਤਕ ਪਲੇਟਫਾਰਮ ’ਤੇ ਇਸ ਡਰੋਨ ਦੇ ਅਪਗ੍ਰੇਡਿਡ ਵਰਜ਼ਨ ਨਾਲ ਜੁੜੀਆਂ ਘੱਟ ਹੀ ਜਾਣਕਾਰੀਆਂ ਮੌਜੂਦ ਹਨ। ਹਾਲਾਂਕਿ ਇਸ ਦੇ ਪਹਿਲੇ ਵਰਜ਼ਨ ਸਬੰਧੀ ਰਿਪੋਰਟ ਮੌਜੂਦ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਇਸ ਵਿਚ ਹਥਿਆਰ ਨਹੀਂ ਲਿਜਾਏ ਜਾ ਸਕਦੇ। ਇਸ ਦੀ ਵਰਤੋਂ ਸਰਵੀਲਾਂਸ, ਬਚਾਅ ਕਾਰਜਾਂ ਅਤੇ ਜਾਸੂਸੀ ਕਰਨ ਲਈ ਕੀਤੀ ਜਾਂਦੀ ਹੈ। ਇਹ ਅਨਆਰਮਡ ਡਰੋਨ ਹੈ ਮਤਲਬ ਇਸ ਡਰੋਨ ਵਿਚ ਕੋਈ ਵੀ ਹਥਿਆਰ ਨਹੀਂ ਲੱਗਾ ਹੋਇਆ ਹੈ।
450 ਕਿਲੋ ਭਾਰ ਨਾਲ ਭਰ ਸਕਦੈ ਉਡਾਣ
ਸ਼ਾਹਪਾਰ-I ਡਰੋਨ ਦੀ ਲੰਬਾਈ ਕਰੀਬ 4.2 ਮੀਟਰ ਅਤੇ ਖੰਭਾਂ ਦੀ ਚੌੜਾਈ 6.6 ਮੀਟਰ ਦੀ ਹੈ। ਇਸ ਦਾ ਅਪਗ੍ਰੇਡੇਡ ਵਰਜ਼ਨ ਇਸ ਨਾਲੋਂ ਵੀ ਵੱਡਾ ਦਿਖਾਈ ਦਿੰਦਾ ਹੈ। ਅਜਿਹੇ ਵਿਚ ਉਸ ਦੇ ਬਾਲਣ ਦੀ ਵੱਧ ਸਮਰੱਥਾ ਅਤੇ ਕਈ ਨਵੇਂ ਉਪਕਰਨਾਂ ਨਾਲ ਲੈਸ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਹ ਡਰੋਨ 480 ਕਿਲੋਗ੍ਰਾਮ ਭਾਰ ਨਾਲ ਉੱਡਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਇੰਨੇ ਘੱਟ ਭਾਰ ਦੀ ਸਮਰੱਥਾ ਕਾਰਨ ਇਹ ਕਿਸੇ ਵੀ ਮਿਜ਼ਾਈਲ ਨੂੰ ਨਾਲ ਲੈ ਕੇ ਨਹੀਂ ਉੱਡ ਸਕਦਾ। ਇਹ ਸੁਤੰਤਰ ਤੌਰ ’ਤੇ ਪਾਇਲਟ ਦੀ ਗਾਈਡੈਂਸ ਅਨੁਸਾਰ ਜਾਂ ਉਸ ਦੇ ਬਿਨਾਂ ਪੈਰਾਸ਼ੂਟ ਦੇ ਸਹਾਰੇ ਵੀ ਕਿਸੇ ਰਨਵੇਅ ’ਤੇ ਉਤਰ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ : ਹੜ੍ਹ 'ਚ ਮਰਨ ਵਾਲੇ ਸ਼ਖਸ ਦੀ ਪਾਕਿ ਨਾਗਰਿਕ ਵਜੋਂ ਹੋਈ ਪਛਾਣ
ਆਧੁਨਿਕ ਤਕਨੀਕਾਂ ਨਾਲ ਲੈਸ ਹੈ ਇਹ ਡਰੋਨ
ਇਸ ਡਰੋਨ ਵਿਚ ਕਈ ਤਰ੍ਹਾਂ ਦੀਆਂ ਆਧੁਨਿਕ ਮਸ਼ੀਨਾਂ ਲੱਗੀਆਂ ਹੋਈਆਂ ਹਨ, ਜਿਹਨਾਂ ਦੀ ਮਦਦ ਨਾਲ ਡਰੋਨ ਰਾਤ ਦੇ ਸਮੇਂ ਵੀ ਰੀਕੋਨਾਈਸੈਂਸ ਅਤੇ ਨਿਗਰਾਨੀ ਮਿਸ਼ਨ ਨੂੰ ਅੰਜਾਮ ਦੇ ਸਕਦਾ ਹੈ। ਇਹ 50 ਕਿਲੋਗ੍ਰਾਮ ਤੱਕ ਦਾ ਆਪਟੀਕਲ ਪੇਲੋਡ ਲੈ ਕੇ ਉਡਾਣ ਭਰ ਸਕਦਾ ਹੈ, ਜਿਸ ਦੀ ਮਦਦ ਨਾਲ ਰਾਤ ਵਿਚ ਵੀ ਜ਼ਮੀਨ 'ਤੇ ਹੋ ਰਹੀਆਂ ਗਤੀਵਿਧੀਆਂ ਦੀ ਬਰੀਕੀ ਨਾਲ ਨਿਗਰਾਨੀ ਕੀਤੀ ਜਾ ਸਕਦੀ ਹੈ।ਇਸ ਦਾ ਨਵਾਂ ਵਰਜ਼ਨ ਕਈ ਤਰ੍ਹਾਂ ਦੇ ਸੈਂਸਰ ਨਾਲ ਲੈਸ ਦੱਸਿਆ ਜਾ ਰਿਹਾ ਹੈ ਜਿਹਨਾਂ ਵਿਚੋਂ ਜ਼ਿਆਦਾਤਰ ਨੂੰ ਯੂਰਪੀ ਦੇਸ਼ਾਂ ਦੇ ਇਲਾਵਾ ਚੀਨ ਅਤੇ ਤੁਰਕੀ ਤੋਂ ਖਰੀਦਿਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਆਰਥਿਕ ਮੰਦੀ ਨਾਲ ਜੂਝ ਰਹੇ ਪਾਕਿ ਨੂੰ IMF ਤੋਂ ਮਿਲੇਗੀ ਅਰਬਾਂ ਰੁਪਏ ਦੀ ਮਦਦ
ਵੱਧ ਉਚਾਈ ਵਾਲੇ ਪਹਾੜੀ ਇਲਾਕਿਆਂ ਵਿਚ ਨਹੀਂ ਭਰ ਸਕਦਾ ਉਡਾਣ
ਸ਼ਾਹਪਾਰ ਡਰੋਨ ਵਿਚ ਚਾਰ ਸਿਲੰਡਰ ਵਾਲਾ ਪੁਸ਼ਰ ਟਾਇਪ ਦਾ ਰੋਟੈਕਸ 912 ਯੂ.ਐੱਲ.ਐੱਕਸ ਇੰਜਣ ਲੱਗਾ ਹੋਇਆ ਹੈ। ਜੋ ਇਸ ਡਰੋਨ ਨੂੰ 100 ਹਾਰਸਪਾਵਰ ਤੱਕ ਦੀ ਤਾਕਤ ਦਿੰਦਾ ਹੈ।ਇਹ ਡਰੋਨ 150 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਉਡਾਣ ਭਰਨ ਵਿਚ ਸਮਰੱਥ ਦੱਸਿਆ ਜਾ ਰਿਹਾ ਹੈ। ਭਾਵੇਂਕਿ ਇਹ ਜ਼ਮੀਨ ਤੋਂ ਸਿਰਫ 5000 ਮੀਟਰ ਦੀ ਉੱਚਾਈ ਤੱਕ ਹੀ ਉਡਾਣ ਭਰ ਸਕਦਾ ਹੈ। ਅਜਿਹੇ ਵਿਚ ਐੱਲ.ਓ.ਸੀ. ਦੇ ਉੱਚਾਈ ਵਾਲੇ ਇਲਾਕਿਆਂ ਵਿਚ ਇਸ ਡਰੋਨ ਦੀ ਵਰਤੋਂ ਕਰਨਾ ਪਾਕਿਸਤਾਨ ਲਈ ਸੰਭਵ ਨਹੀਂ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦੁਨੀਆ ਭਰ ਦੀਆਂ ਜੇਲ੍ਹਾਂ 'ਚ ਬੰਦ ਹਨ 8000 ਭਾਰਤੀ, ਸਾਊਦੀ ਅਰਬ 'ਚ ਸਭ ਤੋਂ ਵੱਧ
NEXT STORY