ਇਸਲਾਮਾਬਾਦ(ਭਾਸ਼ਾ)- ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਨੇ ਦੇਸ਼ ਭਰ ਵਿਚ ਧਾਂਦਲੀ, ਹਿੰਸਾ ਅਤੇ ਮੋਬਾਈਲ ਫੋਨ ਸੇਵਾ ਬੰਦ ਕਰਨ ਦੇ ਦੋਸ਼ਾਂ ਵਿਚਕਾਰ ਪੋਲਿੰਗ ਖ]ਤਮ ਹੋਣ ਦੇ 10 ਘੰਟੇ ਤੋਂ ਵੱਧ ਸਮੇਂ ਬਾਅਦ ਸ਼ੁੱਕਰਵਾਰ ਦੇਰ ਰਾਤ ਚੋਣਾਂ ਦੇ ਨਤੀਜਿਆਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ। ਈ.ਸੀ.ਪੀ. ਦੇ ਵਿਸ਼ੇਸ਼ ਸਕੱਤਰ ਜ਼ਫਰ ਇਕਬਾਲ ਨੇ ਦੇਰ ਰਾਤ ਕਰੀਬ 3 ਵਜੇ ਇਸਲਾਮਾਬਾਦ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਸ਼ੁਰੂਆਤੀ ਨਤੀਜਿਆਂ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਵੱਲੋਂ ਸਮਰਥਤ ਆਜ਼ਾਦ ਉਮੀਦਵਾਰ ਸਮੀਉੱਲ੍ਹਾ ਖਾਨ ਨੇ 18,000 ਤੋਂ ਵੱਧ ਵੋਟਾਂ ਹਾਸਲ ਕਰਕੇ ਖੈਬਰ ਪਖਤੂਨਖਵਾ ਸੂਬਾਈ ਅਸੈਂਬਲੀ ਦੀ ਪੀਕੇ-76 ਸੀਟ ਜਿੱਤ ਲਈ ਹੈ।
ਇਹ ਵੀ ਪੜ੍ਹੋ: ਚੋਣਾਂ ’ਚ ਦਖ਼ਲ ਦੇ ਬਿਆਨ ’ਤੇ ਟਰੂਡੋ ਨੂੰ ਭਾਰਤ ਦਾ ਮੂੰਹ ਤੋੜ ਜਵਾਬ, ‘ਤੁਸੀਂ ਅਜਿਹਾ ਕਰਦੇ ਹੋ, ਅਸੀਂ ਨਹੀਂ’
ਉਨ੍ਹਾਂ ਕਿਹਾ ਕਿ 'ਪੀ.ਟੀ.ਆਈ.' ਸਮਰਥਿਤ ਆਜ਼ਾਦ ਉਮੀਦਵਾਰ ਫਜ਼ਲ ਹਕੀਮ ਖਾਨ ਨੇ 25,330 ਵੋਟਾਂ ਹਾਸਲ ਕਰਕੇ ਪੀਕੇ-6 ਸੀਟ ਜਿੱਤੀ ਹੈ। ਕਮਿਸ਼ਨ ਵੱਲੋਂ ਐਲਾਨੇ ਮੁਢਲੇ ਨਤੀਜਿਆਂ ਮੁਤਾਬਕ 'ਪੀ.ਟੀ.ਆਈ. ਸਮਰਥਕ' ਆਜ਼ਾਦ ਉਮੀਦਵਾਰ ਅਲੀ ਸ਼ਾਹ ਨੇ ਸਵਾਤ ਦੀ ਪੀਕੇ-4 ਸੀਟ ਜਿੱਤ ਲਈ ਹੈ। ਉਨ੍ਹਾਂ ਨੂੰ 30,022 ਵੋਟਾਂ ਮਿਲੀਆਂ। ਵੀਰਵਾਰ ਨੂੰ ਸ਼ਾਮ 5 ਵਜੇ ਤੱਕ ਵੋਟਿੰਗ ਹੋਈ ਪਰ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਦੇਰ ਰਾਤ 3 ਵਜੇ ਤੱਕ ਇਹ ਨਹੀਂ ਦੱਸਿਆ ਕਿ ਕਿਹੜੀ ਪਾਰਟੀ ਅੱਗੇ ਹੈ। ਸਿਆਸੀ ਪਾਰਟੀਆਂ ਨੇ ਦੇਰੀ ਦੀ ਸ਼ਿਕਾਇਤ ਕੀਤੀ ਅਤੇ ਚੋਣ ਅਥਾਰਟੀ 'ਤੇ ਸਵਾਲ ਖੜ੍ਹੇ ਕੀਤੇ, ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਸਾਰੇ ਸੂਬਾਈ ਚੋਣ ਕਮਿਸ਼ਨਰਾਂ ਅਤੇ ਚੋਣ ਅਧਿਕਾਰੀਆਂ ਨੂੰ ਅੱਧੇ ਘੰਟੇ ਦੇ ਅੰਦਰ ਨਤੀਜੇ ਐਲਾਨ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਅਜਿਹਾ ਨਾ ਕਰਨ 'ਤੇ ਉਨ੍ਹਾਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਦੇਰੀ ਬਾਰੇ ਪੁੱਛੇ ਜਾਣ 'ਤੇ ਜ਼ਫਰ ਇਕਬਾਲ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਚੋਣ ਅਧਿਕਾਰੀ ਅਜੇ ਵੀ ਨਤੀਜੇ ਤਿਆਰ ਕਰ ਰਹੇ ਹਨ। ਉਨ੍ਹਾਂ ਨੇ ਪੀ.ਟੀ.ਆਈ. ਦੇ ਇਸ ਦਾਅਵੇ ਨੂੰ ਵੀ ਰੱਦ ਕਰ ਦਿੱਤਾ ਕਿ ਚੋਣ ਕਮਿਸ਼ਨ ਪਾਰਟੀ ਦੀ "ਜਿੱਤ ਨੂੰ ਨਿਯੰਤਰਿਤ ਕਰਨ" ਲਈ ਨਤੀਜਿਆਂ ਵਿੱਚ ਹੇਰਾਫੇਰੀ ਕਰ ਰਿਹਾ ਹੈ। ਇਕਬਾਲ ਨੇ ਕਿਹਾ, "ਅਜਿਹਾ ਨਹੀਂ ਹੈ। ਸ਼ੁੱਕਰਵਾਰ ਸਵੇਰ ਤੱਕ ਨਤੀਜੇ ਆ ਜਾਣਗੇ।" ਇਸ ਤੋਂ ਪਹਿਲਾਂ ਚੋਣ ਅਧਿਕਾਰੀਆਂ ਨੇ ਪੰਜਾਬ ਅਤੇ ਖੈਬਰ ਪਖਤੂਨਖਵਾ (ਕੇਪੀ) ਸੂਬਿਆਂ ਦੀਆਂ ਜ਼ਿਆਦਾਤਰ ਸੀਟਾਂ 'ਤੇ ਪੀ.ਟੀ.ਆਈ. ਦੀ 'ਸਪੱਸ਼ਟ ਜਿੱਤ' ਤੋਂ ਬਾਅਦ ਮੀਡੀਆ ਨੂੰ ਨਤੀਜੇ ਜਾਰੀ ਕਰਨੇ ਬੰਦ ਕਰ ਦਿੱਤੇ ਸਨ। ਪੀ.ਟੀ.ਆਈ. ਦੇ ਚੇਅਰਮੈਨ ਬੈਰਿਸਟਰ ਗੌਹਰ ਖਾਨ ਨੇ ਇੱਕ ਬਿਆਨ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੈਸ਼ਨਲ ਅਸੈਂਬਲੀ ਵਿੱਚ 150 ਤੋਂ ਵੱਧ ਸੀਟਾਂ ਜਿੱਤ ਚੁੱਕੀ ਹੈ ਅਤੇ ਪੰਜਾਬ ਅਤੇ ਕੇ.ਪੀ.ਕੇ. ਵਿੱਚ ਵੀ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹੈ।
ਇਹ ਵੀ ਪੜ੍ਹੋ: ਵਿਆਹੁਤਾ ਆਦਮੀ ਨਾਲ ਚੱਲ ਰਿਹਾ ਸੀ ਅਫੇਅਰ, ਇਸ ਬਿਊਟੀ ਕੂਈਨ ਨੂੰ ਵਾਪਸ ਕਰਨਾ ਪਿਆ 'ਤਾਜ'
ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਬਿਨਾਂ ਕਿਸੇ ਦੇਰੀ ਦੇ ਸਾਰੇ ਨਤੀਜੇ ਘੋਸ਼ਿਤ ਕਰਨ ਦੀ ਅਪੀਲ ਕੀਤੀ। ਪੀ.ਐੱਮ.ਐੱਲ.-ਐੱਨ. (ਪਾਕਿਸਤਾਨ ਮੁਸਲਿਮ ਲੀਗ-ਐਨ) ਦੇ ਇੱਕ ਅੰਦਰੂਨੀ ਸੂਤਰ ਮੁਤਾਬਕ ਕਿ ਪੀ.ਐੱਮ.ਐੱਲ.-ਐਨ. ਦੇ ਮੁਖੀ ਨਵਾਜ਼ ਸ਼ਰੀਫ਼ ਵੀਰਵਾਰ ਦੇਰ ਰਾਤ ਨੂੰ "ਹੈਰਾਨੀਜਨਕ ਹਾਰ" ਦੀ ਖ਼ਬਰ ਮਿਲਣ ਤੋਂ ਬਾਅਦ ਆਪਣੇ ਪਾਰਟੀ ਦਫ਼ਤਰ ਤੋਂ ਘਰ ਚਲੇ ਗਏ ਸਨ। ਸ਼ਰੀਫ ਫੌਜੀ ਅਦਾਰੇ ਦੇ ਪਸੰਦੀਦਾ ਉਮੀਦਵਾਰ ਹਨ। ਉਨ੍ਹਾਂ ਨੇ ਕਿਹਾ, ''ਨਵਾਜ਼ ਸ਼ਰੀਫ, ਉਨ੍ਹਾਂ ਦੇ ਭਰਾ ਸ਼ਾਹਬਾਜ਼ ਸ਼ਰੀਫ, ਬੇਟੀ ਮਰੀਅਮ ਨਵਾਜ਼ ਮਾਡਲ ਟਾਊਨ ਸਥਿਤ ਪਾਰਟੀ ਦਫਤਰ 'ਚ ਇਕੱਠੇ ਹੋਏ ਸਨ। ਚੋਣਾਂ ਵਿੱਚ ਪੀ.ਐੱਮ.ਐੱਲ.-ਐੱਨ. ਦੀ ਸ਼ਰਮਨਾਕ ਹਾਰ ਤੋਂ ਬਾਅਦ ਉਹ ਵੀਰਵਾਰ ਦੇਰ ਰਾਤ ਆਪਣੇ ਘਰ ਲਈ ਰਵਾਨਾ ਹੋਏ।''
ਨਵਾਜ਼ ਸ਼ਰੀਫ਼ ਲਾਹੌਰ ਦੀ ਐੱਨ.ਏ.-130 ਸੀਟ ਅਤੇ ਮਾਨਸਾਹਰਾ ਦੀ ਐੱਨ-15 ਸੀਟ ਤੋਂ ਕਾਫੀ ਪਿੱਛੇ ਸਨ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਜੇਲ੍ਹ 'ਚ ਹਨ ਅਤੇ ਉਨ੍ਹਾਂ 'ਤੇ ਚੋਣ ਲੜਨ 'ਤੇ ਪਾਬੰਦੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ 71 ਸਾਲਾ ਖਾਨ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਦੀ ਪਾਰਟੀ ਨੂੰ ਚੋਣ ਨਿਸ਼ਾਨ 'ਕ੍ਰਿਕਟ ਬੈਟ' ਤੋਂ ਵਾਂਝੇ ਕਰਨ ਦੇ ਚੋਣ ਕਮਿਸ਼ਨ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ ਤੋਂ ਬਾਅਦ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਪਾਕਿਸਤਾਨ ਦੇ ਚੋਣ ਕਮਿਸ਼ਨ ਮੁਤਾਬਕ ਨੈਸ਼ਨਲ ਅਸੈਂਬਲੀ ਦੀਆਂ ਸੀਟਾਂ ਲਈ ਕੁੱਲ 5,121 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿੱਚ 4,807 ਪੁਰਸ਼, 312 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਲ ਹਨ। ਚਾਰ ਸੂਬਾਈ ਅਸੈਂਬਲੀਆਂ ਲਈ 12,695 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ 12,123 ਪੁਰਸ਼, 570 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਲ ਹਨ।
ਇਸ ਚੋਣ ਵਿੱਚ ਬਿਲਾਵਲ ਭੁੱਟੋ-ਜ਼ਰਦਾਰੀ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਵੀ ਸ਼ਾਮਲ ਹੈ, ਜਿਸ ਨੂੰ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਗਿਆ ਹੈ। ਨੈਸ਼ਨਲ ਅਸੈਂਬਲੀ ਦੀਆਂ 336 ਸੀਟਾਂ 'ਚੋਂ 266 'ਤੇ ਵੋਟਿੰਗ ਕਰਾਈ ਜਾਂਦੀ ਹੈ ਪਰ ਬਾਜੌਰ 'ਚ ਇਕ ਉਮੀਦਵਾਰ ਦੇ ਹਮਲੇ 'ਚ ਮਾਰੇ ਜਾਣ ਤੋਂ ਬਾਅਦ ਇਕ ਸੀਟ 'ਤੇ ਵੋਟਿੰਗ ਮੁਲਤਵੀ ਕਰ ਦਿੱਤੀ ਗਈ ਸੀ। ਹੋਰ 60 ਸੀਟਾਂ ਔਰਤਾਂ ਲਈ ਅਤੇ 10 ਘੱਟ ਗਿਣਤੀਆਂ ਲਈ ਰਾਖਵੀਆਂ ਹਨ ਅਤੇ ਇਹ ਜਿੱਤਣ ਵਾਲੇ ਦਲਾਂ ਨੂੰ ਅਨੁਪਾਤਕ ਪ੍ਰਤੀਨਿਧਤਾ ਦੇ ਆਧਾਰ 'ਤੇ ਅਲਾਟ ਕੀਤੀਆਂ ਜਾਂਦੀਆਂ ਹਨ। ਨਵੀਂ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 265 ਵਿੱਚੋਂ 133 ਸੀਟਾਂ ਜਿੱਤਣੀਆਂ ਪੈਣਗੀਆਂ।
ਇਹ ਵੀ ਪੜ੍ਹੋ: ਹਿੰਦੂ ਮੰਦਿਰ ਦੀ ਪ੍ਰਾਣ-ਪ੍ਰਤਿਸ਼ਠਾ ਦੇ ਲਈ ਆਬੂਧਾਬੀ ਪਹੁੰਚੇ ਸਵਾਮੀ ਮਹਾਰਾਜ, PM ਮੋਦੀ ਕਰਨਗੇ ਉਦਘਾਟਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਗੁਜਰਾਤੀ ਮੂਲ ਦੀ ਭਾਰਤੀ ਡੈਮੋਕਰੇਟਿਕ ਭਵਿਨੀ ਪਟੇਲ ਲੜੇਗੀ ਅਮਰੀਕੀ ਸੰਸਦੀ ਚੋਣ
NEXT STORY