ਗੁਰਦਾਸਪੁਰ, ਇਸਲਾਮਾਬਾਦ (ਵਿਨੋਦ) : ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ) ਨੇ ਇੱਕ ਵਾਰ ਫਿਰ ਪਾਕਿਸਤਾਨੀ ਫੌਜ ਨੂੰ ਚੇਤਾਵਨੀ ਦਿੱਤੀ ਹੈ। ਟੀ.ਟੀ.ਪੀ ਨੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ (ਕੇ.ਪੀ) ਸੂਬੇ ਵਿੱਚ ਸਿਖਲਾਈ ਲੈ ਰਹੇ ਆਪਣੇ ਹਥਿਆਰਬੰਦ ਲੜਾਕਿਆਂ ਦਾ ਇੱਕ ਵੀਡੀਓ ਜਾਰੀ ਕੀਤਾ ਹੈ। ਵੀਡੀਓ ਵਿੱਚ ਟੀ.ਟੀ.ਪੀ ਲੜਾਕਿਆਂ ਨੂੰ ਵਿਆਪਕ ਅਤੇ ਸਖ਼ਤ ਲੜਾਈ ਸਿਖਲਾਈ ਲੈਂਦੇ ਦਿਖਾਇਆ ਗਿਆ ਹੈ। ਸਿਖਲਾਈ ਦੇ ਨਾਲ ਟੀ.ਟੀ.ਪੀ ਨੇ ਪਾਕਿਸਤਾਨੀ ਫੌਜ ਨੂੰ ਖੈਬਰ ਪਖਤੂਨਖਵਾ ਤੋਂ ਪਿੱਛੇ ਹੱਟਣ ਦੀ ਚੇਤਾਵਨੀ ਦਿੱਤੀ ਹੈ। ਟੀ.ਟੀ.ਪੀ ਦੀ ਇਹ ਚੇਤਾਵਨੀ ਪਾਕਿਸਤਾਨੀ ਸਰਕਾਰ ਅਤੇ ਖਾਸ ਕਰਕੇ ਫੌਜ ਮੁਖੀ ਅਸੀਮ ਮੁਨੀਰ ਲਈ ਇੱਕ ਮਹੱਤਵਪੂਰਨ ਚੁਣੌਤੀ ਪੈਦਾ ਕਰ ਸਕਦੀ ਹੈ।
ਟੀ.ਟੀ.ਪੀ ਲੰਬੇ ਸਮੇਂ ਤੋਂ ਪਾਕਿਸਤਾਨ ਲਈ ਚਿੰਤਾ ਦਾ ਵਿਸ਼ਾ ਰਿਹਾ ਹੈ :
ਸਰਹੱਦ ਪਾਰ ਦੇ ਸੂਤਰਾਂ ਦੇ ਅਨੁਸਾਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਟੀ.ਟੀ.ਪੀ ਨੇ ਪਾਕਿਸਤਾਨੀ ਫੌਜ ਨੂੰ ਇੱਕ ਸਪੱਸ਼ਟ ਅਤੇ ਸਖ਼ਤ ਚੇਤਾਵਨੀ ਜਾਰੀ ਕੀਤੀ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਸਾਰੇ ਪਾਕਿਸਤਾਨੀ ਸੈਨਿਕ ਆਪਣੀਆਂ ਚੌਕੀਆਂ ਛੱਡ ਦੇਣ ਅਤੇ ਕੇ.ਪੀ ਖੇਤਰ ਤੋਂ ਪਿੱਛੇ ਹੱਟ ਜਾਣ। ਟੀ.ਟੀ.ਪੀ ਨੇ ਕਿਹਾ ਕਿ ਜੇਕਰ ਪਾਕਿਸਤਾਨੀ ਫੌਜ ਇਸ ਖੇਤਰ ਵਿੱਚ ਆਪਣੀਆਂ ਚੌਕੀਆਂ ਨਹੀਂ ਛੱਡਦੀ, ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ ਅਤੇ ਉਨ੍ਹਾਂ ਨੂੰ ਹਮਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲ ਹੀ ਦੇ ਮਹੀਨਿਆਂ ਵਿੱਚ ਪਾਕਿਸਤਾਨੀ ਫੌਜ ਅਤੇ ਟੀ.ਟੀ.ਪੀ ਵਿਚਕਾਰ ਤਣਾਅ ਕਾਫ਼ੀ ਵੱਧ ਗਿਆ ਹੈ।
ਟੀ.ਟੀ.ਪੀ ਨੇ ਵਾਰ-ਵਾਰ ਪਾਕਿਸਤਾਨੀ ਫੌਜ ਅਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲੇ ਕੀਤੇ ਹਨ। ਖਾਸ ਕਰਕੇ ਖੈਬਰ ਪਖਤੂਨਖਵਾ ਵਿੱਚ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਟੀ.ਟੀ.ਪੀ ਨੇ ਪਾਕਿਸਤਾਨੀ ਫੌਜ ਲਈ ਆਪਣੇ ਕੈਂਪ ਸਥਾਪਤ ਕਰਨਾ ਮੁਸ਼ਕਲ ਬਣਾ ਦਿੱਤਾ ਹੈ। ਪਿਛਲੇ ਮਹੀਨੇ ਪਾਕਿਸਤਾਨੀ ਫੌਜ ਨੇ ਕਾਬੁਲ ਵਿੱਚ ਟੀ.ਟੀ.ਪੀ ਮੁਖੀ ਨੂਰ ਵਲੀ ਮਹਿਸੂਦ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਵਾਈ ਹਮਲੇ ਕੀਤੇ। ਮਹਿਸੂਦ ਇਨ੍ਹਾਂ ਹਵਾਈ ਹਮਲਿਆਂ ਤੋਂ ਬਚ ਗਿਆ, ਪਰ ਇਨ੍ਹਾਂ ਕਾਰਵਾਈਆਂ ਨੇ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਤਣਾਅ ਨੂੰ ਵਧਾ ਦਿੱਤਾ ਹੈ।
ਇਸ ਤੋਂ ਇਲਾਵਾ ਇਨ੍ਹਾਂ ਹਮਲਿਆਂ ਤੋਂ ਬਾਅਦ ਟੀ.ਟੀ.ਪੀ ਨੇ ਪਾਕਿਸਤਾਨੀ ਫੌਜ ਵਿਰੁੱਧ ਹਮਲਾਵਰ ਰੁਖ਼ ਅਪਣਾਇਆ ਹੈ। ਪਿਛਲੇ ਮਹੀਨੇ ਟੀ.ਟੀ.ਪੀ ਨੇ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ਵਿੱਚ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ ਫੋਟੋਆਂ ਅਤੇ ਵੀਡੀਓ ਜਾਰੀ ਕੀਤੇ। ਵੀਡੀਓਜ਼ ਵਿੱਚ ਦਿਖਾਇਆ ਗਿਆ ਸੀ ਕਿ ਟੀ.ਟੀ.ਪੀ ਦੇ ਲੜਾਕਿਆਂ ਨੇ ਪੇਸ਼ਾਵਰ ਵਿੱਚ ਸੜਕਾਂ ’ਤੇ ਚੌਕੀਆਂ ਸਥਾਪਤ ਕੀਤੀਆਂ ਸਨ। ਟੀ.ਟੀ.ਪੀ ਦੇ ਮੈਂਬਰ ਟ੍ਰੈਫਿਕ ਪੁਲਸ ਵਾਂਗ ਟ੍ਰੈਫਿਕ ਨੂੰ ਕੰਟਰੋਲ ਕਰਦੇ ਦਿਖਾਈ ਦਿੱਤੇ। ਖੈਬਰ ਪਖਤੂਨਖਵਾ ਸੂਬੇ ’ਤੇ ਟੀ.ਟੀ.ਪੀ ਲੜਾਕਿਆਂ ਦੇ ਕੰਟਰੋਲ ਦੀਆਂ ਰਿਪੋਰਟਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਪਾਕਿਸਤਾਨੀ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਵਾਰ-ਵਾਰ ਕਿਹਾ ਹੈ ਕਿ ਪਾਕਿਸਤਾਨੀ ਸਰਕਾਰ ਦਾ ਕੇਪੀ ਦੇ ਕਈ ਇਲਾਕਿਆਂ ’ਤੇ ਕੋਈ ਕੰਟਰੋਲ ਨਹੀਂ ਹੈ। ਕੇ.ਪੀ ਦੇ ਕਈ ਇਲਾਕਿਆਂ ਵਿੱਚ ਪਾਕਿਸਤਾਨੀ ਫੌਜ ਅਤੇ ਪੁਲਸ ਗੈਰਹਾਜ਼ਰ ਹੈ। ਟੀ.ਟੀ.ਪੀ ਲੜਾਕੇ ਵੱਡੇ ਇਲਾਕਿਆਂ ਨੂੰ ਕੰਟਰੋਲ ਕਰ ਰਹੇ ਹਨ।
‘ਅਲਕਾਇਦਾ ਅੱਤਵਾਦੀ’ ਅਲ-ਸ਼ਰਾ ਦੀ ਵ੍ਹਾਈਟ ਹਾਊਸ ’ਚ ਮੇਜ਼ਬਾਨੀ ਕਰਨਗੇ ਟਰੰਪ
NEXT STORY