ਰੋਮ, (ਕੈਂਥ)— ਇਟਲੀ ਵਿੱਚ ਰੋਜ਼ੀ-ਰੋਟੀ ਅਤੇ ਸੁਨਹਿਰੇ ਭਵਿੱਖ ਲਈ ਲੱਖਾਂ ਰੁਪਏ ਕਰਜ਼ਾ ਚੁੱਕ ਕੇ ਆਏ ਉਹ ਭਾਰਤੀ ਅੱਜ ਵੀ ਇਟਲੀ ਵਿੱਚ ਬੇਵੱਸੀ ਅਤੇ ਲਾਚਾਰੀ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ, ਜਿਨ੍ਹਾਂ ਕੋਲ ਨਾ ਤਾਂ ਇਟਲੀ ਵਿੱਚ ਰਹਿਣ ਦੀ ਇਜਾਜ਼ਤ ਹੈ ਅਤੇ ਨਾਂ ਹੀ ਭਾਰਤੀ ਪਾਸਪੋਰਟ । ਅਜਿਹੇ ਭਾਰਤੀਆਂ ਦੀਆਂ ਮੁਸੀਬਤਾਂ 'ਚ ਨਿਰੰਤਰ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ ਕਿਉਂਕਿ ਇੱਕ ਪਾਸੇ ਤਾਂ ਇਹ ਭਾਰਤੀ ਆਪਣੇ ਪਰਿਵਾਰ ਤੋਂ ਦੂਰ ਰਹਿਣ ਦਾ ਦਰਦ ਸਹੇੜ ਰਹੇ ਹਨ, ਦੂਜੇ ਪਾਸੇ ਇਟਲੀ ਵਿੱਚ ਬਿਨਾਂ ਪੇਪਰਾਂ ਦੇ ਰਹਿਣ ਦਾ ਦਰਦ ਹੱਡੀ ਹੰਢਾਅ ਰਹੇ। ਬਹੁਤ ਸਾਰੇ ਪੰਜਾਬੀਆਂ ਨੇ ਦੱਸਿਆ ਕਿ ਉਹ ਆਪਣੇ ਪਾਸਪੋਰਟ ਲੈਣ ਨੂੰ ਵੀ ਤਰਸ ਰਹੇ ਹਨ।
ਕਪੂਰਥਲੇ ਦੇ ਨੌਜਵਾਨ ਨੇ ਸੁਣਾਈ ਹੱਡ ਬੀਤੀ—
ਪ੍ਰੈੱਸ ਨੂੰ ਆਪਣੇ ਦੁੱਖਾਂ ਦੀ ਦਾਸਤਾਨ ਸੁਣਾਉਂਦਿਆਂ ਕਪੂਰਥਲੇ ਜ਼ਿਲ੍ਹੇ ਨਾਲ ਸੰਬਧਤ ਨੌਜਵਾਨ ਦਲਵਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਪਾਸਪੋਰਟ ਦੀ ਮਿਆਦ ਖਤਮ ਹੋਏ ਨੂੰ 2-3 ਮਹੀਨੇ ਹੋ ਗਏ ਹਨ, ਜਿਸ ਨੂੰ ਵਧਾਉਣ ਲਈ ਉਹ 2-3 ਵਾਰ ਭਾਰਤੀ ਅੰਬੈਂਸੀ ਰੋਮ ਗਏ ਹਨ ਪਰ ਭਾਰਤੀ ਅੰਬੈਂਸੀ ਰੋਮ ਨੇ ਉਨ੍ਹਾਂ ਕੋਲੋ ਪਾਸਪੋਰਟ ਦੀ ਮਿਆਦ ਵਧਾਉਣ ਲਈ ਇਟਲੀ ਰਹਿਣ ਦੀ ਇਜਾਜ਼ਤ ਵਾਲੇ ਪੇਪਰ ਮੰਗੇ ਹਨ ਜਾਂ ਕੰਮ ਦਾ ਕੰਨਟਰੈਕਟ ਜਿਹੜਾ ਕਿ ਬਿਨ੍ਹਾਂ ਪੇਪਰਾਂ ਦੇ ਨਹੀਂ ਹੋ ਸਕਦਾ, ਜਿਹੜੇ ਕਿ ਉਸ ਕੋਲ ਨਹੀਂ ਹੈ ਉਸ ਨੇ ਕਈ ਵਾਰ ਇਟਲੀ ਦੇ ਪੇਪਰ ਭਰੇ ਹਨ ਪਰ ਉਹ ਨਿਕਲੇ ਨਹੀਂ।
ਦਲਵਿੰਦਰ ਸਿੰਘ ਨੇ ਕਿਹਾ ਕਿ ਉਹ ਕੈਂਸਰ ਸਰਵਾਈਕਲ ਦਾ ਮਰੀਜ਼ ਹੈ, ਜਿਸ ਸੰਬੰਧੀ ਉਹ ਦੋ ਵਾਰ ਭਾਰਤੀ ਅੰਬੈਂਸੀ ਰੋਮ ਦੇ ਅੰਬੈਂਸਡਰ ਸਾਹਿਬ ਨੂੰ ਮਿਲ ਚੁੱਕੇ ਹਨ, ਜਿਨ੍ਹਾਂ ਨੂੰ ਭਾਰਤ ਜਾਣ ਦੀ ਸਲਾਹ ਦਿੱਤੀ ਗਈ ਪਰ ਦਲਵਿੰਦਰ ਦਾ ਕਹਿਣਾ ਹੈ ਕਿ ਭਾਰਤ ਵਿੱਚ ਬਿਨਾਂ ਇਲਾਜ ਉਸ ਦਾ ਕੀ ਹੋਵੇਗਾ । ਇਟਲੀ ਵਿੱਚ ਸਰਕਾਰ ਉਸ ਨੂੰ ਮੈਡੀਕਲ ਸਹੂਲਤ ਦੇ ਰਹੀ ਹੈ ਪਰ ਭਾਰਤ ਸਰਕਾਰ ਉਸ ਨੂੰ ਪਾਸਪੋਰਟ ਨਹੀਂ ਦੇ ਰਹੀ। ਪਾਸਪੋਰਟ ਦੇ ਬਿਨਾਂ ਉਹ ਕੁਝ ਨਹੀਂ ਕਰ ਸਕਦਾ। ਅੱਜ ਜੇਕਰ ਇਟਲੀ ਵਿੱਚ ਪੇਪਰ ਖੁੱਲ੍ਹਦੇ ਹਨ ਤਾਂ ਉਹ ਪੇਪਰ ਭਰ ਸਕਦਾ ਹੈ ਪਰ ਜੇਕਰ ਉਸ ਕੋਲ ਪਾਸਪੋਰਟ ਹੀ ਨਾ ਹੋਇਆ ਤਾਂ ਪੇਪਰ ਕਿਵੇਂ ਭਰੇਗਾ। ਇਟਲੀ ਵਿੱਚ ਉਸ ਲਈ ਪਾਸਪੋਰਟ ਬਹੁਤ ਜ਼ਰੂਰੀ ਹੈ, ਪਾਸਪੋਰਟ ਉਸ ਦਾ ਹੱਕ ਹੈ ਪਰ ਉਹ ਵੀ ਉਸ ਨੂੰ ਨਹੀਂ ਮਿਲ ਰਿਹਾ ਇਟਲੀ ਵਿੱਚ ਬਿਨਾਂ ਪੇਪਰਾਂ ਵਾਲੇ ਪਾਸਪੋਰਟ ਬਣਾਉਣ ਲਈ ਧੱਕੇ ਖਾ ਰਹੇ ਹਨ। ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਭਾਰਤ ਚਲੇ ਜਾਓ ਪਰ ਭਾਰਤ ਵਿੱਚ ਸਰਕਾਰ ਉਨ੍ਹਾਂ ਨੂੰ ਨੌਕਰੀਆਂ ਨਹੀਂ ਦੇ ਰਹੀ, ਜਿਸ ਕਾਰਨ ਹੀ ਉਹ ਵਿਦੇਸ਼ ਇਟਲੀ ਆਏ ਹਨ।
ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੂੰ ਕੀਤੀ ਬੇਨਤੀ—
ਇਟਲੀ 'ਚ ਗੈਰ-ਕਾਨੂੰਨੀ ਭਾਰਤੀਆਂ ਲਈ ਪਾਸਪੋਰਟ ਬਹੁਤ ਜ਼ਰੂਰੀ ਹੈ ਜਿਸ ਦੀ ਬਦੌਲਤ ਉਹ ਇਟਲੀ ਦੇ ਪੇਪਰ ਬਣਾ ਸਕਦੇ ਹਨ। ਇਸ ਮੌਕੇ ਇੱਕ ਹੋਰ ਭਾਰਤੀ ਨੇ ਕਿਹਾ ਕਿ ਉਸ ਨੂੰ 9 ਸਾਲ ਹੋ ਗਏ ਇਟਲੀ ਆਏ ਨੂੰ , 2 ਵਾਰ ਉਸ ਨੇ ਇਟਲੀ ਦੇ ਪੇਪਰ ਭਰੇ ਪਰ ਨਿਕਲੇ ਨਹੀਂ ਹੁਣ ਉਸ ਦੇ ਪਾਸਪੋਰਟ ਦੀ ਮਿਆਦ ਮਹੀਨਾ ਪਹਿਲਾਂ ਖਤਮ ਹੋ ਗਈ ਹੈ, ਜਿਸ ਨੂੰ ਵਧਾਇਆ ਨਹੀਂ ਜਾ ਰਿਹਾ। ਇਹ ਉਸ ਲਈ ਬਹੁਤ ਵੱਡੀ ਮੁਸ਼ਕਿਲ ਹੈ। ਇਟਲੀ ਦੇ ਗੈਰ-ਕਾਨੂੰਨੀ ਭਾਰਤੀਆਂ ਨੇ ਭਾਰਤ ਦੀ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੂੰ ਬੇਨਤੀ ਕੀਤੀ ਹੈ ਕਿ ਭਾਰਤ ਸਰਕਾਰ ਉਹਨਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਸਮਝਦਿਆਂ ਇੱਕ ਵਾਰ ਉਹਨਾਂ ਨੂੰ ਭਾਰਤੀ ਪਾਸਪੋਰਟ ਜ਼ਰੂਰ ਮੁੱਹਈਆਂ ਕਰਵਾਉਣ।
ਭਾਰਤੀ ਜੱਥੇਬੰਦੀ ਇੰਡੀਅਨ ਕਮਿਊਨਿਟੀ ਇਨ ਲਾਸੀਓ ਨੇ ਫੜੀ ਬਾਂਹ—
ਇਟਲੀ ਦੇ ਗੈਰ-ਕਾਨੂੰਨੀ ਭਾਰਤੀਆਂ ਨੂੰ ਭਾਰਤੀ ਪਾਸਪੋਰਟ ਬਿਨਾਂ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਨੂੰ ਸਮਝਦਿਆਂ ਉਨ੍ਹਾਂ ਦਾ ਭਾਰਤੀ ਅੰਬੈਂਸੀ ਰੋਮ ਕੋਲ ਗੁਜ਼ਾਰਿਸ਼ ਕਰਕੇ ਹੱਲ ਕਰਵਾਉਣ ਲਈ ਇਟਲੀ ਦੇ ਸੂਬੇ ਲਾਸੀਓ ਦੀ ਸਿਰਮੌਰ ਭਾਰਤੀ ਜੱਥੇਬੰਦੀ ਇੰਡੀਅਨ ਕਮਿਊਨਿਟੀ ਇਨ ਲਾਸੀਓ ਨੇ ਇਹਨਾਂ ਦੀ ਬਾਂਹ ਫੜਨ ਦੀ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ।ਇੰਡੀਅਨ ਕਮਿਊਨਿਟੀ ਇਨ ਲਾਸੀਓ ਦੇ ਪ੍ਰਧਾਨ ਸ:ਗੁਰਮੁੱਖ ਸਿੰਘ ਹਜ਼ਾਰਾ ਨੇ ਕਿਹਾ ਕਿ ਉਹ ਬਿਨਾਂ ਪੇਪਰਾਂ ਦੇ ਭਾਰਤੀਆਂ ਨੂੰ ਪਾਸਪੋਰਟ ਦੁਆਉਣ ਲਈ ਉਹ ਜੱਥੇਬੰਦੀ ਵੱਲੋਂ 2 ਵਾਰ ਅੰਬੈਂਸੀ ਰੋਮ ਦੇ ਅਫ਼ਸਰ ਸਾਹਿਬਾਨ ਨੂੰ ਮਿਲ ਵੀ ਚੁੱਕੇ ਹਨ ਜਿਹਨਾਂ ਕਿ ਸੰਸਥਾ ਨੂੰ ਪੂਰਨ ਭਰੋਸਾ ਦੁਆਇਆ ਸੀ ਕਿ ਜਦੋਂ ਵੀ ਇਟਲੀ ਵਿੱਚ ਪੇਪਰ ਖੁੱਲ੍ਹਦੇ ਹਨ ਤਾਂ ਉਹ ਤੁੰਰਤ ਸਭ ਨੂੰ ਪਾਸਪੋਰਟ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਅੰਬੈਂਸੀ ਦੀ ਇਸ ਸੰਬਧੀ ਜਿੰਨੀ ਕਾਰਜ ਸਮਰੱਥਾ ਹੈ, ਉਹ ਉਸ ਨੂੰ ਬਾਖੂਬੀ ਨਿਭਾਅ ਰਹੀ ਹੈ ਪਰ ਇਟਲੀ ਦੇ ਗੈਰ-ਕਾਨੂੰਨੀ ਭਾਰਤੀਆਂ ਨੂੰ ਪਾਸਪੋਰਟ ਮੁੱਹਈਆ ਕਰਵਾਉਣੇ ਭਾਰਤੀ ਮਨਿਸਟਰੀ ਦੇ ਹੱਥ ਹੈ ਨਾ ਕਿ ਭਾਰਤੀ ਅੰਬੈਂਸੀ ਰੋਮ ਦੇ। ਇਸ ਸੰਬਧੀ ਸ:ਹਜ਼ਾਰਾ ਹੁਰਾਂ ਕਿਹਾ ਕਿ ਕਿ ਇੰਡੀਅਨ ਕਮਿਊਨਿਟੀ ਇਨ ਲਾਸੀਓ ਵੱਲੋਂ ਸਤਿਕਾਰਤ ਅੰਬੈਸਡਰ ਸਾਹਿਬ ਨੂੰ ਬੇਨਤੀ ਕਰਨਗੇ ਕਿ ਉਹ ਭਾਰਤੀ ਮਨਿਸਟਰੀ ਨਾਲ ਗੱਲਬਾਤ ਕਰਨ ਕਿ ਪਹਿਲਾਂ ਵਾਂਗ ਇਟਲੀ ਦੇ ਬਿਨਾਂ ਪੇਪਰਾਂ ਦੇ ਭਾਰਤੀਆਂ ਨੂੰ ਭਾਰਤੀ ਪਾਸਪੋਰਟ ਮੁੱਹਈਆ ਕਰਨ। ਇੰਡੀਅਨ ਕਮਿਊਨਿਟੀ ਇਨ ਲਾਸੀਓ ਵੱਲੋਂ ਇਟਲੀ ਦੇ ਬਿਨ੍ਹਾਂ ਪਾਸਪੋਰਟ ਵਾਲੇ ਭਾਰਤੀਆਂ ਦੀ ਸਹਾਇਤਾ ਲਈ 17 ਦਸੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਅਤੇ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆਂ ਵਿਖੇ ਵਿਸ਼ੇਸ਼ ਇਕੱਠ ਕੀਤਾ ਜਾ ਰਿਹਾ ਹੈ ,ਜਿਸ ਵਿੱਚ ਬਿਨਾਂ ਪੇਪਰਾਂ ਵਾਲੇ ਉਨ੍ਹਾਂ ਭਾਰਤੀਆਂ ਨੂੰ ਹੁੰਮ-ਹੁੰਮਾਂ ਕੇ ਪਹੁੰਚਣ ਦੀ ਅਪੀਲ ਕੀਤੀ ਹੈ, ਜਿਨ੍ਹਾਂ ਕੋਲ ਭਾਰਤੀ ਪਾਸਪੋਰਟ ਨਹੀਂ ਹੈ। ਸੰਬੰਧਤ ਭਾਰਤੀ ਆਪਣੇ ਨਾਲ ਆਪਣੇ ਮਿਆਦ ਲੰਘ ਚੁੱਕੇ ਜਾਂ ਮਿਆਦ ਰਹਿੰਦੀ ਵਾਲੇ ਪਾਸਪੋਰਟ ਦੇ ਪਹਿਲੇ ਪੰਨੇ ਦੀ ਫੋਟੋ ਕਾਪੀ ਜ਼ਰੂਰ ਲਿਆਉਣ। ਇਸ ਕਾਰਵਾਈ ਲਈ ਬਿਨਾਂ ਪਾਸਪੋਰਟ ਵਾਲੇ ਭਾਰਤੀ ਨੌਜਵਾਨ ਸਬਾਊਦੀਆ ਵਿਖੇ ਹਰਭਜਨ ਸਿੰਘ, ਲਵੀਨਿਓ ਵਿਖੇ ਰਾਜਵਿੰਦਰ ਸਿੰਘ ਰਾਜਾ,ਲਾਤੀਨਾ ਵਿਖੇ ਦਵਿੰਦਰ ਸਿੰਘ ਨੰਦਾ,ਤੇਰਾਚੀਨਾ ਵਿਖੇ ਹਮਜੋਤ ਸਿੰਘ ਜੋਤੀ, ਕੰਪੋ ਵੇਰਦੇ ਵਿਖੇ ਸੰਤੋਖ ਸਿੰਘ ਬਾਬਾ, ਫੌਂਦੀ ਵਿਖੇ ਗੁਰਪ੍ਰੀਤ ਸਿੰਘ ਆਦਿ ਨਾਲ ਸੰਪਰਕ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਇੰਡੀਅਨ ਕਮਿਊਨਿਟੀ ਇਨ ਲਾਸੀਓ ਪਹਿਲਾਂ ਵੀ ਇਲਾਕੇ ਵਿੱਚ ਭਾਰਤੀ ਕਾਮਿਆਂ ਦੇ ਹੱਕਾਂ ਲਈ ਉਨ੍ਹਾਂ ਮਾਲਕਾਂ ਨਾਲ ਲੜਾਈ ਲੜ ਰਹੀ ਹੈ ਜਿਹੜੇ ਕਿ ਭਾਰਤੀ ਕਾਮਿਆਂ ਦਾ ਸੋਸ਼ਣ ਕਰ ਰਹੇ ਹਨ ਤੇ ਇਸ ਜੱਥੇਬੰਦੀ ਦੀ ਬਦੋਲਤ ਹੀ ਇਲਾਕੇ ਦੇ ਭਾਰਤੀ ਕਾਮਿਆਂ ਦਾ 20 ਸਾਲਾਂ ਬਾਅਦ ਮਿਹਨਤਾਨਾ ਵਧਿਆ ਹੈ।
ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਯੇਰੂਸ਼ਲਮ ਫੈਸਲੇ 'ਤੇ ਟਰੰਪ ਕੀਤੀ ਆਲੋਚਨਾ
NEXT STORY