ਲੰਡਨ(ਇੰਟ.)- ਗਲੋਬਲ ਵਾਰਮਿੰਗ ਦੇ ਕਾਰਨ ਗਰਭਵਤੀ ਔਰਤਾਂ ਸਮੇਂ ਤੋਂ ਪਹਿਲਾਂ ਹੀ ਬੱਚਿਆਂ ਨੂੰ ਜਨਮ ਦੇ ਰਹੀਆਂ ਹਨ, ਜਿਸ ਦੇ ਨਾਲ ਨਵ-ਜਨਮੇ ਬੱਚਿਆਂ ਵਿਚ ਖਤਰਾ ਵਧ ਰਿਹਾ ਹੈ। ਇਕ ਤਾਜ਼ਾ ਅਧਿਐਨ ਵਿਚ ਇਹ ਖੁਲਾਸਾ ਕੀਤਾ ਗਿਆ ਹੈ।
ਬੱਚਿਆਂ ਦੇ ਜਨਮ ਤੇ ਮਾਹੌਲ ਬਾਰੇ ਅਧਿਐਨ ਕਰ ਰਹੇ ਅਮਰੀਕੀ ਵਿਗਿਆਨੀਆਂ ਅਨੁਸਾਰ ਜਿਸ ਦਿਨ ਤਾਪਮਾਨ 32 ਡਿਗਰੀ ਤੋਂ ਜ਼ਿਆਦਾ ਸੀ, ਉਸ ਦਿਨ ਜਨਮ ਦਰ ਵਿਚ 5 ਫੀਸਦੀ ਦਾ ਵਾਧਾ ਵੇਖਿਆ ਗਿਆ। ਕੁਝ ਬੱਚੇ ਆਪਣੇ ਸਮੇਂ ਤੋਂ ਕਈ ਦਿਨ ਪਹਿਲਾਂ ਪੈਦਾ ਹੋ ਗਏ ਸਨ। ਉਥੇ ਹੀ ਕੁੱਝ ਬੱਚੇ ਸਮੇਂ ਤੋਂ ਦੋ ਹਫਤੇ ਪਹਿਲਾਂ ਹੀ ਪੈਦਾ ਹੋ ਗਏ।
ਖੋਜਕਾਰਾਂ ਦਾ ਮੰਨਣਾ ਹੈ ਕਿ ਗਰਮੀ ਨਾਲ ਗਰਭਵਤੀ ਔਰਤਾਂ ਵਿਚ ਹਾਰਮੋਨਲ ਬਦਲਾਅ ਹੋ ਜਾਂਦੇ ਹਨ, ਜਿਸ ਦੇ ਨਾਲ ਜਣੇਪਾ ਜਲਦੀ ਹੋ ਜਾਂਦਾ ਹੈ। ਸਮੇਂ ਤੋਂ ਪਹਿਲਾਂ ਜਨਮ ਹੋਣ ਨਾਲ ਬੱਚੇ ਘੱਟ ਭਾਰ ਦੇ ਹੁੰਦੇ ਹਨ, ਉਨ੍ਹਾਂ ਦਾ ਵਿਕਾਸ ਮੱਠਾ ਹੁੰਦਾ ਹੈ ਅਤੇ ਉਨ੍ਹਾਂ ਵਿਚ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੁੰਦੀਆਂ ਹਨ। ਖੋਜਕਾਰਾਂ ਦਾ ਕਹਿਣਾ ਹੈ ਕਿ ਦਿਨੋਂ-ਦਿਨ ਮੌਸਮ ਦੇ ਗਰਮ ਹੋਣ ਕਾਰਨ ਇਹ ਸਮੱਸਿਆ ਹੋਰ ਵਧਦੀ ਹੀ ਜਾ ਰਹੀ ਹੈ।
ਜਲਵਾਯੂ ਤਬਦੀਲੀ ਦੇ ਕਾਰਨ ਧਰਤੀ ’ਤੇ ਵਧ ਰਹੀ ਗਰਮੀ
ਲਾਸ ਏਂਜਲਸ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿਗਿਆਨੀਆਂ ਨੇ ਅਮਰੀਕਾ ਵਿਚ 1969 ਤੋਂ 1988 ਦੇ ਦਰਮਿਆਨ ਪੈਦਾ ਹੋਏ 5.6 ਕਰੋੜ ਬੱਚਿਆਂ ਦੇ ਡਾਟੇ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਵੇਖਿਆ ਕਿ ਗਰਮ ਦਿਨਾਂ ਵਿਚ ਜਿਸ ਦਿਨ ਤਾਪਮਾਨ 32 ਡਿਗਰੀ ਤੋਂ ਜ਼ਿਆਦਾ ਸੀ, ਜਨਮ ਦਰ ਬਹੁਤ ਵਧ ਗਈ। ਕਈ ਔਰਤਾਂ ਦੇ ਬੱਚੇ ਸਮੇਂ ਤੋਂ ਪਹਿਲਾਂ ਹੀ ਪੈਦਾ ਹੋ ਗਏ। ਜਲਵਾਯੂ ਤਬਦੀਲੀ ਕਾਰਨ ਧਰਤੀ ’ਤੇ ਗਰਮੀ ਵਧਦੀ ਹੀ ਜਾ ਰਹੀ ਹੈ।
ਖੋਜਕਾਰ ਏਲਾਨ ਬਾਰੇਕਾ ਨੇ ਕਿਹਾ ਕਿ ਜਿਸ ਸਮੇਂ ਅਸੀਂ ਅਧਿਐਨ ਕੀਤਾ, ਉਸ ਵਿਚ ਅਸੀਂ 25,000 ਸਮਾਂ ਪਹਿਲਾਂ ਜਨਮ ਦੇ ਮਾਮਲੇ ਵੇਖੇ। ਔਸਤਨ ਗਰਭ ਅਵਸਥਾ 6 ਦਿਨ ਪਹਿਲਾਂ ਹੀ ਖਤਮ ਹੋ ਗਈ ਪਰ ਕੁਝ ਮਾਮਲਿਆਂ ਵਿਚ ਬੱਚੇ ਦੋ ਹਫਤੇ ਪਹਿਲਾਂ ਹੀ ਪੈਦਾ ਹੋ ਗਏ। ਖੋਜਕਾਰਾਂ ਅਨੁਸਾਰ ਉਸ ਸਮੇਂ ਦੇ ਮੁਕਾਬਲੇ ਮੌਜੂਦਾ ਵਿਚ ਗਰਮੀ ਬਹੁਤ ਵਧ ਗਈ ਹੈ। ਅਜਿਹੇ ਵਿਚ ਸਮੇਂ ਤੋਂ ਪਹਿਲਾਂ ਜਨਮ ਦੇ ਮਾਮਲੇ ਹੁਣ ਜ਼ਿਆਦਾ ਦੇਖਣ ਨੂੰ ਮਿਲ ਰਹੇ ਹਨ। ਕਿੰਗਸ ਕਾਲਜ ਲੰਡਨ ਦੇ ਪ੍ਰੋ. ਏਂਡਰੂਏ ਸ਼ੇਨਾਨ ਨੇ ਕਿਹਾ ਕਿ ਇਸ ਅਧਿਐਨ ਦੇ ਨਤੀਜੇ ਜਾਇਜ਼ ਅਤੇ ਸਪੱਸ਼ਟ ਹਨ। ਕਈ ਸਿਹਤ ਹਾਲਾਤ ਵਾਂਗ ਤਾਪਮਾਨ ਵੀ ਸਰੀਰ ਦੀਆਂ ਮੁੱਢਲੀਆਂ ਕਾਰਜ ਪ੍ਰਣਾਲੀਆਂ ਜਿਵੇਂ ਖੂਨ ਦੇ ਪ੍ਰਵਾਹ ਅਤੇ ਸਾਹ ਲੈਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ। ਗਰਭਵਤੀ ਔਰਤਾਂ ਨੂੰ ਗਰਮ ਤਾਪਮਾਨ ਵਿਚ ਭਰਪੂਰ ਪਾਣੀ ਪੀਣਾ ਚਾਹੀਦਾ ਹੈ ਤੇ ਖੁਦ ਨੂੰ ਠੰਡਾ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਹਾਰਮੋਨ ਦਾ ਉਤਪਾਦਨ ਹੈ ਵਧਦਾ
ਖੋਜਕਾਰਾਂ ਦਾ ਕਹਿਣਾ ਹੈ ਕਿ ਗਰਮ ਤਾਪਮਾਨ ਵਿਚ ਗਰਭਵਤੀ ਔਰਤਾਂ ਦੇ ਸਰੀਰ ਵਿਚ ਆਕਸੀਟੋਸਿਨ ਨਾਮੀ ਹਾਰਮੋਨ ਦਾ ਉਤਪਾਦਨ ਕਾਫ਼ੀ ਵਧ ਜਾਂਦਾ ਹੈ। ਇਹ ਜਣੇਪਾ ਦਰਦਾਂ ਨੂੰ ਛੇਤੀ ਸ਼ੁਰੂ ਕਰ ਦਿੰਦਾ ਹੈ ਅਤੇ ਬੱਚੇਦਾਨੀ ਨੂੰ ਸੁੰਗਾੜ ਦਿੰਦਾ ਹੈ। ਇਸ ਕਾਰਣ ਬੱਚਾ ਬਾਹਰ ਵੱਲ ਨਿਕਲਣ ਲੱਗਦਾ ਹੈ। ਇਸ ਅਧਿਐਨ ਨੂੰ ਮੈਗਜ਼ੀਨ ਨੇਚਰ ਕਲਾਈਮੇਟ ਚੇਂਜ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਰੈੱਡ ਵਾਈਨ ਲਵਰਸ ਹੋਣ ਅਲਰਟ, ਰੋਜ਼ ਦਾ ਇਕ ਪੈੱਗ ਵੀ ਬਣ ਸਕਦੈ ਕੈਂਸਰ ਦਾ ਕਾਰਣ
NEXT STORY