ਕਾਬੁਲ/ਗੁਰਦਾਸਪੁਰ (ਏਜੰਸੀਆਂ, ਵਿਨੋਦ)- ਅੱਤਵਾਦ ਨੂੰ ਪਾਲਣ ਵਾਲਾ ਪਾਕਿਸਤਾਨ ਆਪਣੇ ਹੀ ਪੁੱਟੇ ਹੋਏ ਟੋਏ ’ਚ ਡਿੱਗਦਾ ਜਾ ਰਿਹਾ ਹੈ। ਅਫਗਾਨ ਤਾਲਿਬਾਨ ਦੇ ਭਿਆਨਕ ਹਮਲੇ ਨੇ ਸ਼ਾਹਬਾਜ਼ ਸ਼ਰੀਫ ਸਰਕਾਰ ਨੂੰ ਹੋਰ ਵੀ ਵੱਡੀ ਮੁਸੀਬਤ ’ਚ ਪਾ ਦਿੱਤਾ ਹੈ। ਤਾਲਿਬਾਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਇਸ ਹਮਲੇ ’ਚ ਪਾਕਿਸਤਾਨ ਦੇ 50 ਤੋਂ ਵੱਧ ਫੌਜੀਆਂ ਨੂੰ ਮਾਰ ਦਿੱਤਾ ਹੈ, ਉਥੇ ਹੀ ਲੱਗਭਗ 2 ਦਰਜਨ ਪਾਕਿਸਤਾਨੀ ਚੌਕੀਆਂ ’ਤੇ ਵੀ ਕਬਜ਼ਾ ਕਰ ਲਿਆ ਹੈ।
ਅਜਿਹੇ ਸਮੇਂ ’ਚ ਹੁਣ ਸਾਊਦੀ ਅਰਬ ਨੇ ਦੋਵਾਂ ਦੇਸ਼ਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਕਈ ਅੰਕੜਿਆਂ ਦੇ ਅਨੁਸਾਰ ਇਸ ਸੰਘਰਸ਼ ’ਚ ਹੁਣ ਤੱਕ 65 ਫੌਜੀਆਂ ਜਾਂ ਲੜਾਕਿਆਂ ਦੀ ਮੌਤ ਹੋ ਚੁੱਕੀ ਹੈ। ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਸਰਹੱਦ ’ਤੇ ਹੋ ਰਹੀਆਂ ਹਿੰਸਕ ਝੜਪਾਂ ਬਾਰੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਸਰਹੱਦੀ ਖੇਤਰਾਂ ’ਚ ਹੋ ਰਹੇ ਤਣਾਅ ਅਤੇ ਝੜਪਾਂ ’ਤੇ ਚਿੰਤਾ ਪ੍ਰਗਟ ਕਰ ਰਿਹਾ ਹੈ। ਸਾਊਦੀ ਅਰਬ ਸੰਜਮ ਵਰਤਣ, ਤਣਾਅ ਵਧਾਉਣ ਤੋਂ ਬਚਣ ਅਤੇ ਗੱਲਬਾਤ ਅਤੇ ਸਮਝਦਾਰੀ ਅਪਣਾਉਣ ਦੀ ਅਪੀਲ ਕਰਦਾ ਹੈ, ਜਿਸ ਨਾਲ ਤਣਾਅ ਘਟਾਉਣ ਅਤੇ ਖੇਤਰ ਵਿਚ ਸੁਰੱਖਿਆ ਅਤੇ ਸਥਿਰਤਾ ਬਣਾਈ ਰੱਖਣ ਵਿਚ ਮਦਦ ਮਿਲੇਗੀ।
ਪਾਕਿ ’ਤੇ ਆਈ. ਐੱਸ. ਆਈ. ਐੱਸ. ਅੱਤਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼
ਤਾਲਿਬਾਨ ਨੇ ਪਾਕਿਸਤਾਨ ’ਤੇ ਦੋਸ਼ ਲਾਇਆ ਹੈ ਕਿ ਉਹ ਆਪਣੀ ਜ਼ਮੀਨ ’ਤੇ ਆਈ. ਐੱਸ. ਆਈ. ਐੱਸ. ਅੱਤਵਾਦੀਆਂ ਨੂੰ ਪਨਾਹ ਦੇ ਰਿਹਾ ਹੈ। ਤਾਲਿਬਾਨ ਨੇ ਇਨ੍ਹਾਂ ਅੱਤਵਾਦੀਆਂ ਨੂੰ ਅਫਗਾਨਿਸਤਾਨ ਸਮੇਤ ਪੂਰੀ ਦੁਨੀਆ ਲਈ ਖ਼ਤਰਾ ਦੱਸਦੇ ਹੋਏ ਉਨ੍ਹਾਂ ਨੂੰ ਪਾਕਿਸਤਾਨ ਤੋਂ ਬਾਹਰ ਕੱਢਣ ਜਾਂ ਅਫਗਾਨਿਸਤਾਨ ਦੇ ਹਵਾਲੇ ਕਰਨ ਲਈ ਕਿਹਾ ਹੈ। ਤਾਲਿਬਾਨ ਦੇ ਇਕ ਬੁਲਾਰੇ ਨੇ ਕਿਹਾ ਕਿ ਅਫਗਾਨਿਸਤਾਨ ਨੇ ਅਸਥਿਰਤਾ ਫੈਲਾਉਣ ਵਾਲੇ ਸਾਰੇ ਤੱਤਾਂ ਨੂੰ ਖ਼ਤਮ ਕਰ ਦਿੱਤਾ ਸੀ ਪਰ ਹੁਣ ਉਨ੍ਹਾਂ ਦੇ ਨਵੇਂ ਟਿਕਾਣੇ ਪਾਕਿਸਤਾਨ ਦੇ ਪਖਤੂਨਖਵਾ ਇਲਾਕੇ ’ਚ ਬਣਾ ਦਿੱਤੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਟਿਕਾਣਿਆਂ ’ਤੇ ਕਰਾਚੀ ਅਤੇ ਇਸਲਾਮਾਬਾਦ ਏਅਰਪੋਰਟ ਰਾਹੀਂ ਨਵੇਂ ਲੜਾਕਿਆਂ ਨੂੰ ਲਿਆਂਦਾ ਜਾ ਰਿਹਾ ਹੈ ਅਤੇ ਉੱਥੇ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਭਾਰਤ ਵਾਂਗ ਅਫਗਾਨਿਸਤਾਨ ਨੂੰ ਮੂੰਹਤੋੜ ਜਵਾਬ ਦੇਵਾਂਗੇ : ਪਾਕਿ
ਪਾਕਿਸਤਾਨੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਨੂੰ ਵੀ ਭਾਰਤ ਵਾਂਗ ਮੂੰਹਤੋੜ ਜਵਾਬ ਦਿੱਤਾ ਜਾਵੇਗਾ, ਤਾਂ ਜੋ ਉਹ ਪਾਕਿਸਤਾਨ ਵੱਲ ਬੁਰੀ ਨਜ਼ਰ ਨਾਲ ਦੇਖਣ ਦੀ ਹਿੰਮਤ ਨਾ ਕਰ ਸਕੇ। ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਹੈ ਕਿ ਹਾਲ ਹੀ ਦੇ ਹਮਲਿਆਂ ਤੋਂ ਬਾਅਦ ਪਾਕਿਸਤਾਨ ਚੁੱਪ ਨਹੀਂ ਬੈਠੇਗਾ ਅਤੇ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ। ਓਧਰ, ਪਾਕਿਸਤਾਨੀ ਮੀਡੀਆ ਡਾਨ ਦੇ ਅਨੁਸਾਰ, ਪਾਕਿਸਤਾਨੀ ਫੌਜ ਨੇ 19 ਅਫਗਾਨ ਸਰਹੱਦੀ ਚੌਕੀਆਂ ’ਤੇ ਕਬਜ਼ਾ ਕਰ ਲਿਆ ਹੈ।
US ਤੋਂ ਭਾਰਤੀ Students ਦਾ ਮੋਹ ਹੋਇਆ ਭੰਗ! ਟਰੰਪ ਨੀਤੀਆਂ ਕਾਰਨ ਯੂਨੀਵਰਸਿਟੀਆਂ 'ਚ ਘਟਦੀ ਜਾ ਰਹੀ 'ਰੌਣਕ'
NEXT STORY