ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਕੋਰੋਨਾ ਵਾਇਰਸ ਨਾਲ ਜੁੜੀਆਂ ਮੌਤਾਂ ਦੀ ਜਾਂਚ ਕਰਨ ਵਾਲੀ ਇਕ ਵਿਸ਼ੇਸ਼ ਜਾਂਚ ਯੂਨਿਟ ਸਕਾਟਿਸ਼ ਹਸਪਤਾਲਾਂ ’ਚ 827 ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ’ਚ ਕ੍ਰਾਊਨ ਆਫਿਸ ਨੇ ਮਹੱਤਵਪੂਰਨ ਜਨਤਕ ਚਿੰਤਾ ਦੇ ਮੱਦੇਨਜ਼ਰ, ਕੋਵਿਡ ਮੌਤ ਜਾਂਚ ਟੀਮ (ਸੀ. ਡੀ. ਆਈ. ਟੀ.) ਦੀ ਸਥਾਪਨਾ ਕੀਤੀ, ਜੋ ਸਕਾਟਲੈਂਡ ਪੁਲਸ ਅਤੇ ਹੋਰ ਏਜੰਸੀਆਂ ਨਾਲ ਕੰਮ ਕਰ ਰਹੀ ਹੈ। ਇਹ ਜਾਂਚ ਉਨ੍ਹਾਂ ਮਾਮਲਿਆਂ ’ਤੇ ਵਿਚਾਰ ਕਰ ਰਹੀ ਹੈ, ਜਿਥੇ ਮ੍ਰਿਤਕ ਇਕ ਕੇਅਰ ਹੋਮ ’ਚ ਰਹਿ ਰਿਹਾ ਸੀ, ਜਿਸ ਵੇਲੇ ਉਹ ਵਾਇਰਸ ਪੀੜਤ ਹੋਇਆ ਸੀ ਪਰ ਇਸ ਟੀਮ ਨੂੰ ਹਸਪਤਾਲਾਂ ਨਾਲ ਜੁੜੀਆਂ ਮੌਤਾਂ ਦੀਆਂ ਸੈਂਕੜੇ ਰਿਪੋਰਟਾਂ ਵੀ ਮਿਲੀਆਂ ਹਨ। ਜਦੋਂ ਕਿਸੇ ਵਿਅਕਤੀ ਨੂੰ ਕੋਵਿਡ-19 ਹੈ ਅਤੇ ਉਹ ਡਾਕਟਰੀ ਦੇਖਭਾਲ ’ਚ ਹੈ ਤਾਂ ਡਾਕਟਰਾਂ ਨੂੰ ਮੌਤ ਦੀ ਰਿਪੋਰਟ ਪ੍ਰੋਕਿਊਰੇਟਰ ਫਿਸਕਲ ਨੂੰ ਕਰਨੀ ਜ਼ਰੂਰੀ ਹੈ।
ਗਲਾਸਗੋ ਦੇ ਸਭ ਤੋਂ ਵੱਡੇ ਹਸਪਤਾਲ ਕੁਈਨ ਐਲਿਜ਼ਾਬੇਥ ਯੂਨੀਵਰਸਿਟੀ ਹਸਪਤਾਲ ’ਚ ਕੋਵਿਡ ਨਾਲ ਜੁੜੀਆਂ ਸਭ ਤੋਂ ਵੱਧ 113 ਮੌਤਾਂ ਦੀ ਰਿਪੋਰਟ ਕੀਤੀ ਗਈ ਹੈ। ਇਸ ਤੋਂ ਇਲਾਵਾ 7 ਅਕਤੂਬਰ ਤੱਕ ਐਡਿਨਬਰਾ ਦੇ ਰਾਇਲ ਇਨਫਰਮਰੀ ’ਚ 70, ਕਿਲਮਾਰਨੌਕ ਦੇ ਕਰਾਸਹਾਊਸ ਹਸਪਤਾਲ ’ਚ 55 ਅਤੇ ਡੰਡੀ ਦੇ ਨਾਇਨਵੈਲਜ਼ ’ਚ 46 ਮੌਤਾਂ ਦੀ ਰਿਪੋਰਟ ਕੀਤੀ ਗਈ ਹੈ। ਅੰਕੜਿਆਂ ਅਨੁਸਾਰ ਸਤੰਬਰ ਤੱਕ ਲੱਗਭਗ 3500 ਕੇਅਰ ਹੋਮ ਮੌਤਾਂ ਦੀ ਰਿਪੋਰਟ ਸੀ. ਡੀ. ਆਈ. ਟੀ. ਨੂੰ ਦਿੱਤੀ ਗਈ ਹੈ।
Pfizer ਦਾ ਦਾਅਵਾ, ਨਵੀਂ ਕੋਵਿਡ ਗੋਲੀ ਨੇ ਮੌਤ ਦੇ ਖਤਰੇ ਨੂੰ 90 ਫੀਸਦੀ ਤੱਕ ਘਟਾਇਆ
NEXT STORY