ਅਮਰੀਕਾ ਦੇ ਉੱਤਰ ’ਚ ਵੱਸਿਆ ਸ਼ਹਿਰ ਸਿਆਟਲ ਹਰਿਆਲੀ, ਤਕਨੀਕ ਅਤੇ ਵਪਾਰਕ ਪੱਖ ਤੋਂ ਦੁਨੀਆ ਦਾ ਇਕ ਅਜੂਬਾ ਹੈ। ਲਗਭਗ 45 ਲੱਖ ਦੀ ਆਬਾਦੀ ਵਾਲਾ ਇਹ ਸ਼ਹਿਰ ਪਹਾੜਾਂ, ਦਰੱਖਤਾਂ ਅਤੇ ਸਮੁੰਦਰ ਨਾਲ ਘਿਰੇ ਅਮਰੀਕਾ ਦੇ 15 ਵੱਡੇ ਸ਼ਹਿਰਾਂ ’ਚੋਂ ਇਕ ਹੈ। ਕੈਨੇਡਾ ਦੇ ਵੈਨਕੁਵਰ ਬਾਰਡਰ ਤੋਂ 100 ਕਿਲੋਮੀਟਰ ਦੀ ਦੂਰੀ ’ਤੇ 217 ਕਿਲੋਮੀਟਰ ਦੇ ਖੇਤਰ ’ਚ ਵੱਸੇ ਇਸ ਸ਼ਹਿਰ ਨੂੰ ਲਗਭਗ 4000 ਸਾਲ ਪਹਿਲਾਂ ਅਮਰੀਕੀ ਮੂਲ ਦੇ ਲੋਕਾਂ ਨੇ ਵਸਾਇਆ ਸੀ। ਉਸ ਤੋਂ ਬਾਅਦ ਇਥੇ ਯੂਰਪੀਅਨ ਆ ਕੇ ਵੱਸ ਗਏ। ਇਸ ਸਮੇਂ ਇਥੇ 65 ਫੀਸਦੀ ਦੇ ਲਗਭਗ ਯੂਰਪੀਅਨ ਤੇ 14 ਫੀਸਦੀ ਦੇ ਲਗਭਗ ਸਿੱਖ ਭਾਈਚਾਰੇ ਦੇ ਲੋਕ ਵਸਦੇ ਹਨ। 2008 ਦੀ ਜਨਗਣਨਾ ਅਨੁਸਾਰ ਇਸ ਸ਼ਹਿਰ ਨੇ ਦੁਨੀਆ ਨੂੰ ਸਭ ਤੋਂ ਵੱਧ ਪੜੇ-ਲਿਖੇ ਅਤੇ ਗ੍ਰੈਜੁਏਟ ਦਿੱਤੇ ਹਨ।
ਯੂਨੀਵਰਸਿਟੀ ਆਫ ਵਾਸ਼ਿੰਗਟਨ ਸਿਆਟਲ ਦੀ ਪਛਾਣ ਦੁਨੀਆ ਦੀਆਂ ਪਹਿਲੀਆਂ 11 ਯੂਨੀਵਰਸਿਟੀਆਂ ’ਚੋਂ ਹੈ। ਫੁੱਟਬਾਲ ਇਥੋਂ ਦੀ ਸਭ ਤੋਂ ਲੋਕਪ੍ਰਿਯ ਖੇਡ ਹੈ। 2015 ’ਚ ਸਿਆਟਲ ਨੇ ਅਮਰੀਕਨ ਫੁੱਟਬਾਲ ’ਚ ਨੈਸ਼ਨਲ ਚੈਂਪੀਅਨ ਬਣ ਕੇ ਇਤਿਹਾਸ ਰਚਿਆ ਸੀ। ਇਸ ਤੋਂ ਇਲਾਵਾ ਬੇਸਬਾਲ, ਬਾਸਕਿਟਬਾਲ ਆਦਿ ਖੇਡਾਂ ਨੂੰ ਲੋਕ ਜ਼ਿਆਦਾ ਖੇਡਦੇ ਤੇ ਪਸੰਦ ਕਰਦੇ ਹਨ। ਸਿਆਟਲ ’ਚ 78 ਫੀਸਦੀ ਲੋਕ ਅੰਗ੍ਰੇਜ਼ੀ ਬੋਲਦੇ ਹਨ ਜਦਕਿ 10 ਫੀਸਦੀ ਦੇ ਲਗਭਗ ਲੋਕ ਏਸ਼ੀਆਈ ਮਹਾਦੀਪ ਦੀਆਂ ਬੋਲੀਆਂ ਬੋਲਦੇ ਹਨ ਤੇ 0.8 ਫੀਸਦੀ ਦੇ ਲਗਭਗ ਲੋਕ ਪੰਜਾਬੀ ਭਾਸ਼ਾ ਬੋਲਦੇ ਹਨ।
ਸਿਆਟਲ ’ਚ ਹੀ ਹੋਈ ਸੀ ਐਮੇਜ਼ਾਨ ਦੀ ਸਥਾਪਨਾ
ਮਾਈਕ੍ਰੋਸਾਫਟ ਕੰਪਨੀ ਦੇ ਮਾਲਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਵੀ ਹਰ ਸਮੇਂ ਬੱਦਲਾਂ ’ਚ ਘਿਰੇ ਰਹਿਣ ਵਾਲੇ ਇਸ ਸ਼ਹਿਰ ’ਚ ਹੀ ਰਹਿੰਦੇ ਹਨ। ਇਸ ਸ਼ਹਿਰ ਨੂੰ ਜਹਾਜ਼ਾਂ ਦੇ ਸ਼ਹਿਰ ਦੇ ਤੌਰ ’ਤੇ ਵੀ ਜਾਣਿਆ ਜਾਂਦਾ ਹੈ। ਮਸ਼ਹੂਰ ਬੋਇੰਗ ਕੰਪਨੀ ਦੇ ਸਾਰੇ ਜਹਾਜ਼ ਸਿਆਟਲ ’ਚ ਹੀ ਬਣਦੇ ਹਨ ਅਤੇ ਦੁਨੀਆ ਦੀ ਆਨਲਾਈਨ ਰਿਟੇਲਰ ਕੰਪਨੀ ਐਮੇਜ਼ਾਨ ਦੀ ਸਥਾਪਨਾ ਵੀ 1994 ’ਚ ਇਸੇ ਸ਼ਹਿਰ ’ਚ ਹੋਈ ਸੀ। ਸਾਫਟਵੇਅਰ ਅਤੇ ਇੰਟਰਨੈੱਟ ਕੰਪਨੀਆਂ ਦੇ ਆਉਣ ਨਾਲ ਇਹ ਸ਼ਹਿਰ ਇਕ ਵੱਡਾ ਵਪਾਰਕਸ਼ਹਿਰ ਬਣ ਗਿਆ। ਇਸ ਕਾਰਨ ਇਸ ਦੀ ਆਬਾਦੀ ’ਚ ਦਿਨੋਂ-ਦਿਨ ਵੱਡੇ ਪੱਧਰ ’ਤੇ ਵਾਧਾ ਹੋ ਰਿਹਾ ਹੈ ਅਤੇ ਤਰੱਕੀ ਪਸੰਦ ਲੋਕ ਇਸ ਸ਼ਹਿਰ ’ਚ ਆ ਕੇ ਵੱਸਣਾ ਚਾਹੁੰਦੇ ਹਨ।
ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਜਹਾਜ਼ਾਂ ਦੇ ਮਾਡਲ ਮੌਜੂਦ ਹਨ ‘ਮਿਊਜ਼ੀਅਮ ਆਫ ਫਲਾਈਟ’ ’ਚ
ਹਵਾਬਾਜ਼ੀ ਤੇ ਪੁਲਾੜ ਦੀ ਪਛਾਣ ਦੇ ਤੌਰ ’ਤੇ ਜਾਣਿਆ ਜਾਂਦਾ ਮਿਊਜ਼ੀਅਮ ਆਫ ਫਲਾਈਟ ਸਿਆਟਲ ’ਚ ਆਉਣ ਵਾਲੇ ਯਾਤਰੀਆਂ ਲਈ ਇਕ ਵੱਡੇ ਆਕਰਸ਼ਨ ਦਾ ਕੇਂਦਰ ਹੈ। ਮਿਊਜ਼ੀਅਮ ’ਚ 20ਵੀਂ ਸਦੀ ਦੇ ਸ਼ੁਰੂ ’ਚ ਬਣੇ ਜਹਾਜ਼ਾਂ ਤੋਂ ਲੈ ਕੇ ਹੁਣ ਤੱਕ ਆਧੁਨਿਕ ਤਕਨੀਕ ਵਾਲੇ ਜਹਾਜ਼ਾਂ ਦੇ ਆਕਰਸ਼ਕ ਮਾਡਲ ਖੜ੍ਹੇ ਹਨ, ਜਿਨ੍ਹਾਂ ਨੂੰ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਤਕਨੀਕ ਕਿਥੋਂ ਚੱਲਕੇ ਕਿਥੋਂ ਤੱਕ ਪਹੁੰਚ ਗਈ ਹੈ।
ਪਹਿਲੀ ਵਿਸ਼ਵ ਜੰਗ (1914-1918) ਅਤੇ ਦੂਜੀ ਵਿਸ਼ਵ ਜੰਗ (1942-1946) ’ਚ ਵਰਤੇ ਗਏ ਜੰਗੀ ਜਹਾਜ਼ਾਂ, ਪਹਿਲੇ ਫਲਾਈਟ ਪਲੇਨ ਤੇ ਹੋਰ ਇਤਿਹਾਸਕ ਵਸਤੂਆਂ ਦਾ ਨਜ਼ਾਰਾ ਦੇਖਦੇ ਹੀ ਬਣਦਾ ਹੈ। ਬੋਇੰਗ ਕੰਪਨੀ ਇਕ ਨਵੇਂ ਜਹਾਜ਼ ਨੂੰ 6 ਦਿਨਾਂ ’ਚ ਤਿਆਰ ਕਰ ਦਿੰਦੀ ਹੈ। ਇਸ ਇਤਿਹਾਸਕ ਸ਼ਹਿਰ ਨੇ ਕਈ ਉਤਰਾਅ-ਚੜ੍ਹਾਅ ਵੀ ਦੇਖੇ ਹਨ। ਪਹਿਲੀ ਵਿਸ਼ਵ ਜੰਗ ਦੌਰਾਨ ਇਸ ਸ਼ਹਿਰ ਨੇ ਵੱਡੇ ਪੱਧਰ ’ਤੇ ਆਰਥਿਕ ਨੁਕਸਾਨ ਝੱਲੇ। ਇਸ ਸ਼ਹਿਰ ਨੂੰ ਗਰੀਬੀ, ਬੇਰੋਜ਼ਗਾਰੀ ਅਤੇ ਹੋਰ ਆਫਤਾਂ ਦਾ ਵੀ ਸਾਹਮਣਾ ਕਰਨਾ ਪਿਆ। 1970 ’ਚ ਬੋਇੰਗ ਕੰਪਨੀ ਨੇ ਇਸ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਵਿੱਤੀ ਸਹਾਇਤਾ ਦਿੱਤੀ, ਜਿਸ ਨਾਲ ਇਹ ਸ਼ਹਿਰ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਹੋਇਆ। ਇਸ ਕਾਰਨ ਅੱਜ ਦੇ ਸਮੇਂ ’ਚ ਇਹ ਸ਼ਹਿਰ ਸੁੰਦਰਤਾ, ਆਰਥਿਕਤਾ ਅਤੇ ਵਪਾਰ ਦੇ ਪੱਖ ਤੋਂ ਦੁਨੀਆ ਦਾ ਅਜੂਬਾ ਬਣ ਗਿਆ ਹੈ।
ਇਕ ਹੋਰ ਅਜੂਬਾ ਸਿਆਟਲ ’ਚ,‘ਸਪੇਸ ਨੀਡਲ ਟਾਵਰ’
ਦੁਨੀਆ ਦੇ 7 ਅਜੂਬਿਆਂ ’ਚ ਆਪਣੀ ਪਛਾਣ ਰੱਖਣ ਵਾਲਾ 184 ਮੀਟਰ ਉੱਚਾ ਸਪੇਸ ਨੀਡਲ ਟਾਵਰ ਪੈਰਿਸ ਦੇ ਸ਼ਹਿਰ ਫ੍ਰਾਂਸ ਸ਼ਹਿਰ ਦੇ ਐਫਿਲ ਟਾਵਰ ਵਾਂਗ ਆਪਣਾ ਵੱਖਰਾ ਆਕਰਸ਼ਨ ਦਿਖਾਉਂਦਾ ਹੈ। ਸਟਾਰਬਕਸ ਦੀ ਸ਼ੁਰੂਆਤ ਵੀ ਸਿਆਟਲ ਤੋਂ ਹੀ ਹੋਈ। ਸਟਾਰਬਕਸ ਕਾਫੀ ਦੀ ਪਹਿਲੀ ਦੁਕਾਨ ਅੱਜ ਵੀ ਡਾਊਨਟਾਊਨ ਸਿਆਟਲ ’ਚ ਮੌਜੂਦ ਹੈ, ਜਿਥੇ ਕਾਫੀ ਪੀਣ ਲਈ ਅੱਜ ਵੀ ਲੋਕਾਂ ਦੀ ਕਾਫੀ ਭੀੜ ਲੱਗਦੀ ਹੈ। ਸਿਆਟਲ ਸ਼ਹਿਰ ਦਾ ਸਾਰਾ ਢਾਂਚਾ ਇਥੋਂ ਦੇ ਮੇਅਰ ਦੀ ਨਿਗਰਾਨੀ ’ਚ ਚੱਲਦਾ ਹੈ, ਜਿਥੇ ਫੈਡਰਲ ਸਿਆਸੀ ਢਾਂਚਾ ਡੈਮੋਕ੍ਰੇਟਿਕ ਤੇ ਰਿਪਬਲਿਕ ਪਾਰਟੀਆਂ ਦਾ ਹੈ। ਜ਼ਿਆਦਾਤਰ ਦਬਦਬਾ ਡੈਮੋਕ੍ਰੇਟਿਕ ਪਾਰਟੀ ਦਾ ਹੈ। 2012 ਦੀਆਂ ਆਮ ਚੋਣਾਂ ’ਚ ਉਸ ਸਮੇਂ ਚੁਣੇ ਗਏ ਰਾਸ਼ਟਰਪਤੀ ਬਰਾਕ ਓਬਾਮਾ ਨੂੰ 80 ਫੀਸਦੀ ਵੋਟ ਸਿਆਟਲ ਸ਼ਹਿਰ ’ਚ ਲੋਕਾਂ ਨੇ ਪਾਏ ਸਨ, ਜੋ ਕਿ ਇਕ ਸਿਆਸੀ ਰਿਕਾਰਡ ਹੈ।1926 ’ਚ ਬਰਥਾ ਨਾਈਟ ਲੈਂਡਿਸ ਪਹਿਲੀ ਔਰਤ ਸੀ, ਜਿਸ ਨੂੰ ਮੇਅਰ ਬਣਨ ਦਾ ਮਾਣ ਹਾਸਿਲ ਹੋਇਆ ਜਦਕਿ ਭਾਰਤ ਦੀ ਪਹਿਲੀ ਔਰਤ ਪ੍ਰੋਮਿਲਾ ਜੈਪਾਲ ਨੂੰ ਇਥੋਂ ਦੀ ਕਾਂਗਰਸ ਮੈਂਬਰ ਬਣਨ ਦਾ ਮਾਣ ਹਾਸਿਲ ਹੋਇਆ ਹੈ।
ਜਗਰੂਪ ਸਿੰਘ ਜਰਖੜ
ਅਫਗਾਨਿਸਤਾਨ 'ਚ ਬੱਚਿਆਂ ਦੇ ਹਾਲਾਤ 'ਤੇ UNICEF ਚਿੰਤਤ, ਛੇ ਮਹੀਨਿਆਂ 'ਚ 460 ਬੱਚਿਆਂ ਦੀ ਮੌਤ
NEXT STORY