ਸ੍ਰੀ ਅਨੰਦਪੁਰ ਸਾਹਿਬ(ਬਾਲੀ/ ਦਲਜੀਤ/ ਆਂਗਰਾ/ ਦੀਪਕ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਅੱਜ ਇਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ । ਇਕੱਤਰਤਾ ਦੌਰਾਨ ਜਿਥੇ ਕੇਂਦਰ ਸਰਕਾਰ ਵੱਲੋਂ ਗੁਰੂ ਘਰਾਂ ਦੇ ਲੰਗਰਾਂ ਤੋਂ ਜੀ.ਐੱਸ.ਟੀ. ਵਾਪਸ ਕਰਨ ਦੇ ਫੈਸਲੇ ਲਈ ਸ਼ਲਾਘਾ ਦਾ ਮਤਾ ਪਾਸ ਕੀਤਾ ਗਿਆ, ਉਥੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿੱਢੇ ਗਏ ਦੇਸ਼ ਪੱਧਰੀ ਸੰਘਰਸ਼ ਦੀ ਹਮਾਇਤ ਕਰਦਿਆਂ ਸਰਕਾਰ ਨੂੰ ਮੰਗਾਂ ਮੰਨਣ ਦੀ ਅਪੀਲ ਕੀਤੀ ਗਈ । ਉਨ੍ਹਾਂ ਦਿਨੋ-ਦਿਨ ਦੂਸ਼ਿਤ ਹੋ ਰਹੇ ਵਾਤਾਵਰਣ, ਪਾਣੀ ਅਤੇ ਹਵਾ ਨੂੰ ਬਚਾਉਣ ਲਈ ਵੀ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਨਾਉਣ ਦਾ ਸੱਦਾ ਦਿੱਤਾ । ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਬੀਤੇ ਦਿਨੀਂ ਸ਼ਿਲਾਂਗ ਵਿਚ ਸਥਾਨਕ ਲੋਕਾਂ ਦੀ ਹਿੰਸਕ ਭੀੜ ਵੱਲੋਂ ਇਕ ਸਿੱਖ ਦੇ ਘਰ ਉੱਤੇ ਹਮਲਾ ਕਰ ਕੇ ਅੱਗ ਲਾ ਦੇਣ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਉਥੋਂ ਦੀ ਸਰਕਾਰ ਕੋਲੋਂ ਦੋਸ਼ੀਆਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਅਗਲੇ ਦਿਨੀਂ ਇਕ ਵਫਦ ਸ਼ਿਲਾਂਗ ਭੇਜਣ ਦਾ ਫ਼ੈਸਲਾ ਕੀਤਾ। ਇਕੱਤਰਤਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੀਟਿੰਗ ਵਿਚ ਲਏ ਗਏ ਅਹਿਮ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਬੀ.ਐੱਸ.ਈ. ਵੱਲੋਂ ਲਈ ਗਈ 10ਵੀਂ ਦੀ ਪ੍ਰੀਖਿਆ ਵਿਚੋਂ ਦੇਸ਼ ਭਰ ਵਿਚੋਂ ਤੀਜਾ ਅਤੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਗੁਰਸਿੱਖ ਲੜਕੀ ਤਰਨਪ੍ਰੀਤ ਕੌਰ ਦੀ ਹੌਸਲਾ ਅਫ਼ਜ਼ਾਈ ਲਈ ਉਸ ਨੂੰ ਸ਼੍ਰੋਮਣੀ ਕਮੇਟੀ ਵੱਲੋਂ 51 ਹਜ਼ਾਰ ਰੁਪਏ ਅਤੇ ਲੈਪਟਾਪ ਦੇ ਕੇ ਸਨਮਾਨਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਹੋਰ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਭਾਈ ਲੌਂਗੋਵਾਲ ਨੇ ਦੱਸਿਆ ਕਿ ਮਈ 2016 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਬਟਾਲਾ ਨੇੜਲੇ ਪਿੰਡ ਨੱਤ, ਅੰਮੋਨੰਗਲ ਅਤੇ ਸੇਖਵਾਂ ਦੇ ਸੜਕ ਹਾਦਸੇ ਦੌਰਾਨ ਅਕਾਲ ਚਲਾਣਾ ਕਰ ਗਏ 11 ਸ਼ਰਧਾਲੂਆਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ, ਜ਼ਖ਼ਮੀਆਂ ਨੂੰ 20-20 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ । ਇਕ ਹੋਰ ਅਹਿਮ ਫ਼ੈਸਲੇ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਸਕੂਲਾਂ, ਕਾਲਜਾਂ ਦੀਆਂ ਜ਼ਮੀਨਾਂ ਬਾਰੇ ਇਕ ਸਬ-ਕਮੇਟੀ ਬਣਾਈ ਗਈ ਹੈ । ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਸਰਾਂਵਾਂ ਤੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਤੱਕ ਈ-ਰਿਕਸ਼ਾ ਚਲਾਉਣ ਦਾ ਫੈਸਲਾ ਕੀਤਾ ਗਿਆ । ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੇ ਸਰੋਵਰ ਦੀ ਕਾਰ ਸੇਵਾ ਕਰਵਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ । ਭਾਈ ਲੌਂਗੋਵਾਲ ਨੇ 6 ਜੂਨ ਨੂੰ ਘੱਲੂਘਾਰਾ ਦਿਵਸ ਸਬੰਧੀ ਸਿੱਖ ਕੌਮ ਦੇ ਨਾਂ ਅਪੀਲ ਕਰਦਿਆਂ ਆਖਿਆ ਕਿ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਏਕਤਾ ਦਾ ਸਬੂਤ ਦਿੱਤਾ ਜਾਵੇ ਅਤੇ 4 ਜੂਨ ਨੂੰ ਵੱਖ-ਵੱਖ ਗੁਰਦੁਆਰਿਆਂ ਵਿਚ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣ ਅਤੇ 6 ਜੂਨ ਨੂੰ ਸ਼ਹੀਦਾਂ ਨੂੰ ਸਮਰਪਿਤ ਅਰਦਾਸ ਕੀਤੀ ਜਾਵੇ । ਇਸੇ ਦੌਰਾਨ ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਵਿਚ ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਅਤੇ ਹੋਰ ਅਦਾਰਿਆਂ ਵਿਚ ਕੰਮ ਕਰਦੇ ਮੁਲਾਜ਼ਮਾਂ ਵਿਚ ਭ੍ਰਿਸ਼ਟਾਚਾਰ, ਅਨੈਤਿਕਤਾ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕਿਸਾਨਾਂ ਨੇ ਰੇਹੜੀ ਵਾਲਿਆਂ ਦੀਆਂ ਸਬਜ਼ੀਆਂ ਸੜਕਾਂ 'ਤੇ ਖਿਲਾਰੀਆਂ
NEXT STORY