ਚੰਡੀਗੜ੍ਹ : ਪੰਜਾਬ ਦੀ ਸਿਆਸਤ ਨੂੰ ਪਰਿਵਾਰਵਾਦ ਨੇ ਖੋਖਲਾ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਬੇਟੇ ਨੂੰ ਸਰਕਾਰ 'ਚ ਨੌਕਰੀ ਮਿਲਣ ਦੇ ਮੁੱਦੇ ਨੂੰ ਵਿਰੋਧੀ ਧਿਰ ਵਲੋਂ ਜ਼ੋਰਦਾਰ ਤਰੀਕੇ ਨਾਲ ਚੁੱਕਿਆ ਜਾ ਰਿਹਾ ਹੈ। ਵਿਰੋਧੀ ਧਿਰ ਦੇ ਇਸ ਹੰਗਾਮੇ ਦਾ ਠੋਕਵਾਂ ਜਵਾਬ ਮੈਡਮ ਨਵਜੋਤ ਕੌਰ ਸਿੱਧੂ ਨੇ ਆਪਣੀ ਫੇਸਬੁੱਕ 'ਤੇ ਦਿੱਤਾ ਹੈ।
ਨਵਜੋਤ ਕੌਰ ਸਿੱਧੂ ਨੇ ਲਿਖਿਆ ਕਿ ਉਹ ਇਕ ਸੀਨੀਅਰ ਗਾਇਨਾਕੋਲੋਜਿਸਟ (ਇਸਤਰੀ ਰੋਗਾਂ ਦੀ ਮਾਹਿਰ) ਹੈ ਅਤੇ ਪੰਜਾਬ ਦੇ ਲੋਕਾਂ ਲਈ ਉਸ ਨੇ ਆਪਣੀ ਸਰਕਾਰੀ ਨੌਕਰੀ ਦਾ ਤਿਆਗ ਕਰ ਦਿੱਤਾ। ਆਪਣੇ ਬੇਟੇ ਬਾਰੇ ਗੱਲ ਕਰਦੇ ਹੋਏ ਨਵਜੋਤ ਕੌਰ ਨੇ ਕਿਹਾ ਕਿ ਕਰਨ ਸਿੱਧੂ ਨੇ ਦਿੱਲੀ ਯੂਨੀਵਰਸਿਟੀ ਤੋਂ ਜਨਰਲ ਵਰਗ 'ਚ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਨਿਊਯਾਰਕ 'ਚ ਲਾਅ ਕਰਕੇ ਮੈਰਿਟ 'ਚ ਐੱਲ. ਐੱਲ. ਐੱਮ. ਪਾਸ ਕੀਤੀ। ਇਸ ਤੋਂ ਇਲਾਵਾ ਉਸ ਨੇ ਦਿੱਲੀ ਹਾਈਕੋਰਟ 'ਚ 6 ਸਾਲ ਦਾ ਤਜ਼ੁਰਬਾ ਵੀ ਹਾਸਲ ਕੀਤਾ।
ਉਨ੍ਹਾਂ ਕਿਹਾ ਕਿ ਉਹ ਬੇਰੋਜ਼ਗਾਰ, ਸਿਫਾਰਸ਼ੀ, ਘੱਟ ਪੜ੍ਹੇ ਜਾਂ ਗੈਰ ਹੱਕਦਾਰ ਲੋਕ ਨਹੀਂ ਹਨ ਅਤੇ ਅਜਿਹੇ ਲੋਕਾਂ ਦਾ ਮੁਕਾਬਲਾ ਤਾਕਤ ਦੇ ਆਸਰੇ ਨੌਕਰੀਆਂ ਲੈਣ ਵਾਲਿਆਂ ਨਾਲ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੋਸ਼ੀ, ਮਜੀਠੀਆ ਅਤੇ ਹੋਰਾਂ ਨੂੰ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨ ਦਾ ਕੋਈ ਹੱਕ ਨਹੀਂ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਵੀਰਵਾਰ ਨੂੰ 28 ਵਕੀਲਾਂ ਦੀ ਭਰਤੀ ਕੀਤੀ, ਜਿਸ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੇਟੇ ਕਰਨ ਸਿੱਧੂ ਨੂੰ ਵੀ ਸ਼ਾਮਲ ਕੀਤਾ ਗਿਆ। ਕਰਨ ਸਿੱਧੂ ਨੂੰ ਪੰਜਾਬ 'ਚ ਸਹਾਇਕ ਐਡਵੋਕੇਟ ਜਨਰਲ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ, ਜਿਸ ਤੋਂ ਬਾਅਦ ਵੱਖ-ਵੱਖ ਸਿਆਸੀ ਆਗੂਆਂ ਨੇ ਸਿੱਧੂ ਪਰਿਵਾਰ 'ਤੇ ਸ਼ਬਦੀ ਹਮਲੇ ਕਰਦੇ ਹੋਏ ਆਪੋ-ਆਪਣੇ ਵਿਚਾਰ ਪੇਸ਼ ਕੀਤੇ।
ਮੋਦੀ ਸਰਕਾਰ ਦੇ ਚਾਰ ਸਾਲ ਪੂਰੇ : ਪੀ. ਐੈੱਮ. ਅੱਜ ਕਟਕ 'ਚ ਪੇਸ਼ ਕਰਨਗੇ ਰਿਪੋਰਟ ਕਾਰਡ
NEXT STORY