ਲੁਧਿਆਣਾ (ਸਲੂਜਾ) : ਵੇਰਕਾ ਮਿਲਕ ਪਲਾਂਟ ਦੇ ਬੋਰਡ ਆਫ ਡਾਇਰੈਕਟਰ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪਲਾਂਟ ਕੈਂਪਸ ਵਿਚ ਮੀਟਿੰਗ ਰੱਖੀ ਗਈ, ਜਿਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਸ ਮੀਟਿੰਗ ਦੇ ਕਾਫੀ ਹੰਗਾਮਾਪੂਰਨ ਰਹਿਣ ਦੀ ਸੰਭਾਵਨਾ ਸੀ ਪਰ ਬੋਰਡ ਆਫ ਡਾਇਰੈਕਟਰਾਂ ਵੱਲੋਂ ਬਾਈਕਾਟ ਕਰ ਦੇਣ ਨਾਲ ਮੀਟਿੰਗ ਨੂੰ ਰੱਦ ਕਰਨਾ ਪਿਆ, ਜੋ ਕਿ ਮਿਲਕ ਪਲਾਂਟ ਅਤੇ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਇਥੇ ਇਹ ਦੱਸ ਦੇਈਏ ਕਿ ਬੋਰਡ ਆਫ ਡਾਇਰੈਕਟਰਾਂ ਦੀ ਗਿਣਤੀ 12 ਹੈ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਚੁੱਕੀ ਹੈ, ਇਕ ਵਿਦੇਸ਼ ਵਿਚ ਹੈ ਅਤੇ ਇਕ ਸਸਪੈਂਡ ਚੱਲ ਰਿਹਾ ਹੈ। ਅੱਜ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਬੋਰਡ ਦੇ 9 ਡਾਇਰੈਕਟਰਾਂ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਘਰੋਂ ਲਿਆਉਣ ਲਈ ਗੱਡੀਆਂ ਤੱਕ ਭੇਜੀਆਂ ਗਈਆਂ ਪਰ ਇਨ੍ਹਾਂ 'ਚੋਂ 7 ਡਾਇਰੈਕਟਰ ਤਾਂ ਟਾਲ-ਮਟੋਲ ਕਰਦੇ ਰਹੇ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿਚ ਇਕ ਚੇਅਰਮੈਨ ਅਤੇ ਇਕ ਡਾਇਰੈਕਟਰ ਹੀ ਸ਼ਾਮਲ ਹੋਇਆ ਪਰ ਮੀਟਿੰਗ ਕਰਨ ਦੇ ਲਈ 9 'ਚੋਂ ਘੱਟ ਤੋਂ ਘੱਟ 5 ਡਾਇਰੈਕਟਰਾਂ ਦੇ ਸ਼ਾਮਲ ਹੋਣ ਨਾਲ ਹੀ ਮੀਟਿੰਗ ਦਾ ਕੋਰਮ ਪੂਰਾ ਹੁੰਦਾ ਹੈ ਤਾਂ ਜਾ ਕੇ ਇਸ ਮੀਟਿੰਗ ਵਿਚ ਕੋਈ ਫੈਸਲਾ ਲਿਆ ਜਾ ਸਕਦਾ ਸੀ ਜਾਂ ਕੋਈ ਨਵਾਂ ਪ੍ਰਸਤਾਵ ਪਾਸ ਹੋ ਸਕਦਾ ਸੀ। ਮਿਲਕ ਪਲਾਂਟ ਨਾਲ ਸਬੰਧਤ ਯੂਨੀਅਨਾਂ ਵਿਚ ਮੀਟਿੰਗ ਦਾ ਇਹ ਮੁੱਦਾ ਸਵੇਰ ਤੋਂ ਸ਼ਾਮ ਤੱਕ ਗਰਮਾਇਆ ਰਿਹਾ।
ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿਚ ਭ੍ਰਿਸ਼ਟਾਚਾਰ, ਮਿਲਾਵਟਖੋਰੀ ਅਤੇ ਦੁੱਧ ਉਤਪਾਦਕਾਂ ਦਾ ਪਿਛਲੇ ਇਕ ਦੋ ਮਹੀਨਿਆਂ ਤੋਂ ਰਹਿੰਦਾ ਬਕਾਇਆ ਆਦਿ ਮੁੱਦਿਆਂ ਨੂੰ ਲੈ ਕੇ ਚਰਚਾ ਹੋਣੀ ਸੀ। ਇਹ ਵੀ ਪਤਾ ਲੱਗਾ ਹੈ ਕਿ ਬੋਰਡ ਦੇ ਡਾਇਰੈਕਟਰ ਇਸ ਗੱਲ ਨੂੰ ਲੈ ਕੇ ਕਾਫੀ ਨਾਰਾਜ਼ ਹਨ ਕਿ ਮਿਲਾਵਟਖੋਰਾਂ ਦੇ ਖਿਲਾਫ ਸਮੇਂ 'ਤੇ ਕਿਉਂ ਨਹੀਂ ਸਖ਼ਤ ਕਾਰਵਾਈ ਕਰਦੇ ਹੋਏ ਬਣਦੀ ਵਿਭਾਗੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਂਦਾ। ਬੋਰਡ ਦੇ ਡਾਇਰੈਕਟਰਾਂ ਵੱਲੋਂ ਮੀਟਿੰਗ ਦਾ ਬਾਈਕਾਟ ਕਰ ਕੇ ਜਾਣ ਨਾਲ ਅੱਜ ਦੀ ਮੀਟਿੰਗ ਨੂੰ ਪੋਸਟਪੋਨ ਕਰਨਾ ਪਿਆ। ਇਸ ਸਬੰਧੀ ਜੀ. ਐੱਮ. ਵੇਰਕਾ ਮਿਲਕ ਪਲਾਂਟ ਲੁਧਿਆਣਾ ਹਰਮਿੰਦਰ ਸਿੰਘ ਸੰਧੂ ਤੋਂ ਉਸ ਦਾ ਪੱਖ ਜਾਣਨ ਦਾ ਯਤਨ ਕੀਤਾ ਗਿਆ ਪਰ ਉਨ੍ਹਾਂ ਨੇ ਫੋਨ ਕਾਲ ਰਸੀਵ ਨਹੀਂ ਕੀਤੀ।
ਪੰਜਾਬ ਸਟੇਟ ਅਪੈਕਸ ਕਮੇਟੀ ਐੱਨ.ਜੀ.ਓ ਦੀ ਹੋਈ ਚੋਣ, ਡਾ. ਨਰੇਸ਼ ਪਰੂਥੀ ਬਣੇ ਸੂਬਾ ਪ੍ਰਧਾਨ
NEXT STORY