ਦਵਾਈਆਂ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਈਆਂ ਹਨ, ਜਿਸ ਦੇ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਸੀ। ਉਹ ਕਿਹੜਾ ਬੰਦਾ ਹੈ, ਜਿਹੜਾ ਦਵਾਈਆਂ ਨਹੀਂ ਖਾ ਰਿਹਾ? ਸਾਡੀ ਜੇਬ 'ਚ ਦਵਾਈਆਂ, ਸਾਡੇ ਘਰੇ ਦਵਾਈਆਂ। ਜਿੱਧਰ ਵੇਖੋ ਦਵਾਈਆਂ ਹੀ ਦਵਾਈਆਂ ਹਨ। ਬਹੁਤ ਸਾਰੇ ਲੋਕ ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਹਨ, ਜਿਸ ਦੀਆਂ ਉਹ ਦਵਾਈਆਂ ਖਾਂ ਰਹੇ ਹਨ, ਦੂਜੇ ਪਾਸੇ ਕਿਸੇ ਨੂੰ ਤੇਜ਼ਾਬ ਨੀ ਬਣਨੋ ਹਟਦਾ, ਉਹ ਵੀ ਦਵਾਈਆਂ ’ਤੇ ਹੀ ਨਿਰਭਰ ਹੈ। ਦਵਾਈਆਂ ਦੀ ਇੰਨ੍ਹੀ ਜ਼ਿਆਦਾ ਭਰਮਾਰ 'ਚ ਵੀ ਕੋਈ ਵਿਅਕਤੀ ਤੰਦਰੁਸਤੀ ਦਾ ਦਮ ਨਹੀਂ ਭਰ ਸਕਦਾ। ਇਨਸਾਨ ਨਾਲ ਬਚਪਨ ਤੋਂ ਹੀ ਦਵਾਈਆਂ ਅਤੇ ਬਿਮਾਰੀਆਂ ਦਾ ਗੂੜਾ ਨਾਤਾ ਪੈ ਜਾਂਦਾ ਹੈ। ਜੇਕਰ ਮੈਂ ਗਲਤ ਨਾ ਹੋਵਾਂ ਤਾਂ ਬਚਪਨ ਤੋਂ ਵੀ ਪਹਿਲਾਂ ਈ ਜੁੜ ਜਾਂਦੈ ਦਵਾਈਆਂ ਨਾਲ ਨਾਤਾ। ਮਾਂ ਦੀ ਡਾਕਟਰੀ ਦੇਖਭਾਲ ਦੌਰਾਨ ਗਰਭ ਵਿੱਚ ਹੀ ਬੱਚੇ ਤੱਕ ਦਵਾਈਆਂ ਪਹੁੰਚਣੀਆਂ ਸ਼ੁਰੂ ਹੋ ਜਾਂਦੀਆਂ ਹਨ। ਘਰਾਂ ਵਿੱਚ ਨਾਰਮਲ ਡਿਲੀਵਰੀ ਦੇ ਕੇਸਾਂ 'ਚ ਹੱਦ ਦਰਜੇ ਤੱਕ ਗਿਰਾਵਟ ਆਈ ਹੈ। ਬਹੁਤੇ ਬੱਚਿਆਂ ਦਾ ਜਨਮ ਹਸਪਤਾਲਾਂ ਵਿੱਚ ਹੀ ਹੁੰਦਾ ਹੈ।
ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਰਧਾਲੂ : ਚੂਹੜ ਰਬਾਬੀ
ਮਾਂ ਦੇ ਗਰਭ ਤੋਂ ਹੀ ਦਵਾਈਆਂ 'ਤੇ ਲੱਗ ਜਾਣ ਵਾਲੇ ਬੱਚਿਆਂ ਦੀ ਦਵਾਈ ਮੁਕਤ ਜ਼ਿੰਦਗੀ ਬਾਰੇ ਸ਼ਾਇਦ ਸੋਚਣਾ ਵੀ ਗਲਤ ਹੈ। ਬੱਚੇ ਨੂੰ ਮਾੜੀ ਜਿਹੀ ਮਰਜ਼ ਹੋਈ ਨਹੀਂ, ਸਾਰਾ ਟੱਬਰ ਡਾਕਟਰ ਕੋਲ ਭੱਜਦਾ ਹੈ। ਰਸੋਈ 'ਚ ਪਈਆਂ ਕਿੰਨ੍ਹੀਆਂ ਦਵਾਈਆਂ ਦਾ ਕਿਸੇ ਨੂੰ ਇਲਮ ਹੀ ਨਹੀਂ। ਅਜਵੈਣ ਤੋਂ ਲੈ ਕੇ ਸੌਂਫ ਅਤੇ ਮਸਾਲਿਆਂ ਦੀਆਂ ਅਨੇਕਾਂ ਹੋਰ ਔਸ਼ਧੀਆਂ ਛੋਟੇ ਮੋਟੇ ਰੋਗਾਂ ਦੀ ਬੜੀ ਵਧੀਆ ਦਵਾਈ ਹਨ ਪਰ ਨਾਂ ਤਾਂ ਬੱਚਿਆਂ ਦਾ ਇਨ੍ਹਾਂ ਵਸਤਾਂ 'ਚ ਸਵਾਦ ਹੈ ਅਤੇ ਨਾਂ ਹੀ ਮਾਵਾਂ ਨੂੰ ਇਨ੍ਹਾਂ ਦੇ ਗੁਣਾ ਬਾਰੇ ਪਤਾ ਹੈ। ਘਰ ਦੀ ਰਸੋਈ ਵਿੱਚੋਂ ਕਦੇ ਕਦਾਈ ਖਾਣਾ ਖਾਣ ਵਾਲੇ ਬੱਚਿਆਂ ਦਾ ਇਨ੍ਹਾਂ ਘਰੇਲੂ ਔਸ਼ਧੀਆਂ ਵਿੱਚ ਸਵਾਦ ਕਿੱਥੋਂ ਵਿਕਸਤ ਹੋਣਾ ਹੋਇਆ। ਸਾਨੂੰ ਤਾਂ ਕਦੇ ਪੇਟ ਦਰਦ ਹੋਣਾ ਤਾਂ ਅਜਵੈਣ ਚੱਬਕੇ ਉੱਪਰੋਂ ਦੀ ਗਰਮ ਪਾਣੀ ਪਿਆ ਦਿੰਦੇ। ਦਰਦ ਅੱਜ ਦੀ ਦਵਾਈ ਦੇ ਸਮੇਂ ਤੋਂ ਵੀ ਪਹਿਲਾਂ ਗਾਇਬ ਹੋ ਜਾਂਦਾ। ਖੰਘ ਦੀ ਦਵਾਈ ਦਾ ਤਾਂ ਸਵਾਲ ਹੀਂ ਨਹੀਂ ਸੀ ਉੱਠਦਾ। ਸਰਦੀਆਂ ਤੋਂ ਪਹਿਲਾਂ ਨਰਮੇ ਕਪਾਹਾਂ ਦੇ ਖੇਤਾਂ ਅਤੇ ਦਰੱਖਤਾਂ ਉੱਪਰ ਲੱਗੇ ਮਖਿਆਲ ਨੂੰ ਚੋਅ ਕੇ ਸ਼ਹਿਦ ਦੀਆਂ ਬੋਤਲਾਂ ਭਰ ਲੈਣੀਆਂ। ਜਦ ਅਸੀਂ ਬੱਚਿਆਂ ਨੇ ਮਾੜੀ ਜਿਹੀ ਖੰਘ ਦੀ ਸ਼ਿਕਾਇਤ ਕਰਨੀ ਤਾਂ ਘਰ ਦਿਆਂ ਨੇ ਕਈ ਦਿਨਾਂ ਤੱਕ ਦੁੱਧ ਜਾਂ ਚਾਹ ਵਿੱਚ ਸ਼ਹਿਦ ਮਿਲਾ ਕੇ ਪਿਆਈ ਜਾਣਾ ਅਤੇ ਖੰਘ ਖਤਮ। ਸਿਰ ਦਰਦ ਹੋਣਾ ਤਾਂ ਕਹਿ ਦਿੰਦੇ ਇਹਨੂੰ ਚਾਹ ਪਿਆਓ ਕਰੜੀ ਜਿਹੀ। ਗੱਲ ਵੀ ਸਹੀ ਸੀ ਚਾਹ ਪੀਣ ਨਾਲ ਈ ਸਿਰ ਦਰਦ ਗਾਇਬ ਹੋ ਜਾਣਾ।
ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਪੰਜਾਬ ਦੀ ਮੈਰੀ ਕੌਮ ‘ਸਿਮਰਨਜੀਤ ਕੌਰ’
ਸਾਡੀ ਸੱਟ ਫੇਟ ਦੇ ਇਲਾਜ ਬਾਰੇ ਤਾਂ ਸ਼ਾਇਦ ਅੱਜਕੱਲ੍ਹ ਦੀ ਪਨੀਰੀ ਯਕੀਨ ਹੀ ਨਾ ਕਰੇ। ਉਹਨੀ ਦਿਨੀਂ ਮੋਬਾਈਲਾਂ ਜਾਂ ਹੋਰ ਆਧੁਨਿਕ ਸਮਿਆਂ ਵਾਂਗ ਬੈਠ ਕੇ ਖੇਡਣ ਵਾਲੀਆਂ ਖੇਡਾਂ ਨਹੀਂ ਸਨ। ਹਰ ਖੇਡ ਵਿੱਚ ਸਰੀਰਕ ਕਸਰਤ ਅਤੇ ਦਿਮਾਗੀ ਕਸਰਤ ਹੁੰਦੀ ਸੀ। ਉਨ੍ਹਾਂ ਸਮਿਆਂ ਦੀਆਂ ਬਾਲ ਖੇਡਾਂ ਦੇ ਫਾਇਦੇ ਹੀ ਫਾਇਦੇ ਸਨ। ਨੁਕਸਾਨ ਤਾਂ ਇੱਕ ਵੀ ਨਹੀਂ ਸੀ ਖੇਡਾਂ ਦਾ। ਗਲੀਆਂ 'ਚ ਖੇਡਣ ਦਾ ਰਿਵਾਜ਼ ਬੜਾ ਆਮ ਸੀ। ਗਲੀ ਗੁਆਂਢ ਦੇ ਬੱਚਿਆਂ ਨੇ ਗਲੀ ਵਿੱਚ ਰੌਣਕਾਂ ਲਗਾ ਦੇਣੀਆਂ। ਇਸ ਦੌਰਾਨ ਕਿਸੇ ਨਾਂ ਕਿਸੇ ਦਾ ਚੀਕ ਚਿਹਾੜਾ ਵੀ ਪਿਆ ਈ ਰਹਿੰਦਾ। ਕੋਈ ਨਾਂ ਕੋਈ ਬਾਲ ਖਿਡਾਰੀ ਫੱਟੜ ਹੋਇਆ ਈ ਰਹਿੰਦਾ ਸੀ। ਮੈਨੂੰ ਯਾਦ ਹੈ ਜਦੋਂ ਬਚਪਨ ਵਿੱਚ ਸਾਡੇ ਕੋਈ ਸੱਟ ਫੇਟ ਲੱਗ ਜਾਣੀ ਤਾਂ ਘਰ ਦਿਆ ਨੇ ਕਹਿਣਾ ਇਸ 'ਤੇ ਪਿਸ਼ਾਬ ਕਰ ਲੈ। ਅਸੀਂ ਜਿਉਂ ਹੀ ਜਖਮ 'ਤੇ ਪਿਸ਼ਾਬ ਕਰਨਾ ਤਾਂ ਦਰਦ ਨਾਲ ਚੀਕਾਂ ਨਿੱਕਲ ਨਿੱਕਲ ਜਾਣੀਆਂ। ਘਰ ਦਿਆਂ ਨੇ ਕਹਿ ਦੇਣਾ ਹੁਣ ਦੰਦਾਂ ਹੇਠ ਜੀਭ ਲੈ ਲਾ। ਉਹੀ ਗੱਲ ਹੋਣੀ ਪਤਾ ਨਹੀਂ ਕਦੋਂ ਸੱਟ ਫੇਟ ਅਤੇ ਜ਼ਖਮ ਨੇ ਗਾਇਬ ਹੋ ਜਾਣਾ ਜਾਂ ਫਿਰ ਸਾਡੇ ਜ਼ਖਮਾਂ ਦੀ ਦਵਾਈ ਪਾਣੀ ਪੱਟੀ ਹੁੰਦੀ ਸੀ। ਕੋਈ ਸੱਟ ਫੇਟ ਲੱਗਣੀ ਤਾਂ ਘਰ ਦਿਆਂ ਨੇ ਸਭ ਤੋਂ ਪਹਿਲਾਂ ਪੁਰਾਣੇ ਕੱਪੜੇ ਨੂੰ ਪਾੜ੍ਹ ਕੇ ਪੱਟੀ ਬਣਾ ਲੈਣੀ ਅਤੇ ਫਿਰ ਉਸ ਨੂੰ ਪਾਣੀ ਵਿੱਚ ਗਿੱਲੀ ਕਰਕੇ ਸੱਟ 'ਤੇ ਬੰਨ੍ਹ ਦੇਣੀ। ਇੱਕ ਦੋ ਦਿਨ ਇਹੀ ਕੁੱਝ ਕਰੀ ਜਾਣਾ ਅਤੇ ਸੱਟ ਛੂੰ ਮੰਤਰ ਹੋ ਜਾਣੀ। ਖੇਤ ਵਿੱਚ ਕੋਈ ਕਹੀ ਕਸੀਆ ਜਾਂ ਹੋਰ ਸੰਦ ਵੱਜਣ 'ਤੇ ਵਗਦਾ ਖੂਨ ਖੇਤ ਦੀ ਮਿੱਟੀ ਮਲ ਕੇ ਹੀ ਬੰਦ ਕਰ ਲੈਣਾ। ਘਰੇ ਆ ਕੇ ਮਿੱਟੀ ਧੋ ਦੇਣੀ ਅਤੇ ਪਤਾ ਵੀ ਨਾ ਲੱਗਣਾ ਕਿ ਜ਼ਖਮ ਕਦੋਂ ਠੀਕ ਹੋ ਗਿਆ।
ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਪਹਿਲਾਂ ਨਾਲੋਂ ਦੁੱਗਣੇ ਹੋਏ ਮਾਨਸਿਕ ਰੋਗੀ (ਵੀਡੀਓ)
ਸ਼ਾਇਦ ਅੱਜਕੱਲ੍ਹ ਦੇ ਮਾਪੇ ਬੱਚਿਆਂ ਨੂੰ ਬੀਮਾਰੀਆਂ ਦਾ ਸਾਹਮਣਾ ਕਰਨ ਦੀ ਜਾਂਚ ਹੀ ਨਹੀਂ ਸਿਖਾਉਂਦੇ। ਮਾਪਿਆਂ ਨੇ ਬੱਚਿਆਂ ਨੂੰ ਇੰਨ੍ਹੇ ਜ਼ਿਆਦਾ ਕੋਮਲ ਬਣਾ ਲਿਆ ਹੈ ਕਿ ਉਨ੍ਹਾਂ ਵਿੱਚ ਮੁਸ਼ਕਲਾਂ ਜਾਂ ਚੁਣੌਤੀਆਂ ਦੇ ਰੂਬਰੂ ਹੋਣ ਦੀ ਸਮਰੱਥਾ ਨਹੀਂ ਰਹੀ। ਸਾਡੇ ਸਮਿਆਂ 'ਚ ਅਧਿਆਪਕਾਂ ਨੇ ਦੱਬ ਕੇ ਪੜ੍ਹਾਉਣ ਦੇ ਨਾਲ-ਨਾਲ ਦੱਬ ਕੇ ਖੜਕੈਂਤੀ ਵੀ ਕਰਨੀ। ਮਜਾਲ ਆ ਕੋਈ ਬੱਚਾ ਕੁਸਕ ਜਾਂਦਾ। ਅੱਜਕੱਲ ਦੇ ਬੱਚੇ ਨੂੰ ਸਰੀਰਕ ਸਜ਼ਾ ਤਾਂ ਦੂਰ ਦੀ ਗੱਲ ਮਾੜਾ ਜਿਹਾ ਘੂਰ ਈ ਦਿਓ ਦੌਰਾ ਪਾ ਕੇ ਬਹਿ ਜਾਂਦੈ। ਵਿਦੇਸ਼ਾਂ ਬਾਰੇ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਉਨ੍ਹਾਂ ਮੁਲਕਾਂ ਵਿੱਚ ਅੱਜ ਵੀ ਸਾਡੇ ਵਾਂਗ ਦਵਾਈਆਂ ਦੇ ਫੱਕੇ ਮਾਰਨ ਦਾ ਰਿਵਾਜ਼ ਨਹੀਂ। ਉਹ ਲੋਕ ਬਹੁਤ ਘੱਟ ਕੇਸਾਂ ਵਿੱਚ ਦਵਾਈ ਦਾ ਇਸਤੇਮਾਲ ਕਰਦੇ ਦੱਸੇ ਜਾ ਰਹੇ ਹਨ। ਫਿਰ ਆਪਾਂ ਮਿੱਟੀ ਦੇ ਬੰਦਿਆਂ ਨੇ ਦਵਾਈ 'ਤੇ ਨਿਰਭਰਤਾ ਕਿਉਂ ਵਧਾ ਰੱਖੀ ਹੈ? ਚਲੋ ਖੈਰ ਬੀਤਿਆ ਸਮਾਂ ਤਾਂ ਵਾਪਿਸ ਆ ਨਹੀਂ ਸਕਦਾ। ਪਰ ਫਿਰ ਵੀ ਕੋਸ਼ਿਸ਼ ਕਰੀਏ ਖੁਦ ਦੀ ਅਤੇ ਬੱਚਿਆਂ ਦੀ ਦਵਾਈ ਤੋਂ ਨਿਰਭਰਤਾ ਘਟਾਉਣ ਦੀ। ਕਦੇ ਸਾਡੇ ਵਾਂਗੂੰ ਪਿਸ਼ਾਬ ਜਾਂ ਪਾਣੀ ਵਾਲੀ ਪੱਟੀ ਨਾਲ ਵੀ ਸੱਟ ਠੀਕ ਕਰਨ ਦਾ ਤਜ਼ਰਬਾ ਕਰਕੇ ਵੇਖਿਓ।
ਪੜ੍ਹੋ ਇਹ ਵੀ ਖਬਰ - ਬਲੱਡ ਸਰਕੁਲੇਸ਼ਨ ਵਧਾਉਣ ਲਈ ਖਾਓ ‘ਅਨਾਨਾਸ’, ਅੱਖਾਂ ਦੀ ਰੌਸ਼ਨੀ ਵੀ ਵਧਾਏ
ਬਿੰਦਰ ਸਿੰਘ ਖੁੱਡੀ ਕਲਾਂ
ਮੋਬ :98786-05965
ਗਲੀ ਨੰਬਰ-1,ਸ਼ਕਤੀ ਨਗਰ,ਬਰਨਾਲਾ
ਇਨ੍ਹਾਂ ‘ਫੇਸ ਪੈਕਸ’ ਦੀ ਵਰਤੋ ਨਾਲ ਲਿਆਓ ਚਿਹਰੇ 'ਤੇ ਨਿਖਾਰ
NEXT STORY