ਡਾ. ਸੁਰਿੰਦਰ ਕੁਮਾਰ ਜਿੰਦਲ
ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪ੍ਰਾਥਮਿਕ ਪੱਧਰ ‘ਤੇ ਵਿਗਿਆਨ ਵਿਸ਼ੇ ਦੀ ਪੜ੍ਹਾਈ ਤੀਜੀ ਜਮਾਤ ਤੋਂ ਸ਼ੁਰੂ ਹੁੰਦੀ ਹੈ। ਤੀਜੀ ਤੋਂ ਪੰਜਵੀਂ ਜਮਾਤ ਨੂੰ ਸਮਾਜਕ ਵਿਗਿਆਨ ਅਤੇ ਵਿਗਿਆਨ ਦਾ ਅਧਿਆਪਨ ‘ਮੇਰੀ ਦੁਨੀਆ’ ਨਾਮਕ ਪਾਠ-ਪੁਸਤਕਾਂ ਦੀ ਲੜੀ ਰਾਹੀਂ ਕਰਾਇਆ ਜਾਂਦਾ ਹੈ। ਵਿਦਿਆਰਥੀਆਂ ਦੇ ਚੌਗਿਰਦੇ ਦੇ ਵਾਤਾਵਰਨ ਅਤੇ ਪ੍ਰਸਥਿਤੀਆਂ ਅਨੁਸਾਰ ਤਿਆਰ ਕੀਤੀਆਂ ਗਈਆਂ ਇਨ੍ਹਾਂ ਪਾਠ-ਪੁਸਤਕਾਂ ਵਿਚ ਰੌਚਕ ਕਿਰਿਆਵਾਂ ਦਿੱਤੀਆਂ ਗਈਆਂ ਹਨ ਹਲਾਂਕਿ ਸੁਧਾਰ ਦੀ ਕੁਝ ਗੁੰਜਾਇਸ਼ ਵੀ ਹੈ। ਵਿਗਿਆਨ ਦੇ ਅਧਿਆਪਨ ਲਈ ਵਿਗਿਆਨ ਵਿਸ਼ੇ ਦੀ ਪਿੱਠਭੂਮੀ ਵਾਲੇ ਅਧਿਆਪਕਾਂ ਦਾ ਕੋਈ ਪ੍ਰਬੰਧ ਨਹੀਂ ਹੈ। 6ਵੀਂ ਤੋਂ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਵਿਗਿਆਨ ਇਕ ਜ਼ਰੂਰੀ ਵਿਸ਼ੇ ਦੇ ਤੌਰ ‘ਤੇ ਪੜ੍ਹਾਉਣ ਲਈ ‘ਵਿਗਿਆਨ’ ਨਾਮਕ ਪਾਠ-ਪੁਸਤਕਾਂ (ਲੜੀ ਦੇ ਰੂਪ ‘ਚ) ਹਨ, ਜੋ ਵਿਆਪਕ ਸੁਧਾਰਾਂ ਦੀ ਮੰਗ ਕਰਦੀਆਂ ਹਨ। ਵਿਗਿਆਨ ਦੇ ਅਧਿਆਪਨ ਲਈ ਵਿਗਿਆਨ ਵਿਸ਼ੇ ਦੀ ਪਿੱਠਭੂਮੀ ਵਾਲੇ ਅਧਿਆਪਕਾਂ ਦਾ ਵਿਸ਼ੇਸ਼ ਪ੍ਰਬੰਧ ਹੈ।
ਵਿੱਦਿਅਕ ਵਰ੍ਹਾ 2017-18 ਤੋਂ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨਾਂ ਦਾ’ ਇਕ ਮਹਤਵਾਕਾਂਕਸ਼ੀ ਪ੍ਰਾਜੈਕਟ 10ਵੀਂ ਤੱਕ ਹਰ ਜਮਾਤ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤਾ ਗਿਆ ਹੈ, ਜਿਸ ਅਧੀਨ ਵਿਸ਼ੇਸ਼ ਟੀਚੇ ਮਿੱਥ ਕੇ ਕਿਰਿਆਵਾਂ ਆਧਾਰਤ ਅਧਿਆਪਨ ਕਰਵਾਇਆ ਜਾ ਰਿਹਾ ਹੈ।
1. ਜਾਣ-ਪਛਾਣ : ਕਿਸੇ ਵੀ ਵਿਅਕਤੀ ਲਈ ਰਸਮੀ ਵਿੱਦਿਆ ਦੀ ਸ਼ੁਰੂਆਤ ਸਕੂਲ ਤੋਂ ਹੁੰਦੀ ਹੈ। ਵਿਗਿਆਨ ਦੀ ਸਿੱਖਿਆ ਇਸ ਦਾ ਇਕ ਅਤਿ ਮਹੱਤਵਪੂਰਨ ਅੰਗ ਹੈ। ਵਿਗਿਆਨ ਨੂੰ ਇਕ ਵਿਸ਼ੇ ਦੇ ਤੌਰ ‘ਤੇ ਲੈਣ ਨਾਲੋਂ ਇਸ ਨੂੰ ਜੀਵਨ ਦਾ ਢੰਗ ਬਨਾਉਣਾ ਜ਼ਿਆਦਾ ਜ਼ਰੂਰੀ ਹੈ। ਢੁਕਵੀਆਂ ਪਾਠ-ਪੁਸਤਕਾਂ ਅਤੇ ਅਧਿਆਪਨ ਵਿਧੀਆਂ ਇਸ ਦਿਸ਼ਾ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੀਆਂ ਹਨ। ਸਕਸੇਨਾ (2000:80) ਅਤੇ ਸਿੰਘ (2011:31) ਅਨੁਸਾਰ ਭਾਰਤ ਵਰਗੇ ਮੁਲਕ ‘ਚ ਬਹੁਤੇ ਵਿਦਿਅਰਥੀਆਂ ਲਈ ਇਹ ਇਕਲੌਤਾ ਸੂਚਨਾ-ਸ੍ਰੋਤ ਹੁੰਦੀਆਂ ਹਨ ਜਿਸ ਕਾਰਨ ਇਹਨਾਂ ਵੱਲ ਹੋਰ ਕਿਸੇ ਵੀ ਪਠਨ-ਸਮੱਗਰੀ ਨਾਲੋਂ ਵਧੇਰੇ ਧਿਆਨ ਦੇਣਾ ਬਣਦਾ ਹੈ।
ਪੜ੍ਹੋ ਇਹ ਵੀ ਖਬਰ - ਜਾਣੋ ਬਿਨਾਂ ਲੱਛਣਾਂ ਵਾਲਾ ਕੋਰੋਨਾ ਵਾਇਰਸ ਕਿੰਨਾ ਕੁ ਹੈ ‘ਖਤਰਨਾਕ’ (ਵੀਡੀਓ)
ਪੜ੍ਹੋ ਇਹ ਵੀ ਖਬਰ - ਦਿਲ ਹੈ ਕਿ ਮਾਨਤਾ ਨਹੀਂ : ‘ਗਰਾਊਂਡ ਜ਼ੀਰੋ ਵਿਚ ਦਿਲ’
2. ਪ੍ਰਾਥਮਿਕ ਪੱਧਰ: 3.1 ਪਾਠ-ਪੁਸਤਕਾਂ
ਪ੍ਰਾਥਮਿਕ ਪੱਧਰ ‘ਤੇ ਪਹਿਲੀ ਅਤੇ ਦੂਜੀ ਜਮਾਤ ਲਈ ਵਿਗਿਆਨ ਵਿਸ਼ੇ ਲਈ ਕੋਈ ਪਾਠ-ਪੁਸਤਕ ਤਜਵੀਜ਼ਤ ਨਹੀਂ ਹੈ ਹਲਾਂਕਿ ਇਨ੍ਹਾਂ ਜਮਾਤਾਂ ਨੂੰ ਅੰਗਰੇਜ਼ੀ ਅਤੇ ਗਣਿਤ ਵਿਸ਼ੇ ਪੜ੍ਹਾਏ ਜਾਂਦੇ ਹਨ। ਤੀਜੀ ਤੋਂ ਪੰਜਵੀਂ ਜਮਾਤ ਨੂੰ ਸਮਾਜਕ ਵਿਗਿਆਨ ਅਤੇ ਵਿਗਿਆਨ ਦਾ ਅਧਿਆਪਨ ‘ਮੇਰੀ ਦੁਨੀਆ’ ਨਾਮਕ ਪਾਠ-ਪੁਸਤਕਾਂ ਦੀ ਲੜੀ ਰਾਹੀਂ ਕਰਾਇਆ ਜਾਂਦਾ ਹੈ। ਇਨ੍ਹਾਂ ਪਾਠ-ਪੁਸਤਕਾਂ ਵਿਚ ਵਿਦਿਆਰਥੀਆਂ ਦੇ ਚੌਗਿਰਦੇ ਦੇ ਅਨੁਸਾਰ ਰੌਚਕ ਕਿਰਿਆਵਾਂ ਦਿੱਤੀਆਂ ਗਈਆਂ ਹਨ। ਅਸਲੀ ਹਾਲਾਤਾਂ ਅਨੁਸਾਰ ਇਨ੍ਹਾਂ ਕਿਰਿਆਵਾਂ ਵਿਚ ਤਬਦੀਲੀ ਦੀ ਗੁੰਜਾਇਸ਼ ਵੀ ਰੱਖੀ ਗਈ ਹੈ। ਇਹ ਪਾਠ-ਪੁਸਤਕਾਂ ਖੇਤਰੀ ਮਾਹਿਰਾਂ ਵਲੋਂ ਕਾਰਜਸ਼ਾਲਾਵਾਂ ਦੌਰਾਨ ਰਾਸ਼ਟਰੀ ਪਾਠਕ੍ਰਮ ਢਾਂਚਾ-2005 ਅਤੇ ਪੰਜਾਬ ਪਾਠਕ੍ਰਮ ਢਾਂਚਾ-2013 ਅਨੁਸਾਰ ਤਿਆਰ ਕੀਤੀਆਂ ਦੱਸੀਆਂ ਗਈਆਂ ਹਨ। ਭਾਵੇਂ ਇਹ ਪਾਠ-ਪੁਸਤਕਾਂ ਆਪਣੇ ਆਪ ਵਿੱਚ ਕਾਫੀ ਵਧੀਆ ਹਨ ਪਰ ਕਈ ਥਾਈਂ ਸੁਧਾਰ ਦੀ ਗੁੰਜਾਇਸ਼ ਹੈ ਉਦਾਹਰਨ ਵਜੋਂ ਤੀਜੀ ਜਮਾਤ ਦੇ ਅਧਿਆਇ 17 ਵਿਚ ‘ਟੈਲੀਗ੍ਰਾਮ’ ਦੀ ਗੱਲ ਕਰਦਿਆਂ ਇਕ ਪੈਰਾ ਹੈ:
ਮੇਰੇ ਰਾਹੀਂ ਦੁਨੀਆਂ ਦੇ ਕੋਨੇ-ਕੋਨੇ ਵਿਚ ਸੁਨੇਹੇ ਤੁਰੰਤ ਹੀ ਪਹੁੰਚ ਜਾਂਦੇ ਹਨ। ਮੇਰੇ ਰਾਹੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ। ਜਦੋਂਕਿ ਚਿੱਠੀ ਦੁਆਰਾ ਸੀਮਿਤ ਗੱਲਬਾਤ ਕੀਤੀ ਜਾਂਦੀ ਹੈ। ਹੁਣ ਮੇਰੀ ਵਰਤੋਂ ਘਟਦੀ ਜਾ ਰਹੀ ਹੈ। ਚੌਥੀ ਜਮਾਤ ਦੇ ਅਧਿਆਇ 16 ਵਿਚ ਦਿਸ਼ਾਵਾਂ ਦਾ ਗਿਆਨ ਦੇਣ ਲਈ ਵਿਦਿਆਰਥੀਆਂ ਨੂੰ ‘ਚਿੱਤਰ ਅਨੁਸਾਰ’ ਚੜ੍ਹਦੇ ਸੂਰਜ ਵੱਲ ਮੂੰਹ ਕਰਕੇ ਖੜ੍ਹੇ ਹੋਣ ਨੂੰ ਕਿਹਾ ਗਿਆ ਹੈ, ਜੋ ਅੱਖਾਂ ਨੂੰ ਨੁਕਸਾਨ ਕਰ ਸਕਦਾ ਹੈ। ਉਸਾਰੀ ਅਧੀਨ ਇਕ ਇਮਾਰਤ ਨੂੰ ‘ਡੈਮ (ਬੰਨ੍ਹ)’ ਲਿਖਿਆ ਗਿਆ ਹੈ ਜਦ ਕਿ ਅੱਗੇ ਚੱਲ ਕੇ ਇਸੇ ਚਿੱਤਰ ਦਾ ਕੈਪਸ਼ਨ ਹੈ ‘ਪੱਕਾ ਘਰ ਬਣਦੇ ਹੋਏ’।
3.ਉੱਚ-ਪ੍ਰਾਥਮਿਕ ਅਤੇ ਮਾਧਿਅਮਿਕ ਪੱਧਰ : 1 ਪਾਠ-ਪੁਸਤਕਾਂ
ਉੱਚ-ਪ੍ਰਾਥਮਿਕ ਅਤੇ ਮਾਧਿਅਮਿਕ ਪੱਧਰ ‘ਤੇ (ਛੇਵੀਂ ਤੋਂ ਦਸਵੀਂ ਜਮਾਤ ਤਕ) ‘ਵਿਗਿਆਨ’ ਵਿਸ਼ੇ ਦੀ ਪੜ੍ਹਾਈ ਲਈ ‘ਵਿਗਿਆਨ’ ਨਾਮਕ ਪਾਠ-ਪੁਸਤਕਾਂ ਦੀ ਲੜੀ ਤਜਵੀਜ਼ਤ ਹੈ। ਇਹ ਪੁਸਤਕਾਂ ਰਾਸ਼ਟਰੀ ਵਿੱਦਿਅਕ ਖੋਜ ਅਤੇ ਸਿਖਿਲਾਈ ਪਰਿਸ਼ਦ, ਨਵੀਂ ਦਿੱਲੀ ਦੁਆਰਾ ਤਿਆਰ ਪੁਸਤਕਾਂ ਦਾ ਹੀ ਪੰਜਾਬੀ ਅਨੁਵਾਦ ਹਨ ਪਰ ਇਨ੍ਹਾਂ ਪੁਸਤਕਾਂ ਦੇ ਅੰਸ਼-ਵਿਸ਼ਲੇਸ਼ਣ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਅਨੁਵਾਦ ਅਤੇ ਟਾਈਪਿੰਗ ਦੌਰਾਨ ਕਈ ਥਾਈਂ ਊਣਤਾਈਆਂ ਰਹਿ ਗਈਆਂ ਹਨ, ਜਿਨ੍ਹਾਂ ਵਿਚੋਂ ਕਈ ਅਤਿ ਗੰਭੀਰ ਹਨ ਉਦਾਹਰਨ ਵਜੋਂ ਛੇਵੀਂ ਸ਼੍ਰੇਣੀ ਦੀ ਪਾਠ-ਪੁਸਤਕ ਵਿਚ Hinge Joint ਨੂੰ ਪਹਿਲਾਂ ‘ਕਬਜੇਦਾਰ ਜੋੜ’, ਫਿਰ ‘ਹਿੰਜ ਵਰਗੀ ਜੋੜ’ ਤੇ ਫਿਰ ‘ਕਬਜ਼ੇਕਾਰ ਜੋੜ’ ਲਿਖਿਆ ਗਿਆ ਹੈ, Excretion ਨੂੰ ‘ਮਲ-ਨਿਕਾਸ’ ਲਿਖਿਆ ਗਿਆ ਹੈ। ਇਕ ਵਾਕ ਨੂੰ ਰੋਜ਼ਾਨਾ ਜ਼ਿੰਦਗੀ ਤੋਂ ਤੋੜਦੇ ਹੋਏ ਲਿਖਿਆ ਗਿਆ ਹੈ:
ਕੀ ਤੁਸੀਂ ਕਦੇ ਕੱਦੂ ਦੇ ਫੁੱਲਾਂ ਨੂੰ ਚਾਵਲਾਂ ਦੇ ਆਟੇ ਵਿਚ ਭਿਉਂ ਕੇ ਅਤੇ ਤਲ ਕੇ ਖਾਧਾ ਹੈ? ਖਾ ਕੇ ਵੇਖੋ?
ਪੜ੍ਹੋ ਇਹ ਵੀ ਖਬਰ - ਸਾਹਿਤਨਾਮਾ : ‘ਮੈਨੂੰ ਪੰਜਾਬੀ ਕਿਉਂ ਚੰਗੀ ਲੱਗਦੀ ਹੈ’
ਪੜ੍ਹੋ ਇਹ ਵੀ ਖਬਰ - ਮੀਂਹ, ਝੱਖੜ ਨੇ ਪ੍ਰਭਾਵਿਤ ਕੀਤੀ ਕਣਕ ਦੀ ਵਾਢੀ ਤੇ ਮੰਡੀਕਰਨ ਦੇ ਨਾਲ ਸਾਉਣੀ ਦੀ ਬਿਜਾਈ
ਘੱਟੋ-ਘੱਟ ਚਾਰ ਥਾਈਂ Cartilage ਦਾ ਅਨੁਵਾਦ ‘ਪਸਲੀ’ ਕੀਤਾ ਗਿਆ ਹੈ। ਕਈ ਥਾਈਂ ਅੰਗਰੇਜ਼ੀ ਅਤੇ ਪੰਜਾਬੀ ਦੇ ਸ਼ਬਦ ਲਿਖਣ ਲੱਗੇ ਵੀ ਗ਼ਲਤੀ ਕੀਤੀ ਗਈ ਹੈ। ਅੱਠਵੀਂ ਸ਼੍ਰੇਣੀ ਦੀ ਪਾਠ-ਪੁਸਤਕ ਵਿਚ ਰਹਿ ਗਈਆਂ ਊਣਤਾਈਆਂ ‘ਤੇ ਤਾਂ ਇਕ ਵੱਖਰਾ ਸੈਮੀਨਾਰ ਹੋ ਸਕਦਾ ਹੈ। ਪ੍ਰੂਫ ਰੀਡਿੰਗ, ਆਮ ਜ਼ਿੰਦਗੀ ਤੋਂ ਹਟਵੀਆਂ ਉਦਾਹਰਨਾਂ, ਤਕਨੀਕੀ ਸ਼ਬਦਾਵਲੀ, ਚਿੱਤਰਾਂ ਆਦਿ ‘ਚ ਸੋਧ ਕਰਨ ਹਿੱਤ ਇਸ ਪੁਸਤਕ ਨੂੰ ਤੁਰੰਤ ਵਾਪਸ ਲੈਣਾ ਬਣਦਾ ਹੈ। ‘ਧੁਨੀ’ ਨੂੰ ‘ਧੁੰਨੀ’, ‘ਢਕ’ ਨੂੰ ‘ਢੱਕ’, ‘ਬੁਝ’ ਨੂੰ ‘ਬੁੱਝ’, ‘ਖਾਨਾਂ’ ਨੂੰ ‘ਖਾਣਾ’, ‘ਵਧ’ ਨੂੰ ‘ਵੱਧ’, ‘ਘਟ’ ਨੂੰ ‘ਘੱਟ’, ‘ਉੱਤੇ’ ਨੂੰ ‘ਅਤੇ’ (ਅਣਗਿਣਤ ਵਾਰ) ‘ਪੂਰਬ ਨੂੰ ‘ਪੂਰਵ’, ‘ਛੱਤਾ’ (ਸ਼ਹਿਦ ਦਾ ਛੱਤਾ) ਨੂੰ ‘ਛੱਤਾਂ’, ਲਿਖਿਆ ਗਿਆ ਹੈ। ‘Shape’ ਦਾ ਅਨੁਵਾਦ ਕਿਤੇ ‘ਬਣਤਰ’, ਕਿਤੇ ‘ਆਕ੍ਰਿਤੀ’, ਕਿਤੇ ‘ਅਕ੍ਰਿਤੀ’, ਕਿਤੇ ‘ਬਣਾਵਟ’ ਅਤੇ ਕਿਤੇ ‘ਸ਼ਕਲ’ ਕੀਤਾ ਗਿਆ ਹੈ। ਅੰਗਰੇਜ਼ੀ-ਸ਼ਬਦਾਵਲੀ ‘ਚ ਵੀ ਗ਼ਲਤੀਆਂ ਮਿਲੀਆਂ ਜਿਵੇਂ ਕਿ ‘ਮਾਦਾ ਭੇਡ’ ਦੀ ਅੰਗਰੇਜ਼ੀ ‘Mammary gland’ ਲਿਖੀ ਗਈ ਹੈ। ਕਈ ਤਕਨੀਕੀ ਊਣਤਾਈਆਂ ਵੀ ਮਿਲੀਆਂ, ਨਮੂਨੇ ਵਜੋਂ:
• ਸੂਖਮਜੀਵਾਂ ਦੁਆਰਾ ਦੂਸ਼ਿਤ ਕੀਤਾ ਹੋਇਆ ਭੋਜਣ ਖਾਣ ਕਾਰਨ ਭੋਜਣ ਜ਼ਹਿਰੀਲਾ ਹੋ ਜਾਂਦਾ ਹੈ।
• ਜਾਲਣ ਦੀਆਂ ਪਰਿਸਥਿਤੀਆਂ ਦੀ ਸੂਚੀ ਬਣਾਓ।(ਪਾਠ 6, ਅਭਿਆਸ ਦਾ ਪ੍ਰਸ਼ਨ ਨੰ:1)
• ਕਿਸੇ ਜੀਵ ਦੀ ਸੂਖਮ ਜੀਵਤ ਰਚਨਾ ਨੂੰ ਸੈੱਲ ਕਹਿੰਦੇ ਹਨ।
• ਹਰ ਵਾਰ ਜਦੋਂ ਅਸੀਂ ਮੇਜ਼ ਦੀ ਧੂੜ ਨੂੰ ਸਾਫ ਕਰਦੇ ਹਾਂ ਤਾਂ ਪੁਰਾਣੀ ਚਮੜੀ ਦਾ ਬਹੁਤ ਸਾਰਾ ਭਾਗ ਨਸ਼ਟ ਹੋ ਜਾਂਦਾ ਹੈ।
• ਅੰਡਾਣੂ ਬਹੁਤ ਹੀ ਸੂਖਮ ਹੋ ਸਕਦੇ ਹਨ ਅਤੇ ਜਿਵੇਂ ਕਿ ਮਨੁੱਖ ਵਿਚ ਬਹੁਤ ਵੱਡੇ ਹੋ ਸਕਦੇ ਹਨ।
• ਕੁਝ ਜੰਤੂਆਂ ਦੇ ਅੰਡੇ ਇਕੱਠੇ ਕਰਨਾ ਬਹੁਤ ਅਸਾਨ ਹੈ, ਕਿਉਂਕਿ ਉਨ੍ਹਾਂ ਦੀ ਮਾਂ ਸਰੀਰ ਤੋਂ ਬਾਹਰ ਅੰਡੇ ਦਿੰਦੀ ਹੈ।
• ‘ਦੁੱਧ ਗ੍ਰੰਥੀਆਂ’ ਦਾ ਅਰਥ ‘ਛਾਤੀ’ ਲਿਖਿਆ ਗਿਆ ਹੈ।
• ਇਸਤਰੀਆਂ ਦੇ ‘ਮਾਸਿਕ ਚੱਕਰ’ ਨੂੰ ਅੰਗਰੇਜ਼ੀ ਵਿਚ ‘Menstroation’ ਲਿਖਿਆ ਗਿਆ ਹੈ।
• ਪਾਠ-10, ਅਭਿਆਸ ਦਾ ਪ੍ਰਸ਼ਨ ਨੰ:10; ਅੰਕੜੇ ਦੇ ਕੇ ‘ਗ੍ਰਾਫ ਖਿੱਚਣ’ ਲਈ ਕਿਹਾ ਗਿਆ ਹੈ ਪਰ ਗ੍ਰਾਫ ਵੀ ਛਾਪ ਦਿੱਤਾ ਗਿਆ ਹੈ
• ਢਲਵੇਂ ਤਲ ਤੋਂ ਪੈਂਸਿਲ ਸੈੱਲ ਰੋੜ੍ਹਣਾ ਹੈ ਪਰ ਲਿਖਿਆ ਗਿਆ ਹੈ ‘ਪੈਂਸਿਲ ਸੈੱਲ ਲਟਕਾ ਦਿਓ’
• ਪਹੇਲੀ ਅਤੇ ਬੂਝੋ ਤੁਹਾਨੂੰ ਯਾਦ ਕਰਵਾਉਣਾ ਚਾਹੁੰਦੇ ਹਨ ਕਿ ਸਾਨੂੰ ਪ੍ਰਯੋਗ ਕਰਦੇ ਸਮੇਂ ਕਦੇ ਵੀ ਮੁੱਖ ਤਾਰਾਂ (mains) ਜਾਂ ਜਨਰੇਟਰ ਜਾਂ ਇਨਵਰਟਰ ਤੋਂ ਬਿਜਲੀ ਸਪਲਾਈ ਨਹੀਂ ਕਰਨੀ ਚਾਹੀਦੀ।
ਨੌਵੀਂ ਸ਼੍ਰੇਣੀ ਦੀ ਪਾਠ-ਪੁਸਤਕ ਵਿਚ ਊਣਤਾਈਆਂ ਭਾਵੇਂ ਕੁਝ ਘੱਟ ਹਨ ਪਰ ਦੂਰ ਕਰਨੀਆਂ ਬਣਦੀਆਂ ਹਨ। ਛੇਵੀਂ ਸ਼੍ਰੇਣੀ ਦੀ ਪਾਠ-ਪੁਸਤਕ ਵਾਂਗ ਐਥੇ ਵੀ ‘Cartilage’ ਦਾ ਅਨੁਵਾਦ ‘ਪਸਲੀ’ ਕੀਤਾ ਗਿਆ ਹੈ। ਕੁਝ ਹੋਰ ਊਣਤਾਈਆਂ, ਨਮੂਨੇ ਵਜੋਂ, ਪੇਸ਼ ਹਨ:
• ਭਾਵੇਂ ਅਸੀਂ ਚੀਨੀ ਜਾਂ ਨਮਕ ਨੂੰ ਆਪਣੇ ਹੱਥ ਵਿਚ ਲਈਏ ਜਾਂ ਕਿਸੇ ਪਲੇਟ ਜਾਂ ਜਾਰ ਵਿਚ, ਇਨ੍ਹਾਂ ਦੇ ਅਕਾਰ ਨਹੀਂ ਬਦਲਦੇ।
• ਸਾਡੇ ਨੱਕ ਤੱਕ ਪਹੁੰਚਣ ਵਾਲੀ ਮਹਿਕ ਨੂੰ ਬਿਨਾਂ ਰਸੋਈ ਵਿਚ ਦਾਖਲ ਹੋਏ ਵੀ ਅਸੀਂ ਜਾਣ ਸਕਦੇ ਹਾਂ ਕਿ ਕਿਹੜਾ ਪਦਾਰਥ ਪਕਾਇਆ ਜਾ ਰਿਹਾ ਹੈ।
• ਕਿਰਿਆ 5.1:...ਪਿਆਜ ਦੀ ਅੰਦਰੂਨੀ ਅਵਤਲ ਸਤ੍ਹਾ ਤੋਂ ਅਸੀਂ ਝਿੱਲੀ ਉਤਾਰ ਸਕਦੇ ਹਾਂ। ਇਹ ਝਿੱਲੀ ਮੁੜਣ ਜਾਂ ਸੁੱਕਣ ਤੋਂ ਬਚ ਜਾਂਦੀ ਹੈ...ਪਹਿਲਾਂ ਘੱਟ ਸ਼ਕਤੀ ਵਾਲੇ, ਫਿਰ ਉੱਚ ਸ਼ਕਤੀ ਵਾਲੇ ਸੰਯਿਕਤ ਸੂਖਮਦਰਸ਼ੀ ਨਾਲ ਵੇਖਦੇ ਹਾਂ।
• ਇਕ ਕੋਸ਼ਿਕਾ ਆਪਣੇ ਆਪ ਹੀ ਇਕ ਸੰਪੂਰਣ ਜੀਵ ਜਿਵੇਂ ਅਮੀਬਾ, ਕਲੈਮਾਈਡੋਮੋਨਾਸ, ਪੈਰਾਮੀਸ਼ੀਅਮ ਜਾਂ ਬੈਕਟੀਰੀਆ ਹੋ ਸਕਦੀ ਹੈ। ਇਨ੍ਹਾਂ ਜੀਵਾਂ ਵਿਚ ਅਨੇਕ ਸੈੱਲ ਇਕੱਠੇ ਹੋ ਕੇ ਵੱਖ-ਵੱਖ ਕਾਰਜ ਨੇਪਰੇ ਚਾੜ੍ਹਨ ਲਈ ਵੱਖ-ਵੱਖ ਅੰਗਾਂ ਦਾ ਨਿਰਮਾਣ ਕਰਦੇ ਹਨ
• ਧਰੁਵਾਂ ਨਾਲੋਂ ਭੂ-ਮੱਧ ਰੇਖਾ ਤੇ g ਦਾ ਮਾਨ ਵੱਧ ਹੁੰਦਾ ਹੈ। (ਅਸਲੀਅਤ ਤੋਂ ਉਲਟ ਲਿਖਿਆ ਗਿਆ ਹੈ)
• ਉਹ ਖੇਤਰ ਜਿੱਥੇ ਸਪਰਿੰਗ ਦੀਆਂ ਕੁੰਡਲੀਆਂ ਨੇੜੇ-ਨੇੜੇ ਆ ਜਾਂਦੀਆਂ ਹਨ, ਨੂੰ ਵਿਰਲ compressions ਕਹਿੰਦੇ ਹਨ।(ਅਸਲੀਅਤ ਤੋਂ ਉਲਟ ਲਿਖਿਆ ਗਿਆ ਹੈ)
• ਧੁਨੀ ਦੇ ‘ਤਾਰਤਵ (pitch)’ ਨੂੰ ‘ਭਾਰਤਵ’ ਲਿਖਿਆ ਗਿਆ ਹੈ।
• ਧੁਨੀ ਲਈ ਇਸਦੀ ਇਕਾਈ ਦਬਾਅ ਜਾਂ ਘਣਤਾ ਹੋਵੇਗਾ।
• ਅਨੇਕ ਬਹੁਤੀਆਂ ਆਵ੍ਰਿਤੀਆਂ ਦੇ ਮਿਸ਼ਰਣ ਤੋਂ ਉਪਜੀ ਧੁਨੀ ਨੂੰ ਸੁਰ ਕਹਿੰਦੇ ਹਨ।
10ਵੀਂ ਸ਼੍ਰੇਣੀ ਦੀ ਪਾਠ-ਪੁਸਤਕ ਵਿਚ ਜ਼ਿਆਦਾ ਊਣਤਾਈਆਂ ਪ੍ਰੂਫ-ਰੀਡਿੰਗ ਨਾਲ ਸਬੰਧਤ ਹਨ। 6ਵੀਂ ਅਤੇ 9ਵੀਂ ਸ਼੍ਰੇਣੀਆਂ ਦੀ ਗ਼ਲਤੀ ਸੁਧਾਰਦੇ ਹੋਏ ਇਹ ਪਾਠ-ਪੁਸਤਕ ‘Cartilage’ ਨੂੰ ‘ਕਾਰਟੀਲੇਜ਼’ ਲਿਖਦੀ ਹੈ। ਮੁੱਖ ਊਣਤਾਈਆਂ ਇਸ ਤਰ੍ਹਾਂ ਹਨ:
• ਕਿਰਿਆ 3.12 ਤੋਂ ਉੱਪਰ ਦਿੱਤੀ ‘ਕੀ ਤੁਸੀਂ ਜਾਣਦੇ ਹੋ?’ ਵਾਲੀ ਡੱਬੀ ਵਿਚਲਾ ਟੈਕਸਟ ਸੋਧਣਾ ਬਣਦਾ ਹੈ।
• ‘Three dimensional’ ਨੂੰ ‘ਤਿੰਨ ਅਕਾਰੀ’ ਲਿਖਿਆ ਗਿਆ ਹੈ‘Hot water-bath’ ਨੂੰ ਪਹਿਲਾਂ ‘ਜਲ ਤਾਪਨ’, ਫਿਰ ‘ਜਲ ਤਾਪ’ ਅਤੇ ਫਿਰ ‘ਵਾਟਰ ਬਾਥ’ ਲਿਖਿਆ ਗਿਆ ਹੈ।
• ‘A couple of grains of rice’ ਨੂੰ ‘ਦੋ ਚੌਲ’ ਲਿਖਿਆ ਗਿਆ ਹੈ ।
• ‘Methanal’ ਨੂੰ ‘ਮਿਥੇਨਲ’ ਅਤੇ ਫਿਰ ‘Methanol’ ਲਿਖਿਆ ਗਿਆ ਹੈ ।
• ਛੇਵੀਂ ਸ਼੍ਰੇਣੀ ਦੀ ਪਾਠ-ਪੁਸਤਕ ਵਾਂਗ ਹੀ ‘Excretion’ ਨੂੰ ‘ਮਲ-ਤਿਆਗ’ ਲਿਖਿਆ ਗਿਆ ਹੈ।
• ਦੰਦਾਂ ਦੀ ‘demineralisation’ ਨੂੰ ਦੰਦਾਂ ਦਾ ‘ਬੇਖੜੀਜੰਕਰਿਤ’ ਹੋਣਾ ਲਿਖਿਆ ਗਿਆ ਹੈ।
• ਦਿਲ ਦੀ ਅੰਦਰੂਨੀ ਰਚਨਾ ਦਾ ਚਿੱਤਰ ਅਤੇ ਕਾਰਜ ਪ੍ਰਣਾਲੀ ਮੁੜ ਲਿਖਣੇ ਬਣਦੇ ਹਨ।
• ‘ਲਹੂ ਦਬਾਓ’ ਵਾਲੀ ਡੱਬੀ ਮੁੜ ਲਿਖਣੀ ਬਣਦੀ ਹੈ।
• ਪੁਸਤਕ ਅਨੁਸਾਰ ਮਨੁੱਖ ਦੇ ਗੁਰਦਿਆਂ ਵਿਚ ਪ੍ਰਤੀਦਿਨ 180 ਮਿਲੀਲੀਟਰ ਫਿਲਟ੍ਰੇਟ ਬਣਦਾ ਹੈ ਅਤੇ ਮੁੜ-ਸੋਖਣ ਕਾਰਨ ਰੋਜ਼ਾਨਾ ਮੂਤਰ ਕੇਵਲ 1 ਜਾਂ 2 ਲਿਟਰ ਰਹਿ ਜਾਂਦਾ ਹੈ। ਅਜਿਹਾ ਕਿਵੇਂ ਹੁੰਦਾ ਹੈ? ਖੋਜ ਦਾ ਵਿਸ਼ਾ ਹੈ।
• ‘ਓਵਰੀ’ ਦਾ ਅਰਥ ‘ਬੱਚੇਦਾਨੀ’ ਲਿਖਿਆ ਗਿਆ ਹੈ।
• ਕਲਚਰ ਤਿਆਰ ਕਰਨ ਲਈ ਪਰਖ ਨਲੀ ਨੂੰ ‘ਕਿਸੇ ਗਰਮ ਸਥਾਨ ‘ਤੇ’ ਰੱਖਣ ਲਈ ਕਿਹਾ ਗਿਆ ਹੈ। ‘ਕੋਸਾ ਸਥਾਨ’ ਚਾਹੀਦਾ ਸੀ।
• ਅੱਖ ਦੇ ਲੇਬਲ-ਚਿੱਤਰ ਵਿਚ ‘ਪੁਤਲੀ’ ਗ਼ਲਤ ਲੇਬਲ ਕੀਤੀ ਗਈ ਹੈ। ‘ਦ੍ਰਿਸ਼ਟੀ ਨਾੜੀ’ ਨੂੰ ‘ਪ੍ਰਕਾਸ਼ ਨਾੜੀ’ ਲਿਖਿਆ ਗਿਆ ਹੈ।
• ਹੀਟਰ ਦੀ ਡੋਰੀ ਚਮਕਣ ਸਬੰਧੀ ਪੁੱਛਿਆ ਗਿਆ ਸਵਾਲ ਅਰਥਹੀਣ ਹੈ।
• ਖੰਭੇ ‘ਤੇ ਲੱਗੀ ਸੋਲਰ ਲਾਈਟ ਨੂੰ ‘ਸੂਰਜੀ ਸੈੱਲ ਪੈਨਲ’ ਲਿਖਿਆ ਗਿਆ ਹੈ।
ਸਾਲ 2014 ਦੌਰਾਨ 7ਵੀਂ ਸ਼੍ਰੇਣੀ ਦੀ ਪਾਠ-ਪੁਸਤਕ ਦੇ ਨਵੇਂ ਛਪੇ ਐਡੀਸ਼ਨ ਵਿਚ ਬਹੁਤ ਜ਼ਿਆਦਾ ਊਣਤਾਈਆਂ ਮਿਲਣ ‘ਤੇ ਇਸ ਅਧਿਐਨ-ਕਰਤਾ ਵਲੋਂ ਪ੍ਰਕਾਸ਼ਕ ਬੋਰਡ ਨੂੰ ਤੁਰੰਤ ਪੁਸਤਕ ਵਾਪਸ ਲੈਣ ਲਈ ਲਿਖਿਆ ਗਿਆ। ਉਸ ਦੇ ਅਧਿੱਕਤਰ ਸੁਝਾਅ ਮੰਨ ਲਏ ਗਏ; ਨਵੇਂ ਐਡੀਸ਼ਨ ‘ਚ ਊਣਤਾਈਆਂ ਬਹੁਤ ਘੱਟ ਹਨ।
4.ਸਿੱਟੇ:
ਵਿਗਿਆਨ ਵਿਸ਼ੇ ਦੀਆਂ ਪਾਠ-ਪੁਸਤਕਾਂ ਵਿਚ ਸੁਧਾਰ ਦੀ ਲੋੜ ਹੈ। ਇਸ ਵਿਸ਼ੇ ‘ਤੇ ਹੋਰ ਸੈਮੀਨਾਰ ਕਰਵਾਏ ਜਾਣ, 8ਵੀਂ ਅਤੇ 9ਵੀਂ ਜਮਾਤਾਂ ਦੀਆਂ ਪਾਠ-ਪੁਸਤਕਾਂ ਤੁਰੰਤ ਵਾਪਸ ਲੈ ਕੇ ਨਵੇਂ ਐਡੀਸ਼ਨ ਛਾਪੇ ਜਾਣ, ਬਾਕੀ ਵਿਸ਼ਿਆਂ ਅਤੇ ਰੋਜ਼ਾਨਾ ਜ਼ਿੰਦਗੀ ਨਾਲ ਜੋੜ ਕੇ ਵਿਗਿਆਨ ਵਿਸ਼ਾ ਪੜ੍ਹਾਉਣ ਦੀ ਸਿਖਲਾਈ ਦੇਣ ਹਿੱਤ ਅਧਿਆਪਕ-ਸਿਖਲਾਈ ਮਾਡਿਊਲ ਬਣਾਏ ਜਾਣ, ਹੌਸਲਾ-ਅਫਜ਼ਾਈ ਵਜੋਂ ਵਿਗਿਆਨ ਅਧਿਆਪਕਾਂ ਨੂੰ ਸਪੈਸ਼ਲ ਗ੍ਰੇਡ ਦਿੱਤਾ ਜਾਵੇ ਅਤੇ ਉਚੇਰੀ ਪੜ੍ਹਾਈ ਲਈ ਉਨ੍ਹਾਂ ਨੂੰ ‘ਸਟੱਡੀ ਲੀਵ’ ਦੇਣ ਦੀ ਵਿਵਸਥਾ ਕੀਤੀ ਜਾਵੇ।
ਸਕਿਨ ਨੂੰ ਗਲੋਇੰਗ ਬਣਾਉਂਦਾ ਹੈ ‘ਨਿੰਬੂ ਪਾਣੀ’, ਬਲੱਡ ਪ੍ਰੈਸ਼ਰ ਨੂੰ ਵੀ ਕਰੇ ਕੰਟਰੋਲ
NEXT STORY