ਔਰਤ ਨੂੰ ਸਿਰਜਨਾ ਕਰਨ ਦੀ ਸ਼ਕਤੀ ਮੰਨਿਆ ਜਾਂਦਾ ਹੈ। ਔਰਤਾਂ ਕਿਸੇ ਵੀ ਸਮਾਜ ਦਾ ਅਭਿੰਨ ਅੰਗ ਹਨ। ਨਾ ਸਿਰਫ ਭਾਰਤ ਬਲਕਿ ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਔਰਤਾਂ ਨਾਲ ਜੁਲਮ ਅਤੇ ਅੱਤਿਆਚਾਰ ਹੁੰਦੇ ਰਹੇ ਹਨ ਅਤੇ ਅੱਜ ਵੀ ਹੋ ਰਹੇ ਹਨ। ਔਰਤ ਦੀ ਸਥਿਤੀ ਨੂੰ ਸੁਧਾਰਨ ਲਈ 'ਅੰਤਰ-ਰਾਸ਼ਟਰੀ ਮਹਿਲਾ ਦਿਵਸ' ਅਤੇ 'ਮਾਂ ਦਿਵਸ' ਆਦਿ ਮਨਾਏ ਜਾਣ ਲੱਗੇ। ਇਨ੍ਹਾਂ ਦਿਵਸਾਂ ਨੂੰ ਮਨਾਉਣ ਦਾ ਮੁੱਖ ਮੰਤਵ ਪੁਰਸ਼ ਪ੍ਰਧਾਨ ਸਮਾਜ ਵਿੱਚ ਔਰਤਾਂ ਦੇ ਹਾਲਾਤ ਨੂੰ ਬਿਹਤਰ ਕਰਨਾ ਅਤੇ ਉਨ੍ਹਾਂ ਦੇ ਪਰਿਵਾਰਕ, ਸਮਾਜਿਕ, ਭਾਵਾਤਮਕ ਅਤੇ ਰਾਜਨੀਤਿਕ ਯੋਗਦਾਨ ਬਾਰੇ ਪੁਰਸ਼ਾਂ ਅੰਦਰ ਸਕਾਰਾਤਮਕ ਭਾਵਨਾ ਅਤੇ ਸਨਮਾਨ ਪੈਦਾ ਕਰਨਾ ਹੈ। ਹਰ ਸਾਲ 'ਅੰਤਰ-ਰਾਸ਼ਟਰੀ ਮਹਿਲਾ ਦਿਵਸ' 8 ਮਾਰਚ ਨੂੰ ਔਰਤਾਂ ਦੇ ਸ਼ਕਤੀਕਰਣ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਔਰਤਾਂ ਦੇ ਸ਼ਕਤੀਕਰਣ ਤੋਂ ਭਾਵ ਔਰਤਾਂ ਨੂੰ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਿਕ ਅਤੇ ਵਿਚਾਰਾਂ ਦੇ ਪ੍ਰਗਟਾਅ ਦੀ ਸੁਤੰਤਰਤਾ ਪ੍ਰਦਾਨ ਕਰਨਾ ਅਤੇ ਉਸ ਨੂੰ ਪੁਰਸ਼ਾਂ ਦੇ ਸਮਾਨ ਮੌਕੇ ਪ੍ਰਦਾਨ ਕਰਨਾ ਹੈ।
ਭਾਰਤ ਦੇਸ਼ ਦੀ ਵਿਸ਼ੇਸ਼ ਰੂਪ ਵਿੱਚ ਗੱਲ ਕਰੀਏ ਤਾਂ ਇੱਥੇ ਸਦੀਆਂ ਤੋਂ ਔਰਤਾਂ ਨੂੰ ਰਿਵਾਜਾਂ ਦੇ ਨਾਂ 'ਤੇ ਜਕੜ ਕੇ ਰਖਿਆ ਗਿਆ। ਉਨ੍ਹਾਂ ਨਾਲ ਹਮੇਸ਼ਾ ਤੋਂ ਭੇਦਭਾਵ ਭਰਿਆ ਵਿਵਹਾਰ ਕੀਤਾ ਗਿਆ। ਉਨ੍ਹਾਂ ਨੂੰ ਸਤੀ ਪ੍ਰਥਾ, ਬਾਲ ਆਹ, ਦਹੇਜ ਪ੍ਰਥਾ, ਘਰੇਲੂ ਹਿੰਸਾ, ਗਰਭ ਵਿੱਚ ਹੀ ਲੜਕੀਆਂ ਦੀ ਹੱਤਿਆ, ਪਰਦਾ ਪ੍ਰਥਾ, ਬਾਲ ਮਜਦੂਰੀ, ਦੇਵਦਾਸੀ ਪ੍ਰਥਾ, ਸਰੀਰਕ ਸ਼ੋਸ਼ਣ ਆਦਿ ਕੁਰੀਤੀਆਂ ਦਾ ਸ਼ਿਕਾਰ ਬਣਾਇਆ ਗਿਆ। ਕੁੱਝ ਸਮਾਜ ਸੁਧਾਰਕਾਂ ਜਿਵੇਂ ਰਾਜਾ ਰਾਮ ਮੋਹਨ, ਈਸ਼ਵਰ ਚੰਦਰ ਵਿਦਿਆਸਾਗਰ, ਵਿਨੋਭਾ ਭਾਵੇ, ਸਵਾਮੀ ਵਿਵੇਕਾਨੰਦ ਦੀਆਂ ਕੋਸ਼ਿਸ਼ਾਂ ਸਦਕਾ ਔਰਤਾਂ ਦੀ ਸਥਿਤੀ ਵਿੱਚ ਕੁੱਝ ਸੁਧਾਰ ਹੋਇਆ ਪਰ ਅਜੇ ਵੀ ਔਰਤਾਂ ਨੂੰ ਬਹੁਤ ਸਾਰੇ ਜੁਲਮਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਔਰਤਾਂ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਦਕਰ ਦੁਆਰਾ ਪੁਰਸ਼ਾਂ ਦੇ ਬਰਾਬਰ ਦਰਜਾ ਦਿੱਤਾ ਗਿਆ ਅਤੇ ਔਰਤਾਂ ਦੀ ਸੁਰੱਖਿਆ ਅਤੇ ਸ਼ਕਤੀਕਰਣ ਲਈ ਕਈ ਕਾਨੂੰਨ ਬਣਾਏ ਗਏ ਅਤੇ ਉਨ੍ਹਾਂ ਨੂੰ ਕਈ ਅਧਿਕਾਰ ਦਿੱਤੇ ਗਏ ਤਾਂਕਿ ਇਸ ਲੈਂਗਿਕ ਅਸਮਾਨਤਾ ਨੂੰ ਦੂਰ ਕੀਤਾ ਜਾ ਸਕੇ।
ਅੱਜ ਅਸੀਂ 'ਅੰਤਰ-ਰਾਸ਼ਟਰੀ ਮਹਿਲਾ ਦਿਵਸ' ਦੇ ਮੌਕੇ 'ਤੇ ਉਨ੍ਹਾਂ ਕਾਨੂੰਨਾਂ ਅਤੇ ਯੋਜਨਾਵਾਂ ਬਾਰੇ ਜਾਣਦੇ ਹਾਂ ਜਿਨ੍ਹਾਂ ਨਾਲ ਔਰਤਾਂ ਨੂੰ ਸਨਮਾਨ ਨਾਲ ਜੀਵਨ ਬਿਤਾਉਣ ਲਈ ਸਰਕਾਰ ਉਪਰਾਲੇ ਕਰ ਰਹੀ ਹੈ।
1. ਅਨੈਤਿਕ ਦੇਹ ਵਪਾਰ ਰੋਕਥਾਮ ਸਬੰਧੀ ਕਾਨੂੰਨ (1956)- ਔਰਤਾਂ ਅਤੇ ਲੜਕੀਆਂ ਦੇ ਸਰੀਰਕ ਸ਼ੋਸ਼ਨ ਅਤੇ ਤਸਕਰੀ ਦੀ ਰੋਕਥਾਮ ਕਰਨ ਲਈ ਇਹ ਕਾਨੂੰਨ ਬਣਾਇਆ ਗਿਆ ਹੈ।
2. ਦਹੇਜ ਦੀ ਰੋਕਥਾਮ ਸਬੰਧੀ ਕਾਨੂੰਨ (1961)- ਵਿਆਹ ਤੋਂ ਪਹਿਲਾਂ ਜਾਂ ਬਾਅਦ ਵਿੱਚ ਲੜਕੀ ਦੇ ਮਾਪਿਆਂ ਤੋਂ ਦਹੇਜ ਲੈਣਾ ਕਾਨੂੰਨੀ ਅਪਰਾਧ ਹੈ।
3. ਪ੍ਰਸੂਤੀ ਲਾਭ ਕਾਨੂੰਨ (1961)- ਔਰਤਾਂ ਨੂੰ ਬੱਚੇ ਦੇ ਜਨਮ ਤੋਂ ਤੇਰ੍ਹਾਂ ਹਫਤੇ ਪਹਿਲਾਂ ਅਤੇ ਤੇਰ੍ਹਾਂ ਹਫਤੇ ਬਾਅਦ ਵੇਤਨ ਸਮੇਤ ਛੁੱਟੀ ਲੈਣ ਦਾ ਅਧਿਕਾਰ ਦਿੱਤਾ ਗਿਆ ਹੈ। ਗਰਭਾਵਸਥਾ ਵਿੱਚ ਔਰਤ ਨੂੰ ਨੌਕਰੀ ਤੋਂ ਕੱਢਣਾ ਇੱਕ ਜੁਰਮ ਹੈ।
4. ਸਮਾਨ ਵੇਤਨ ਸਬੰਧੀ ਕਾਨੂੰਨ (1976)- ਇਸ ਦੇ ਅਨੁਸਾਰ ਇੱਕੋ ਜਿਹੇ ਕੰਮ ਲਈ ਔਰਤਾਂ ਅਤੇ ਮਰਦਾਂ ਨੂੰ ਸਮਾਨ ਵੇਤਨ ਦਿੱਤਾ ਜਾਵੇਗਾ ਅਤੇ ਭਰਤੀ ਕਰਦੇ ਸਮੇਂ ਲੈਂਗਿਕ ਭੇਦਭਾਵ ਨਹੀਂ ਕੀਤਾ ਜਾਵੇਗਾ।
5. ਔਰਤਾਂ ਦੇ ਅਸ਼ਲੀਲ਼ ਪ੍ਰਦਰਸ਼ਨ ਦੀ ਰੋਕਥਾਮ ਸਬੰਧੀ ਕਾਨੂੰਨ (1986)- ਔਰਤਾਂ ਨੂੰ ਵਿਗਿਆਪਨ, ਲਿਖਤਾਂ, ਪੇਂਟਿੰਗ ਜਾਂ ਕਿਸੇ ਵੀ ਤਰੀਕੇ ਨਾਲ ਅਸ਼ਲੀਲ ਪ੍ਰਦਰਸ਼ਨ ਨੂੰ ਰੋਕਣ ਲਈ ਇਹ ਕਾਨੂੰਨ ਬਣਾਇਆ ਗਿਆ ਹੈ।
6. ਸਤੀ ਦੀ ਰੋਕਥਾਮ ਸਬੰਧੀ ਕਾਨੂੰਨ(1987)- ਪਤੀ ਦੀ ਮੌਤ ਤੋਂ ਬਾਅਦ ਉਸ ਦੀ ਚਿਤਾ 'ਤੇ ਜਾਨ ਦੇਣ ਲਈ ਜਬਰਨ ਕੋਈ ਮਜਬੂਰ ਨਹੀਂ ਕਰ ਸਕਦਾ।
7. ਰਾਸ਼ਟਰੀ ਮਹਿਲਾ ਆਯੋਗ (1990)- ਸਰਕਾਰ ਨੇ ਇਸ ਆਯੋਗ ਦਾ ਗਠਨ ਔਰਤਾਂ ਦੇ ਸੰਵਿਧਾਨਿਕ ਅਤੇ ਕਾਨੂੰਨੀ ਅਧਿਕਾਰਾਂ ਦੀ ਰੱਖਿਆ ਲਈ ਕੀਤਾ ਹੈ।
8. ਘਰੇਲੂ ਹਿੰਸਾ ਸਬੰਧੀ ਕਾਨੂੰਨ(2005)- ਔਰਤ ਦੇ ਪ੍ਰਤੀ ਕੀਤੀ ਗਈ ਕਿਸੇ ਤਰ੍ਹਾਂ ਦੀ ਹਿੰਸਾ ਭਾਵ ਸਰੀਰਕ, ਯੌਨ ਜਾਂ ਭਾਵਾਤਮਕ ਇੱਕ ਕਾਨੂੰਨੀ ਅਪਰਾਧ ਹੈ।
9. ਬਾਲ ਵਿਆਹ ਦੀ ਰੋਕ ਸਬੰਧੀ ਕਾਨੂੰਨ (2006)- 18 ਸਾਲ ਤੋਂ ਘੱਟ ਉਮਰ ਦੀ ਲੜਕੀ ਅਤੇ 21 ਸਾਲ ਤੋਂ ਘੱਟ ਉਮਰ ਦੇ ਮੁੰਡੇ ਦਾ ਵਿਆਹ ਕਰਨਾ ਇੱਕ ਜੁਰਮ ਹੈ।
10. ਕਾਰਜਸਥਲ 'ਤੇ ਔਰਤਾਂ ਦੇ ਯੌਨ ਸ਼ੋਸ਼ਣ ਦੀ ਰੋਕਥਾਮ ਸਬੰਧੀ ਕਾਨੂੰਨ (2013)- ਇਹ ਕਾਨੂੰਨ ਕੰਮ ਕਰਨ ਵਾਲੀ ਥਾਂ 'ਤੇ ਚਾਹੇ ਉਹ ਨਿਜੀ ਜਾਂ ਸਰਕਾਰੀ ਕਿਸੇ ਵੀ ਖੇਤਰ ਵਿੱਚ ਹੋਵੇ ਔਰਤਾਂ ਨਾਲ ਦੁਰਵਿਵਹਾਰ ਕਰਨ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ।
11. ਮੁਸਲਿਮ ਔਰਤਾਂ ਦੇ ਵਿਆਹ ਦੇ ਅਧਿਕਾਰ ਦੀ ਸੁਰੱਖਿਆ ਸਬੰਧੀ ਕਾਨੂੰਨ (2019)- ਬੋਲ ਕੇ, ਲਿਖ ਕੇ ਜਾਂ ਇਲੈਕਟ੍ਰੋਨਿਕ ਸਾਧਨ ਦੁਆਰਾ ਦਿੱਤਾ ਗਿਆ ਤਿੰਨ ਤਲਾਕ ਵੈਧ ਨਹੀਂ ਹੈ।
ਇਸ ਤੋਂ ਇਲਾਵਾ ਸਰਕਾਰ ਵਲੋਂ ਕਈ ਯੋਜਨਾਵਾਂ ਚਲਾਈਆਂ ਗਈਆਂ ਹਨ ਤਾਂਕਿ ਔਰਤਾਂ ਦੀ ਸਮਾਜ ਵਿੱਚ ਭਾਗੀਦਾਰੀ ਨੂੰ ਵਧਾਇਆ ਜਾ ਸਕੇ।
1. ਬੇਟੀ ਬਚਾਓ ਬੇਟੀ ਪੜ੍ਹਾਓ- ਕੰਨਿਆ ਭਰੂਣ ਹੱਤਿਆ 'ਤੇ ਰੋਕਥਾਮ ਪਾਉਣ ਲਈ ਅਤੇ ਕੁੜੀਆਂ ਦੀ ਸਿੱਖਿਆ ਨੂੰ ਵਧਾਉਣ ਲਈ ਇਹ ਯੋਜਨਾ ਉਲੀਕੀ ਗਈ ਹੈ।
2. ਉੱਜਵਲਾ ਯੋਜਨਾ- ਔਰਤਾਂ ਨੂੰ ਤਸਕਰੀ ਅਤੇ ਸਰੀਰਕ ਸ਼ੋਸ਼ਣ ਤੋਂ ਬਚਾਉਣ ਲਈ ਇਹ ਯੋਜਨਾ ਚਲਾਈ ਗਈ।
3. ਮਹਿਲਾ ਹੈਲਪਲਾਈਨ ਯੋਜਨਾ- ਔਰਤਾਂ ਵਿਰੁੱਧ ਕਿਸੇ ਵੀ ਕਿਸਮ ਦੇ ਅਪਰਾਧ ਨੂੰ ਰੋਕਣ ਲਈ 181 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਇੱਥੇ 24 ਘੰਟੇ ਸਹਾਇਤਾ ਉਪਲਬਧ ਕਰਾਈ ਜਾਂਦੀ ਹੈ।
4. ਸਟੈਪ ਯੋਜਨਾ- ਔਰਤਾਂ ਦੇ ਕੌਸ਼ਲ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਖੇਤੀ, ਬਾਗਬਾਨੀ, ਸਿਲਾਈ, ਕਢਾਈ ਆਦਿ ਵਿਸ਼ਿਆਂ ਤੇ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ।
5. ਮਹਿਲਾ ਸ਼ਕਤੀ ਕੇਂਦਰ- ਪੇਂਡੂ ਔਰਤਾਂ ਨੂੰ ਜਾਗਰੁਕ ਅਤੇ ਸਿੱਖਿਅਤ ਕਰਨ ਲਈ ਸਵੈ ਸੇਵਕਾਂ ਦੀ ਸਹਾਇਤਾ ਨਾਲ ਇਹ ਕੇਂਦਰ ਚਲਾਏ ਜਾਂਦੇ ਹਨ।
6. ਸੁਕੰਨਿਆ ਸਮਰਿੱਧੀ ਯੋਜਨਾ- ਜਨਮ ਤੋਂ 10 ਸਾਲ ਤੱਕ ਮਾਂ-ਬਾਪ ਦੁਆਰਾ ਕਿਸੇ ਵੀ ਡਾਕਖਾਨੇ ਵਿੱਚ ਕੁੜੀਆਂ ਲਈ ਸੇਵਿੰਗ ਸਕੀਮ ਖੋਲ੍ਹੀ ਜਾ ਸਕਦੀ ਹੈ।
ਅੰਤ ਵਿੱਚ ਮੈਂ ਕਹਿਣਾ ਚਾਹੁੰਦੀ ਹਾਂ ਕਿ ਔਰਤਾਂ ਦੇ ਸ਼ਕਤੀਕਰਣ ਲਈ ਰੂੜ੍ਹੀਵਾਦੀ ਵਿਚਾਰਾਂ ਨੂੰ ਛੱਡ ਕੇ ਬੁਰੀਆਂ ਪਰੰਪਰਾਵਾਂ ਨੂੰ ਬੰਦ ਕਰਨਾ ਚਾਹੀਦਾ ਹੈ। ਸਮਾਂ ਆ ਗਿਆ ਹੈ ਕਿ ਮਰਦ ਔਰਤਾਂ ਪ੍ਰਤੀ ਆਪਣਾ ਨਜ਼ਰੀਆ ਬਦਲਣ।ਉਹ ਕੋਈ ਉਪਭੋਗ ਦੀ ਵਸਤੂ ਨਹੀਂ ਬਲਕਿ ਮਾਣ ਯੋਗ ਸਾਥੀ ਹਨ।ਔਰਤਾਂ ਪ੍ਰਤੀ ਹਰ ਦਿਨ ਵੱਧ ਰਹੇ ਅਪਰਾਧ ਸਮਾਜ ਦੀ ਬੀਮਾਰ ਮਾਨਸਿਕਤਾ ਨੂੰ ਪ੍ਰਗਟ ਕਰਦੇ ਹਨ। ਅੱਜ ਜਿੱਥੇ ਔਰਤਾਂ ਮਰਦਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਰਹੀਆਂ ਹਨ।ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਇੱਕ ਅਜਿਹੇ ਸਮਾਜ ਦੀ ਸਿਰਜਨਾ ਕਰੀਏ ਜਿੱਥੇ ਔਰਤਾਂ ਨਿਡਰ ਹੋਕੇ ਪੂਰੇ ਸਨਮਾਨ ਨਾਲ ਬਰਾਬਰ ਅਧਿਕਾਰਾਂ ਦਾ ਪ੍ਰਯੋਗ ਕਰਕੇ ਆਪਣੇ ਸੁਪਨਿਆਂ ਦੀ ਉਡਾਣ ਭਰਨ ਅਤੇ ਇਸ ਧਰਤੀ ਨੂੰ ਸਵਰਗ ਬਣਾ ਦੇਣ।
Pooja Sharma
9914459033
ਲਵ ਇਨ ਕੁਆਰੰਟੀਨ ਅਤੇ ਕਵਿਤਾ ਦੀ ਰਾਖ਼ਵੀਂ ਥਾਂ
NEXT STORY