ਖੰਨਾ (ਸੂਦ)-ਦੋਰਾਹਾ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਸਹੋਦਿਆ ਇੰਟਰ ਸਕੂਲ ਬਾਸਕਟਬਾਲ ਟੂਰਨਾਮੈਂਟ ਅਧੀਨ ਸਤਿਗੁਰੂ ਪ੍ਰਤਾਪ ਸਿੰਘ ਅਕੈਡਮੀ ਸ੍ਰੀ ਭੈਣੀ ਸਾਹਿਬ ਵਿਚ ਹੋਏ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਜੇਤੂ ਸਥਾਨ ’ਤੇ ਰਹਿ ਕੇ ਸਕੂਲ ਅਤੇ ਮਾਪਿਆਂ ਦੇ ਨਾਂ ਨੂੰ ਰੁਸ਼ਨਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਤਪਵੀਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਸਕੂਲ ਦੇ ਕੋਚ ਦਵਿੰਦਰ ਸਿੰਘ ਦੀ ਅਗਵਾਈ ਵਿਚ ਲਡ਼ਕਿਆਂ ਨੇ ਅੰਡਰ 14 ਦੇ ਮੁਕਾਬਲਿਆਂ ਵਿਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਗਾਰਡਨ ਵੈਲੀ ਮਾਛੀਵਾਡ਼ਾ ਨੂੰ ਹਰਾਇਆ। ਇਸੇ ਤਰ੍ਹਾਂ ਅੰਡਰ 17 ਦੇ ਲਡ਼ਕਿਆਂ ਦੇ ਮੁਕਾਬਲਿਆਂ ਵਿਚ ਦੋਰਾਹਾ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ 17 ਦੇ ਮੁਕਾਬਲੇ 77 ਅੰਕਾਂ ਨਾਲ ਗਾਰਡਨ ਵੈਲੀ ਮਾਛੀਵਾਡ਼ਾ ਨੂੰ ਹਰਾਇਆ। ਉਨ੍ਹਾਂ ਦੱਸਿਆ ਕਿ ਇਸ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਸਕੂਲ ਦੇ ਖਿਡਾਰੀ ਤਨਜੋਤ ਸਿੰਘ ਚੀਮਾ ਅਤੇ ਨਵਾਜ ਸਿੰਘ ਪਨੈਚ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਅੰਡਰ 14 ਲਡ਼ਕੀਆਂ ਦੇ ਮੁਕਾਬਲਿਆਂ ਵਿਚ ਦੋਰਾਹਾ ਪਬਲਿਕ ਸਕੂਲ ਨੇ ਸਤਿਗੁਰੂ ਪ੍ਰਤਾਪ ਸਿੰਘ ਅਕੈਡਮੀ ਦੀਆਂ ਖਿਡਾਰਨਾਂ ਨੂੰ ਹਰਾਇਆ ਅਤੇ ਅੰਡਰ 17 ਵਰਗ ਵਿਚ ਦੋਰਾਹਾ ਪਬਲਿਕ ਸਕੂਲ ਦੂਸਰੇ ਸਥਾਨ ’ਤੇ ਰਿਹਾ। ਇਸ ਮੌਕੇ ਸਕੂਲ ਦੀ ਅੰਡਰ 14 ਟੀਮ ਦੀ ਖਿਡਾਰਨ ਅਸ਼ੀਸ਼ਪ੍ਰੀਤ ਕੌਰ ਨੂੰ ਅਤੇ ਲਡ਼ਕਿਆਂ ਵਿਚ ਮਨਵੀਰ ਸਿੰਘ ਨੂੰ ਪਲੇਅਰ ਆਫ ਦਿ ਟੂਰਨਾਮੈਂਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਤਪਵੀਰ ਸਿੰਘ ਤੇ ਪ੍ਰਿੰਸੀਪਲ ਮੋਨਿਕਾ ਸਾਰਵਾਲ ਨੇ ਜਿੱਤ ਦੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਖਿਡਾਰੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ।
ਪ੍ਰਭਾਤ ਫੇਰੀ ਦਾ ਸੰਗਤ ਨੇ ਕੀਤਾ ਭਰਵਾਂ ਸੁਆਗਤ
NEXT STORY