ਖੰਨਾ(ਮਾਲਵਾ)-ਪਿਛਲੇ ਕਰੀਬ 2 ਸਾਲਾਂ ਤੋਂ ਸਥਾਨਕ ਪ੍ਰਾਚੀਨ ਭੱਦਰ ਕਾਲੀ ਮੰਦਰ ਦੇ ਨਜ਼ਦੀਕ ਬਣੇ ਕੂਡ਼ੇ ਦੇ ਡੰਪ ਨੂੰ ਹਟਾਉਣ ਲਈ ‘ਡਾਟਰ ਆਫ਼ ਇੰਡੀਆ’ ਤੇ ਰਕਸ਼ਾ ਜੋਤੀ ਫਾਊਂਡੇਸ਼ਨ ਦੀ ਮੈਂਬਰ ਜਾਨਵੀ ਬਹਿਲ ਵਲੋਂ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਆਖਿਰਕਾਰ ਨਗਰ ਕੌਂਸਲ ਜਗਰਾਓਂ ਖ਼ਿਲਾਫ਼ ਹਾਈਕੋਰਟ ਦਾ ਦਰਵਾਜ਼ਾ ਖਡ਼ਕਾਉਣ ਲਈ ਮਜਬੂਰ ਹੋਣਾ ਪਿਆ ਹੈ। ਇਸ ਸਮੇਂ ਨਗਰ ਕੌਂਸਲ ਜਗਰਾਓਂ ਵਿਖੇ ਹਾਈਕੋਰਟ ਦੇ ਹੁਕਮਾਂ ਦੀ ਕਾਪੀ ਦਿਖਾਉਂਦੇ ਹੋਏ ਜਾਨਵੀ ਬਹਿਲ ਦੇ ਪਿਤਾ ਅਸ਼ਵਨੀ ਬਹਿਲ ਵਾਸੀ ਜਗਰਾਓਂ ਅਤੇ ਭੱਦਰਕਾਲੀ ਮੰਦਰ ਦੇ ਚੇਅਰਮੈਨ ਪ੍ਰਾਸ਼ਰ ਦੇਵ ਸ਼ਰਮਾ ਨੇ ਦੱਸਿਆ ਕਿ ਜਾਨਵੀ ਬਹਿਲ ਵਲੋਂ ਬੀਤੇ 2 ਸਾਲਾਂ ਤੋਂ ਨਗਰ ਕੌਂਸਲ ਨੂੰ ਮੰਦਰ ਨਜ਼ਦੀਕ ਬਣੇ ਡੰਪ ਨੂੰ ਹਟਾਉਣ ਲਈ ਕਈ ਵਾਰ ਮੰਗ-ਪੱਤਰ ਦੇਣ ਤੋਂ ਇਲਾਵਾ ਧਰਨਾ ਅਤੇ ਯੋਗਾ ਦਿਵਸ ਮੌਕੇ ਡੰਪ ’ਤੇ ਯੋਗਾ ਤੱਕ ਕਰ ਕੇ ਮੁਜ਼ਾਹਰਾ ਵੀ ਕੀਤਾ ਗਿਆ ਸੀ ਪਰ ਉਕਤ ਡੰਪ ਅਜੇ ਵੀ ਉਸੇ ਜਗ੍ਹਾ ’ਤੇ ਮੌਜੂਦ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਇਸ ਪ੍ਰਾਚੀਨ ਮੰਦਰ ’ਚ ਸ਼ਰਧਾਲੂ ਆਉਂਦੇ-ਜਾਂਦੇ ਹਨ ਅਤੇ ਉਥੇ ਬਣੇ ਕੂਡ਼ੇ ਦੇ ਡੰਪ ਕਾਰਨ ਉਨ੍ਹਾਂ ਦੀ ਸ਼ਰਧਾ ਨੂੰ ਠੇਸ ਪੁੱਜਦੀ ਹੈ, ਜਿਸ ਕਾਰਨ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਫੈਲਣ ਦਾ ਖ਼ਤਰਾ ਵੀ ਹਰ ਸਮੇਂ ਮੰਡਰਾਉਂਦਾ ਰਹਿੰਦਾ ਹੈ। ਇਸ ਮੁੱਦੇ ਨੂੰ ਲੈ ਕੇ ਜਾਨਵੀ ਬਹਿਲ ਨੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਖੇ ਇਕ ਅਪੀਲ ਦਾਇਰ ਕੀਤੀ ਸੀ, ਜਿਸ ’ਤੇ ਮਾਣਯੋਗ ਹਾਈਕੋਰਟ ਵਲੋਂ ਬੀਤੀ 22 ਅਕਤੂਬਰ ਨੂੰ ਇਕ ਆਰਡਰ ਜਾਰੀ ਕਰ ਕੇ ਨਗਰ ਕੌਂਸਲ ਜਗਰਾਓਂ ਨੂੰ 8 ਹਫਤਿਆਂ ਦੇ ਵਿਚ-ਵਿਚ ਉਕਤ ਜਗ੍ਹਾ ਤੋਂ ਡੰਪ ਹਟਾਉਣ ਦੀ ਹਦਾਇਤ ਕੀਤੀ ਹੈ। ਇਸ ਸਮੇਂ ਨਗਰ ਕੌਂਸਲ ਜਗਰਾਓਂ ਕਾਰਜ ਸਾਧਕ ਅਫ਼ਸਰ ਅਮਰਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਰਡਰਾਂ ਦੀ ਕਾਪੀ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਣਯੋਗ ਹਾਈਕੋਰਟ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ। ਨਗਰ ਕੌਂਸਲ ਵਿਖੇ ਹਾਈਕੋਰਟ ਦੇ ਹੁਕਮਾਂ ਦੀ ਕਾਪੀ ਦਿੰਦੇ ਹੋਏ ਅਸ਼ਵਨੀ ਬਹਿਲ ਤੇ ਹੋਰ। (ਮਾਲਵਾ)
ਰਜਿੰਦਰ ਸਿੰਘ ਨੇ ਵਰਲਡ ਵੁਸ਼ੂ ਚੈਂਪੀਅਨਸ਼ਿਪ ’ਚ ਕਾਂਸੇ ਦਾ ਤਮਗਾ ਜਿੱਤਿਆ
NEXT STORY