ਅਜਨਾਲਾ/ਭਿੰਡੀ ਸੈਦਾਂ, (ਰਮਨਦੀਪ/ਬਾਠ/ਗੁਰਜੰਟ)- ਪਿਛਲੇ ਕਈ ਦਿਨਾਂ ਤੋਂ ਪਹਾਡ਼ੀ ਖੇਤਰ ’ਚ ਪੈ ਰਹੇ ਭਾਰੀ ਮੀਂਹ ਤੋਂ ਬਾਅਦ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਇਕਦਮ ਵੱਧਣ ਨਾਲ ਇਸ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿਚ ਸਹਿਮ ਦਾ ਮਾਹੌਲ ਹੈ ਅਤੇ ਅੱਜ ਸਾਰਾ ਦਿਨ ਸਰਹੱਦੀ ਤਹਿਸੀਲ ਅਜਨਾਲਾ ਅਧੀਨ ਵਗਦੇ ਰਾਵੀ ਦਰਿਆ ਦਾ ਪਾਣੀ ਦੇਖਣ ਲਈ ਲੋਕ ਦਰਿਆ ਦੇ ਗੇਡ਼੍ਹੇ ਮਾਰਦੇ ਰਹੇ, ਉੱਧਰ ਰਾਵੀ ਦਰਿਆ ਨੇਡ਼ਲੀਆਂ ਜ਼ਮੀਨਾਂ ਦੇ ਮਾਲਕ ਦਰਿਆ ਵਿਚ ਪਾਣੀ ਜਿਆਦਾ ਆਉਣ ਕਾਰਨ ਕਾਫੀ ਉਦਾਸ ਨਜ਼ਰ ਆਏ ਅਤੇ ਕਈ ਕਿਸਾਨਾਂ ਦੇ ਤਾਂ ਟਰੈਕਟਰ ਵੀ ਦਰਿਆ ਤੋਂ ਪਾਰ ਹੀ ਫਸ ਗਏ ਹਨ।
ਭਾਰਤ-ਪਾਕਿਸਤਾਨ ਸਰਹੱਦ ਨਾਲ ਵਗਦੇ ਰਾਵੀ ਦਰਿਆ ’ਤੇ ਸ਼ਾਹਪੁਰ ਪੋਸਟ ਨਜ਼ਦੀਕ ਪੁੱਜੀ ਪੱਤਰਕਾਰਾਂ ਦੀ ਟੀਮ ਨਾਲ ਗੱਲਬਾਤ ਕਰਦਿਆਂ ਪਿੰਡ ਬੱਲ ਲੱਭੇ ਦਰਿਆ ਦੇ ਕਿਸਾਨ ਬਲਵਿੰਦਰ ਸਿੰਘ ਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਕਾਰਨ ਇਸ ਖੇਤਰ ਦੇ ਲੋਕਾਂ ’ਚ ਭਾਰੀ ਡਰ ਤੇ ਸਹਿਮ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਤੋਂ ਪਾਰ ਆਪਣੀਆਂ ਜ਼ਮੀਨਾਂ ’ਚ ਟਰੈਕਟਰ ਲੈ ਕੇ ਗਏ ਕੁਝ ਕਿਸਾਨਾਂ ਦੇ ਟਰੈਕਟਰ ਉਧਰ ਹੀ ਫਸ ਗਏ ਹਨ ਅਤੇ ਕਿਸਾਨ ਸੁਰੱਖਿਅਤ ਵਾਪਸ ਆ ਗਏ ਹਨ। ਉਕਤ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਕੋੋਲੋਂ ਮੰਗ ਕੀਤੀ ਕਿ ਰਾਵੀ ਦਰਿਆ ਨੇਡ਼ਲੀਆਂ ਜਿੰਨਾਂ ਜਮੀਨਾਂ ਵਿਚ ਵੱਧ ਪਾਣੀ ਆ ਗਿਆ ਹੈ ਉਸਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਭਾਰੀ ਮੀਂਹ ਪੈਣ ਕਾਰਨ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਤੋਂ ਬਾਅਦ ਅੱਜ ਐੱਸ. ਡੀ. ਐੱਮ. ਅਜਨਾਲਾ ਡਾ. ਰਜਤ ਓਬਰਾਏ ਵੱਲੋਂ ਤਹਿਸੀਲਦਾਰ ਅਜਨਾਲਾ ਜਸਪਾਲ ਸਿੰਘ ਬਰਾਡ਼ ਅਤੇ ਡਰੇਨਿਜ਼ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਰਾਵੀ ਦਰਿਆ ਦਾ ਜਾਇਜ਼ਾ ਲਿਆ ਅਤੇ ਹਡ਼੍ਹਾਂ ਵਰਗੀ ਸਥਿਤੀ ਨਾਲ ਨਜਿਠਣ ਲਈ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਓਬਰਾਏ ਨੇ ਦੱਸਿਆ ਕਿ ਡੈਮਾਂ ਵਿਚ ਪਾਣੀ ਦਾ ਪੱਧਰ ਵੱਧਣ ਕਰਕੇ ਰਾਵੀ ਦਰਿਆ ਵਿਚ ਵੱਧ ਪਾਣੀ ਛੱਡਿਆ ਗਿਆ ਹੈ ਪਰ ਹਡ਼੍ਹਾਂ ਦਾ ਕੋਈ ਖਤਰਾ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹਡ਼੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਸੱਕੀ ਨਾਲੇ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਪਾਰ
NEXT STORY