ਤਰਨਤਾਰਨ(ਰਮਨ)-ਜ਼ਿਲ੍ਹੇ ਭਰ ਵਿਚ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਹਨ, ਜੋ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਸਥਾਨਕ ਜੰਡਿਆਲਾ ਬਾਈਪਾਸ ਚੌਂਕ ਤੋਂ ਲੈ ਕੇ ਸਫੀਪੁਰ ਪੁਲ ਹਾਈਵੇ ਤੱਕ ਇਕ ਗਿਰੋਹ ਬੀਤੇ ਕੁਝ ਦਿਨਾਂ ਤੋਂ ਸਰਗਰਮ ਚੱਲ ਰਿਹਾ ਹੈ, ਜੋ ਰਾਹਗੀਰਾਂ ਨੂੰ ਰਸਤੇ ਵਿਚ ਰੋਕ ਲੁੱਟਣ ਦਾ ਸ਼ਿਕਾਰ ਬਣਾ ਰਿਹਾ ਹੈ। ਇਸ ਦੀ ਇਕ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਇਕ ਟਰੱਕ ਚਾਲਕ ਨੂੰ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰਿਆਂ ਵੱਲੋਂ ਰਸਤੇ ’ਚ ਰੋਕ ਜਿੱਥੇ ਉਸਦੀ ਬੇਰਹਿਮੀ ਨਾਲ ਮਾਰ ਕੁੱਟ ਕਰਕੇ ਉਸਨੂੰ ਸੜਕ ਕਿਨਾਰੇ ਸੁੱਟ ਦਿੱਤਾ ਗਿਆ, ਉਥੇ ਹੀ ਉਸ ਪਾਸੋਂ ਇਕ ਮੋਬਾਈਲ ਫੋਨ ਅਤੇ 50,000 ਦੀ ਨਕਦੀ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੂੰ ਸ਼ਿਕਾਇਤ ਦਿੰਦੇ ਹੋਏ ਪੀੜਤ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ।
ਇਹ ਵੀ ਪੜ੍ਹੋ ਹਾਈ ਸਕਿਓਰਿਟੀ ਨੰਬਰ ਪਲੇਟਾਂ ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਠੰਡੇ ਬਸਤੇ 'ਚ ਪਿਆ ਕੰਮ
ਸਿਵਲ ਹਸਪਤਾਲ ਤਰਨਤਾਰਨ ਵਿਖੇ ਇਲਾਜ ਲਈ ਦਾਖਲ ਜਗਰੂਪ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਪਿੰਡ ਮਾਨੋਚਾਹਲ ਕਲਾਂ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਰੇਤ ਨਾ ਭਰੇ ਹੋਏ ਟਿੱਪਰ ਸਮੇਤ ਪਠਾਨਕੋਟ ਤੋਂ ਪਿੰਡ ਘਰ ਜਾ ਰਿਹਾ ਸੀ ਤਾਂ ਨੈਸ਼ਨਲ ਹਾਈਵੇ ਤੋਂ ਜੰਡਿਆਲਾ ਰੋਡ ਰਸਤੇ ਪਿੰਡ ਕੱਦਗਿੱਲ ਨਜ਼ਦੀਕ ਪੁੱਜਾ ਤਾਂ ਇਕ ਟਰੱਕ ਚਾਲਕ ਅਤੇ ਕਾਰ ਵਿਚ ਸਵਾਰ ਕਰੀਬ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਵੱਲੋਂ ਉਸਦਾ ਰਸਤਾ ਰੋਕ ਲਿਆ ਗਿਆ, ਜਿਨ੍ਹਾਂ ਵੱਲੋਂ ਉਸ ਕੋਲ ਮੌਜੂਦ 50 ਹਜ਼ਾਰ ਰੁਪਏ ਦੀ ਨਕਦੀ ਜ਼ਬਰਦਸਤੀ ਖੋਹਣੀ ਸ਼ੁਰੂ ਕਰ ਦਿੱਤੀ ਗਈ। ਜਦੋਂ ਉਸ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਪਿਸਤੌਲ ਦੀ ਨੋਕ ’ਤੇ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਦਾਤਰਾਂ ਤੇ ਸੋਟੀਆਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਗਏ। ਸਾਰਿਆਂ ਨੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਅਤੇ ਉਸਨੂੰ ਸੜਕ ਕਿਨਾਰੇ ਮਰਿਆ ਹੋਇਆ ਸਮਝ ਸੁੱਟ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਹਨੇਰਾ ਹੋਣ ਕਰਕੇ ਟਰੱਕ ਦੀਆਂ ਨੰਬਰ ਪਲੇਟਾਂ ਨਹੀਂ ਪੜ੍ਹ ਸਕਿਆ ਜਦਕਿ ਟਰੱਕ ਦੇ ਉਪਰ ਕਾਹਲੋਂ ਲਿਖਿਆ ਹੋਇਆ ਸੀ। ਜਗਰੂਪ ਸਿੰਘ ਨੇ ਦੱਸਿਆ ਕਿ ਤੜਕਸਾਰ ਉਸਨੂੰ ਜਦੋਂ ਹੋਸ਼ ਆਈ ਤਾਂ ਉਸਨੇ ਕਿਸੇ ਤਰ੍ਹਾਂ ਆਪਣੇ ਭਰਾ ਗੁਰਵਿੰਦਰ ਸਿੰਘ ਨੂੰ ਫੋਨ ਕਰਕੇ ਸਾਰੀ ਵਾਰਦਾਤ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਉਸ ਦਾ ਭਰਾ ਗੁਰਵਿੰਦਰ ਸਿੰਘ ਅਤੇ ਹੋਰ ਮੋਹਤਬਰ ਮੌਕੇ ’ਤੇ ਪੁੱਜੇ, ਜਿਨ੍ਹਾਂ ਵੱਲੋਂ ਉਸ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਤਰਨਤਾਰਨ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ- 23 ਅਤੇ 24 ਅਪ੍ਰੈਲ ਨੂੰ ਲੈ ਕੇ ਪੰਜਾਬ ਵਿਚ ਹੋ ਗਿਆ ਵੱਡਾ ਐਲਾਨ
ਗੁਰਵਿੰਦਰ ਸਿੰਘ ਅਤੇ ਜ਼ਖਮੀ ਹਾਲਤ ’ਚ ਦਾਖਲ ਜਗਰੂਪ ਸਿੰਘ ਨੇ ਜ਼ਿਲ੍ਹੇ ਦੇ ਐੱਸ.ਐੱਸ.ਪੀ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਹੈ ਕਿ ਮੁਲਜ਼ਮਾਂ ਦੀ ਭਾਲ ਕਰਦੇ ਹੋਏ ਉਸ ਨੂੰ ਇਨਸਾਫ ਦਵਾਇਆ ਜਾਵੇ। ਇਥੇ ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਪਿੰਡ ਮਲੀਆ ਦੇ ਨਜ਼ਦੀਕ ਤੜਕਸਾਰ ਇਕ ਛੋਟੇ ਹਾਥੀ ਉਪਰ ਸਵਾਰ ਹੋ ਕੇ ਆ ਰਹੇ ਇਕ ਦਰਜਨ ਪ੍ਰਵਾਸੀਆਂ ਨੂੰ ਹਥਿਆਰਾਂ ਦੀ ਨੋਕ ਉਪਰ ਲੁੱਟ ਦਾ ਸ਼ਿਕਾਰ ਕੁਝ ਵਿਅਕਤੀਆਂ ਵੱਲੋਂ ਬਣਾ ਲਿਆ ਗਿਆ ਸੀ, ਜਿਨ੍ਹਾਂ ਵੱਲੋਂ ਪੁਲਸ ਨੂੰ ਸੂਚਨਾ ਡਰਦੇ ਹੋਏ ਨਹੀਂ ਦਿੱਤੀ ਗਈ। ਸ਼ਹਿਰ ਵਾਸੀਆਂ ਦੀ ਜ਼ਿਲ੍ਹੇ ਦੇ ਐੱਸ.ਐੱਸ.ਪੀ ਪਾਸੋਂ ਮੰਗ ਹੈ ਕਿ ਇਸ ਰਸਤੇ ਉਪਰ ਪੁਲਸ ਗਸ਼ਤ ਨੂੰ ਤੇਜ਼ ਕੀਤਾ ਜਾਵੇ ਅਤੇ ਹਾਈਵੇ ਦੇ ਨਜ਼ਦੀਕ ਸੜਕਾਂ ਉਪਰ ਘੁੰਮ ਰਹੇ ਗਿਰੋਹ ਉਪਰ ਨੱਥ ਪਾਈ ਜਾਵੇ।
ਇਹ ਵੀ ਪੜ੍ਹੋ- ਤਰਨਤਾਰਨ 'ਚ ਅੰਮ੍ਰਿਤਧਾਰੀ ਔਰਤ ਦੇ ਕਤਲ ਕਾਂਡ 'ਚ ਨਵਾਂ ਮੋੜ
ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੇ ਮੁਖੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਕਿਉਂਕਿ ਉਹ ਛੁੱਟੀ ’ਤੇ ਸਨ। ਉਨ੍ਹਾਂ ਦੱਸਿਆ ਕਿ ਮੈਂ ਥਾਣੇ ਦੇ ਮੁਨਸ਼ੀ ਅਤੇ ਹੋਰ ਡਿਊਟੀ ਅਫਸਰ ਪਾਸੋਂ ਜਾਣਕਾਰੀ ਹਾਸਲ ਕਰਾਂਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਰਨਤਾਰਨ 'ਚ ਹੋਏ ਸਰਪੰਚ ਕਤਲ ਕਾਂਡ ਵਿਚ ਸਨਸਨੀਖੇਜ਼ ਖੁਲਾਸਾ
NEXT STORY