ਚੰਡੀਗਡ਼੍ਹ, (ਰਾਏ)- ਸ਼ਹਿਰ ਦੇ ਸਫਾਈ ਕਰਮਚਾਰੀਆਂ ਨੇ ਨਗਰ ਨਿਗਮ ਨੂੰ ਸਾਫ਼ ਕਹਿ ਦਿੱਤਾ ਹੈ ਕਿ ਉਹ ਸ਼ਹਿਰ ਦੇ ਘਰਾਂ ਵਿਚੋਂ ਕੂਡ਼ਾ ਨਹੀਂ ਚੁੱਕਣਗੇ। ਉਨ੍ਹਾਂ ਦਾ ਕੰਮ ਸ਼ਹਿਰ ਦੀ ਸਾਫ਼-ਸਫਾਈ ਵਿਵਸਥਾ ਨੂੰ ਦਰੁਸਤ ਕਰਨਾ ਹੈ, ਨਾ ਕਿ ਲੋਕਾਂ ਦੇ ਘਰਾਂ ’ਚੋਂ ਕੂਡ਼ਾ ਇਕੱਠਾ ਕਰਨਾ। ਬੁੱਧਵਾਰ ਨੂੰ ਨਗਰ ਨਿਗਮ ਵਲੋਂ ਸ਼ਹਿਰ ਭਰ ਵਿਚ 52 ਗੱਡੀਆਂ ਡੋਰ-ਟੂ-ਡੋਰ ਕੂਡ਼ਾ ਇਕੱਠਾ ਕਰਨ ਲਈ ਭੇਜੀਆਂ ਗਈਆਂ। ਇਸ ’ਚ ਸਫਾਈ ਕਰਮਚਾਰੀਆਂ ਦੀ ਤਾਇਨਾਤੀ ’ਤੇ ਵੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਦਬਾਅ ਬਣਾਇਆ ਪਰ ਸਫਾਈ ਯੂਨੀਅਨ ਵਲੋਂ ਇਸ ਸਬੰਧੀ ਸਾਫ਼ ਇਨਕਾਰ ਕਰ ਦਿੱਤਾ ਗਿਆ।
ਨਿਗਮ ਸਫਾਈ ਕਰਮਚਾਰੀ ਯੂਨੀਅਨ ਦੇ ਮੈਂਬਰ ਬੁੱਧਵਾਰ ਸਵੇਰੇ ਸਪੈਸ਼ਲ ਕਮਿਸ਼ਨਰ ਸੰਜੇ ਕੁਮਾਰ ਝਾਅ ਨੂੰ ਵੀ ਮਿਲੇ ਤੇ ਉਨ੍ਹਾਂ ਨੂੰ ਸਪੱਸ਼ਟ ਕਰ ਦਿੱਤਾ ਕਿ ਵੀਰਵਾਰ ਤੋਂ ਸ਼ਹਿਰ ’ਚ ਡੋਰ-ਟੂ-ਡੋਰ ਗਾਰਬੇਜ ਕੁਲੈਕਸ਼ਨ ਵਿਚ ਸਫਾਈ ਕਰਮਚਾਰੀਆਂ ਦੀ ਨਿਯੁਕਤੀ ਸਬੰਧੀ ਕੋਈ ਵੀ ਦਬਾਅ ਨਾ ਬਣਾਇਆ ਜਾਵੇ। ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਚੱਢਾ ਨੇ ਦੱਸਿਆ ਕਿ ਨਗਰ ਨਿਗਮ ਦੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਸਫਾਈ ਕਰਮਚਾਰੀਆਂ ’ਤੇ ਇਸ ਸਬੰਧੀ ਦਬਾਅ ਬਣਾ ਰਹੇ ਹਨ ਕਿ ਸ਼ਹਿਰ ਤੋਂ ਡੋਰ-ਟੂ-ਡੋਰ ਗਾਰਬੇਜ ਕੁਲੈਕਟ ਕਰੋ।
ਕ੍ਰਿਸ਼ਨ ਕੁਮਾਰ ਚੱਢਾ ਮੁਤਾਬਕ ਉਨ੍ਹਾਂ ਦੀ ਸਫਾਈ ਕਰਮਚਾਰੀ ਯੂਨੀਅਨ ਦਾ ਸਹਿਯੋਗ ਪਹਿਲਾਂ ਹੀ ਡੋਰ-ਟੂ-ਡੋਰ ਗਾਰਬੇਜ ਕੁਲੈਕਸ਼ਨ ਸੋਸਾਇਟੀ ਦੇ ਮੈਬਰਾਂ ਨਾਲ ਹੈ। ਇਸ ਲਈ ਫਿਲਹਾਲ ਉਨ੍ਹਾਂ ਵਲੋਂ ਅਜੇ ਇਸ ਮਾਮਲੇ ’ਤੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਉਥੇ ਹੀ ਜੇਕਰ ਜ਼ਿਆਦਾ ਦਬਾਅ ਬਣਾਇਆ ਗਿਆ ਤਾਂ ਸ਼ਹਿਰ ਦੀ ਸਾਫ਼-ਸਫਾਈ ਦੇ ਕੰਮ ਨੂੰ ਵੀ ਉਹ ਲੋਕ ਠੱਪ ਕਰ ਸਕਦੇ ਹਨ। ਉਥੇ ਹੀ ਡੋਰ-ਟੂ-ਡੋਰ ਕੁਲੈਕਸ਼ਨ ਸੋਸਾਇਟੀ ਦੇ ਮੈਂਬਰਾਂ ਨੇ ਐਲਾਨ ਕੀਤਾ ਹੈ ਕਿ ਉਹ ਵੀਰਵਾਰ ਤੋਂ ਸ਼ਹਿਰ ’ਚ ਚੱਕਾ ਜਾਮ ਕਰਨਗੇ।
ਮੈਂਬਰ ਪਿੱਛੇ ਹਟਣ ਲਈ ਤਿਆਰ ਨਹੀਂ
ਡੋਰ-ਟੂ-ਡੋਰ ਗਾਰਬੇਜ ਕੁਲੈਕਸ਼ਨ ਸੋਸਾਇਟੀ ਦੇ ਮੈਂਬਰ ਵੀ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਮੰਗਲਵਾਰ ਰਾਤ ਨੂੰ ਜਿਵੇਂ ਹੀ ਪੁਲਸ ਵਲੋਂ ਸੈਕਟਰ-34 ਅਤੇ 39 ਦੇ ਥਾਣਿਆਂ ’ਚੋਂ ਇਨ੍ਹਾਂ ਲੋਕਾਂ ਨੂੰ ਛੱਡਿਆ ਗਿਆ ਤਾਂ ਇਹ ਲੋਕ ਦੁਬਾਰਾ ਪੈਦਲ ਚੱਲ ਕੇ ਸਡ਼ਕਾਂ ’ਤੇ ਭਾਜਪਾ ਤੇ ਨਗਰ ਨਿਗਮ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਸੈਕਟਰ-38 ਸਥਿਤ ਡੰਪਿੰਗ ਗਰਾਊਂਡ ਪਹੁੰਚ ਗਏ। ਬੁੱਧਵਾਰ ਸਵੇਰੇ ਮੁਡ਼ ਇਨ੍ਹਾਂ ਨੂੰ ਪੁਲਸ ਵਲੋਂ ਹਿਰਾਸਤ ’ਚ ਲੈ ਲਿਆ ਗਿਆ। ਬੁੱਧਵਾਰ ਦੇਰ ਰਾਤ ਤਕ ਇਹ ਪੁਲਸ ਥਾਣਾ ਸੈਕਟਰ-34 ’ਚ ਹੀ ਮੌਜੂਦ ਸਨ। ਸੋਸਾਇਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਫਿਲਹਾਲ ਪੁਲਸ ਜਦੋਂ ਵੀ ਇਨ੍ਹਾਂ ਨੂੰ ਛੱਡੇਗੀ, ਇਹ ਦੁਬਾਰਾ ਡੰਪਿੰਗ ਗਰਾਊਂਡ ਵਿਚ ਪਹੁੰਚ ਜਾਣਗੇ ਤੇ ਕਿਸੇ ਵੀ ਹਾਲਤ ’ਚ ਨਗਰ ਨਿਗਮ ਨੂੰ ਇਹ ਕੰਮ ਨਹੀਂ ਕਰਨ ਦਿੱਤਾ ਜਾਵੇਗਾ।
ਹਰ ਵਾਰਡ ’ਚ ਭੇਜੀਆਂ ਗਈਆਂ 2 ਗੱਡੀਆਂ
ਨਿਗਮ ਨੇ ਹਰ ਇਕ ਵਾਰਡ ’ਚ 2 ਗੱਡੀਆਂ ਭੇਜੀਆਂ। ਕੁੱਲ 26 ਵਾਰਡਾਂ ’ਚ 52 ਗੱਡੀਆਂ ਨੂੰ ਸਵੇਰੇ ਮੇਅਰ ਦੇਵੇਸ਼ ਮੌਦਗਿਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਨ੍ਹਾਂ ਗੱਡੀਆਂ ’ਚ ਪੁਲਸ ਕਰਮਚਾਰੀਆਂ ਦੀ ਡਿਊਟੀ ਵੀ ਲਾਈ ਗਈ ਹੈ। ਉਥੇ ਹੀ ਨਿਗਮ ਦੇ ਦੋ ਕਰਮਚਾਰੀ ਹਰ ਇਕ ਗੱਡੀ ਵਿਚ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਨੇ ਸ਼ਹਿਰ ਭਰ ਤੋਂ ਡੋਰ-ਟੂ-ਡੋਰ ਗਾਰਬੇਜ ਕੁਲੈਕਟ ਕੀਤਾ। ਉਥੇ ਹੀ ਹਰ ਇਕ ਵਾਰਡ ਦੇ ਕੌਂਸਲਰਾ ਨੂੰ ਇਸ ਸਬੰਧੀ ਸਹਿਯੋਗ ਦੇਣ ਲਈ ਕਿਹਾ ਗਿਆ ਹੈ। ਇੰਜੀਨੀਅਰਿੰਗ ਵਿੰਗ ਦੇ ਅਧਿਕਾਰੀ, ਸੈਨੀਟੇਸ਼ਨ ਵਿੰਗ ਦੇ ਅਧਿਕਾਰੀ, ਸਬ-ਡਵੀਜ਼ਨ ਇੰਜਨੀਅਰ, ਜੂਨੀਅਰ ਇੰਜਨੀਅਰ ਨੂੰ ਇਸ ਕੰਮ ਦੀ ਸੁਪਰਵਿਜ਼ਨ ਦਾ ਕੰਮ ਸੌਂਪਿਆ ਗਿਆ ਹੈ। ਰਾਮਦਰਬਾਰ ’ਚ ਬੁੱਧਵਾਰ ਨੂੰ ਜਦੋਂ ਨਿਗਮ ਦੀਆਂ ਗੱਡੀਆਂ ਪਹੁੰਚੀਆਂ ਤਾਂ ਉਥੇ ਕੁਝ ਲੋਕਾਂ ਨੇ ਚਾਲਕਾਂ ਤੋਂ ਚਾਬੀਆਂ ਖੋਹਣ ਦੀ ਕੋਸ਼ਿਸ਼ ਕੀਤੀ। ਐੱਮ. ਓ. ਐੱਚ. ਦੇ ਇੰਸਪੈਕਟਰ ਰਵਿੰਦਰ ਨੇ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ ਤੇ ਪੁਲਸ ਦੀ ਮਦਦ ਨਾਲ ਗੱਡੀਆਂ ਨੂੰ ਉਥੋਂ ਭੇਜ ਦਿੱਤਾ ਗਿਆ।
ਵਿਸ਼ੇਸ਼ ਬੈਠਕ ’ਚ ਭਾਜਪਾ ਕੌਂਸਲਰ ਉਲਝੇ
ਸ਼ਹਿਰ ਭਰ ਤੋਂ ਕੂਡ਼ਾ ਇਕੱਠਾ ਕਰਨ ’ਤੇ ਵਿਚਾਰ ਕਰਨ ਲਈ ਮੇਅਰ ਦੇਵੇਸ਼ ਮੌਦਗਿਲ ਵਲੋਂ ਮੰਗਲਵਾਰ ਨੂੰ ਸਾਰੇ ਕੌਂਸਲਰਾਂ ਦੀ ਸਪੈਸ਼ਲ ਮੀਟਿੰਗ ਬੁਲਾਈ ਗਈ। ਮੀਟਿੰਗ ’ਚ ਸਾਰਿਆਂ ਦੀ ਸਹਿਮਤੀ ਨਾਲ ਇਹ ਤੈਅ ਕਰਨਾ ਸੀ ਕਿ ਆਉਣ ਵਾਲੇ ਦਿਨਾਂ ’ਚ ਹਰ ਇਕ ਵਾਰਡ ’ਚ ਡੋਰ-ਟੂ-ਡੋਰ ਗਾਰਬੇਜ ਕੁਲੈਕਸ਼ਨ ਦਾ ਕੰਮ ਨਿਗਮ ਕੌਂਸਲਰਾਂ ਦੇ ਸਹਿਯੋਗ ਨਾਲ ਕਿਵੇਂ ਠੀਕ ਢੰਗ ਨਾਲ ਚੱਲ ਸਕਦਾ ਹੈ ਪਰ ਇਸ ਮੀਟਿੰਗ ਵਿਚ ਭਾਜਪਾ ਦੇ ਹੀ ਕੌਂਸਲਰ ਆਪਸ ਵਿਚ ਉਲਝ ਗਏ ਤੇ ਇਕ-ਦੂਜੇ ’ਤੇ ਹੀ ਦੋਸ਼ ਲਾਉਣ ਲੱਗੇ।
ਭਾਜਪਾ ’ਚ ਹੋਏ ਇਸ ਵਿਰੋਧ ਕਾਰਨ ਕਾਂਗਰਸ ਪਾਰਟੀ ਦੇ ਚਾਰ ਕੌਂਸਲਰਾਂ ਨੇ ਵਾਕਆਊਟ ਕਰ ਦਿੱਤਾ। ਕਾਂਗਰਸੀ ਕੌਂਸਲਰ ਤੇ ਨਿਗਮ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਦੇਵਿੰਦਰ ਸਿੰਘ ਬਬਲਾ ਨੇ ਕਿਹਾ ਕਿ ਬੁੱਧਵਾਰ ਸਵੇਰੇ ਮੇਅਰ ਨੇ ਨਗਰ ਨਿਗਮ ਦੀ ਕੂਡ਼ੇ ਦੇ ਮੁੱਦੇ ’ਤੇ ਸਪੈਸ਼ਲ ਮੀਟਿੰਗ ਸਵੇਰੇ 9 ਵਜੇ ਬੁਲਾਈ। ਮੀਟਿੰਗ ’ਚ ਭਾਜਪਾ ਦੇ ਕੌਂਸਲਰ ਬੁਰੀ ਤਰ੍ਹਾਂ ਆਪਸ ’ਚ ਭਿਡ਼ ਗਏ। ਬਬਲਾ ਨੇ ਮੇਅਰ ਨੂੰ ਸਖਤ ਹੱਥੀਂ ਲੈਂਦਿਆਂ ਕਿਹਾ ਕਿ ਤੁਸੀਂ ਇਸ ਮੁੱਦੇ ’ਤੇ ਬੁਰੀ ਤਰ੍ਹਾਂ ਫੇਲ ਹੋਏ ਹੋ। ਅਸੀਂ ਸ਼ਹਿਰ ਦੀ ਭਲਾਈ ਲਈ ਤੁਹਾਡਾ ਸਾਥ ਦਿੱਤਾ ਪਰ ਤੁਸੀਂ ਸਾਡੇ ਨਾਲ ਰਾਜਨੀਤੀ ਕਰ ਰਹੇ ਹੋ। ਤੁਸੀਂ ਆਪਣੇ ਕੁਝ ਕੌਂਸਲਰਾਂ ਨੂੰ ਕੂਡ਼ਾ ਚੁੱਕਣ ਵਾਲਿਆਂ ਦੇ ਨਾਲ ਲਾ ਦਿੱਤਾ, ਇਥੇ ਤੁਸੀਂ ਕੁਝ ਹੋਰ ਗੱਲ ਕਰ ਰਹੇ ਹੋ। ਅੱਜ ਹਰ ਘਰ ਵਿਚ ਕੂਡ਼ਾ ਭਰਿਆ ਪਿਆ ਹੈ ਤੇ ਕੂਡ਼ਾ ਚੁੱਕਣ ਵਾਲਿਆਂ ਨੂੰ ਬੇਰੋਜ਼ਗਾਰ ਕਰਕੇ ਤੁਸੀਂ ਉਨ੍ਹਾਂ ਨੂੰ ਜੇਲਾਂ ’ਚ ਭਰ ਦਿੱਤਾ ਹੈ।
ਐੱਚ. ਸੀ. ਐੱਸ. ਪੇਪਰ ਲੀਕ ਕੇਸ ’ਚ ਹੋਈ ਸੁਣਵਾਈ
NEXT STORY