ਪਟਿਆਲਾ (ਜੋਸਨ)—ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਆਖਿਆ ਹੈ ਕਿ ਪੰਥ ਦੇ ਭਲੇ ਅਤੇ ਏਕਤਾ ਲਈ ਸਭ ਨਿਹੰਗ ਸਿੰਘ ਧਿਰਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਛਾਉਣੀ ਬੁੱਢਾ ਦਲ ਹਜ਼ੂਰ ਸਾਹਿਬ ਨਾਂਦੇੜ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਮਾਨਤ ਹੈ। ਇਸ ਪ੍ਰਤੀ ਕਿਸੇ ਨੂੰ ਵੀ ਖਿਆਨਤ ਨਹੀਂ ਕਰਨ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਗੁਰੂ-ਕਾਲ ਤੋਂ ਹੀ ਇਸ ਅਸਥਾਨ ਦੀ ਸੇਵਾ ਬੁੱਢਾ ਦਲ ਕਰਦਾ ਆ ਰਿਹਾ ਹੈ। ਜਿਵੇਂ ਪਹਿਲਾਂ ਪ੍ਰਬੰਧ ਚਲਦਾ ਸੀ, ਉਵੇਂ ਹੀ ਚਲਦਾ ਰਹੇਗਾ। ਮਹਾਪੁਰਖ ਬਾਬਾ ਮਿੱਤ ਸਿੰਘ, ਬਾਬਾ ਧਰਮ ਸਿੰਘ, ਬਾਬਾ ਕਰਤਾਰ ਸਿੰਘ, ਬਾਬਾ ਸੇਵਾ ਸਿੰਘ, ਬਾਬਾ ਗੁਰਬਖਸ਼ ਸਿੰਘ ਅਤੇ ਬਾਬਾ ਪ੍ਰੇਮ ਸਿੰਘ (ਸਾਰੇ ਨਿਹੰਗ ਸਿੰਘ) ਕ੍ਰਮਵਾਰ ਸੇਵਾ ਨਿਭਾਉਂਦੇ ਰਹੇ ਹਨ। ਹੁਣ ਬੁੱਢਾ ਦਲ ਵੱਲੋਂ ਨਿਹੰਗ ਸਿੰਘ ਬਾਬਾ ਤੇਜਾ ਸਿੰਘ ਨੂੰ ਇਹ ਸੇਵਾ ਸੌਂਪੀ ਗਈ ਹੈ।
ਖਾਲਸਾ ਪੰਥ ਦੀਆਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨੂੰ ਇਕੱਤਰ ਹੋ ਕੇ ਬੁੱਢਾ ਦਲ ਦੀ ਇਸ ਸੰਪੱਤੀ ਨੂੰ ਪਹਿਲਾਂ ਦੀ ਤਰ੍ਹਾਂ ਹੀ ਸੰਭਾਲੀ ਰੱਖਣ ਲਈ ਸਹਿਯੋਗਮਈ ਹੋਣਾ ਚਾਹੀਦਾ ਹੈ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਗੁਰਮਤੇ ਅਨੁਸਾਰ ਹੀ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਅਸਥਾਨ ਦੀ ਸੇਵਾ ਬੁੱਢਾ ਦਲ ਵੱਲੋਂ ਡਾ. ਬਾਬਾ ਤੇਜਾ ਸਿੰਘ ਨਿਹੰਗ ਸਿੰਘ ਨੂੰ ਸੌਂਪੀ ਗਈ ਹੈ। ਇਸ ਕਾਰਜ ਦੀ ਸਫਲਤਾ ਲਈ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਵੰਤ ਸਿੰਘ, ਪੰਜ ਪਿਆਰੇ ਸਾਹਿਬਾਨ, ਬਾਬਾ ਬਲਵਿੰਦਰ ਸਿੰਘ ਅਤੇ ਬਾਬਾ ਨਰਿੰਦਰ ਸਿੰਘ ਕਾਰ-ਸੇਵਾ ਵਾਲਿਆਂ ਦਾ ਵੀ ਪੂਰਨ ਸਹਿਯੋਗ ਲਿਆ ਜਾਵੇਗਾ।
ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪੰਥ ਦੀ ਏਕਤਾ ਅਤੇ ਚੜ੍ਹਦੀ ਕਲਾ ਲਈ ਸਾਨੂੰ ਸਾਰਿਆਂ ਨੂੰ ਇਕਮੁੱਠ ਹੋ ਕੇ ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਕਹਿਣ ਦੀ ਜੁਅਰਤ ਰੱਖਣੀ ਚਾਹੀਦੀ ਹੈ। ਜੋ ਲੋਕ ਗਲਤਫਹਿਮੀ ਦਾ ਸ਼ਿਕਾਰ ਹੋ ਕੇ ਖਾਲਸਾ ਪੰਥ ਬੁੱਢਾ ਦਲ ਤੋਂ ਲਾਂਭੇ ਭਟਕ ਰਹੇ ਹਨ, ਉਹ ਬੁੱਢਾ ਦਲ ਦੀ ਸਰਪ੍ਰਸਤੀ ਹੇਠ ਆਉਣ। ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਪੂਰਾ ਦਿੱਤਾ ਜਾਵੇਗਾ।
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੇ 'ਗਿਆਨ ਉਤਸਵ' ਮੁਕਾਬਲੇ
NEXT STORY