ਪਟਿਆਲਾ, (ਪ. ਪ.)- ਪੰਜਾਬ ਪਾਵਰ ਨਿਗਮ ਦੀ ਟੈਕਨੀਕਲ ਸਰਵਿਸ ਯੂਨੀਅਨ (ਟੀ. ਐੈੱਸ. ਯੂ.) ਵੱਲੋਂ ਮੁਲਾਜ਼ਮ ਮੰਗਾਂ ਦੇ ਹੱਕ ਵਿਚ ਇਥੇ ਪਟਿਆਲਾ ਦੇ ਐੈੱਸ. ਈ. ਦਫ਼ਤਰ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਟੀ. ਐੈੱਸ. ਯੂ. ਪਟਿਆਲਾ ਦੇ ਪ੍ਰਧਾਨ ਜਤਿੰਦਰ ਸਿੰਘ ਚੱਢਾ ਦੀ ਅਗਵਾਈ ਹੇਠ ਲੱਗੇ ਇਸ ਧਰਨੇ ਵਿਚ ਸੈਂਕਡ਼ੇ ਦੀ ਗਿਣਤੀ ਵਿਚ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ ਤੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਧਾਨ ਜਤਿੰਦਰ ਸਿੰਘ ਚੱਢਾ ਤੇ ਸਕੱਤਰ ਪਰਮਜੀਤ ਸਿੰਘ ਨੇ ਦੱਸਿਆ ਕਿ ਜੱਥੇਬੰਦੀ ਨੇ ਸਟੇਟ ਕਮੇਟੀ ਦੇ ਸੱਦੇ ਤਹਿਤ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਸਾਂਝੇ ਤੌਰ ’ਤੇ ਇਹ ਰੋਸ ਧਰਨਾ ਦਿੱਤਾ ਗਿਆ ਹੈ। ਇਹ ਧਰਨਾ ਪ੍ਰਮੁੱਖ ਤੌਰ ’ਤੇ 1948 ਐਕਟ ਸੇਵਾ ਸ਼ਰਤਾਂ ਬਹਾਲ ਕਰਨ ਲਈ, ਵਧੇ ਕੰਮ ਭਾਰ ਅਨੁਸਾਰ ਰੈਗੂਲਰ ਭਰਤੀ ਕਰਵਾਉਣ ਸਬੰਧੀ, ਹਾਦਸਿਆਂ ਕਾਰਨ ਮ੍ਰਿਤਕ ਜਾਂ ਨਕਾਰਾ ਹੋਏ ਕਾਮਿਆਂ ਨੂੰ ਯੋਗ ਮੁਆਵਜ਼ਾ, ‘ਬਰਾਬਰ ਕੰਮ ਬਰਾਬਰ ਤਨਖਾਹ’, ਵਰਕ-ਟੂ-ਰੂਲ ਅਨੁਸਾਰ ਡਿਊਟੀ, ਡਿਸਮਿਸ ਆਗੂਆਂ ਨੂੰ ਬਹਾਲ ਕਰਵਾਉਣ ਲਈ, ਥਰਮਲ ਪਲਾਂਟ ਚਾਲੂ ਕਰਵਾਉਣ ਲਈ, ਪੇ-ਬੈਂਡ, ਗਰੇਡ-ਪੇ ਵਿਚ ਵਾਧਾ ਕਰਵਾਉਣ ਲਈ, 1.1.2016 ਤਨਖਾਹ ਸਕੇਲਾਂ ਦੀ ਸੁਧਾਈ, ਲਾਈਨਮੈਨ ਅਤੇ ਏ. ਐੈੱਲ. ਐੈੱਮ. ਨੂੰ ਪੈਟਰੋਲ ਭੱਤਾ ਦਿਵਾਉਣ ਲਈ, 2004 ਤੋਂ 2010 ਤੱਕ ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਨੌਕਰੀ ਦਾ ਹੱਕ ਦਿਵਾਉਣ ਲਈ, ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ’ਤੇ ਲਾਏ ਇਨਫਰਾ ਟੈਕਸ ਵਾਪਸ ਕਰਵਾਉਣ ਸਬੰਧੀ, ਬਿਨਾਂ ਸ਼ਰਤ 23 ਸਾਲਾ ਸਮਾਬੱਧ ਸਕੇਲ ਦਿਵਾਉਣ ਸਬੰਧੀ, ਸਾਰੇ ਕੈਟਾਗਰੀਆਂ ਦੀ ਪ੍ਰਮੋਸ਼ਨ ਕਰਵਾਉਣ ਸਬੰਧੀ, ਧਰਨੇ, ਮੁਜ਼ਾਹਰਿਆਂ ਉੱਪਰ ਲਾਈ ਪਾਬੰਦੀ ਖਤਮ ਕਰਵਾਉਣ ਅਤੇ ਕੋਰਟ ਕੇਸ ਵਾਪਸ ਕਰਵਾਉਣ, 1.1.2004 ਤੋਂ ਬਾਅਦ ਵਾਲੇ ਮੁਲਾਜ਼ਮ/ ਰਿਟਾਇਰ ਕਰਮਚਾਰੀਆਂ ਨੂੰ ਬਿਜਲੀ ਰਿਆਇਤ ਲਾਗੂ ਕਰਵਾਉਣ ਸਬੰਧੀ, ਲਾਈਨਮੈਨ ਤੋਂ ਜੇ. ਈ. ਦੀ ਤਰੱਕੀ ਵਾਸਤੇ ਬੰਦ ਕੀਤਾ ਡਿਪਾਰਟਮੈਂਟਲ ਟੈਸਟ ਦੁਬਾਰਾ ਚਾਲੂ ਕਰਵਾਉਣ ਸਬੰਧੀ ਲਾਇਆ ਗਿਆ। ਇਸ ਧਰਨੇ ਦੀ ਪ੍ਰਧਾਨਗੀ ਜਤਿੰਦਰ ਸਿੰਘ ਚੱਢਾ ਸਰਕਲ ਪ੍ਰਧਾਨ ਪਟਿਆਲਾ ਤੇ ਸਟੇਜ ਸਕੱਤਰੀ ਪਰਮਜੀਤ ਸਿੰਘ ਸਰਕਲ ਸਕੱਤਰ ਪਟਿਆਲਾ ਨੇ ਨਿਭਾਈ। ਇਸ ਧਰਨੇ ਨੂੰ ਸਾਥੀ ਬਨਾਰਸੀ ਦਾਸ ਪਸਿਆਣਾ ਮੀਤ ਪ੍ਰਧਾਨ ਪੰਜਾਬ, ਸੰਤੋਖ ਸਿੰਘ ਖਜ਼ਾਨਚੀ ਪੰਜਾਬ, ਸਾਥੀ ਬਿੱਕਰ ਖਾਂ ਸਟੇਟ ਕਮੇਟੀ ਮੈਂਬਰ ਪਾਵਰਕਾਮ ਠੇਕਾ ਯੂਨੀਅਨ, ਜਗਦੀਸ਼ ਕੁਮਾਰ ਸੂਬਾ ਸਲਾਹਕਾਰ ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ, ਜਤਿੰਦਰ ਸਿੰਘ ਚੱਢਾ ਸਰਕਲ ਪ੍ਰਧਾਨ, ਚਰਨਜੀਤ ਸਿੰਘ ਮੀਤ ਪ੍ਰਧਾਨ, ਪਰਮਜੀਤ ਸਿੰਘ ਸਰਕਲ ਸਕੱਤਰ ਪਟਿਆਲਾ, ਜੋਗਿੰਦਰ ਸਿੰਘ ਮੌਜੀ ਸਹਾਇਕ ਸਕੱਤਰ ਸਰਕਲ ਪਟਿਆਲਾ, ਹਰਜੀਤ ਸਿੰਘ ਪ੍ਰਧਾਨ ਸਬ-ਅਰਬਨ ਮੰਡਲ, ਬਰੇਸ਼ ਕੁਮਾਰ ਪ੍ਰਧਾਨ ਪੂਰਬ ਮੰਡਲ, ਰਾਮ ਚੰਦ ਸਿੰਘ ਪ੍ਰਧਾਨ ਮਾਡਲ ਟਾਊਨ ਮੰਡਲ, ਰੁਪਿੰਦਰ ਸਿੰਘ ਪ੍ਰਧਾਨ ਸਮਾਣਾ ਮੰਡਲ, ਹਰਿੰਦਰਪਾਲ ਸਿੰਘ ਸਕੱਤਰ ਸਬ-ਅਰਬਨ ਮੰਡਲ, ਅਵਤਾਰ ਸਿੰਘ ਸਕੱਤਰ ਮਾਡਲ ਟਾਊਨ ਅਤੇ ਸਬ-ਡਵੀਜ਼ਨ ਅਹੁਦੇਦਾਰਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਵੱਲੋਂ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਤੋਂ ਮੰਗ ਕੀਤੀ ਗਈ ਕਿ ਟੀ. ਐੈੱਸ. ਯੂ. ਪੰਜਾਬ ਵੱਲੋਂ ਦਿੱਤੇ ਮੁਲਾਜ਼ਮ ਮੰਗ-ਪੱਤਰ ਨੂੰ ਤੁਰੰਤ ਲਾਗੂ ਕੀਤਾ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿਚ ਜੱਥੇਬੰਦੀ ਦੇ ਪੰਜਾਬ ਯੂਨਿਟ ਵੱਲੋਂ ਉਲੀਕੇ ਸੰਘਰਸ਼ ਪ੍ਰੋਗਰਾਮਾਂ ਨੂੰ ਲਾਗੂ ਕੀਤਾ ਜਾਵੇਗਾ।
8 ਜ਼ਿਲਿਆਂ 'ਚ 54 ਬੂਥਾਂ 'ਤੇ ਮੁੜ ਪੋਲਿੰਗ ਦਾ ਹੁਕਮ
NEXT STORY