ਕੋਟ ਈਸੇ ਖਾਂ (ਛਾਬੜਾ) - ਪਿੰਡ ਰੰਡਿਆਲਾ ਵਿਖੇ ਖੇਤਾਂ 'ਚ ਬੰਦ ਪਈ ਹਵੇਲੀ 'ਚੋਂ ਕਰੀਬ ਡੇਢ ਲੱਖ ਰੁਪਏ ਦੇ ਖੇਤੀਬਾੜੀ ਸੰਦ ਚੋਰੀ ਹੋਣ ਦੀ ਸੂਚਨਾ ਮਿਲੀ ਹੈ, ਜਿਸ ਦੇ ਬਾਰੇ ਪੀੜਤ ਕਿਸਾਨ ਨਿਰਮਲ ਸਿੰਘ ਵਲੋਂ ਪੁਲਸ ਚੌਕੀ ਬਲਖੰਡੀ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ। ਹਵੇਲੀ ਦੇ ਮਾਲਕ ਅਮਰਜੀਤ ਸਿੰਘ ਪੁੱਤਰ ਸੋਹਨ ਸਿੰਘ ਰੰਡਿਆਲਾ ਨੇ ਦੱਸਿਆ ਕਿ ਉਹ 7-8 ਮਹੀਨੇ ਪਹਿਲਾਂ ਆਪਣੀ ਰਿਹਾਇਸ਼ ਪਿੰਡ ਲੈ ਗਏ ਸਨ ਤੇ ਖੇਤਾਂ ਵਿਚਲਾ 'ਘਰ' ਖਾਲੀ ਹੋ ਜਾਣ 'ਤੇ ਉਸ ਘਰ 'ਚ ਕਿਸਾਨ ਨਿਰਮਲ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਪਿਛਲੇ 4-5 ਮਹੀਨਿਆਂ ਤੋਂ ਆਪਣੇ ਖੇਤੀਬਾੜੀ ਸੰਦ ਰੱਖਣੇ ਸ਼ੁਰੂ ਕਰ ਦਿੱਤੇ ਸਨ। ਅੱਜ ਜਦੋਂ ਉਹ ਹਵੇਲੀ ਗੇੜਾ ਮਾਰਨ ਆਏ ਤਾਂ ਹਵੇਲੀ ਦੇ ਦਰਵਾਜ਼ੇ ਦਾ ਜਿੰਦਰਾ ਟੁੱਟਾ ਹੋਇਆ ਸੀ ਤੇ ਨਿਰਮਲ ਸਿੰਘ ਦੀ ਟਰਾਲੀ, ਤਵੀਆਂ ਤੇ ਹਲ ਗਾਇਬ ਸਨ, ਜਿਸ ਦੀ ਸੂਚਨਾ ਉਨ੍ਹਾਂ ਤੁਰੰਤ ਨਿਰਮਲ ਸਿੰਘ ਨੂੰ ਫ਼ੋਨ 'ਤੇ ਦਿੱਤੀ।
ਪੀੜਤ ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦਾ ਕਰੀਬ ਡੇਢ ਲੱਖ ਰੁਪਏ ਤੋਂ ਉੱਪਰ ਦਾ ਨੁਕਸਾਨ ਹੋ ਗਿਆ ਹੈ ਤੇ ਉਸ ਮੁਤਾਬਕ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਕੋਈ ਜਾਣਕਾਰ ਹੀ ਲੱਗਦਾ ਹੈ। ਹਵੇਲੀ ਮਾਲਕ ਅਮਰਜੀਤ ਸਿੰਘ ਅਨੁਸਾਰ ਪਹਿਲਾਂ ਉਹ ਰੋਜ਼ਾਨਾ ਇੱਥੇ ਚੱਕਰ ਮਾਰਿਆ ਕਰਦੇ ਸਨ ਪਰ ਪਿਛਲੇ ਦਿਨੀਂ ਸੱਟ ਲੱਗਣ ਕਾਰਨ ਉਨ੍ਹਾਂ ਦਾ ਹਵੇਲੀ ਗੇੜਾ ਨਹੀਂ ਲੱਗਾ। ਇਸ ਮੌਕੇ ਜਸਵੀਰ ਸਿੰਘ ਸਾਬਕਾ ਪੰਚ, ਬਲਜੀਤ ਸਿੰਘ, ਹਰਮੇਲ ਸਿੰਘ, ਗੁਰਮੇਲ ਸਿੰਘ ਆਦਿ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਅਣਪਛਾਤੇ ਚੋਰਾਂ ਦੀ ਭਾਲ ਕਰਕੇ ਪੀੜਤ ਕਿਸਾਨ ਨਿਰਮਲ ਸਿੰਘ ਨੂੰ ਇਨਸਾਫ਼ ਦਿਵਾਇਆ ਜਾਵੇ ।
26 ਸਾਲ ਨੌਜਵਾਨ ਨੇ ਪੱਖੇ ਨਾਲ ਲਿਆ ਫਾਹਾ, ਮੌਤ
NEXT STORY