ਅੱਪਰਾ (ਦੀਪਾ)- ਅੱਜ ਇਲਾਕੇ ਭਰ ’ਚ ਉਸ ਸਮੇਂ ਤਣਾਅ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਅੱਪਰਾ ਦੇ ਕਰੀਬੀ ਪਿੰਡ ਛੋਕਰਾਂ ਦੇ ਬੱਸ ਅੱਡੇ ਦੇ ਨਜ਼ਦੀਕ ਰਸਤੇ ’ਚ ਗੁਟਕਾ ਸਾਹਿਬ ਦੇ ਅਗਨ ਭੇਟ ਕੀਤੇ ਹੋਏ ਅੰਗ ਮਿਲੇ, ਜਿਸ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀ ਇਕੱਤਰ ਹੋਣੇ ਸ਼ੁਰੂ ਹੋ ਗਏ ਤੇ ਗਹਿਮਾ-ਗਹਿਮੀ ਵਾਲਾ ਮਾਹੌਲ ਬਣ ਗਿਆ।
ਪ੍ਰਾਪਤ ਵੇਰਵਿਆਂ ਅਨੁਸਾਰ ਪਿੰਡ ਛੋਕਰਾਂ ਦਾ ਵਸਨੀਕ ਇਕ ਵਿਅਕਤੀ ਬਾਅਦ ਦੁਪਹਿਰ 3 ਵਜੇ ਜਦੋਂ ਬੱਸ ਅੱਡੇ ਦੇ ਸਾਹਮਣੇ ਵਾਲੇ ਰਸਤੇ ’ਚੋਂ ਲੰਘ ਰਿਹਾ ਸੀ ਤਾਂ ਉਸ ਨੂੰ ਰਸਤੇ ਦੇ ਇਕ ਕੋਨੇ ’ਚ ਗੁਟਕਾ ਸਾਹਿਬ ਦੇ ਅਗਨ ਭੇਟ ਕੀਤੇ ਹੋਏ ਅੰਗ ਮਿਲੇ, ਜਿਸ ਦੀ ਸੂਚਨਾ ਉਸ ਨੇ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ। ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਦੀ ਸੂਚਨਾ ਫਿਲੌਰ ਪੁਲਸ ਅਤੇ ਪਿੰਡ ਦੀ ਪੰਚਾਇਤ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਰਬਜੀਤ ਸਿੰਘ ਐੱਸ. ਪੀ. (ਡੀ.) ਜਲੰਧਰ, ਸੁੱਖਾ ਸਿੰਘ ਐੱਸ. ਐੱਚ. ਓ. ਫਿਲੌਰ, ਕੇਵਲ ਸਿੰਘ ਐੱਸ. ਐੱਚ. ਓ. ਗੁਰਾਇਆ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ। ਪੁਲਸ ਅਧਿਕਾਰੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਗੁਟਕਾ ਸਾਹਿਬ ਦੇ ਅੰਗਾਂ ਨੂੰ ਇਕੱਤਰ ਕੀਤਾ। ਇਸ ਮੌਕੇ ਜਰਨੈਲ ਸਿੰਘ ਪ੍ਰਧਾਨ, ਮੁਹੰਮਦ ਸਰਵਰ ਮੱਖਣ ਮੈਂਬਰ ਪੰਚਾਇਤ, ਮੱਖਣ ਸਿੰਘ ਸਾਬਕਾ ਥਾਣੇਦਾਰ, ਪਰਮਜੀਤ ਕੌਰ ਮੈਂਬਰ ਪੰਚਾਇਤ, ਗੁਰਪਾਲ ਮੈਂਬਰ ਪੰਚਾਇਤ, ਬਾਵਾ ਸਿੰਘ ਮੈਂਬਰ ਪੰਚਾਇਤ, ਸੁਰਜੀਤ ਸਿੰਘ ਸਾਬਕਾ ਮੈਂਬਰ ਪੰਚਾਇਤ, ਅਵਤਾਰ ਸਿੰਘ, ਰਣਜੀਤ ਸਿੰਘ ਰਾਣਾ, ਪਵਨਦੀਪ ਛੋਕਰ, ਸਰਬਜੀਤ ਜੀਤਾ ਅਤੇ ਹੋਰ ਇਲਾਕਾ ਵਾਸੀ ਵੀ ਹਾਜ਼ਰ ਸਨ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ-ਪਡ਼ਤਾਲ ਕੀਤੀ ਜਾ ਰਹੀ ਹੈ। ਥਾਣਾ ਮੁਖੀ ਫਿਲੌਰ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਥਿਤ ਦੋਸ਼ੀ ਅੰਬਿਕਾ ਛਿੱਬਰ ਪਤਨੀ ਭਗਵੰਤ ਛਿੱਬਰ ਵਾਸੀ ਪਿੰਡ ਛੋਕਰਾਂ ਥਾਣਾ ਫਿਲੌਰ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈੈ।
ਮਨਰੇਗਾ ਸਕੀਮ ਘੋਟਾਲਾ : ਤ੍ਰਿਪਤ ਬਾਜਵਾ ਵਲੋਂ 5 ਅਧਿਕਾਰੀਆਂ ਦੀ ਬਰਖਾਸਤਗੀ ਦੇ ਹੁਕਮ
NEXT STORY