ਚੰਡੀਗਡ਼੍ਹ, (ਰਾਏ)- ਨਗਰ ਨਿਗਮ ਨੂੰ ਅਖੀਰ 21 ਦਿਨਾਂ ਬਾਅਦ ਡੋਰ-ਟੂ-ਡੋਰ ਗਾਰਬੇਜ ਕੁਲੈਕਟਰਾਂ ਦੀਆਂ ਮੰਗਾਂ ਮੰਨਣੀਆਂ ਹੀ ਪਈਆਂ ਅਤੇ ਉਸਨੂੰ ਆਪਣੇ ਤੌਰ ’ਤੇ ਘਰਾਂ ਤੋਂ ਕੂਡ਼ਾ ਚੁੱਕਣ ਦੇ ਫੈਸਲੇ ਨੂੰ ਵਾਪਿਸ ਲੈਣਾ ਪਿਆ। ਪਿਛਲੀ ਨਿਗਮ ਸਦਨ ਦੀ ਬੈਠਕ ’ਚ ਇਸ ਮਾਮਲੇ ’ਤੇ ਸਦਨ ’ਚ ਜੰਮ ਕੇ ਬਹਿਸ ਹੋਈ ਸੀ ਅਤੇ ਨਿਗਮ ਕਮਿਸ਼ਨਰ ਨੇ ਦਾਅਵਾ ਕੀਤਾ ਸੀ ਕਿ ਚਾਹੇ ਜੋ ਹੋ ਜਾਵੇ, ਨਿਗਮ ਆਪਣੇ ਇਸ ਇਤਿਹਾਸਿਕ ਫੈਸਲੇ ਤੋ ਪਿੱਛੇ ਨਹੀਂ ਹਟੇਗਾ। ਕਮਿਸ਼ਨਰ ਨੇ ਕਿਹਾ ਸੀ ਕਿ ਸ਼ਹਿਰ ਦੇ ਭਵਿੱਖ ਲਈ ਇਹ ਇਕ ਇਤਿਹਾਸਿਕ ਫੈਸਲਾ ਹੈ ਪਰ ਅੱਜ ਨਿਗਮ ਨੇ ਆਪਣੇ ਫੈਸਲੇ ਨੂੰ ਵਾਪਸ ਲਿਆ ਅਤੇ ਹੁਣ ਸ਼ਹਿਰ ਭਰ ’ਚ ਅੱਜ ਤੋਂ ਘਰਾਂ ਤੋਂ ਕੂਡ਼ਾ ਉੱਠਣ ਲੱਗੇਗਾ ਅਤੇ ਸੈਕਟਰਾਂ ’ਚ ਲੱਗੇ ਕੂਡ਼ੇ ਦੇ ਢੇਰ ਵੀ ਹਟਣਗੇ। ਨਗਰ ਨਿਗਮ ਵੱਲੋਂ ਡੋਰ-ਟੂ-ਡੋਰ ਗਾਰਬੇਜ ਕੁਲੈਕਸ਼ਨ ਸੋਸਾਇਟੀ ਦੇ ਮੈਂਬਰਾਂ ਦੀਆਂ ਮੰਗਾਂ ’ਤੇ ਸੋਮਵਾਰ ਦੇਰਰ ਕਰਦੇ ਹੋਏ ਐਲਾਨ ਕੀਤਾ ਕਿ ਸ਼ਹਿਰ ਵਿਚ ਇਹੀ ਲੋਕ ਕੂਡ਼ਾ ਉਠਾਉਣਗੇ ਪਰ ਨਗਰ ਨਿਗਮ ਵੱਲੋੋਂ ਬਣਾਈ ਗਈ ਪਾਲਿਸੀ ਅਨੁਸਾਰ।
ਮਤਲਬ ਇਨ੍ਹਾਂ ਲੋਕਾਂ ਨੂੰ ਨਗਰ ਨਿਗਮ ਵੱਲੋਂ ਦਿੱਤੇ ਗਏ ਆਦੇਸ਼ਾਂ ਅਨੁਸਾਰ ਹੀ ਲੋਕਾਂ ਦੇ ਘਰਾਂ ਤੋਂ ਗਿੱਲਾ ਅਤੇ ਸੁੱਕਾ ਕੂਡ਼ਾ ਸੈਗਰੀਗੇਟ ਕਰਨਾ ਹੋਵੇਗਾ। ਨਗਰ ਨਿਗਮ ਦੇ ਇਸ ਫੈਸਲੇ ਨਾਲ ਬੀਤੇ 21 ਦਿਨਾਂ ਤੋਂ ਡੋਰ-ਟੂ-ਡੋਰ ਗਾਰਬੇਜ ਕੁਲੈਕਸ਼ਨ ਸੋਸਾਇਟੀ ਦੇ ਮੈਂਬਰਾਂ ਦੀ ਚੱਲ ਰਹੀ ਹਡ਼ਤਾਲ ਵੀ ਖ਼ਤਮ ਹੋ ਗਈ ਹੈ। ਦਲਿਤ ਨੇਤਾ ਅਤੇ ਭਾਜਪਾ ਕੌਂਸਲਰ ਰਾਜੇਸ਼ ਕੁਮਾਰ ਕਾਲੀਆ ਨੇ ਦੱਸਿਆ ਕਿ ਸ਼ਾਮ ਨੂੰ ਮੇਅਰ ਦੇਵੇਸ਼ ਮੌਦਗਿਲ ਨਾਲ ਹੋਈ ਬੈਠਕ ਵਿਚ ਫੈਸਲਾ ਲਿਆ ਗਿਆ ਹੈ ਕਿ ਸ਼ਹਿਰ ’ਚ ਕੋਈ ਵੀ ਨਗਰ ਨਿਗਮ ਦੀਆਂ ਗੱਡੀਆਂ ਨਹੀਂ ਚਲਾਈਆਂ ਜਾਣਗੀਆਂ। ਇਹੀ ਲੋਕ ਆਪਣੀਅਾਂ-ਆਪਣੀਆਂ ਰੇਹਡ਼ੀਆਂ ’ਤੇ ਸ਼ਹਿਰ ਭਰ ’ਚੋਂ ਡੋਰ-ਟੂ-ਡੋਰ ਗਾਰਬੇਜ ਕੁਲੈਕਟ ਕਰਨਗੇ, ਨਾਲ ਹੀ ਲੋਕਾਂ ਤੋਂ ਕੂਡ਼ਾ ਚੁੱਕਣ ਦੇ ਰੁਪਏ ਵੀ ਇਹੀ ਲੋਕ ਲੈਣਗੇ।
ਡੋਰ-ਟੂ-ਡੋਰ ਗਾਰਬੇਜ ਕੁਲੈਕਸ਼ਨ ਸੋਸਾਇਟੀ ਦੇ ਪ੍ਰਧਾਨ ਜੈ ਕ੍ਰਿਸ਼ਣ ਡੁੱਲਾ ਨੇ ਦੱਸਿਆ ਕਿ ਬੈਠਕ ਵਿਚ ਜੋ ਵੀ ਫੈਸਲਾ ਲਿਆ ਗਿਆ ਹੈ, ਉਹ ਉਸ ਫੈਸਲੇ ਦਾ ਸਵਾਗਤ ਕਰਦੇ ਹਨ। ਉਥੇ ਹੀ ਅੱਜ ਤੋਂ ਸਾਰੇ ਲੋਕ ਕੰਮ ’ਤੇ ਪਰਤ ਰਹੇ ਹਨ ਅਤੇ ਨਗਰ ਨਿਗਮ ਵੱਲੋਂ ਦੱਸੇ ਅਨੁਸਾਰ ਹੀ ਸ਼ਹਿਰ ’ਚੋਂ ਕੂਡ਼ਾ ਚੁੱਕਿਆ ਜਾਵੇਗਾ ਅਤੇ ਸਵੱਛਤਾ ਦੇ ਪੈਮਾਨੇ ’ਤੇ ਨੰਬਰ ਪਹਿਲੇ ਸਥਾਨ ’ਤੇ ਨਗਰ ਨਿਗਮ ਨੂੰ ਲਿਆਉਣ ਲਈ ਸਾਰੇ ਡੋਰ-ਟੂ-ਡੋਰ ਗਾਰਬੇਜ ਕੁਲੈਕਸ਼ਨ ਦੇ ਮੈਂਬਰ ਆਪਣਾ ਪੂਰਾ ਸਹਿਯੋਗ ਦੇਣਗੇ ਅਤੇ ਗਿੱਲਾ ਕੂਡ਼ਾ ਨਗਰ ਨਿਗਮ ਨੂੰ ਦੇ ਦਿੱਤਾ ਜਾਵੇਗਾ ਅਤੇ ਸੁੱਕਾ ਕੂਡ਼ਾ ਇਹ ਲੋਕ ਖੁਦ ਡਿਸਪੋਜ ਆਫ ਕਰ ਦੇਣਗੇ, ਨਾਲ ਹੀ ਕੂਡ਼ੇ ਤੋਂ ਨਿਕਲਣ ਵਾਲਾ ਵੇਸਟ ਵੀ ਇਹੀ ਲੋਕ ਵੇਚਣਗੇ। ਉਥੇ ਹੀ ਦੇਰ ਸ਼ਾਮ ਮੇਅਰ ਦੇਵੇਸ਼ ਮੌਦਗਿਲ ਵੱਲੋਂ ਸੈਕਟਰ-38 ਸਥਿਤ ਡੰਪਿੰਗ ਗਰਾਊਂਡ ਜਾ ਕੇ ਡੋਰ-ਟੂ-ਡੋਰ ਗਾਰਬੇਜ ਕੁਲੈਕਸ਼ਨ ਸੋਸਾਇਟੀ ਦੇ ਮੈਂਬਰਾਂ ਨੂੰ ਜੂਸ ਪਿਲਾ ਕੇ ਹਡ਼ਤਾਲ ਨੂੰ ਖ਼ਤਮ ਕਰਵਾ ਦਿੱਤਾ।
ਸਿਆਸੀ ਖੇਡ ਵੀ ਖੂਬ ਚੱਲੀ : ਮੇਅਰ ਮੋਦਗਿਲ ਨੇ ਦੱਸਿਆ ਕਿ ਫਿਲਹਾਲ ਇਨ੍ਹਾਂ ਦੀਆਂ ਮੰਗਾਂ ਨੂੰ ਮੰਨ ਗਿਆ ਹੈ ਤੇ ਇਨ੍ਹਾਂ ਨੂੰ ਕੰਮ ’ਤੇ ਵਾਪਸ ਪਰਤਣ ਲਈ ਕਹਿ ਦਿੱਤਾ ਹੈ। ਨਗਰ ਨਿਗਮ ਆਪਣੀ ਵਿਵਸਥਾ ਲਾਗੂ ਕਰੇਗਾ ਤੇ ਜਦੋਂ ਤਕ ਨਗਰ ਨਿਗਮ ਦੀ ਵਿਵਸਥਾ ਲਾਗੂ ਨਹੀਂ ਹੋ ਜਾਂਦੀ। ਇਹੀ ਲੋਕ ਸ਼ਹਿਰ ਭਰ ’ਚੋਂ ਡੋਰ ਟੂ ਡੋਰ ਗਾਰਬੇਜ ਕੁਲੈਕਟ ਕਰਨਗੇ ਤੇ ਵਿਵਸਥਾ ਲਾਗੂ ਹੋ ਜਾਣ ਤੋਂ ਬਾਅਦ ਇਹ ਲੋਕ ਨਗਰ ਨਿਗਮ ਨੂੰ ਪੂਰਾ ਸਹਿਯੋਗ ਕਰਨਗੇ। ਡੋਰ-ਟੂ-ਡੋਰ ਗਾਰਬੇਜ ਕਲੈਕਸ਼ਨ ਦੇ ਵਰਤਮਾਨ ਸੰਕਟ ਦੇ ਹੱਲ ਅਤੇ ਕੁਲੈਕਟਰਾਂ ਦੀ ਹਡ਼ਤਾਲ ਤੋਂ ਬਾਅਦ ਪੈਦਾ ਹੋਏ ਗਤੀਰੋਧ ਨੂੰ ਖ਼ਤਮ ਕੀਤੇ ਜਾਣ ਦੀ ਦਿਸ਼ਾ ’ਚ ਸੋਮਵਾਰ ਦਿਨ ਭਰ ਮੇਅਰ ਰੂਮ ’ਚ ਬੈਠਕਾਂ ਦਾ ਦੌਰ ਚੱਲਿਆ। ਹਡ਼ਤਾਲ ਖਤਮ ਕੀਤੇ ਜਾਣ ਨੂੰ ਲੈ ਕੇ ਕੋਈ ਇਕ ਪੱਖ ਕ੍ਰੈਡਿਟ ਨਾ ਲੈ ਜਾਵੇ, ਇਸ ’ਤੇ ਸਿਆਸੀ ਖੇਡ ਵੀ ਜਾਰੀ ਰਹੀ। ਸਭ ਤੋਂ ਪਹਿਲਾਂ ਸੀਨੀਅਰ ਨੇਤਾ ਹਰਮੋਹਨ ਧਵਨ ਗਾਰਬੇਜ ਕੁਲੈਕਸ਼ਨ ਸੋਸਾਇਟੀ ਅਤੇ ਸਫਾਈ ਕਰਮਚਾਰੀ ਯੂਨੀਅਨ ਦੇ ਵਫ਼ਦ ਨਾਲ ਉਨ੍ਹਾਂ ਦੀ ਗੱਲ ਰੱਖਣ ਲਈ ਮੇਅਰ ਨੂੰ ਮਿਲਣ ਪੁੱਜੇ। ਪਹਿਲਾਂ ਧਵਨ ਨੇ ਨਵੀਂ ਵਿਵਸਥਾ ’ਤੇ ਸਵਾਲ ਚੁੱਕੇ, ਜਿਸ ’ਤੇ ਮੇਅਰ ਅਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
ਕਈਆਂ ਨੇ ਹਸਤਾਖਰ ਕਰਨ ਤੋਂ ਕਰ ਦਿੱਤਾ ਸੀ ਮਨ੍ਹਾ : ਗੱਲਬਾਤ ਦੌਰਾਨ ਇਹ ਸਹਿਮਤੀ ਵੀ ਬਣ ਗਈ ਕਿ ਸਾਰੇ ਕੁਲੈਕਟਰ ਤਿੰਨ ਮਹੀਨਿਆਂ ਤੱਕ ਨਵੀਂ ਵਿਵਸਥਾ ਲਾਗੂ ਹੋਣ ਤਕ ਕੰਮ ’ਤੇ ਪਰਤ ਜਾਣਗੇ। ਇਸ ਲਈ ਬਾਕਾਇਦਾ ਲਿਖਤੀ ’ਚ ਪੱਤਰ ਵੀ ਲਿਖਿਆ ਗਿਆ, ਇਸ ਤੋਂ ਪਹਿਲਾਂ ਕਿ ਪੱਤਰ ’ਤੇ ਕੁਲੈਕਟਰਾਂ ਦੀ ਸਹਿਮਤੀ ਦੇ ਹਸਤਾਖਰ ਕਰਦੇ ਸ਼ੁਰੂ ਤੋਂਂ ਨਵੀਂ ਪਾਲਿਸੀ ਦਾ ਵਿਰੋਧ ਕਰ ਰਹੇ ਕੌਂਸਲਰ ਰਾਜੇਸ਼ ਕਾਲੀਆ ਦੇ ਇੱਕ ਫੋਨ ਨਾਲ ਮਾਮਲਾ ਲਟਕਦਾ ਵਿਖਾਈ ਦੇਣ ਲੱਗਾ। ਕਈ ਕੁਲੈਕਟਰਾਂ ਨੇ ਪੱਤਰ ’ਤੇ ਹਸਤਾਖਰ ਕਰਨ ਤੋਂ ਮਨ੍ਹਾ ਕਰ ਦਿੱਤਾ। ਉਥੇ ਹੀ ਕੁਲੈਕਸ਼ਨ ਸੋਸਾਇਟੀ ਦਾ ਇਕ ਗੁੱਟ ਇਸ ਗੱਲ ਤੋਂ ਨਾਰਾਜ਼ ਸੀ ਕਿ ਉਨ੍ਹਾਂ ਨੂੰ ਬੈਠਕ ਲਈ ਨਾਲ ਨਹੀਂ ਲਿਜਾਇਆ ਗਿਆ।
ਇਸ ’ਚ ਗੱਲ ਬਣਦੀ ਨਾ ਦੇਖ ਕੇ ਧਵਨ ਵੀ ਨਾਰਾਜ਼ ਹੋ ਕੇ ਨਿਗਮ ’ਚੋਂ ਚਲਦੇ ਬਣੇ। ਇਸ ਦੌਰਾਨ ਗੱਲਬਾਤ ਦੇ ਇਸ ਪੂਰੇ ਦੌਰ ਵਿਚ ਨਾਮਜ਼ਦ ਕੌਂਸਲਰ ਸਚਿਨ ਲੋਹਟੀਆ ਸਮੇਤ ਕੌਂਸਲਰ ਸਤੀਸ਼ ਕੈਂਥ ਵਿਚੋਲੇ ਦੀ ਭੂਮਿਕਾ ’ਚ ਦਿਸੇ। ਗੱਲਬਾਤ ਬੇ-ਨਤੀਜਾ ਹੋਣ ’ਤੇ ਮੇਅਰ ਵੱਲੋਂ ਕੌਂਸਲਰ ਕਾਲੀਆ ਨੂੰ ਨਿਗਮ ਵਿਚ ਬੁਲਾਇਆ ਗਿਆ। ਤਦ ਤਕ ਬੀ. ਜੇ. ਪੀ. ਦੇ ਐੱਸ. ਸੀ. ਮੋਰਚੇ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਵੀ ਨਿਗਮ ’ਚ ਪਹੁੰਚ ਗਏ। ਨਿਗਮ ਵੱਲੋਂ ਪੇਸ਼ਕਸ਼ ਕੀਤੇ ਗਏ ਪ੍ਰਸਤਾਵ ’ਤੇ ਵੱਖ ਕਮਰੇ ’ਚ ਚਰਚਾ ਵੀ ਹੋਈ। ਕੌਂਸਲਰ ਕਾਲੀਆ ਨੂੰ ਉਹ ਪੱਤਰ ਵੀ ਹਸਤਾਖਰ ਲਈ ਦਿੱਤਾ ਗਿਆ ਜਿਸ ’ਚ ਕੁਲੈਕਟਰਾਂ ਨੇ ਆਪਣੀ ਸਹਿਮਤੀ ਦੇਣੀ ਸੀ। ਮੇਅਰ ਨਾਲ ਗੱਲਬਾਤ ਵਿਚ ਕੌਂਸਲਰ ਕਾਲੀਆ ਨੇ ਇਸ ਪੇਸ਼ਕਸ਼ ਸਬੰਧੀ ਪੱਤਰ ਨੂੰ ਸਦਨ ਦੀ ਬੈਠਕ ’ਚ ਲਿਆਏ ਜਾਣ ਦੀ ਮੰਗ ਕੀਤੀ।
ਅੱੱਜ ਤੋਂ ਚੱਲੇਗੀ ਜਾਗਰੂਕਤਾ ਮੁਹਿੰਮ : ਦਰਅਸਲ, ਮੰਗਲਵਾਰ ਮਤਲਬ 2 ਅਕਤੂਬਰ ਤੋਂ ਨਿਗਮ ਵੱਲੋਂ ਗਿੱਲਾ ਅਤੇ ਸੁੱਕਾ ਕੂਡ਼ਾ ਸੈਗਰੀਗੇਟ ਕੀਤੇ ਜਾਣ ਦੀ ਦਿਸ਼ਾ ’ਚ ਜਾਗਰੂਗਤਾ ਮੁਹਿੰਮ ਚਲਾਈ ਜਾਣੀ ਹੈ, ਇਸ ਤਰ੍ਹਾਂ ਦੀ ਮੁਹਿੰਮ ਬਿਨਾਂ ਕੁਲੈਕਟਰਾਂ ਦੇ ਸਹਿਯੋਗ ਬਿਨਾਂ ਸਫਲ ਹੋਣਾ ਸੰਭਵ ਨਹੀਂ ਹੈ। ਕੁਲੈਕਟਰਾਂ ਦਾ ਵਿਰੋਧ ਪ੍ਰਦਰਸ਼ਨ ਅਤੇ ਸ਼ਹਿਰ ਭਰ ’ਚ ਥਾਂ-ਥਾਂ ਕੂਡ਼ੇ ਦੇ ਢੇਰ ਤੋਂ ਸ਼ਹਿਰਵਾਸੀ ਪ੍ਰੇਸ਼ਾਨ ਚੱਲ ਰਹੇ ਹਨ, ਜਦੋਂਕਿ ਨਿਗਮ ਲਈ ਇਸ ਸਮੱਸਿਆ ਤੋਂ ਮੁਕਤੀ ਪਾਉਣਾ ਚੁਣੌਤੀ ਬਣਿਆ ਹੋਇਆ ਸੀ।
ਬੀਤੇ ਕਈ ਦਿਨਾਂ ਤੋਂ ਸ਼ਹਿਰ ਦੇ ਲੋਕ ਕੂਡ਼ੇ ਨੂੰ ਲੈ ਕੇ ਪ੍ਰੇਸ਼ਨ ਹੋ ਰਹੇ ਹਨ, ਇਸ ਗੱਲ ਨੂੰ ਕਰੀਬ 21 ਦਿਨ ਹੋ ਚੁੱਕੇ ਹਨ। ਸੈਕਟਰਾਂ ’ਚ ਥਾਂ-ਥਾਂ ਕੂਡ਼ੇ ਦੇ ਢੇਰ ਲੱਗੇ ਹੋਏ ਹਨ। ਸ਼ਹਿਰ ਦਾ ਹਰ ਇਕ ਨਿਵਾਸੀ ਨਗਰ ਨਿਗਮ ਦੀ ਕਾਰਜਪ੍ਰਣਾਲੀ ਤੋਂ ਖਫਾ ਚੱਲ ਰਿਹਾ ਹੈ। ਡੋਰ-ਟੂ-ਡੋਰ ਗਾਰਬੇਜ ਕੁਲੈਕਸ਼ਨ ਸੋਸਾਇਟੀ ਦੇ ਸਬੰਧ ’ਚ ਲਿਆ ਗਿਆ ਫੈਸਲਾ ਇੰਨੇ ਦਿਨਾਂ ਬਾਅਦ ਕਿਉਂ ਲਿਆ ਗਿਆ ਇਹ ਲੋਕਾਂ ਦੀ ਸਮਝ ਤੋਂ ਬਾਹਰ ਹੈ। ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਜਦੋਂ ਵੀ ਕੋਈ ਅਜਿਹੇ ਫੈਸਲੇ ਲਵੇ ਤਾਂ ਪਹਿਲਾਂ ਇਸ ਸਬੰਧ ’ਚ ਰੋਡਮੈਪ ਤਿਆਰ ਕਰੇ ਤੇ ਉਨ੍ਹਾਂ ਫੈਸਲਿਆਂ ਨਾਲ ਹੋਣ ਵਾਲੇ ਨੁਕਸਾਨ ’ਤੇ ਵੀ ਗੌਰ ਕਰੇ। ਜਨਤਾ ਨੂੰ ਵੀ ਆਪਣੇ ਫੈਸਲਿਆਂ ’ਚ ਸ਼ਾਮਲ ਕਰੇ, ਤਾਂ ਕਿ ਭਵਿੱਖ ’ਚ ਦੁਬਾਰਾ ਸ਼ਹਿਰ ਦੇ ਲੋਕ ਪ੍ਰੇਸ਼ਾਨ ਨਾ ਹੋਣ।
ਠੇਕੇਦਾਰ ਵਲੋਂ ਸਫਾਈ ਸੇਵਕਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਮੁੱਢਲੀਆਂ ਸਹੂਲਤਾਂ : ਪ੍ਰਿੰਸ
NEXT STORY