ਮਹਿਲ ਕਲਾਂ, (ਹਮੀਦੀ)—ਆਜ਼ਾਦੀ ਦਿਵਸ ਦੇ ਮੱਦੇਨਜ਼ਰ ਇਲਾਕੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਂਦੇ ਹੋਏ ਥਾਣਾ ਮਹਿਲ ਕਲਾਂ ਦੇ ਮੁਖੀ ਸੇਰਵਿੰਦਰ ਸਿੰਘ ਔਲਖ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਅੱਜ ਬਸ ਸਟੈਂਡ ਕਸਬਾ ਮਹਿਲ ਕਲਾਂ ਵਿਖੇ ਹੋਟਲਾਂ ਦੀ ਵਿਆਪਕ ਚੈਕਿੰਗ ਕੀਤੀ। ਇਸ ਮੌਕੇ ਥਾਣਾ ਮੁਖੀ ਸੇਰਵਿੰਦਰ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਵਾਈ ਬਰਨਾਲਾ ਦੇ ਐੱਸ. ਐੱਸ. ਪੀ. ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੁਲਿਸ ਸਬ-ਡਿਵੀਜ਼ਨ ਮਹਿਲ ਕਲਾਂ ਦੇ ਡੀ. ਐੱਸ. ਪੀ. ਜਤਿੰਦਰਪਾਲ ਸਿੰਘ ਦੀ ਰਹਿਨੁਮਾਈ ਹੇਠ ਕੀਤੀ ਗਈ।
ਉਨ੍ਹਾਂ ਕਿਹਾ ਕਿ 15 ਅਗਸਤ ਦੇ ਮੌਕੇ 'ਤੇ ਇਲਾਕੇ ਵਿੱਚ ਸ਼ਾਂਤੀ, ਕਾਨੂੰਨ-ਵਿਵਸਥਾ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਪੁਲਿਸ ਵੱਲੋਂ ਹੋਟਲਾਂ, ਧਰਮਸ਼ਾਲਿਆਂ ਅਤੇ ਹੋਰ ਸਰਵਜਨਿਕ ਥਾਵਾਂ ਦੀ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਹੋਟਲਾਂ ਵਿੱਚ ਟਿਕੇ ਹੋਏ ਮਹਿਮਾਨਾਂ ਦੇ ਪਹਿਚਾਣ ਪੱਤਰ, ਰਿਕਾਰਡ ਰਜਿਸਟਰ, ਸੁਰੱਖਿਆ ਉਪਕਰਣਾਂ ਦੀ ਹਾਲਤ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਪੁਲਿਸ ਨੇ ਹੋਟਲ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਦੀ ਤੁਰੰਤ ਸੂਚਨਾ ਥਾਣੇ ਨੂੰ ਦਿੱਤੀ ਜਾਵੇ।
ਥਾਣਾ ਮੁਖੀ ਔਲਖ ਨੇ ਕਿਹਾ ਕਿ ਇਲਾਕੇ ਵਿੱਚ ਅਮਨ-ਸ਼ਾਂਤੀ ਅਤੇ ਲੋਕਾਂ ਦੀ ਸੁਰੱਖਿਆ ਬਰਕਰਾਰ ਰੱਖਣਾ ਪੁਲਿਸ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਸਹਿਯੋਗ ਦੇਣ ਅਤੇ ਕਿਸੇ ਵੀ ਸ਼ੱਕੀ ਹਲਚਲ ਬਾਰੇ ਤੁਰੰਤ ਪੁਲਿਸ ਨੂੰ ਜਾਣਕਾਰੀ ਪਹੁੰਚਾਉਣ। ਇਸ ਮੌਕੇ ਏ. ਐੱਸ. ਆਈ ਕਿਰਨਜੀਤ ਸਿੰਘ ਅਤੇ ਏ. ਐੱਸ. ਆਈ. ਹਰਵਿੰਦਰ ਸਿੰਘ ਵੀ ਹਾਜ਼ਰ ਸਨ।
ਪੰਜਾਬ 'ਚ ਅਗਲੇ 3 ਦਿਨ ਅਹਿਮ! ਆਵੇਗਾ ਤੂਫ਼ਾਨ ਤੇ ਪਵੇਗਾ ਭਾਰੀ ਮੀਂਹ, 7 ਜ਼ਿਲ੍ਹਿਆਂ ਲਈ Alert ਜਾਰੀ
NEXT STORY