ਲੁਧਿਆਣਾ, (ਸੇਠੀ)- ਕਾਲੇ ਧਨ ਨੂੰ ਪ੍ਰਾਪਰਟੀ 'ਚ ਅਡਜਸਟ ਕਰਨ ਵਾਲਿਆਂ ਖਿਲਾਫ ਆਮਦਨ ਕਰ ਵਿਭਾਗ ਨੇ ਸਖਤ ਰੁਖ ਅਖਤਿਆਰ ਕਰ ਲਿਆ ਹੈ, ਜਿਸ ਦੇ ਤਹਿਤ ਇਨਵੈਸਟੀਗੇਸ਼ਨ ਵਿੰਗ ਦੀਆਂ ਵੱਖ-ਵੱਖ ਟੀਮਾਂ ਨੇ ਬੁੱਧਵਾਰ ਨੂੰ ਲੁਧਿਆਣਾ ਦੇ ਨਾਲ-ਨਾਲ ਦਿੱਲੀ ਅਤੇ ਮੋਹਾਲੀ 'ਚ ਸਥਿਤ ਰੀਅਲ ਅਸਟੇਟ ਕਾਰੋਬਾਰੀਆਂ ਦੇ ਲਗਭਗ 36 ਕੰਪਲੈਕਸਾਂ 'ਤੇ ਸਰਚ ਅਤੇ ਸਰਵੇ ਕੀਤਾ।
ਸੂਤਰਾਂ ਮੁਤਾਬਕ ਇਨਕਮ ਟੈਕਸ ਵਿਭਾਗ ਦੀ ਇਸ ਕਾਰਵਾਈ ਦੀ ਸ਼ੁਰੂਆਤ ਲੁਧਿਆਣਾ ਦੇ ਮਸ਼ਹੂਰ ਰਾਇਲ ਕੰਟ੍ਰੈਕਟਰ ਅਤੇ ਰੀਅਲ ਅਸਟੇਟ ਡੀਲਰ ਕੇਵਲ ਕ੍ਰਿਸ਼ਨ ਛਾਬਡ਼ਾ ਦੇ ਸਥਾਨਕ ਦੰਡੀ ਸਵਾਮੀ ਸਥਿਤ ਰਿਹਾਇਸ਼ ਤੋਂ ਹੋਈ। ਫਿਰ ਉਨ੍ਹਾਂ ਦੇ ਪਾਰਟਨਰ ਵਿਨੋਦ ਕੁਮਾਰ ਦੀਵਾਨ ਦੇ ਕਾਲਜ ਰੋਡ, ਰਜਿੰਦਰ ਸਿੰਘ (ਗੁਜਰਾਲ) ਉਰਫ ਪਿੰਕੀ ਦੇ ਬੀ. ਆਰ. ਐੱਸ. ਨਗਰ, ਜਗਜੀਤ ਮੋਟਰਸ, ਗੁਡਵਿੱਲ ਐਲਕਟ੍ਰੋ, ਵੀ. ਆਰ. ਡਿਵੈੱਲਪਰ ਏ. ਸੀ. ਮਾਰਕੀਟ, ਰਾਇਲ ਬਿਲਡਰ ਦੇ ਮਾਲ ਰੋਡ, ਇਕ ਅਖ਼ਬਾਰ ਦੇ ਪੱਤਰਕਾਰ ਦੇ ਘਰ ਅਤੇ ਸਾਜਨ ਮੋਂਡਲ ਦੇ ਕੂਚਾ ਨਗਰ 12 ਫੀਲਡਗੰਜ ਸਥਿਤ ਕੰਪਲੈਕਸਾਂ 'ਤੇ ਵਿਭਾਗ ਨੇ ਛਾਪੇ ਮਾਰੇ, ਜਿਸ ਵਿਚ ਇਨ੍ਹਾਂ ਲੋਕਾਂ ਦੇ ਘਰ ਅਤੇ ਦਫਤਰ ਸ਼ਾਮਲ ਹਨ। ਇਨ੍ਹਾਂ ਕੰਪਲੈਕਸਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਕੇ ਉੱਥੇ ਪਏ ਦਸਤਾਵੇਜ਼ ਅਤੇ ਕੰਪਿਊਟਰ ਆਦਿ ਕਬਜ਼ੇ ਵਿਚ ਲਏ ਗਏ ਹਨ। ਉੱਥੇ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਦੱਸਿਆ ਜਾਂਦਾ ਹੈ ਕਿ ਵਿਭਾਗ ਨੇ ਉਕਤ ਕੰਪਲੈਕਸਾਂ ਦੇ ਬੈਂਕ ਅਕਾਊਂਟਸ ਸੀਲ ਕਰ ਦਿੱਤੇ ਹਨ ਅਤੇ ਰੀਅਲ ਅਸਟੇਟ ਨਾਲ ਸਬੰਧਤ ਸੇਲ-ਪਰਚੇਜ਼ ਚੰਗੀ ਤਰ੍ਹਾਂ ਚੈੱਕ ਕੀਤੀ ਜਾ ਰਹੀ ਹੈ।
ਵਿਭਾਗ ਦੇ ਹੱਥ ਲੱਗਾ ਕੈਸ਼ ਤੇ ਗੋਲਡ
ਰਜਿੰਦਰ ਸਿੰਘ ਤਾਰਾ ਜੋ ਕੇਵਲ ਕ੍ਰਿਸ਼ਨ ਛਾਬਡ਼ਾ ਦਾ ਪਾਰਟਨਰ ਦੱਸਿਆ ਜਾਂਦਾ ਹੈ, ਜਿਸ ਦੇ ਘਰ ਵਿਚ ਇਨਕਮ ਟੈਕਸ ਵਿਭਾਗ ਦੇ ਛਾਪੇ ਦੌਰਾਨ 15 ਲੱਖ ਦਾ ਕੈਸ਼ ਅਤੇ ਗੋਲਡ ਬਰਾਮਦ ਹੋਇਆ ਹੈ। ਤਾਰਾ ਦੇ ਮੁਤਾਬਕ ਉਸ ਦੀ ਬੇਟੀ ਦਾ ਅਗਲੇ ਮਹੀਨੇ ਵਿਆਹ ਹੈ, ਜਿਸ ਕਾਰਨ ਕੈਸ਼ ਅਤੇ ਗੋਲਡ ਘਰ ਵਿਚ ਰੱਖਿਆ ਹੋਇਆ ਹੈ।
ਨੋਟਬੰਦੀ ਦੌਰਾਨ ਕੈਸ਼ ਜਮ੍ਹਾ ਕਰਵਾਉਣ ਨਾਲ ਜੋਡ਼ਿਆ ਜਾ ਸਕਦੈ ਕੇਸ
ਸੂਤਰਾਂ ਦੀ ਮੰਨੀਏ ਤਾਂ ਛਾਬਡ਼ਾ ਗਰੁੱਪ ਅਤੇ ਦੀਵਾਨ ਗਰੁੱਪ ਨੇ ਨੋਟਬੰਦੀ ਦੌਰਾਨ ਕਰੀਬ 18 ਕਰੋਡ਼ ਰੁਪਏ ਆਪਣੇ ਬੈਂਕ ਖਾਤਿਆਂ ’ਚ ਜਮ੍ਹਾ ਕਰਵਾਏ ਸਨ। ਵਿਭਾਗ ਸਾਰੇ ਉਕਤ ਕੰਪਲੈਕਸਾਂ ਦੀ ਬੈਂਕ ਡਿਟੇਲ ਨੂੰ ਨੋਟਬੰਦੀ ਦੇ ਦਿਨਾਂ ’ਚ ਕੈਸ਼ ਜਮ੍ਹਾ ਕਰਵਾਉਣ ਨਾਲ ਜੋਡ਼ ਸਕਦਾ ਹੈ। ਜੇਕਰ ਕਿਸੇ ਰੀਅਲ ਅਸਟੇਟ ਵਾਲੇ ਨੇ ਨੋਟਬੰਦੀ ਦੌਰਾਨ ਆਪਣੇ ਬੈਂਕ ਖਾਤਿਆਂ ’ਚ ਅਣਐਲਾਨੀ ਆਮਦਨ ਜਮ੍ਹਾ ਕਰਵਾਈ ਤਾਂ ਉਸ ਦੀ ਖੈਰ ਨਹੀਂ। ਵਿਭਾਗ ਉਸ ਤੋਂ ਪਾਈ-ਪਾਈ ਦਾ ਹਿਸਾਬ ਮੰਗ ਸਕਦਾ ਹੈ।
ਸੋਸਾਇਟੀ ਸਿਨੇਮਾ ਦੀ ਜਗ੍ਹਾ ’ਤੇ ਤਿਆਰ ਹੋ ਰਹੀ ਮਾਰਕੀਟ ਨਾਲ ਜੁਡ਼ਿਆ ਹੈ ਕੇਸ
ਇਸ ਛਾਪੇਮਾਰੀ ਨੂੰ ਸੋਸਾਇਟੀ ਸਿਨੇਮਾ ਦੀ ਜਗ੍ਹਾ ’ਤੇ ਬਣ ਰਹੀ ਨਵੀਂ ਏ. ਸੀ. ਮਾਰਕੀਟ ਨਾਲ ਜੋਡ਼ ਕੇ ਦੇਖਿਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਸੋਸਾਇਟੀ ਸਿਨਮਾਲਕ ਭੁਪਿੰਦਰ ਸਿੰਘ ਮਲਹੋਤਰਾ ਨੇ ਇਹ ਸਿਨੇਮਾ ਛਾਬਡ਼ਾ ਗਰੁੱਪ ਨੂੰ ਵੇਚਿਆ ਸੀ। ਹੁਣ ਭੁਪਿੰਦਰ ਸਿੰਘ ਦਾ ਪਰਿਵਾਰ ਦਿੱਲੀ ’ਚ ਰਹਿੰਦਾ ਹੈ। ਇਸ ਸਮੇਂ ਵੀ ਉਨ੍ਹਾਂ ਦੇ ਦਿੱਲੀ ਸਥਿਤ ਘਰ ਅਤੇ ਦਫਤਰ ’ਤੇ ਵੀ ਇਨਕਮ ਟੈਕਸ ਦੀ ਇਕ ਟੀਮ ਸਰਵੇ ਕਰ ਰਹੀ ਹੈ।
ਆਰਕੀਟੈਕਟ ਤੇ ਬਿਲਡਰ ਵੀ ਆਏ ਜਾਂਚ ਦੇ ਘੇਰੇ ’ਚ
ਇਨਕਮ ਟੈਕਸ ਵਿਭਾਗ ਨੇ ਆਪਣੀ ਜਾਂਚ ’ਚ ਸੋਸਾਇਟੀ ਸਿਨੇਮਾ ਦੀ ਜਗ੍ਹਾ ’ਤੇ ਬਣ ਰਹੀ ਮਾਰਕੀਟ ਦੇ ਆਰਕੀਟੈਕਟ ਅਤੇ ਬਿਲਡਰ ਤੱਕ ਨੂੰ ਜਾਂਚ ਦੇ ਘਰੇ ’ਚ ਲੈ ਲਿਆ ਹੈ, ਜਿਨ੍ਹਾਂ ਦੇ ਸਾਰੇ ਕੰਪਲੈਕਸਾਂ ’ਚ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਕ-ਦੂਜੇ ਨਾਲ ਜੁਡ਼ਦੇ ਗਏ ਲਿੰਕ
ਇਨਕਮ ਟੈਕਸ ਵਿਭਾਗ ਦੀ ਕਾਰਵਾਈ ਦਾ ਘੇਰਾ ਇੰਨਾ ਵੱਡਾ ਹੈ ਕਿ ਹਰ ਕੋਈ ਹੈਰਾਨੀ ਪ੍ਰਗਟ ਕਰ ਰਿਹਾ ਹੈ, ਜਿਸ ਸਬੰਧੀ ਸੂਤਰਾਂ ਦਾ ਕਹਿਣਾ ਹੈ ਕਿ ਜਿੱਥੋਂ ਜਾਂਚ ਸ਼ੁਰੂ ਕੀਤੀ ਗਈ, ਉਸ ਤੋਂ ਬਾਅਦ ਇਕ-ਦੂਜੇ ਦੇ ਨਾਲ ਲਿੰਕ ਜੁਡ਼ਨ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਲੰਬੀ ਚੱਲ ਸਕਦੀ ਹੈ ਕਾਰਵਾਈ
ਇਨਕਮ ਐਕਸ ਵਿਭਾਗ ਵਲੋਂ ਬੁੱਧਵਾਰ ਸਵੇਰੇ 5 ਵਜੇ ਕਾਰਵਾਈ ਦੀ ਸ਼ੁਰੂਆਤ ਕੀਤੀ ਗਈ, ਜੋ ਦੇਰ ਰਾਤ ਤੱਕ ਜਾਰੀ ਰਹੀ। ਇਸ ਸਬੰਧੀ ਇਹ ਕਿਹਾ ਜਾ ਰਿਹਾ ਹੈ ਕਿ ਇੰਨੇ ਜ਼ਿਆਦਾ ਯੂਨਿਟਾਂ ’ਤੇ ਇਕੱਠੇ ਕੀਤੀ ਗਈ ਛਾਪੇਮਾਰੀ ਦੀ ਕਾਰਵਾਈ ਲੰਬੀ ਚੱਲ ਸਕਦੀ ਹੈ।
ਸ਼ਿਕਾਇਤ ਦੇ ਅਾਧਾਰ ’ਤੇ ਹੋਈ ਹੈ ਕਾਰਵਾਈ
ਦੱਸਿਆ ਜਾਂਦਾ ਹੈ ਕਿ ਇਹ ਸਾਰੀ ਕਾਰਵਾਈ ਇਕ ਸ਼ਿਕਾਇਤ ਦੇ ਅਾਧਾਰ ’ਤੇ ਹੋਈ ਹੈ, ਜਿਸ ਸਬੰਧੀ ਇਨਕਮ ਟੈਕਸ ਵਿਭਾਗ ਵਲੋਂ ਪਹਿਲਾਂ ਲੰਬੇ ਸਮੇਂ ਤੱਕ ਰੇਕੀ ਕੀਤੀ ਗਈ, ਜਿਸ ਦਾ ਨਤੀਜਾ ਹੈ ਕਿ ਇੱਕੋ ਸਮੇਂ ਇੰਨੇ ਵੱਡੇ ਪੱਧਰ ’ਤੇ ਰੀਅਲ ਅਸਟੇਟ ਕਾਰੋਬਾਰੀਆਂ ’ਤੇ ਛਾਪਾ ਮਾਰਿਆ ਗਿਆ ਹੈ।
ਹੈਰੋਇਨ ਸਮੱਗਲਿੰਗ ਦੇ ਮਾਮਲਿਆਂ ’ਚ 4 ਨੂੰ ਸਜ਼ਾ
NEXT STORY