ਮੋਗਾ (ਗੋਪੀ ਰਾਊਕੇ) : ਪੰਜਾਬ ਦੇ ਮਾਲਵਾ ਇਲਾਕੇ ਵਿਚ ਰੁਕ-ਰੁਕ ਕੇ ਬੀਤੇ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਦੇ ਨਾਲ-ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਹੋਸ਼ ਉਡਾ ਦਿੱਤੇ ਹਨ ਕਿਉਂਕਿ ਖੇਤਾਂ ਵਿਚ ਖੜੀ ਹਾੜੀ ਦੀ ਮੁੱਖ ਫਸਲ ਕਣਕ ਜਿੱਥੇ ਧਰਤੀ ’ਤੇ ਵਿੱਛ ਗਈ ਹੈ, ਉਥੇ ਹੀ ਸਰੋਂ ਸਮੇਤ ਆਲੂਆਂ ਦੀ ਫਸਲ ਦਾ ਵੀ ਨੁਕਸਾਨ ਹੋਇਆ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਫਸਲਾਂ ਦੇ ਖਰਾਬੇ ਸਬੰਧੀ ਅਜੇ ਰਿਪੋਰਟ ਇਕੱਤਰ ਕੀਤੀ ਜਾ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਧਰਤੀ ’ਤੇ ਫਸਲ ਡਿੱਗਣ ਦੇ ਚੱਲਦੇ ਕਿਸਾਨਾਂ ਨੂੰ ਕਣਕ ਸਮੇਤ ਦੂਸਰੀਆਂ ਫਸਲਾਂ ਦੇ ਝਾੜ ਘੱਟ ਹੋਣ ਦਾ ਹੁਣੇ ਤੋਂ ਹੀ ਖਤਰਾ ਖੜਾ ਹੋ ਗਿਆ ਹੈ।
ਮੋਗਾ ਦੇ ਪਿੰਡ ਸੰਧੂਆਂ ਵਾਲਾ ਨੇੜੇ ਖੇਤੀ ਕਰਨ ਵਾਲੇ ਮੋਗਾ ਦੇ ਕਿਸਾਨ ਅੰਮ੍ਰਿਤਪਾਲ ਸਿੰਘ ਗਿੱਲ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਪਈ ਬਾਰਿਸ਼ ਨਾਲ ਹੀ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਸੀ ਪਰ ਉਦੋਂ ਫਸਲ ਜ਼ਿਆਦਾ ਪੱਕੀ ਨਹੀਂ ਸੀ ਪਰ ਹੁਣ ਜਦ ਅਗਲੇ ਦੋ ਹਫਤਿਆਂ ਤੱਕ ਵਿਸਾਖੀ ਦੇ ਨੇੜੇ ਕਣਕ ਦੀ ਕਟਾਈ ਦਾ ਜ਼ੋਰ ਪਵੇਗਾ ਤਾਂ ਇਸ ਨਾਲ ਪਹਿਲਾਂ ਪਈ ਬਾਰਿਸ਼ ਨੇ ਸੱਚਮੁੱਚ ਹੀ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਜਦ ਪੱਕੀ ਫਸਲ ਧਰਤੀ ’ਤੇ ਡਿੱਗਦੀ ਹੈ ਤਾਂ ਕਟਾਈ ਦੌਰਾਨ ਫਸਲ ਦੇ ਦਾਣੇ ਧਰਤੀ ’ਤੇ ਡਿੱਗ ਜਾਂਦੇ ਹਨ, ਜਿਸ ਕਾਰਣ ਨੁਕਸਾਨ ਹੋਣਾ ਸੰਭਵ ਹੈ। ਉਨ੍ਹਾਂ ਕਿਹਾ ਕਿ ਫਸਲ ਦੀ ਪੱਕੀ ਬੱਲੀਆਂ ਵਿਚ ਪਾਣੀ ਭਰਨ ਨਾਲ ਕਣਕ ਦੇ ਦਾਣੇ ਕਾਲੇ ਹੋ ਸਕਦੇ ਹਨ।
ਪਿੰਡ ਸਿੰਘਾਂਵਾਲਾ ਦੇ ਕਿਸਾਨ ਅਵਤਾਰ ਸਿੰਘ ਦਾ ਕਹਿਣਾ ਸੀ ਕਿ ਕਣਕ ਦੀ ਫਸਲ ’ਤੇ ਇਸ ਵਾਰ ਕਿਸੇ ਵੀ ਬੀਮਾਰੀ ਦਾ ਹਮਲਾ ਜ਼ਿਆਦਾ ਨਹੀਂ ਹੋਇਆ ਸੀ, ਜਿਸ ਕਾਰਣ ਕਿਸਾਨਾਂ ਦੀ ਉਮੀਦ ਸੀ ਕਿ ਕਣਕ ਦਾ ਹੋਣ ਵਾਲਾ ਬੰਪਰ ਝਾੜ ਕਿਸਾਨਾਂ ਦੇ ਵਾਰੇ-ਨਿਆਰੇ ਕਰ ਦੇਵੇਗਾ ਪਰ ਪੱਕਣ ਲੱਗੀ ਫਸਲ ’ਤੇ ਪਈ ਬਾਰਿਸ਼ ਦੀ ਮਾਰ ਨੇ ਕਿਸਾਨਾਂ ਦੇ ਸੁਫ਼ਨੇ ਮਿੱਟੀ ਵਿਚ ਮਿਲਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅੱਧੀ ਮਾਰਚ ਦੇ ਬਾਅਦ ਪੈਣ ਵਾਲੇ ਮੀਂਹ ਦੀ ਫਸਲ ’ਤੇ ਭਾਰੀ ਹੁੰਦੀ ਹੈ ਅਤੇ ਇਸ ਬਾਰਿਸ਼ ਦਾ ਵੀ ਹਰ ਹਾਲਤ ਵਿਚ ਕਿਸਾਨਾਂ ਨੂੰ ਨੁਕਸਾਨ ਹੀ ਹੋਵੇਗਾ।
ਪਿੰਡ ਭਿੰਡਰ ਕਲਾਂ ਦੇ ਕਿਸਾਨ ਗੁਰਭਿੰਦਰ ਸਿੰਘ ਮਾਨ ਦਾ ਕਹਿਣਾ ਸੀ ਕਿ ਕਣਕ ਦੇ ਨਾਲ-ਨਾਲ ਆਲੂਆਂ ਦੀ ਫਸਲ ਦਾ ਵੀ ਨੁਕਸਾਨ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿਚ ਆਲੂਆਂ ਦੀ ਪਿਛੇਤੀ ਪਟਾਈ ਦਾ ਕੰਮ ਚੱਲ ਰਿਹਾ ਸੀ ਪਰ ਬਾਰਿਸ਼ ਦੇ ਕਾਰਣ ਆਲੂਆਂ ਦੀ ਫਸਲ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿਚ ਪੁਟਾਈ ਦਾ ਕੰਮ ਰੁਕ ਗਿਆ ਹੈ ਅਤੇ ਆਲੂਆਂ ਦੇ ਪਟਾਕੇ ਨਿਕਲਣ ਨਾਲ ਆਲੂਆਂ ਦਾ ਨੁਕਸਾਨ ਹੋ ਸਕਦਾ ਹੈ।
ਵੋਟਾਂ ਦੇ ਮੱਦੇਨਜ਼ਰ ਮੋਹਾਲੀ ਪੁਲਸ ਵਲੋਂ ਕੱਢਿਆ ਗਿਆ ਫਲੈਗ ਮਾਰਚ
NEXT STORY