ਮੋਗਾ (ਆਜ਼ਾਦ) - ਥਾਣਾ ਬਾਘਾਪੁਰਾਣਾ ਦੇ ਅਧੀਨ ਪੈਂਦੇ ਪਿੰਡ ਲੰਗੇਆਣਾ ਨਵਾਂ ਨਿਵਾਸੀ ਕਰਿਆਨਾ ਦੁਕਾਨਦਾਰ ਅਸ਼ੋਕ ਕੁਮਾਰ ਤੋਂ ਨਕਦੀ ਲੁੱਟਣ ਵਾਲੇ ਦੋ ਲੜਕੇ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਉਨ੍ਹਾਂ ਦੇ ਦੋ ਸਾਥੀ ਪੁਲਸ ਦੇ ਕਾਬੂ ਨਹੀਂ ਆ ਸਕੇ। ਜਾਣਕਾਰੀ ਦਿੰਦੇ ਹੋਏ ਥਾਣਾ ਬਾਘਾਪੁਰਾਣਾ ਦੇ ਹੌਲਦਾਰ ਬਲਵੀਰ ਸਿੰਘ ਬਰਾੜ ਨੇ ਦੱਸਿਆ ਕਿ ਅਸ਼ੋਕ ਕੁਮਾਰ ਪੁੱਤਰ ਤੀਰਥ ਰਾਮ ਪਿੰਡ ਲੰਗੇਆਣਾ ਨਵਾਂ 'ਚ ਕਰਿਆਨਾ ਦੀ ਦੁਕਾਨ ਕਰਦਾ ਹੈ।
ਉਸ ਨੇ ਪੁਲਸ ਨੂੰ ਦੱਸਿਆ ਕਿ ਜਦ ਉਹ 28 ਜੁਲਾਈ ਨੂੰ ਆਪਣੀ ਦੁਕਾਨ ਬੰਦ ਕਰਕੇ ਦੇਰ ਰਾਤ ਆਪਣੀ ਸਕੂਟਰੀ 'ਤੇ ਘਰ ਜਾ ਰਿਹਾ ਸੀ ਤਾਂ ਰਾਸਤੇ 'ਚ ਚਾਰ ਲੁਟੇਰੇ ਮੂੰਹ ਬੰਨ੍ਹ ਕੇ ਖੜ੍ਹੇ ਸਨ, ਜਿਨ੍ਹਾਂ ਨੇ ਮੈਨੂੰ ਮਾਰ ਦੇਣ ਦੀ ਧਮਕੀ ਦੇ ਕੇ ਮੇਰੇ ਤੋਂ ਪੈਸਿਆਂ ਵਾਲਾ ਬੈਗ ਝਪਟ ਲਿਆ, ਜਿਸ 'ਚ 28 ਹਜ਼ਾਰ ਰੁਪਏ ਨਕਦ ਸਨ ਅਤੇ ਫਰਾਰ ਹੋ ਗਏ। ਅਸ਼ੋਕ ਕੁਮਾਰ ਨੇ ਕਿਹਾ ਕਿ ਲੁਟੇਰਿਆਂ ਦੀ ਭਾਲ ਕਰਨ 'ਤੇ ਸਾਨੂੰ ਜਾਣਕਾਰੀ ਮਿਲੀ ਕਿ ਜਗਪਾਲ ਸਿੰਘ, ਹਰਦੀਪ ਸਿੰਘ, ਕੀਪਾ ਸਿੰਘ, ਜੋਰਾ ਸਿੰਘ ਨੇ ਹੀ ਮੇਰੇ ਤੋਂ ਨਕਦੀ ਲੁੱਟੀ ਹੈ, ਜਿਸ ਦੀ ਸੂਚਨਾ ਮੈਂ ਪੁਲਸ ਨੂੰ ਦੇ ਦਿੱਤੀ।
ਉਕਤ ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਬਲਵੀਰ ਸਿੰਘ ਬਰਾੜ ਨੇ ਦੱਸਿਆ ਕਿ ਦੋ ਲੁਟੇਰਿਆਂ ਜਗਪਾਲ ਸਿੰਘ ਅਤੇ ਹਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਤੋਂ ਲੁੱਟ ਦੇ ਕੁੱਝ ਪੈਸੇ ਬਰਾਮਦ ਹੋਏ ਹਨ ਪਰ ਉਨ੍ਹਾਂ ਦੇ ਦੋ ਸਾਥੀ ਮੌਕੇ 'ਤੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਲੁਟੇਰਿਆਂ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਭਗੌੜੇ ਲੜਕਿਆਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
'ਰਣਜੀਤ ਕਮਿਸ਼ਨ' ਦੀ ਰਿਪੋਰਟ ਕਈਆਂ ਦੇ ਖੋਲ੍ਹੇਗੀ ਭੇਤ
NEXT STORY