ਫਤਿਹਗੜ੍ਹ ਸਾਹਿਬ (ਜਗਦੇਵ)—ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਜਗਤ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਿੰਘ ਸਭਾ ਦੌਰਾਨ ਫਤਿਹਗੜ੍ਹ ਸਾਹਿਬ ਵਿਖੇ ਹੋਣ ਵਾਲੀਆਂ ਰਾਜਨੀਤਿਕ ਕਾਨਫਰੰਸਾਂ ਸਬੰਧੀ ਪਿਛਲੇ ਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਆਦੇਸ਼ਾਂ 'ਤੇ ਪਹਿਰਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵਲੋਂ ਆਪੋ-ਆਪਣੀਆਂ ਰਾਜਨੀਤਿਕ ਸ਼ਰਧਾਂਜਲੀ ਕਾਨਫਰੰਸਾਂ ਭਾਵੇਂ ਰੱਦ ਕਰ ਦਿੱਤੀਆਂ ਗਈਆਂ ਸਨ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਰਾਜਸੀ ਕਾਨਫਰੰਸ ਕੀਤੀ ਗਈ ਸੀ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਹੋਰ ਪਾਰਟੀ ਆਗੂਆਂ ਵਲੋਂ ਦੂਸਰੀਆਂ ਪਾਰਟੀਆਂ ਤੇ ਆਪਣੀ ਭੜਾਸ ਕੱਢੀ ਗਈ ਸੀ। ਹੁਣ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਸ਼ਹੀਦੀ ਸਿੰਘ ਸਭਾ ਮੌਕੇ ਰਾਜਸੀ ਕਾਨਫਰੰਸਾਂ ਨਹੀਂ ਕਰਨਗੀਆਂ, ਜਿਸ ਦੀ ਪੁਸ਼ਟੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਅਤੇ ਜ਼ਿਲਾ ਕਾਂਗਰਸ ਕਮੇਟੀ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਪਾਰਟੀਆਂ ਆਪਣੇ ਪੱਧਰ 'ਤੇ ਕੋਈ ਰਾਜਸੀ ਕਾਨਫਰੰਸਾਂ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਫਤਿਹਗੜ੍ਹ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਜ਼ਰੂਰ ਆਉਣਗੇ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੇਵਲ ਧਾਰਮਿਕ ਸਟੇਜ ਲਗਾਈ ਜਾਵੇਗੀ, ਜਿਸ ਵਿਚ ਪੰਥਕ ਵਿਚਾਰਾਂ ਸਾਂਝੀਆਂ ਕੀਤੀਆਂ ਜਾਣਗੀਆਂ ਤੇ ਰਾਗੀ ਢਾਡੀ, ਕਵੀਸ਼ਰ, ਕਥਾਵਾਚਕ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਗਾਥਾ ਸੰਗਤਾਂ ਨੂੰ ਸੁਣਾਉਣਗੇ।
ਡਾ. ਚੀਮਾ ਨੇ ਕਿਹਾ ਕਿ ਸ਼ਹੀਦੀ ਸਿੰਘ ਸਭਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਪਾਰਟੀ ਦੀ ਹੋਰ ਸਮੁੱਚੀ ਅਕਾਲੀ ਲੀਡਰਸ਼ਿਪ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਵੇਗੀ। ਉਧਰ ਹਰਿੰਦਰ ਸਿੰਘ ਭਾਂਬਰੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਆਵੇਗੀ ਜਦਕਿ ਸ਼੍ਰੋਮਣੀ ਅਕਾਲੀ ਦਲ (ਅ) ਦੇ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਸਪੱਸ਼ਟ ਕੀਤਾ ਕਿ ਪਾਰਟੀ ਵਲੋਂ 27 ਦਸੰਬਰ ਨੂੰ ਪਹਿਲਾਂ ਵਾਲੇ ਸਥਾਨ 'ਤੇ ਹੀ ਸ਼ਰਧਾਂਜਲੀ ਕਾਨਫਰੰਸ ਕੀਤੀ ਜਾਵੇਗੀ ਕਿਉਂਕਿ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਧਰਮ ਤੇ ਸਿਆਸਤ ਸਿੱਖ ਕੌਮ ਲਈ ਇਕੱਠੀ ਹੈ ਤੇ ਇਸ ਕਾਨਫਰੰਸ ਨੂੰ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਸਮੁੱਚੀ ਲੀਡਰਸ਼ਿਪ ਮੌਜੂਦਾ ਪੰਥਕ ਹਾਲਾਤ 'ਤੇ ਚਰਚਾ ਕਰੇਗੀ। ਜ਼ਿਕਰਯੋਗ ਹੈ ਕਿ ਇਨ੍ਹਾਂ ਸ਼ਹੀਦੀ ਕਾਨਫਰੰਸਾਂ ਵਿਚ ਵੱਖੋ-ਵੱਖ ਰਾਜਸੀ ਆਗੂਆਂ ਵਲੋਂ ਇਕ ਦੂਜੇ 'ਤੇ ਸ਼ਬਦੀ ਦੂਸ਼ਣਬਾਜ਼ੀ ਕੀਤੀ ਜਾਂਦੀ ਸੀ ਤੇ ਦੇਸ਼ਾਂ-ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿਚ ਫਤਿਹਗੜ੍ਹ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਆਉਣ ਵਾਲੀ ਸੰਗਤ ਇਸ ਨੂੰ ਚੰਗਾ ਨਹੀਂ ਸਮਝਦੀ ਸੀ ਅਤੇ ਹੁਣ ਸ਼ਹੀਦੀ ਸਿੰਘ ਸਭਾ ਮੌਕੇ ਸਿਆਸੀ ਪਾਰਟੀਆਂ ਵਲੋਂ ਕਾਨਫਰੰਸਾਂ ਨਾ ਕਰਨ ਦੇ ਫੈਸਲੇ ਦੀ ਦੇਸ਼-ਵਿਦੇਸ਼ ਦੀ ਸੰਗਤਾਂ ਵਲੋਂ ਵੀ ਸ਼ਲਾਘਾ ਕੀਤੀ ਗਈ ਹੈ।
'ਅਸਲੇ' ਪਿੱਛੇ ਸ਼ੁਦਾਈ ਪੰਜਾਬੀਆਂ ਨੇ ਤੋੜੇ ਸਾਰੇ ਰਿਕਾਰਡ
NEXT STORY