ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ ਦੇ ਛਾਹੜ ਪਿੰਡ ਦਾ ਰਹਿਣ ਵਾਲਾ ਦਲੇਲ ਸਿੰਘ ਜੋ ਕਿ 2008 ਵਿਚ ਫੌਜ ਵਿਚ ਭਰਤੀ ਹੋਇਆ ਸੀ, ਜਿਵੇਂ ਹੀ ਉਸ ਦੀ ਮੌਤ ਦੀ ਖਬਰ ਪਿੰਡ ਵਾਸੀਆਂ ਨੂੰ ਮਿਲੀ ਤਾਂ ਪਿੰਡ ਵਿਚ ਸੌਗ ਦੀ ਲਹਿਰ ਦੌੜ ਗਈ। ਦਰਅਸਲ 4 ਜੁਲਾਈ ਨੂੰ ਦਲੇਲ ਸਿੰਘ ਸਿੱਕਮ ਵਿਚ ਡਿਊਟੀ ਕਰ ਰਿਹਾ ਸੀ। ਰਾਤ ਦੇ ਸਮੇਂ ਜਦੋਂ ਅਚਾਨਕ ਹੀ ਹਾਥੀਆਂ ਦੇ ਇਕ ਝੁੰਡ ਨੇ ਉਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਜਾਣ ਬਚਾਉਣ ਲਈ ਉੱਚੀ ਜਗ੍ਹਾ 'ਤੇ ਚੜ੍ਹ ਗਿਆ ਅਤੇ ਉੱਥੋਂ ਪੈਰ ਫਿਸਲਣ ਕਾਰਨ ਉਹ ਹੇਠਾਂ ਡਿੱਗ ਗਿਆ ਜਿਸ ਨਾਲ ਉਸ ਦੇ ਸਿਰ ਵਿਚ ਸੱਟ ਲੱਗ ਗਈ। ਜ਼ਖਮੀ ਹਾਲਤ ਵਿਚ ਉਸ ਨੂੰ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਦਲੇਲ ਸਿੰਘ ਦੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਦੋਵੇਂ ਭਰਾ ਇਕੱਠੇ ਹੀ ਫੌਜ ਵਿਚ ਨੌਕਰੀ ਕਰਦੇ ਹਾਂ ਅਤੇ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਦਲੇਲ ਸਿੰਘ ਸਿੱਕਮ ਵਿਚ ਡਿਊਟੀ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਦਲੇਲ ਸਿੰਘ ਦਾ ਵਿਆਹ 6 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੀ 4 ਸਾਲ ਦੀ ਬੱਚੀ ਵੀ ਹੈ। ਸੁਖਵਿੰਦਰ ਨੇ ਦੱਸਿਆ ਕਿ ਮੌਤ ਤੋਂ ਇਕ ਦਿਨ ਪਹਿਲਾਂ ਹੀ ਦਲੇਲ ਸਿੰਘ ਦੀ ਸਾਡੇ ਨਾਲ ਆਖਰੀ ਵਾਰ ਗੱਲ ਹੋਈ ਸੀ।
ਦਲੇਲ ਸਿੰਘ ਦਾ ਅੱਜ ਉਸ ਦੇ ਪਿੰਡ ਵਿਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ ਜਿੱਥੇ ਉਨ੍ਹਾਂ ਦੇ ਪਿੰਡ ਅਤੇ ਆਸਪਾਸ ਦੇ ਲੋਕਾਂ ਨੇ ਨਮ ਅੱਖਾਂ ਨਾਲ ਇਸ ਜਵਾਨ ਨੂੰ ਅੰਤਿਮ ਵਿਦਾਈ ਦਿੱਤੀ। ਹਰ ਅੱਖ ਵਿਚ ਹੰਝੂ ਸੀ ਪਰ ਸੰਗਰੂਰ ਪ੍ਰਸ਼ਾਸਨ ਵਲੋਂ ਕਿਸੇ ਵੀ ਪ੍ਰਬੰਧਕੀ ਅਧਿਕਾਰੀ ਨੇ ਜਵਾਨ ਦੇ ਅੰਤਿਮ ਸਸਕਾਰ ਵਿਚ ਆਉਣਾ ਠੀਕ ਨਹੀਂ ਸੱਮਝਿਆ, ਜਿਸ ਕਾਰਨ ਲੋਕਾਂ ਦੇ ਮਨ ਵਿਚ ਗੁੱਸਾ ਦੇਖਣ ਨੂੰ ਮਿਲਿਆ। ਦੱਸ ਦੇਈਏ ਕਿ ਇਸ ਦੁੱਖ ਦੀ ਘੜੀ ਵਿਚ ਸਿਰਫ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਹੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ।
ਸਵ: ਸਵਦੇਸ਼ ਚੋਪੜਾ ਦੀ ਯਾਦ 'ਚ ਲਾਏ ਮੇਘਾ ਮੈਡੀਕਲ ਕੈਂਪ 'ਚ 395 ਮਰੀਜ਼ਾਂ ਦੀ ਜਾਂਚ
NEXT STORY