ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਤੇ ਅਜਿਹੇ ਸਮੇਂ 'ਚ ਪੀਣ ਵਾਲੇ ਪਾਣੀ ਦੀ ਲੋੜ ਹੋਰ ਵਧ ਜਾਂਦੀ ਹੈ। ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣਾ ਸਰਕਾਰ ਅਤੇ ਪ੍ਰਸ਼ਾਸਨ ਦਾ ਮੁੱਢਲਾ ਫਰੜ ਹੁੰਦਾ ਹੈ ਪਰ 40 ਮੁਕਤਿਆਂ ਦੇ ਨਾਂ ਨਾਲ ਜਾਣੇ ਜਾਂਦੇ ਇਤਿਹਾਸਿਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਜਿੱਥੋਂ ਦਾ ਬੱਸ ਅੱਡਾ ਸਵਾ ਪੰਜ ਕਰੋੜ ਰੁਪਏ ਖਰਚ ਕੇ ਬਣਾਇਆ ਗਿਆ ਸੀ, ਵਿਖੇ ਪੀਣ ਵਾਲੇ ਪਾਣੀ ਦੀ ਘਾਟ ਰੜਕ ਰਹੀ ਹੈ। ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਬੱਸ ਸਟੈਂਡ 'ਤੇ ਆਉਣ-ਜਾਣ ਵਾਲੀਆਂ ਸਵਾਰੀਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਖਾਰਾ ਪਾਣੀ ਪੀਣ ਲਈ ਮਜ਼ਬੂਰ ਹਨ। ਬੱਸ ਸਟੈਂਡ 'ਤੇ ਲੱਗੀਆਂ ਟੂਟੀਆਂ 'ਚ ਆ ਰਿਹਾ ਪਾਣੀ ਪੀਣ ਯੋਗ ਨਹੀਂ ਹੈ, ਕਿਉਂਕਿ ਉਹ ਪਾਣੀ ਸ਼ੋਰੇ ਤੇ ਤੇਜ਼ਾਬ ਵਾਲਾ ਪਾਣੀ ਹੈ, ਜਿਸ ਨੂੰ ਪੀਣ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਹੋ ਸਕਦੀਆਂ ਹਨ। ਮਿੰਨੀ ਬੱਸ ਸਟੈਂਡ ਵਾਲੇ ਪਾਸੇ ਜੋ ਠੰਡੇ ਪਾਣੀ ਵਾਲਾ ਕੂਲਰ ਲਗਾਇਆ ਸੀ, ਉਹ ਖਰਾਬ ਹੋਇਆ ਪਿਆ। ਪੈਸੇ ਵਾਲੇ ਲੋਕ ਤਾਂ ਦੁਕਾਨਾਂ ਤੋਂ ਬੰਦ ਬੋਤਲਾਂ ਵਾਲਾ ਪਾਣੀ ਖਰੀਦ ਕੇ ਪੀ ਲੈਂਦੇ ਹਨ ਪਰ ਗਰੀਬ ਲੋਕਾਂ ਨੂੰ ਤਾਂ ਇਹੋ ਪਾਣੀ ਪੀਣਾ ਪੈਂਦਾ ਹੈ। ਇਸ ਗੰਭੀਰ ਮਸਲੇ ਨੂੰ ਲੈ ਕੇ 'ਜਗਬਾਣੀ' ਵਲੋਂ ਇਸ ਹਫ਼ਤੇ ਦੀ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ।
ਬਾਥਰੂਮਾਂ ਦਾ ਹਾਲ ਹੈ ਮਾੜਾ
ਇਕ ਪਾਸੇ ਸਰਕਾਰ ਨੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਸਵੱਛ ਭਾਰਤ ਮੁਹਿੰਮ ਚਲਾਈ ਸੀ ਅਤੇ ਦੂਜੇ ਪਾਸੇ ਉਕਤ ਬੱਸ ਸਟੈਂਡ 'ਤੇ ਬਣਾਏ ਗਏ ਬਾਥਰੂਮਾਂ ਦਾ ਹਾਲ ਮਾੜਾ ਹੈ। ਬਾਥਰੂਮਾਂ ਅੰਦਰ ਪਾਣੀ ਦਾ ਕੋਈ ਕੋਈ ਪ੍ਰਬੰਧ ਨਹੀਂ ਹੈ।
ਇਕ ਸੜਕ ਪਈ ਹੈ ਬੰਦ
ਜਿਸ ਪਾਸਿਉਂ ਬੱਸਾਂ ਅੱਡੇ ਦੇ ਅੰਦਰ ਵੜਦੀਆਂ ਹਨ, ਉਸ ਪਾਸੇ ਦੋ ਸੜਕਾਂ ਬਣਾਈਆਂ ਗਈਆਂ ਸਨ, ਜਿਨ੍ਹਾਂ 'ਚੋਂ ਇਕ ਸੜਕ ਬੰਦ ਪਈ ਹੈ। ਇਸ ਪਾਸੇ ਗੰਦਾ ਪਾਣੀ ਹਰ ਸਮੇਂ ਭਰਿਆ ਰਹਿੰਦਾ ਅਤੇ ਸਾਫ਼-ਸਫ਼ਾਈ ਦਾ ਕੋਈ ਪੁੱਖਤਾ ਪ੍ਰਬੰਧ ਵੀ ਨਹੀਂ ਹੈ। ਲੋਕਾਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਇਸ ਸੜਕ ਦਾ ਹਾਲ ਇਹੋ ਜਿਹਾ ਹੀ ਹੈ।
ਲੋਕਾਂ ਨੇ ਕੀਤੀ ਘਾਟਾਂ ਦੂਰ ਕਰਨ ਦੀ ਮੰਗ
ਬੱਸ ਸਟੈਂਡ 'ਤੇ ਆਉਣ-ਜਾਣ ਵਾਲੀਆਂ ਸਵਾਰੀਆਂ ਲਈ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਏ ਜਾਣ ਦੀ ਵੱਖ-ਵੱਖ ਜਥੇਬੰਦੀਆਂ ਤੇ ਸਮਾਜ ਸੇਵੀਆਂ ਨੇ ਮੰਗ ਕੀਤੀ ਹੈ। ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਜੁਆਇੰਟ ਸਕੱਤਰ ਜਗਜੀਤ ਸਿੰਘ ਜੱਸੇਆਣਾ, ਜ਼ਿਲਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਸਿੰਘ ਖੁੰਡੇਹਲਾਲ, ਕਾਕਾ ਸਿੰਘ ਖੁੰਡੇਹਲਾਲ, ਬਾਜ ਸਿੰਘ ਭੁੱਟੀਵਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਸੂਬਾ ਕਮੇਟੀ ਮੈਂਬਰ ਗੁਰਾਂਦਿੱਤਾ ਸਿੰਘ ਭਾਗਸਰ ਆਦਿ ਨੇ ਪੰਜਾਬ ਰੋਡਵੇਜ਼ ਦੇ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਬੱਸ ਸਟੈਂਡ 'ਤੇ ਰੜਕ ਰਹੀਆਂ ਸਾਰੀਆਂ ਘਾਟਾਂ ਨੂੰ ਦੂਰ ਕਰਵਾਇਆ ਜਾਵੇ ਤਾਂ ਕਿ ਇੱਥੇ ਆਉਣ ਜਾਣ ਵਾਲਿਆਂ ਨੂੰ ਕੋਈ ਦਿੱਕਤ ਨਾ ਆਵੇ।
ਰਿਸ਼ਤੇ ਹੋਏ ਸ਼ਰਮਸ਼ਾਰ, ਸੱਸ ਨੇ ਨੂੰਹ ਦਾ ਕਰਵਾਇਆ ਜਬਰ-ਜ਼ਨਾਹ
NEXT STORY