ਸਾਡੇ ਸਮਾਜ ਵਿਚ ਜਦ ਲੜਕੀ ਜੰਮਦੀ ਹੈ ਤਾਂ ਉਸ ਨੂੰ ਸ਼ੁਰੂ ਵਿਚ ਹੀ ਬੇਗਾਨਾ ਧੰਨ ਸਮਝਿਆ ਜਾਂਦਾ ਹੈ ਕਿਉਂਕਿ ਉਸਨੇ ਵਿਆਹ ਤੋਂ ਬਾਅਦ ਅਗਲੇ ਘਰ ਜਾਣਾ ਹੁੰਦਾ ਹੈ ਅਤੇ ਮਰਨ ਤਕ ਉਹੀ ਘਰ ਉਸਦਾ ਸਮਝਿਆ ਜਾਂਦਾ ਹੈ।ਪਰ ਪਿਛਲੇ 10-15 ਸਾਲ ਤੋਂ ਭਾਰਤ ਵਿਚ ਖਾਸ ਕਰਕੇ ਪੰਜਾਬ ਵਿਚ ਨੌਜਵਾਨ ਲੜਕਿਆਂ ਤੇ ਵੀ ਇਹੀ ਤੁਕ ਲਾਗੂ ਹੋ ਰਹੀ ਹੈ,ਜਿਸ ਦਾ ਮੁੱਖ ਕਾਰਨ ਹੈ ਬੇਰੁਜ਼ਗਾਰੀ।ਬੇਰੁਜ਼ਗਾਰੀ ਕੈਂਸਰ ਦੀ ਬੀਮਾਰੀ ਨਾਲੋਂ ਵੀ ਘਾਤਕ ਸਿੱਧ ਹੋ ਰਹੀ ਹੈ ਅਤੇ ਨੌਜਵਾਨ ਇਸਦੀ ਦਲਦਲ ਵਿਚ ਦਿਨੋ-ਦਿਨ ਧੱਸਦੇ ਜਾ ਰਹੇ ਹਨ।ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਉਨ੍ਹਾਂ ਦੇ ਭਵਿੱਖ ਦੀ ਚਿੰਤਾ ਵੱਢ-ਵੱਢ ਖਾ ਰਹੀ ਹੈ।ਸਮੇਂ ਦੀਆਂ ਸਰਕਾਰਾਂ ਕੋਲ ਲਾਰੇ ਲੱਪਿਆਂ ਤੋਂ ਸਿਵਾਏ ਕੁੱਝ ਨਹੀਂ ਹੈ ਜੋ ਆਪਸ ਵਿਚ ਸਿਆਸੀ ਕਿੜ੍ਹਾਂ ਕੱਢਣ ਤਕ ਹੀ ਸੀਮਤ ਹਨ।ਪੰਜਾਬ ਵਿਚ ਚਲਦੇ ਕਾਰਖਾਨਿਆਂ ਅਤੇ ਫੈਕਟਰੀਆਂ ਵੀ ਸਿਆਸਤ ਦੀ ਭੇਟ ਚੜ੍ਹ ਕੇ ਦੂਸਰੇ ਸੂਬਿਆਂ ਵਿਚ ਚਲੀਆਂ ਗਈ ਹਨ।ਪਿਛਲੇ ਦਸ-ਪੰਦਰਾਂ ਸਾਲਾਂ ਤੋਂ ਪੰਜਾਬ ਦੇ ਲੋਕਾਂ ਨੇ ਸਮੇਂ ਦੀਆਂ ਸਰਕਾਰਾਂ ਤੋਂ ਤੰਗ ਆ ਕੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਆਪਣਾ ਘਰ ਬਾਹਰ ਗਹਿਣੇ ਰੱਖ ਕੇ ਜਾਂ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਵੱਲ ਤੋਰਣ ਦਾ ਨਿਸ਼ਚਾ ਕਰ ਲਿਆ ਹੈ।ਸਭ ਤੋਂ ਪਹਿਲਾਂ ਦੁਆਬੇ ਅਤੇ ਮਾਝੇ ਦੇ ਲੋਕ ਬਾਹਰ ਗਏ ਸਨ ਅਤੇ ਮਾਲਵੇ ਦੇ ਲੋਕ ਘੱਟ ਜਾਗਰੂਕ ਹੋਣ ਕਰਕੇ ਉਨ੍ਹਾਂ ਬਾਹਰ ਜਾਣ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਪਰ ਹੁਣ ਲੱਖਾਂ ਰੁਪਏ ਪੜ੍ਹਾਈਆਂ ਤੇ ਖਰਚਣ ਤੋਂ ਬਾਅਦ ਵੀ ਬੱਚੇ ਰੋਜੀ-ਰੋਟੀ ਦੀ ਤਲਾਸ਼ ਲਈ ਘਰੋਂ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਦਫਤਰਾਂ ਅੱਗੇ ਨੋ ਵੈਕਨਸੀ ਦੀ ਲਿਸਟ ਤੋਂ ਇਲਾਵਾ ਹੋਰ ਕੁੱਝ ਦਿਖਾਈ ਨਹੀਂ ਦੇ ਰਿਹਾ।ਅੱਜ ਪੰਜਾਬ ਦੇ ਲੋਕਾਂ ਦੀ ਸੋਚ ਸਿਰਫ ਬਾਹਰ ਜਾਣ ਤੇ ਟਿੱਕ ਚੁੱਕੀ ਹੈ,ਹਰ ਕੋਈ ਆਪਣੇ ਬੱਚਿਆਂ ਨੂੰ ਆਈਲੈਟਸ ਕਰਵਾਉਣ ਲੱਗਾ ਹੋਇਆ ਹੈ।ਸ਼ੁਰੂ ਵਿਚ ਬਾਹਰ ਜਾਣ ਦਾ ਨਸ਼ਾ ਮਾਲਵੇ ਦੇ ਪਿੰਡਾਂ ਦੇ ਨੌਜਵਾਨਾਂ ਤਕ ਸੀਮਤ ਸੀ ਪਰ ਪਿਛਲੇ ਚਾਰ-ਪੰਚ ਸਾਲਾਂ ਤੋਂ ਸ਼ਹਿਰਾਂ ਦੇ ਲੜਕੇ-ਲੜਕੀਆਂ ਨੇ ਤਾਂ ਰਿਕਾਰਡ ਹੀ ਤੋੜ ਦਿੱਤਾ ਹੈ ।ਬਹੁਤ ਸਾਰੇ ਆਈਲੈਟਸ ਕਰਵਾਉਣ ਵਾਲੇ ਵੀ ਸਰਕਾਰਾਂ ਨਾਲ ਰਲਕੇ ਗੈਰ-ਕਨੂੰਨੀ ਸਕੂਲ ਖੋਲ੍ਹ ਕੇ ਆਮ ਲੋਕਾਂ ਨੂੰ ਲੁੱਟ ਰਹੇ ਹਨ ਅਤੇ ਦਿਨੋ-ਦਿਨ ਤਰੱਕੀਆਂ ਕਰ ਰਹੇ ਹਨ।ਬੇਰੁਜ਼ਗਾਰੀ ਦੀ ਦਲਦਲ ਵਿਚ ਫਸੇ ਪੰਜਾਬੀ ਨੌਜਵਾਨਾਂ ਨੂੰ ਬਾਹਰ ਘੱਲਣ ਲਈ ਇੰਮੀਗ੍ਰੇਸ਼ਨ ਜਾਂ ਟਰੈਵਲ ਏਜੰਟੀ ਦਾ ਕਾਰੋਬਾਰ ਕਰਨ ਵਾਲੇ ਜਿੱਥੇ ਬਹੁਤ ਵਧੀਆ ਕੰਮ ਕਰ ਰਹੇ ਹਨ ਉੱਥੇ ਹੀ ਪੰਜਾਬ ਵਿਚ ਬਹੁਤ ਸਾਰੇ ਗੈਰ-ਕਨੂੰਨੀ ਖੁੱਲੇ ਇੰਮੀਗ੍ਰੇਸ਼ਨ ਕਾਰੋਬਾਰੀ ਅਤੇ ਟਰੈਵਲ ਏਜੰਟਾਂ ਦੀ ਵੀ ਚਾਂਦੀ ਬਣੀ ਹੋਈ ਹੈ ਜੋ ਭੋਲੇ-ਭਾਲੇ ਲੋਕਾਂ ਨੂੰ ਸਬਜਬਾਜ ਦਿਖਾ ਕੇ ਉਨ੍ਹਾਂ ਦੇ ਬੱਚਿਆਂ ਨੂੰ ਬਾਹਰ ਦਾ ਲਾਲਚ ਦਿਖਾਉਂਦੇ ਹਨ ਅਤੇ ਜਾਅਲੀ ਵੀਜੇ ਲੁਆਕੇ ਬਾਹਰਲੀਆਂ ਜੇਲ੍ਹਾਂ ਜਾਂ ਜੰਗਲਾਂ ਵਿਚ ਧੱਕੇ ਖੁਆਉਣ ਤੇ ਮਜ਼ਬੂਰ ਕਰ ਰਹੇ ਹਨ, ਜਿੰਨ੍ਹਾਂ ਦੀ ਕੋਈ ਪੁੱਛ-ਪੜਤਾਲ ਨਹੀਂ ਹੈ।ਬਾਹਰ ਜਾਣ ਲਈ ਘੱਟੋ-ਘੱਟ 15-16 ਲੱਖ ਦੀ ਜ਼ਰੂਰਤ ਪੈਂਦੀ ਹੈ ਜੋ ਇਕ ਅਮੀਰ ਆਦਮੀ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਇਕ ਮੱਧਵਰਗੀ ਪਰਿਵਾਰ ਲਈ ਆਪਣੇ ਬੱਚੇ ਨੂੰ ਮਜ਼ਬੂਰਨ ਬਾਹਰ ਭੇਜਣ ਲਈ ਆਪਣਾ ਘਰ–ਬਾਰ ਜਾਂ ਥੋੜ੍ਹੀ-ਬਹੁਤੀ ਜ਼ਮੀਨ ਵੇਚ ਕੇ ਅੱਕ ਚੱਬਣਾਂ ਪੈ ਰਿਹਾ ਹੈ।ਸਾਡੇ ਦੇਸ਼ ਵਿਚ ਮੰਤਰੀ ਜਾਂ ਅਫਸਰ ਦਿਨੋ-ਦਿਨ ਤਰੱਕੀਆਂ ਕਰ ਰਹੇ ਹਨ ਪਰ ਆਮ ਜਨਤਾ ਇੰਨ੍ਹਾਂ ਲੋਟੂਆਂ ਦੀ ਲੁੱਟ ਦਾ ਸ਼ਿਕਾਰ ਹੋ ਕੇ ਗਰੀਬੀ ਦੀ ਦਲਦਲ ਵਿਚ ਧੱਸਦਾ ਜਾ ਰਿਹਾ ਹੈ।ਕੀ ਪੰਜਾਬ ਸਰਕਾਰ ਸਾਡੇ ਬੱਚਿਆਂ ਦੇ ਭਵਿੱਖ ਬਾਰੇ ਕਦੇ ਸੋਚੇਗੀ ਜਾਂ ਆਪਣੇ ਪੇਟ ਜਾਂ ਖਜਾਨੇ ਭਰਨ ਵਿਚ ਹੀ ਮਸਤ ਰਹੇਗੀ? ਜੇਕਰ ਪੰਜਾਬ ਦੀਆਂ ਸਰਕਾਰਾਂ ਦਾ ਇਹੀ ਹਾਲ ਰਿਹਾ ਤਾਂ ਇਕ ਦਿਨ ਅਜਿਹਾ ਆਵੇਗਾ ਜਦ ਪੰਜਾਬ ਵਿਚ ਲੋਕਾਂ ਨੂੰ ਭਿਖਾਰੀ ਬਨਣਾ ਪਵੇਗਾ।
ਮਨਜੀਤ ਪਿਊਰੀ ਗਿੱਦੜਬਾਹਾ
94174 47986
ਨੇੜੇ ਭਾਰੂ ਗੇਟ ਗਿੱਦੜਬਾਹਾ
ਸੁਪਨਾ ਸੁਲਤਾਨ ਹੈ
NEXT STORY