ਸੁਪਨਾ ਸੁਲਤਾਨ ਹੈ ਜੀਵਨ ਦੇ ਰੋਂਮਰਾ ਦੇ ਉਤਰਾਅ ਚੜ੍ਹਾਅ ਅਤੇ ਖਿਆਲਾਂ ਦੀ ਦੁਨੀਆਂ ਜਦੋਂ ਸੁਪਨੇ ਵਿਚ ਪ੍ਰਗਟ ਹੁੰਦੀ ਹੈ ਤਾਂ ਸੁਪਨਾ ਹਕੀਕੀ ਤੌਰ ਤੇ ਸੁਲਤਾਨ ਲੱਗਦਾ ਹੈ । ਭਾਵੇਂ ਸੁਪਨਾ ਮਨੁੱਖੀ ਸਰੀਰ ਦੀ ਕਿਰਿਆ ਹੈ ਪਰ ਸਮਾਜ ਵਿਚ ਇਸਨੂੰ ਵੱਖ-ਵੱਖ ਨਜ਼ਰੀਏ ਤੋਂ ਦੇਖ ਸੋਚ ਕੇ ਆਪਣੇ ਅਨੁਸਾਰ ਢਾਲ ਲਿਆ ਜਾਂਦਾ ਹੈ । ਉਂਝ ਸੁਪਨਾ ਸੁਪਨੇ ਵਿਚ ਹੀ ਗਵਾਚ ਜਾਂਦਾ ਹੈ ।
ਸਾਡੇ ਸਿਆਣਿਆਂ ਦਾ ਸੁਪਨੇ ਬਾਰੇ ਈਜਾਦ ਕੀਤਾ ਲੋਕ ਤੱਥ ਇਕ ਤਰ੍ਹਾਂ ਲੋਕ ਅਵਾਜ਼ ਹੀ ਲੱਗਦੀ ਹੈ _
ਸੁਪਨਿਆ ਤੂੰ ਸੁਲਤਾਨ ਹੈ ਉੱਤਮ ਤੇਰੀ ਜਾਤ ,
ਸੌ ਵਰਿਆਂ ਦੇ ਵਿੱਛੜੇ ਆਣ ਮਿਲਾਵੇ ਰਾਤ ੌ
ਜਦੋਂ ਪਰਲੋਕ ਗਿਆ ਇਨਸਾਨ ਸੁਪਨੇ ਵਿਚ ਮਿਲਦਾ ਹੈ ਤਾਂ ਸਵੇਰੇ ਉੱਠ ਕੇ ਅਚੰਭਾ ਲੱਗਦਾ ਹੈ । ਗਲਤ ਫਹਿਮੀ ਨਾਲ ਆਉਂਦੇ ਸੁਪਨੇ ਸੁਲਤਾਨ ਬਣਾ ਦਿੰਦੇ ਹਨ । ਸਵੇਰੇ ਉੱਠ ਕੇ ਅੱਖ ਖੁੱਲਣ ਦੇ ਪੱਲੇ ਕੱਖ ਨਾ ਪੱਤ ਹੁੰਦਾ ਹੈ । ਛੋਟੀ ਔਕਾਤ ਵੱਡੇ ਸੁਪਨੇ ਛਿੰਨ ਪਲ ਲਈ ਸੁਲਤਾਨ ਬਣਾ ਦਿੰਦੇ ਹਨ ਪਰ ਇਨਸਾਨ ਦੀ ਦਸ਼ਾ ਹਨ੍ਹੇਰੀ ਵਿਚ ਭਟਕੇ ਪੰਛੀ ਵਾਲੀ ਬਣਾ ਦਿੰਦੇ ਹਨ । ਸੁਪਨੇ ਨੂੰ ਸੁਪਨਾ ਸਮਝ ਕੇ ਹੀ ਹੰਢਾਉਣਾ ਚਾਹੀਦਾ ਹੈ । ਇਸੇ ਵਿਚ ਹੀ ਭਲਾਈ ਹੈ ।ਅਧਿਆਤਮਕ ਤੌਰ ਤੇ ਸਮੁੱਚੇ ਸੰਸਾਰ ਨੂੰ ਸੁਪਨਾ ਕਿਹਾ ਜਾਂਦਾ ਹੈ ਜੇ ਇਸ ਨਜ਼ਰੀਏ ਤੋਂ ਜੀਵਨ ਬਸਰ ਕਰੀਏ ਤਾਂ ਈਰਖਾ ਭਾਵਨਾ ਮਿੱਟ ਜਾਂਦੀ ਹੈ ।ਵਾਹ ਉਏ ਸੁਪਨਿਆ ਤੇਰੀ ਕਿਸ ਤਰ੍ਹਾਂ ਦੀ ਰੀਤ ਤੂੰ ਅਕਾਸ਼ ਤੋਂ ਪਤਾਲ ਅਤੇ ਪਤਾਲ ਤੋਂ ਅਕਾਸ਼ ਤੱਕ ਪਹੁੰਚਾ ਦਿੰਦਾ ਹੈ । ਕਾਸ਼ ! ਕਿਤੇ ਵੱਡੇ ਖੁਆਬਾ ਦੇ ਸੁਪਨੇ ਪੂਰੇ ਹੋ ਜਾਣ ਤਾਂ ਜੋ ਅਸੀਂ ਸੁਪਨੇ ਵਾਂਗ ਸੁਲਤਾਨ ਬਣ ਸਕੀਏ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445