ਲੈਸ਼ਨਲ ਡੈਮੋਕਰੇਟਿਕ ਅਲਾਂਈਸ ਭਾਜਪਾ ਦੀ ਸਰਕਾਰ ਨੇ ਇਕ ਸਰਕੂਲਰ ਜਾਰੀ ਕਰਕੇ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਵਿਚ ਦਲਿਤ ਸ਼ਬਦ ਦੀ ਵਰਤੋਂ ਉਤੇ ਰੋਕ ਲਗਾ ਦਿੱਤੀ ਹੈ। ਜੋ ਬਿੱਲਕੁਲ ਜਾਇਜ਼ ਨਹੀ ਹੈ। ਅਸਲ ਵਿਚ ਬੀਤੇ ਦੋ ਅਪ੍ਰੈਲ ਨੂੰ ਦਲਿਤ ਜਥੇਬੰਦੀਆਂ ਦੇ ਸਫਲ ਭਾਰਤ ਬੰਦ ਨੇ ਬੀ ਜੇ ਪੀ ਦੀ ਸਰਕਾਰ ਨੂੰ ਹਲੂਣ ਕੇ ਰੱਖ ਦਿੱਤਾ ਹੈ। ਕਿਉਂਕਿ ਇਹ ਭਾਰਤ ਬੰਦ ਕਰਨ ਦਾ ਸੱਦਾ ਕਿਸੇ ਵੱਡੇ ਸਥਾਪਤ ਆਗੂ ਜਾਂ ਕਿਸੇ ਸਥਾਪਤ ਰਾਜਨੀਤਕ ਪਾਰਟੀ ਵਲੋਂ ਅਤੇ ਨਾ ਹੀ ਕਿਸੇ ਵਲੋਂ ਉਕਸਾਇਆ ਗਿਆ ਕੋਈ ਛੜਯੰਤਰ ਸੀ। ਬਲਕਿ ਇਹ ਤਾਂ ਦਲਿਤ ਵਰਗ ਦੇ ਮਨਾਂ 'ਚ ਲੰਮੇ ਸਮੇਂ ਤੋਂ ਰਿਸਕਦਾ ਰੋਹ ਸੀ, ਜੋ 20 ਮਾਰਚ 2018 ਨੂੰ ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਐਸ ਸੀ.ਐਸ ਟੀ.ਐਕਟ 1989 ਨੂੰ ਪ੍ਰਭਾਵਹੀਣ ਕਰਨ ਕਾਰਨ ਤਤਕਾਲ ਕਾਰਨ ਬਣਿਆ। ਸਿੱਟੇ ਵਜੋਂ ਦਿਨੋਂ-ਦਿਨ ਪ੍ਰਚੰਡ ਹੋ ਰਹੇ ਦਲਿਤਾਂ 'ਚ ਪ੍ਰਚੰਡ ਹੋ ਰਹੇ ਰੋਹ ਨੂੰ ਦੇਖਦਿਆਂ ਬੀ ਜੇ ਪੀ ਸਰਕਾਰ ਨੂੰ ਪਾਰਲੀਮੈਂਟ ਵਿਚ ਐਸ ਸੀ.ਐਸ ਟੀ.ਐਕਟ 1989 ਨੂੰ ਦੁਬਾਰਾ ਪਾਸ ਕਰਵਾਉਣਾ ਪਿਆ। ਦਲਿਤ ਅੰਦੋਲਨ ਭੀਮ ਆਰਮੀ ਦੇ ਆਗੂ ਐਡਵੋਕੇਟ ਚੰਦਰ ਸ਼ੇਖਰ ਰਾਵਣ ਤੇ ਉਹਨਾਂ ਦੇ ਸਾਥੀਆਂ ਨੂੰ ਪਿੱਛਲੇ ਡੇਢ ਸਾਲ ਤੋਂ ਕਾਲੇ ਕਾਨੂੰਨਾਂ ਤਹਿਤ ਨਜ਼ਰਬੰਦ ਕੀਤਾ ਹੋਇਆ ਹੈ।
ਸੰਘ ਪਰਿਵਾਰ ਦੀ ਅੱਜ ਦੋ ਗੱਲਾਂ-ਪਹਿਲੀ ਹਜਾਰਾਂ ਸ਼ਡੂਲਡਕਾਸਟਸ, ਸ਼ਡੂਲਡਟਰਾਈਬਜ਼, ਬੈਕਵਾਰਡ ਜਾਤੀਆਂ ਅਤੇ ਔਰਤਾਂ ਦਾ ਇਕ 'ਦਲਿਤ ਵਰਗ' ਵਿਚ ਇਕੱਠੇ ਹੋਣਾ ਅਤੇ ਦੂਜਾ ਦਲਿਤਾਂ ਦੇ ਮਨੂੰਵਾਦੀ ਸੰਸਕਾਰਾਂ ਨੂੰ ਨਕਾਰਕੇ ਆਪਣੇ ਸੰਸਕਾਰ 'ਜੈ ਭੀਮ' ਨੂੰ ਲੋਕ ਲਹਿਰ ਬਣਾਉਣ ਨੇ ਨੀਂਦ ਹਰਾਮ ਕੀਤੀ ਹੋਈ ਹੈ। ਨਹੀ ਤਾਂ ਦਲਿਤ ਵਰਗ ਦੇ ਹੋਂਦ 'ਚ ਆਉਣ ਤੋਂ ਪਹਿਲਾਂ ਜਦ ਕਿਸੇ ਵੀ ਰਵਿਦਾਸੀਆ 'ਤੇ ਅੱਤਿਆਚਾਰ ਹੋਣਾ ਤਾਂ ਵਾਲਮੀਕਿ, ਮਜ਼ਹਬੀ ਤੇ ਹੋਰ ਹਜ਼ਾਰਾਂ ਸ਼ਡੂਲਡਕਾਸਟਸ, ਟਰਾਈਬਜ਼, ਬੈਕਵਾਰਡ ਜਾਤੀਆਂ ਨੇ ਕੋਈ ਮਹਿਸੂਸ ਨਾ ਕਰਨਾ। ਇਸੇ ਤਰਾਂ ਜਦ ਕਿਸੇ ਵਾਲਮੀਕਿ ਮਜ਼ਹਬੀ 'ਤੇ ਅੱਤਿਆਚਾਰ ਹੋਣਾ ਤਾਂ ਰਵਿਦਾਸੀਆ, ਆਦਿਧਰਮੀ ਤੇ ਹੋਰ ਹਜ਼ਾਰਾਂ ਐਸ ਸੀ, ਐਸ ਟੀ, ਬੀ ਸੀ ਜਾਤੀਆਂ ਨੇ ਕੋਈ ਮਹਿਸੂਸ ਨਾ ਕਰਨਾ। ਹੁਣ ਜਦ ਮੀਡੀਆ ਵਿਚ ਖਬਰ ਆਉਂਦੀ ਹੈ ਕਿ ਫ਼ਲਾਨੀ ਥਾਂ ਦਲਿਤਾਂ 'ਤੇ ਅੱਤਿਆਚਾਰ ਹੋਇਆ ਹੈ ਤਾਂ ਵਾਲਮੀਕਿ, ਮਜ਼ਹਬੀ ਸਮਝਦਾ ਕਿ ਸਾਡੇ 'ਤੇ ਅੱਤਿਆਚਾਰ ਹੋਇਆ, ਰਵਿਦਾਸੀਆ, ਆਦਿਧਰਮੀ ਤੇ ਹੋਰ ਹਜ਼ਾਰਾਂ ਸ਼ਡੂਲਡਕਾਸਟਸ, ਟਰਾਈਬਜ਼, ਬੈਕਵਾਰਡਕਾਸਟਸ ਜਾਤੀਆਂ ਕਹਿੰਦੀਆਂ ਸਾਡੇ 'ਤੇ ਅੱਤਿਆਚਾਰ ਹੋਇਆ। ਸਾਰੇ ਦਲਿਤ ਇਕੱਠੇ ਹੋ ਕੇ ਵਿਰੋਧ ਕਰਦੇ ਹਨ ਤਾਂ ਸਵਰਨਾ ਸਹਿਣ ਨਹੀ ਕਰਦੇ। ਸਵਰਨ ਕਰਨੀ ਸੈਨਾ ਪ੍ਰਤੱਖ ਪ੍ਰਮਾਣ ਹਨ।
ਦਲਿਤਾਂ ਵਲੋਂ 2 ਅਪ੍ਰੈਲ ਭਾਰਤ ਬੰਦ, ਭੀਮਾ ਕੋਰੇਗਾਉਂ, ਮਰਾਠਵਾੜਾ, ਗੁਹਾਨਾਂ ਕਾਂਡਾਂ ਦੇ ਵਿਰੋਧ 'ਚ ਹੋਏ ਦਲਿਤ ਸੰਘਰਸ਼, ਜਿਹਨਾਂ ਮਨੂੰਵਾਦੀਆਂ ਨੂੰ ਬੈਕਫੁੱਟ 'ਤੇ ਲੈ ਆਉਂਦਾ ਹੈ। ਇਸ ਕਰਕੇ ਹੀ ਭਾਜਪਾ ਸਰਕਾਰ ਨੇ ਦਲਿਤ ਸ਼ਬਦ 'ਤੇ ਪਾਬੰਦੀ ਲਾਈ ਹੈ। ਸੰਘ ਪਰਿਵਾਰ ਦਲਿਤਾਂ ਨੂੰ ਵੱਖ-ਵੱਖ ਜਾਤਾਂ ਰਵਿਦਾਸੀਆਂ, ਆਦਿਧਰਮੀਆਂ, ਆਦਿਵਾਸੀਆਂ, ਮੂਲਨਿਵਾਸੀਆਂ, ਵਾਲਮੀਕਿਆਂ, ਮਜ਼ਹਬੀਆਂ ਤੇ ਹੋਰ ਹਜ਼ਾਰਾਂ ਜਾਤੀਆਂ 'ਚ ਵੰਡ ਕੇ ਹੀ ਤਾਂ ਸਦੀਆਂ ਤੋਂ ਰਾਜ ਕਰਦਾ ਆ ਰਿਹਾ ਹੈ। ਦਲਿਤਾਂ ਨੂੰ ਆਪਸ ਵਿਚ ਵੰਡੀ ਰੱਖਣ ਲਈ ਹੀ ਸੰਘ ਪਰਿਵਾਰ ਦਲਿਤ ਸ਼ਬਦ ਪ੍ਰਤੀ ਤਰ੍ਹਾਂ-ਤਰ੍ਹਾਂ ਦੀਆਂ ਭਰਾਂਤੀਆਂ ਫੈਲਾਉਦਾ ਹੈ। ਪਿੱਛਲੇ ਦਹਾਕੇ ਤੋਂ ਦਲਿਤਾਂ 'ਚ ਫੁੱਟ ਪਾਉਣ ਲਈ, ਸੰਘ ਪਰਿਵਾਰ ਨੇ ਅਨੇਕਾ ਕਿਤਾਬਾਂ ਆਦਿ ਹਿੰਦੂ ਜਾਤੀ ਚਮਾਰ, ਆਦਿ ਹਿੰਦੂ ਜਾਤੀ ਵਾਲਮੀਕ, ਆਦਿ ਹਿੰਦੂ ਜਾਤੀ ਦਰਾਵੜ, ਆਦਿ ਹਿੰਦੂ ਜਾਤੀ ਖਟੀਕ, ਆਦਿ ਹਿੰਦੂ ਜਾਤੀ ਮੇਘ ਲੱਖਾਂ ਦੀ ਗਿਣਤੀ 'ਚ ਛਾਪੀਆਂ, ਤਾਂ ਕਿ ਦਲਿਤ ਵੱਖ ਵੱਖ ਜਾਤਾਂ 'ਚ ਪੱਕੇ ਤੌਰ ਤੇ ਵੰਡੇ ਰਹਿਣ ਤਾਂ ਹੀ ਉਹਨਾਂ ਦਾ ਰਾਜ ਸੁਰੱਖਿਅਤ ਰਹਿ ਸਕਦਾ ਹੈ।
ਦਲਿਤ ਸ਼ਬਦ ਦਾ ਸ਼ਾਨਾਂਮੱਤੇ ਇਤਿਹਾਸ ਹੈ। ਦਲਿਤ ਸ਼ਬਦ ਡਾਕਟਰ ਅੰਬੇਡਕਰ ਦਾ ਪ੍ਰੇਰਨਾ ਸਰੋਤ ਹੈ। 1928 ਵਿੱਚ ਜਦ ਸਾਈਮਨ ਕਮਿਸ਼ਨ ਭਾਰਤ ਆਇਆ ਤਾਂ ਡਾਕਟਰ ਅੰਬੇਡਕਰ ਨੇ ਉਸ ਨੂੰ ਜੋ ਅੰਗਰੇਜ਼ੀ ਵਿਚ ਮੈਮੋਰਿੰਡਮ ਦਿੱਤਾ ਉਸ ਵਿਚ ਬਾਬਾ ਸਾਹਿਬ ਨੇ 'ਡਿਪਰੈਸਡ ਕਲਾਸਿਜ਼ ਸ਼ਬਦ' ਲਿੱਖਿਆ। ਜਿਸ ਦਾ ਮਰਾਠੀ ਤੇ ਪੰਜਾਬੀ ਅਨੁਵਾਦ ਦਲਿਤ ਹੀ ਬਣਦਾ ਹੈ। ਡਾਕਟਰ ਅੰਬੇਡਕਰ ਨੇ ਇਸ ਤੋਂ ਬਾਅਦ 1948 ਵਿਚ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਲਈ ਦਲਿਤ ਸਾਹਿਤ ਸੰਘ ਦੀ ਸਥਾਪਨਾ ਕੀਤੀ। ਡਾਕਟਰ ਅੰਬੇਡਕਰ ਦੇ ਆਪਣੇ ਅਖਬਾਰ 'ਜਨਤਾ' ਸਪਤਾਹਿਕ ਵਿੱਚ ਲਗਾਤਾਰ 'ਦਲਿਤ ਸਾਹਿਤ ਪ੍ਰਤੀ ਲੇਖ ਲਿੱਖੇ। ਦਲਿਤ ਸਾਹਿਤ/ਇਤਿਹਾਸਕਾਰ ਡਾਕਟਰ ਅੰਬੇਡਕਰ ਨੂੰ ਦਲਿਤ-ਸਾਹਿਤ/ਇਤਹਾਸ ਦਾ ਮੋਢੀ ਮੰਨਦੇ ਹਨ।
ਮਹਾਂਰਾਸ਼ਟਰ ਵਿੱਚ 1960-61 ਵਿੱਚ ਹੋਏ ਪਹਿਲੇ ਮਹਾਰਾਸ਼ਟਰ ਬੋਧ ਸਾਹਿਤਯ ਸੰਮੇਲਨ ਦੀ ਪ੍ਰਧਾਨਗੀ ਕਰਦਿਆਂ ਪ੍ਰਗਤੀਸ਼ੀਲ ਦਲਿਤ ਸਾਹਿਤਕਾਰ ਅਣਾਭਾਉਸਾਠੇ ਨੇ ਕਿਹਾ ਸੀ, ''ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਦੁਨੀਆ ਦਲਿਤ ਦੀ ਹਥੇਲੀ ਉੱਤੇ ਟਿਕੀ ਹੋਈ ਹੈ ਨਾ ਕਿ ਸ਼ੇਸ਼ਨਾਗ ਦੇ ਫੰਨ
ਉੱਤੇ। ਇਸ ਲਈ ਇਹਨਾਂ ਦਲਿਤਾਂ ਦੇ ਜੀਵਨ ਦਾ ਚਿਤਰਨ ਮੈਂ ਇਮਾਨਦਾਰੀ ਅਤੇ ਦਰਿੜਤਾ ਨਾਲ ਕਰਦਾ ਆ ਰਿਹਾ ਹਾਂ ਅਤੇ ਕਰਦਾ ਰਹਾਂਗਾ।'' (ਸਾਰਿਕਾ, ਅਪ੍ਰੈਲ 1975, ਸਫਾ-75)
1972 ਵਿੱਚ ਦਲਿਤ ਪੈਂਥਰ ਅੰਦੋਲਨ ਦੀ ਸਥਾਪਨਾ ਦੇ ਬਾਅਦ ਦਲਿਤ ਸਾਹਿਤ ਹੋਰ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਗਿਆ ਅਤੇ ਦਲਿਤ ਪੈਂਥਰ ਅੰਦੋਲਨ ਨਾਲ ਜੁੜੇ ਸਾਹਿਤਕਾਰਾਂ ਦੁਆਰਾ ਪੈਂਥਰ ਦੇ ਮਿਲਿਟੈਂਟ ਪ੍ਰੋਗਰਾਮਾਂ ਦਾ ਚੋਖੇ ਅਤੇ ਤਿੱਖੇ ਸਵਰ ਵਿੱਚ ਦਲਿਤ ਸਾਹਿਤ ਰਾਹੀਂ ਐਲਾਨ ਕੀਤਾ ਗਿਆ। ਦਲਿਤ ਪੈਂਥਰਾਂ ਦੁਆਰਾ ਲਿਖਿਆ ਗਿਆ ਦਲਿਤ ਸਾਹਿਤ, ਦਲਿਤ ਅੰਦੋਲਨ 'ਚ ਤੇਜੀ ਲਿਆਉਣ ਵਿੱਚ ਵਧੇਰੇ ਸਹਾਇਕ ਸਿੱਧ ਹੋਇਆ ਹੈ। 1987 ਵਿੱਚ ਹੈਦਰਾਬਾਦ ਵਿੱਖੇ ਤਿੰਨ ਦਿਨਾਂ ਪਹਿਲੀ ਆਲ ਇੰਡੀਆ ਦਲਿਤ ਰਾਈਟਰਜ਼ ਕਾਨਫਰੰਸ ਹੋਈ। ਕਾਨਫਰੰਸ ਵਿਚ ਇਹ ਨਾਅਰਾ ਦਿੱਤਾ ਗਿਆ ਕਿ 'ਦਲਿਤ ਰਾਈਟਰ ਹੀ ਨਹੀ, ਫਾਈਟਰ ਵੀ ਹਨ', 'ਦਲਿਤ ਲੇਖਕ ਹੀ ਨਹੀ, ਲੜਾਕੇ ਵੀ ਹਨ।'
ਦਲਿਤ ਸ਼ਬਦ ਕਦੋਂ ਹੋਂਦ 'ਚ ਆਇਆ? ਅਤੇ ਦਲਿਤ ਕੌਣ ਹਨ? ਇਸ ਬਾਰੇ ਮਾਨਯੋਗ ਕਾਂਸ਼ੀ ਰਾਮ ਕਹਿੰਦੇ ਹਨ ਕਿ ਇਹ ਬਹੁਤ ਗਰਭ ਦੀ ਗੱਲ ਹੈ ਕਿ ਦਲਿਤ ਸ਼ਬਦ ਸਾਨੂੰ ਕਿਸੇ ਨੇ ਨਹੀਂ ਦਿੱਤਾ ਇਹ ਨਾਮ 'ਦਲਿਤਾਂ' ਅਸੀਂ ਖੁਦ ਰੱਖਿਆ ਹੈ। ਸ਼ਡੂਲਡ ਕਾਸਟ, ਸ਼ਡੂਲਡ ਟਰਾਈਬਜ਼, ਪਿਛੜੀ ਜਾਤੀਆਂ ਪਹਿਲਾਂ ਆਪਣਾ ਨਾਮ ਖੁਦ ਨਹੀਂ ਰੱਖਦੀਆ ਸੀ। ਉਨ•ਾਂ ਦੇ ਨਾਂ ਦੂਜੇ (ਅਖੌਤੀ ਉਚ ਜਾਤੀ) ਰੱਖਦੇ ਸੀ। ਭਾਰਤ ਦੇ ਵੱਖ-ਵੱਖ ਰਾਜਾਂ 'ਚ ਉਨ•ਾਂ ਦੇ ਬਹੁਤ ਘਟੀਆ ਤੇ ਨਫ਼ਰਤ ਵਾਲੇ ਨਾਮ ਹਨ। ਜਿਵੇਂ ਦੁਆਬੇ ਵਿੱਚ ਉਨ੍ਹਾਂ ਨੂੰ ਚੂਹੜੇ-ਚਮਾਰ, ਮਜ਼ਹਬੀ, ਆਦਿਵਾਸੀਆਂ ਨੂੰ ਗੌਂਡ-ਗਵਾਰ, ਤੇਲੀ-ਤਮੋਲੀ, ਢੇਡ, ਜੈਸੇ ਬਹੁਤ ਹੀ ਅਪਮਾਨਤ ਤੇ ਨਫ਼ਰਤ ਵਾਲੇ ਨਾਮਾਂ ਨਾਲ ਪੁਕਾਰਦੇ ਹਨ। ਹਰੀਜਨ ਸ਼ਬਦ ਜੋ ਉਨ੍ਹਾਂ ਨੂੰ ਗਾਂਧੀ ਨੇ ਦਿੱਤਾ ਸੀ, ਇਸ ਨਾਲ ਵੀ ਉਨ੍ਹਾਂ ਨੂੰ ਘਿਰਣਾ ਸੀ, ਜੋ ਕਿ ਹੋਣੀ ਵੀ ਚਾਹੀਦੀ ਸੀ। ਇਸ ਲਈ ਸ਼ਡੂਲਡ ਕਾਸਟਾਂ 'ਚੋਂ ਬੋਧੀ ਬਣੇ ਲੋਕਾਂ ਨੇ ਆਪਣਾਂ ਨਾਮ 'ਦਲਿਤ' ਰੱਖ ਲਿਆ। ਫਿਰ ਜਦ ਦਲਿਤ ਪੈਂਥਰ ਸੰਗਠਨ ਬਣਿਆ ਤਾਂ ਉਸ 'ਚ ਇੱਕ ਖਟੀਕ ਜਾਤੀ ਦਾ ਮੁਸਲਮਾਨ ਵੀ ਸੀ। ਇਸ ਤਰਾਂ• ਛੋਟੀਆਂ ਜਾਤੀਆਂ 'ਚੋਂ ਬਣੇ ਮੁਸਲਮਾਨ ਵੀ ਆਪਣੇ ਆਪ ਨੂੰ ਦਲਿਤ ਕਹਿਣ ਲੱਗੇ। ਫਿਰ ਇਸੇ ਤਰ੍ਹਾਂ ਇਸਾਈ ਬਣੇ ਸ਼ਡੂਲਡ ਕਾਸਟ ਆਪਣੇ ਆਪ ਨੂੰ ਦਲਿਤ ਕਹਿਣ ਲੱਗੇ।
ਪੰਜਾਬ ਵਿਚ ਫਗਵਾੜਾ ਦੀ ਧਰਤੀ ਉਪਰ 13,14 ਮਾਰਚ 1994 ਨੂੰ ਅਸੀਂ ਪਹਿਲੀ ਵਾਰ ਦੋ ਦਿਨਾਂ 'ਪੰਜਾਬੀ ਦਲਿਤ ਸਾਹਿਤ ਸੰਮੇਲਨ' ਹੋਇਆ, ਜਿਸ 'ਚ ਦੇਸ਼ ਵਿਦੇਸ਼ ਤੋਂ ਦਲਿਤ ਸ਼ੋਸ਼ਿਤ, ਪੀੜਤ ਲੋਕਾਂ ਲਈ ਲਿਖਣ ਵਾਲੇ ਕਰੀਬ 650 ਵਿਦਿਵਾਨਾਂ, ਸਾਹਿਤਕਾਰਾਂ, ਆਲੋਚਕਾਂ, ਕਵੀਆਂ ਨੇ ਭਾਰੀ ਗਿਣਤੀ ਵਿਚ ਬੜੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਪੰਜਾਬ ਦੀਆਂ ਰੋਜ਼ਾਨਾਂ ਅਖਬਾਰਾਂ ਇਸ ਮੌਕੇ ਵਿਸ਼ੇਸ਼ ਅੰਕ ਪ੍ਰਕਾਸ਼ਤ ਕੀਤੇ। ਇਹ ਸੰਮੇਲਨ ਪੰਜਾਬੀ ਭਾਸ਼ਾ ਵਿਚ ਦਲਿਤ ਸਾਹਿਤ ਦੀ ਸਿਰਫ ਹੋਂਦ ਸਾਬਤ ਕਰਨ 'ਚ ਹੀ ਸਫਲ ਹੋਇਆ ਬਲਕਿ ਅੱਜ ਉਤਰੀ ਭਾਰਤ ਦੀਆਂ 7 ਯੂਨੀਵਰਸਿਟੀਆਂ ਵਿਚ 'ਦਲਿਤ ਸਾਹਿਤ, ਦਲਿਤ ਅੰਦੋਲਨ, ਦਲਿਤ ਚੇਤਨਾ, ਦਲਿਤ ਇਤਿਹਾਸ, ਦਲਿਤ ਰਾਜਨੀਤੀ, ਦਲਿਤ ਕਵਿਤਾ, ਦਲਿਤ ਨਾਵਲ, ਦਲਿਤ ਕਹਾਣੀ ਆਦਿ ਵਿਸ਼ਿਆਂ 'ਤੇ ਸੈਂਕੜੇ ਵਿਦਿਆਰਥੀ ਖੋਜ਼ ਕਰ ਰਹੇ ਹਨ।
ਐਸਾ ਨਹੀਂ ਕਿ ਦਲਿਤ ਸਿਰਫ ਭਾਰਤ 'ਚ ਹੀ ਹਨ। ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਵੀ ਲੋਕ ਆਪਣੇ-ਆਪ ਨੂੰ ਦਲਿਤ ਮੰਨ ਕੇ ਸੰਸਾਰ ਭਰ ਦੇ ਦਲਿਤ ਸਮੂਹਾਂ ਨਾਲ ਮਿਲ ਰਹੇ ਹਨ। ਪਾਕਿਸਤਾਨ, ਨੇਪਾਲ, ਬੰਗਲਾ ਦੇਸ਼ਾਂ ਦੇ ਦਲਿਤ ਵੀ ਭਾਰਤੀ ਦਲਿਤਾਂ ਤੋਂ ਪ੍ਰੇਰਨਾ ਨਾ ਲੈ ਕੇ ਨਿਆਂ ਲਈ ਸੰਘਰਸ਼ ਕਰ ਰਹੇ ਹਨ। ਜਪਾਨ ਦੇ ਬਰਾਕੂਮਿਨ, ਯੂਰਪ ਦੇ ਰੋਮਾ ਤੇ ਕਾਗੂਟਾਸ ਯਮਨ ਦੇ ਅਲ ਅਖਦਮ, ਕੋਰੀਆ ਦੇ ਬਿਕਓਆਂਗ, ਸੋਮਾਲੀਆ ਦੇ ਮਿਦਗਾਨੀ, ਨਿਊਜ਼ੀਲੈਂਡ ਦੇ ਮਾਔਰੀ, ਪੋਲਏਸ਼ੀਅਨ, ਮੈਸਡੋਨੀ ਆਂਕੇ ਆਦਿ ਦੇਸ਼ਾਂ ਦੇ ਦਲਿਤ, ਸੋਸ਼ਿਤ, ਪੀੜਤ ਲੋਕ ਆਪਣੇ-ਆਪ ਨੂੰ ਦਲਿਤ ਮੰਨ ਕੇ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਦੇਸ਼ 'ਇੰਟਰਨੈਸ਼ਨਲ ਦਲਿਤ ਸੋਲੀਡਿਰਟੀ ਨੈਟਵਰਕ' (ਆਈ.ਡੀ.ਐੱਸ.ਐੱਨ) ਦੇ ਨਾਲ ਜੁੜੇ ਹੋਏ ਹਨ। ਇਹ ਸਮੁਦਾਇ ਡਾ. ਬਾਬਾ ਸਾਹਿਬ ਅੰਬੇਡਕਰ ਦੇ ਦਲਿਤ ਅੰਦੋਲਨ ਤੋਂ ਪ੍ਰੇਰਨਾ ਲੈ ਕੇ ਅੱਗੇ ਵੱਧ ਰਹੇ ਹਨ। ਦਲਿਤ ਸ਼ਬਦ ਨਾਲ ਅੰਤਰ ਰਾਸ਼ਟਰੀ ਪੱਧਰ 'ਤੇ ਜੁੜੇ ਇਨ੍ਹਾਂ ਲੋਕਾਂ ਦਾ ਵਿਸ਼ਵ ਸਾਮਰਾਜੀਆਂ ਦੇ ਵਿਰੁੱਧ ਇੱਕ ਵਿਸ਼ਾਲ ਭਾਈਚਾਰਾ ਵਰਗ ਬਣਦਾ ਜਾ ਰਿਹਾ ਹੈ। ਇਸ ਲਈ ਦਲਿਤ ਸ਼ਬਦ 'ਤੇ ਰੋਕ ਲਾਉਣਾ, ਮਨੂੰਵਾਦੀ ਵਿਵਸਥਾ ਅਨੁਸਾਰ ਜਾਤ ਪਾਤ ਤੇ ਮਜ਼ਹਬ, ਬਰਾਦਰੀ ਨੂੰ ਪ੍ਰਫੁੱਲਤ ਕਰਨ ਤੋਂ ਸਿਵਾਏ ਕੁਝ ਵੀ ਨਹੀਂ ਹੈ।
ਅੱਜ ਭਾਰਤ ਹੀ ਨਹੀ ਦੇਸ਼-ਵਿਦੇਸ਼ ਦੀਆਂ ਕਰੀਬ 152 ਯੂਨੀਵਰਸਿਟੀਆ ਵਿਚ, 'ਦਲਿਤ ਸਾਹਿਤ, ਦਲਿਤ ਅੰਦੋਲਨ, ਦਲਿਤ ਚੇਤਨਾ, ਦਲਿਤ ਇਤਿਹਾਸ, ਦਲਿਤ ਰਾਜਨੀਤੀ, ਦਲਿਤ ਕਵਿਤਾ, ਦਲਿਤ ਨਾਵਲ, ਦਲਿਤ ਕਹਾਣੀ ਆਦਿ ਵਿਸ਼ਿਆਂ 'ਤੇ ਹਜ਼ਾਰਾਂ ਵਿਦਿਆਰਥੀ ਪੜ੍ਹ•ਲਿੱਖ ਕੇ ਖੋਜ਼ ਨਿਬੰਧ ਲਿੱਖ ਰਹੇ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅੱੱਜ ਭਾਰਤ ਵਿਚ ਹੀ ਨਹੀ ਵਿਸ਼ਵ ਪੱਧਰ 'ਤੇ ਦਲਿਤ ਸਾਹਿਤ ਸਭ ਤੋਂ ਵੱਧ ਪੜ੍ਹਿਆ ਅਤੇ ਲਿੱਖਿਆ ਜਾ ਰਿਹਾ ਹੈ। ਇਸ ਤੋਂ ਹੀ ਮਨੂੰਵਾਦੀ ਪੂੰਜੀਪਤੀ ਅਤੇ ਸਾਮਰਾਜੀ ਘਬਰਾਏ ਹੋਏ ਹਨ ਕਿ ਹੁਣ ਮਨੂੰਵਾਦ ਦੀ ਮੌਤ ਨਿਸ਼ਚਿਤ ਹੈ। ਇਸੇ ਕਰਕੇ ਹੀ ਉਹ ਹਿੰਦੂ-ਹਿੰਦੀ-ਹਿੰਦੋਸਤਾਨ ਅਤੇ ਰਾਮ ਰਾਜ ਦਾ ਰੌਲਾ ਪਾ ਰਹੇ ਹਨ। ਉਹ ਕੁੱਝ ਲੇਖਕਾਂ ਤੋਂ ਅੰਬੇਡਕਰਵਾਦ ਅਤੇ ਦਲਿਤ ਮਹਾਪੁਰਸਾਂ ਦੇ ਵਿਰੁੱਧ ਅਤੇ ਹਿੰਦੂਤਤਵ ਦੇ ਹੱਕ ਵਿਚ ਹਿੰਦੂ ਮੂਲਨਿਵਾਸੀ ਆਦਿ ਜਾਤੀ ਵਾਲਮੀਕਿ, ਹਿੰਦੂ ਮੂਲਨਿਵਾਸੀ ਆਦਿ ਜਾਤੀ ਆਦਿਧਰਮੀ, ਹਿੰਦੂ ਮੂਲਨਿਵਾਸੀ ਆਦਿ ਜਾਤੀ ਮਹਾਰ, ਹਿੰਦੂ ਮੂਲਨਿਵਾਸੀ ਆਦਿ ਜਾਤੀ ਖਟੀਕ ਆਦਿ ਜਾਤੀਵਾਦੀ ਕਿਤਾਬਾਂ ਲਿੱਖਵਾ-ਛਪਵਾ ਕੇ ਧੜਾ ਧੜ ਜਾਰੀ ਕਰ ਰਹੇ ਹਨ। ਜੋ ਉਹਨਾਂ ਦੇ ਲਾਲਚ ਜਾਂ ਬਹਿਕਾਵੇ ਵਿਚ ਨਹੀ ਆਉਦੇ ਉਹਨਾਂ ਦਲਿਤ ਸਾਹਿਤਕਾਰਾਂ-ਲੇਖਕਾਂ 'ਤੇ ਕੇਸ ਕਰ ਰਹੇ ਹਨ। ਹਮਲੇ ਕਰਵਾ ਕਰਵਾ ਕੇ ਮੁਰਵਾ ਰਹੇ ਹਨ। ਤਾਮਲਨਾਡੂ, ਕਰਨਾਟਕਾ, ਮਹਾਂਰਾਸ਼ਟਰ ਵਿਚ ਸ਼ਹੀਦ ਕੀਤੇ ਗਏ ਕੌਮਾਂਤਰੀ ਪ੍ਰਸਿੱਧੀ ਸਾਹਿਤਕਾਰਾਂ-ਲੇਖਕਾਂ ਅਤੇ ਚਿੰਤਕਾਂ ਦੀਆਂ ਪਿੱਛਲੇ ਦਿਨੀ ਫਿਰਕਾਪ੍ਰਸਤੀਆਂ ਦੁਆਰਾ ਕੀਤੀਆਂ ਗਈਆ ਸ਼ਹੀਦੀਆਂ ਸਾਹਮਣੇ ਹਨ।
ਪ੍ਰਸਿੱਧ ਪ੍ਰਸਿੱਧ ਵਿਦਵਾਨ ਐਲੀਨਰ ਜੈਲੀਅਟ ਨੇ ਫਰੌਮ ਅਨਟਚੇਬਲ ਟੂ ਦਲਿਤ (1992), ਗੋਅਲ ਓਮਵੈਟ ਨੇ ਦਲਿਤਸ ਐਂਡ ਡੈਮੋਕਰੇਟਿਕ ਰੈਵੋਲੂਸ਼ਨ (1994) ਖੋਜ ਨਿਬੰਧ ਲਿਖ ਕੇ ਯੂਨੀਵਰਸਿਟੀਆਂ 'ਚ ਦਲਿਤ ਸ਼ਬਦ ਸਥਾਪਤ ਕਰ ਦਿੱਤਾ। ਐਲੀਨਰ ਨੇ ਆਪਣੇ ਖੋਜ ਨਿਬੰਧ 'ਚ ਕਿਹਾ, 'ਦਲਿਤ ਸ਼ਬਦ, ਦਲਿਤਾਂ ਨੇ ਖੁੱਦ ਆਪਣੀ ਪਹਿਚਾਣ ਬਣਾ ਲਈ ਹੈ, ਉਹ ਹੁਣ ਭਿੱਟ-ਛੋਹ ਨਹੀਂ ਮੰਨਦੇ। ਹਜ਼ਾਰਾਂ ਜਾਤ ਬ੍ਰਾਦਰੀਆਂ ਵਿਚ ਨੀਚ, ਅਪਮਾਨਤ, ਅਛੂਤ, ਸ਼ੋਸ਼ਿਤ ਵੰਡੇ ਲੋਕਾਂ ਨੇ ਆਪਣੇ ਆਪ ਨੂੰ 'ਦਲਿਤ' ਘੋਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਉਹਨਾਂ ਦਾ ਇਹ ਦਾਅਵਾ ਹੁਣ ਫਿਰਕਾ ਪ੍ਰਸਤਾਂ ਦੇ ਸਿਰ ਚੜ• ਕੇ ਬੋਲਣ ਲੱਗ ਪਿਆ ਹੈ। ਹੁਣ ਉਹ ਜ਼ੈਟ ਦੀ ਰਫਤਾਰ ਅੱਗੇ ਵੱਧ ਰਹੇ ਹਨ।
ਭਾਰਤੀ ਸੰਵਿਧਾਨਕ ਲੋਕਤੰਤਰਕ ਕ੍ਰਾਂਤੀ ਦੇ ਅਗਰਦੂਤ ਡਾ. ਬਾਬਾ ਸਾਹਿਬ ਅੰਬੇਡਕਰ ਜਿਹਨਾਂ ਇਸ ਪੀੜਤ ਜਾਤੀ, ਮਜ਼ਹਬ ਤੇ ਵੱਖ-ਵੱਖ ਫਿਰਕਿਆਂ ਵੰਡੇ ਲੋਕਾਂ ਨੂੰ ਇੱਕ ਦਲਿਤ ਵਰਗ 'ਚ ਇਕੱਠੇ ਕਰਨ ਲਈ ਸੰਘਰਸ਼ ਕੀਤਾ। ਦਲਿਤ ਸ਼ਬਦ ਪੀੜਤ ਅਤੇ ਦੁੱਖੀ ਲੋਕਾਂ ਨੂੰ ਤੋੜਦਾ ਨਹੀਂ, ਜੋੜਦਾ ਹੈ। ਆਪਸ ਵਿੱਚ ਵੰਡ ਕੇ ਨਫਰਤ ਨਹੀਂ ਫੈਲਾਉਂਦਾ, ਬਲਕਿ ਆਪਸੀ ਭਾਈਚਾਰਾ ਵਧਾਉਂਦਾ ਹੈ। ਡਾ. ਅੰਬੇਡਕਰ ਦਾ ਕਹਿਣਾ ਹੈ ਕਿ ਭਾਰਤ ਵਿਚ ਦਲਿਤ ਸ਼ੋਸ਼ਿਤ ਮਜ਼ਦੂਰ ਕਿਸਾਨ ਔਰਤਾਂ ਦੇ ਦੋ ਦੁਸ਼ਮਣ ਹਨ। ਪਹਿਲਾ ਪੂੰਜੀਵਾਦ ਅਤੇ ਦੂਜਾ ਬ੍ਰਹਮਣਵਾਦ (ਪ੍ਰੋਹਿਤਵਾਦ)। ਪੂੰਜੀਵਾਦ ਮੇਹਨਤਕਸ਼ਾਂ ਦੀ ਲੁੱਟ ਕਰਦਾ ਹੈ। ਬ੍ਰਾਹਮਣਵਾਦੀ ਪ੍ਰੋਹਿਤਵਾਦ ਅੰਧਵਿਸਵਾਸ਼ ਦੇ ਚੱਕਰਾਂ ਵਿਚ ਪਾ, ਜਾਤੀ, ਮਜਹਬਾਂ ਵਿਚ ਵੰਡ ਕੇ ਰੱਖਦਾ ਹੈ ਤਾਂ ਕਿ ਪੀੜਤ ਦਲਿਤ ਸ਼ੋਸ਼ਿਤ ਮਜ਼ਦੂਰ ਸੰਗਠਤ ਹੋ ਕੇ ਸਾਮਰਾਜ, ਪੂੰਜੀਵਾਦ ਤੇ ਮਨੂੰਵਾਦ ਦਾ ਤਖਤਾ ਨਾ ਪਲਟ ਸਕਣ।
ਦਲਿਤ ਚੇਤਨਾ ਹੁਣ ਦਿਨੋ-ਦਿਨ ਪ੍ਰਚੰਡ ਹੋ ਰਹੀ ਹੈ। ਹੁਣ ਕੋਈ ਵੀ ਦਲਿਤ ਚੇਤਨਾ ਨੂੰ ਖੁੰਢਾ ਕਰਨ ਲਈ ਉਹਨਾਂ ਅੱਗੇ ਖਲੋ ਨਹੀਂ ਸਕੇਗਾ। ਫਿਰ ਜਦ 1981 ਵਿੱਚ ਹੀ ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਦਾ 7 ਮੈਂਬਰੀ ਬੈਂਚ, ਐਮ. ਪੀ ਗੁਪਤਾ ਬਨਾਮ ਪ੍ਰੈਜੀਡੈਂਟ ਆਫ਼ ਇੰਡੀਆ ਕੇਸ ਵਿੱਚ ਦਲਿਤ ਸ਼ਬਦ ਨੂੰ ਕਾਨੂੰਨੀ ਵੈਲਿਡ ਕਰਾਰ ਦੇ ਚੁੱਕਾ ਹੈ ਤਾਂ ਫਿਰ ਭਾਜਪਾ ਸਰਕਾਰ ਵੱਲੋਂ ਕਾਰਜਕਾਰੀ ਸਰਕੂਲਰ ਜਾਰੀ ਕਰਨਾ ਜਾਇਜ਼ ਨਹੀ? ਕੇਂਦਰੀ ਮੰਤਰੀ ਰਾਮ ਦਾਸ ਅਠਵਾਲੇ ਨੇ ਦਲਿਤ ਸ਼ਬਦ 'ਤੇ ਰੋਕ ਬਾਰੇ ਸਰਵਉਚ ਅਦਾਲਤ ਸੁਪਰੀਮ ਕੋਰਟ ਵਿਚ ਜਾਣ ਬਾਰੇ ਕਿਹਾ ਹੈ। ਮਹਾਪੁਰਸ਼ਾਂ ਡਾ. ਅੰਬੇਡਕਰ, ਫੂਲੇ, ਸੁਆਮੀ ਅਛੂਤਾਨੰਦ, ਕਾਂਸ਼ੀ ਰਾਮ ਅਤੇ ਦਲਿਤ ਬੁੱਧੀਜੀਵੀ ਲੇਖਕਾਂ ਅਤੇ ਖੁੱਦ ਦਲਿਤਾਂ ਵੱਲੋਂ ਆਪਣਾ ਖੁਦ ਨਾਮ ਰੱਖੇ ਦਲਿਤ ਸ਼ਬਦ 'ਤੇ ਪਬੰਦੀ ਲਾਉਣਾ, ਦਲਿਤਾਂ ਤੇ ਮਹਾਂ ਪੁਰਸ਼ਾਂ ਦਾ ਅਪਮਾਨ ਤਾਂ ਹੈ ਹੀ, ਗੈਰ ਸੰਵਿਧਾਨਕ ਵੀ ਹੈ। ਕਿਉਂਕਿ ਸੈਂਕੜੇ ਕੁਬਾਨੀਆਂ ਕਰਨ ਉਪਰੰਤ ਹੀ ਦਲਿਤ ਸ਼ਬਦ ਪ੍ਰਮਾਨਤ ਹੋਇਆ ਹੈ।
ਐਸ ਐਲ ਵਿਰਦੀ, ਐਡਵੋਕੇਟ,
ਜੀ. ਟੀ. ਰੋਡ, ਕਚਿਹਰੀ, ਫਗਵਾੜਾ, ਪੰਜਾਬ,
ਫੋਨ: 98145-17499,
ਰਣਜੋਧ ਸਿੰਘ ਸਰੰਦਾ ਵਾਦਕ
NEXT STORY