ਸਰੀਰ ਨੂੰ ਤੰਦਰੁਸਤ ਅਤੇ ਦਿਮਾਗ ਨੂੰ ਤੇਜ਼ ਰੱਖਣ ਲਈ ਪੌਸ਼ਟਿਕ ਖੁਰਾਕ ਦਾ ਸੇਵਨ ਬਹੁਤ ਜ਼ਰੂਰੀ ਹੈ, ਪੌਸ਼ਟਿਕ ਖੁਰਾਕ ਉਹ ਹੁੰਦੀ ਹੈ, ਜਿਸ ਵਿਚ ਬਹੁਤ ਸਾਰੇ ਜਰੂਰੀ ਤੱਤ ਸਹੀ ਮਾਤਰਾ ਵਿਚ ਮੌਜੂਦ ਹੋਣ। ਜੇਕਰ ਰੋਜ਼ਾਨਾ ਦੇ ਭੋਜਨ ਵਿਚ ਕੁੱਝ ਖੁਰਾਕੀ ਤੱਤਾਂ ਦੀ ਕਮੀ ਹੋ ਜਾਵੇ ਤਾਂ ਸਰੀਰ ਵਿਚ ਕਮਜ਼ੋਰੀ ਆ ਜਾਂਦੀ ਹੈ ਅਤੇ ਇਸ ਨਾਲ ਕਈ ਬੀਮਾਰੀਆਂ ਵੀ ਲੱਗ ਸਕਦੀਆਂ ਹਨ। ਲੋਹਾ ਇਕ ਜ਼ਰੂਰੀ ਖੁਰਾਕੀ ਤੱਤ ਹੈ, ਜੋ ਕਿ ਸ਼ਰੀਰ ਵਿਚ ਖੂਨ ਬਣਾਉਣ ਲਈ ਲਾਹੇਵੰਦ ਹੈ। ਜੇਕਰ ਰੋਜ਼ਾਨਾ ਦੀ ਖੁਰਾਕ ਵਿਚ ਲੋਹਾ ਲੋੜੀਂਦੀ ਮਾਤਰਾ 'ਚ ਨਾ ਹੋਵੇ ਤਾਂ ਸਰੀਰ ਵਿਚ ਲੋਹੇ ਦੀ ਘਾਟ ਹੋ ਜਾਂਦੀ ਹੈ।
ਲੋਹੇ ਦੀ ਖੁਰਾਕੀ ਘਾਟ ਕਾਰਨ ਸਰੀਰ ਵਿਚ ਖੂਨ ਦੇ ਲਾਲ ਕਣਾਂ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਕਰਕੇ ਖੂਨ ਦੀ ਕਮੀ ਹੋ ਜਾਂਦੀ ਹੈ। ਖੂਨ ਦੀ ਘਾਟ ਦੀ ਇਸ ਬੀਮਾਰੀ ਨੂੰ ਅਨੀਮੀਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਭਾਂਵੇਂ ਇਸ ਬੀਮਾਰੀ ਨਾਲ ਕੋਈ ਬਹੁਤੀ ਤਕਲੀਫ ਨਹੀਂ ਹੁੰਦੀ ਪਰ ਇਸਦਾ ਸਰੀਰਕ ਅਤੇ ਮਨੋਵਿਗਿਆਨਕ ਵਿਕਾਸ ਤੇ ਅਤੇ ਵਿਵਹਾਰ ਤੇ ਮਾੜਾ ਅਸਰ ਪੈਂਦਾ ਹੈ। ਹਰੇਕ ਵਰਗ ਅਤੇ ਲਿੰਗ ਵਿਚ ਲੋਹੇ ਦੀ ਕਮੀ ਆ ਸਕਦੀ ਹੈ। ਭਾਰਤ ਵਿਚ 6-14 ਸਾਲ ਦੀ ਉਮਰ ਦੀਆਂ ਤਕਰੀਬਨ ਦੋ-ਤਿਹਾਈ ਕੁੜੀਆਂ ਇਸ ਰੋਗ ਦਾ ਸ਼ਿਕਾਰ ਹਨ ਅਤੇ ਉਨ੍ਹਾਂ ਵਿਚੋਂ ਬਹੁਤੀਆਂ ਵਿਚ ਖੂਨ ਦੀ ਘਾਟ ਬਹੁਤ ਜ਼ਿਆਦਾ ਦਰਜੇ ਦੀ ਹੁੰਦੀ ਹੈ। ਇਹ ਵੀ ਦੇਖਣ ਵਿਚ ਆਇਆ ਹੈ ਕਿ ਤਕਰੀਬਨ 50 ਪ੍ਰਤੀਸ਼ਤ ਗਰਭਵਤੀ ਔਰਤਾਂ ਵੀ ਅਨੀਮੀਏ ਦਾ ਸ਼ਿਕਾਰ ਹਨ, ਜਿਸ ਕਰਕੇ ਬੱਚੇ ਨੂੰ ਜਨਮ ਦੇਣ ਵੇਲੇ ਮਾਂਵਾ ਦੀ ਮੌਤ ਦਰ ਵਿਚ ਵਾਧਾ ਹੋ ਜਾਂਦਾ ਹੈ। ਅਜਿਹੀਆਂ ਔਰਤਾਂ ਸਮੇਂ ਤੋਂ ਪਹਿਲਾਂ ਬੱਚੇ ਨੂੰ ਜਨਮ ਦੇ ਦਿੰਦੀਆਂ ਹਨ ਜਾਂ ਘੱਟ ਭਾਰ ਵਾਲੇ ਕਮਜ਼ੋਰ ਬੱਚਿਆਂ ਨੂੰ ਜਨਮ ਦਿੰਦੀਆਂ ਹਨ। ਖਾਸ ਤੌਰ ਤੇ ਸ਼ਾਕਾਹਾਰੀ ਖੁਰਾਕ ਵਿਚ ਕਈ ਵਾਰ ਲੋਹੇ ਦੀ ਘਾਟ ਹੋ ਸਕਦੀ ਹੈ। ਖੂਨ ਦੀ ਘਾਟ ਕਾਰਨ ਸਰੀਰਕ ਤੰਦਰੁਸਤੀ, ਕੰਮ ਕਰਨ ਦੀ ਸ਼ਕਤੀ ਅਤੇ ਪੜ੍ਹਨ-ਲਿਖਣ ਦੀ ਯੋਗਤਾ 'ਤੇ ਮਾੜਾ ਅਸਰ ਪੈਂਦਾ ਹੈ।
ਭਾਰਤ ਸਰਕਾਰ ਵਲੋਂ ਅੋਰਤਾਂ ਨੂੰ ਖੁਰਾਕ ਅਤੇ ਪੋਸ਼ਣ ਸਬੰਧੀ ਜਾਗਰੂਕ ਕਰਵਾਉਣ ਲਈ ਹਰੇਕ ਸਾਲ 1 ਤੋਂ 7 ਸਤੰਬਰ ਰਾਸ਼ਟਰੀ ਪੋਸ਼ਣ ਹਫਤੇ ਵਜੋਂ ਮਨਾਇਆ ਜਾਂਦਾ ਹੈ। ਇਸ ਹਫਤੇ ਦੌਰਾਨ ਵਧ ਤੋਂ ਵਧ ਛੋਟੇ ਬੱਚਿਆਂ, ਬਾਲਗ ਬੱਚੀਆਂ, ਗਰਭਵਤੀ ਅੋਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਂਵਾ ਨੂੰ ਵੱਖ-ਵੱਖ ਗਤੀਵਿਧੀਆਂ ਰਾਹੀਂ ਪੋਸ਼ਣ ਸਬੰਧੀ ਜਾਣੂ ਕਰਵਾਇਆ ਜਾਵੇਗਾ।ਇਸ ਤੋਂ ਬਿਨਾਂ ਖਾਸ ਤੌਰ ਤੇ ਖੂਨ ਦੀ ਕਮੀ ਨੂੰ ਰੋਕਣ ਲਈ, ਪ੍ਰਾਇਮਰੀ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਵਿਚ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਆਇਰਨ ਦੀਆਂ ਗੋਲੀਆਂ ਮੁਫਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਪਰ ਇਸ ਦੇ ਬਾਵਜੂਦ ਲੋਹੇ ਦੀ ਘਾਟ ਕਾਰਨ ਅਨੀਮੀਏ ਦੀ ਬੀਮਾਰੀ ਇਕ ਬਹੁਤ ਵੱਡੀ ਜਨ ਸਮੱਸਿਆ ਹੈ।
ਖੂਨ ਬਣਾਉਣ ਤੋਂ ਇਲਾਵਾ ਲੋਹਾ ਹੋਰ ਵੀ ਕਈ ਸਰੀਰਕ ਕਿਰਿਆਵਾਂ ਲਈ ਸਹਾਈ ਹੈ, ਜਿਵੇਂ ਕਿ:-
- ਸਰੀਰ ਦੇ ਹਰ ਸੈੱਲ ਅਤੇ ਅੰਗ ਨੂੰ ਆਕਸੀਜਨ ਪਹੁੰਚਾਉਣਾ
- ਸਰੀਰ ਦੀਆਂ ਮੁੱਖ ਕਿਰਿਆਵਾਂ ਨਿਭਾਉਣ ਵਾਲੇ ਐਨਜਾਈਮਾਂ ਦਾ ਜ਼ਰੂਰੀ ਹਿੱਸਾ
- ਕੋਸ਼ਕਾਵਾਂ ਵਿਚ ਜ਼ਹਿਰੀਲੇ ਰਸਾਇਣ ਪਦਾਰਥਾਂ ਦੀ ਰੋਕਥਾਮ
ਅਨੀਮੀਏ ਦੇ ਕਾਰਨ
- ਖੁਰਾਕ ਵਿਚ ਲੋਹੇ ਦੀ ਘਾਟ
- ਪੇਟ ਦੇ ਕੀੜੇ ਅਤੇ ਬੀਮਾਰੀਆਂ
- ਕਿਸੇ ਕਾਰਨ ਕਰਕੇ ਸਰੀਰ ਵਿਚੋਂ ਵਧੇਰੇ ਖੂਨ ਵਹਿਣਾ
- ਸਰੀਰਕ ਵਿਕਾਸ ਅਤੇ ਗਰਭ ਦੌਰਾਨ ਲੋਹੇ ਦੀ ਵਧੇਰੇ ਲੋੜ
- ਸ਼ਾਕਾਹਾਰੀ ਖੁਰਾਕ ਵਿਚ ਲੋਹੇ ਦੀ ਘੱਟ ਪ੍ਰਾਪਤੀ
ਅਨੀਮੀਏ ਦੀ ਪਛਾਣ
ਜਾਣਕਾਰੀ ਦੀ ਘਾਟ ਨਾਲ ਕਈ ਵਾਰ ਵਿਅਕਤੀ ਅਨੀਮੀਏ ਦਾ ਸ਼ਿਕਾਰ ਹੁੰਦਾ ਹੋਇਆ ਵੀ ਅਣਜਾਣ ਰਹਿ ਜਾਂਦਾ ਹੈ, ਇਸ ਲਈ ਜੇਕਰ ਕਿਸੇ ਵਿਅਕਤੀ ਵਿਚ ਹੇਠ ਲਿਖੇ ਲੱਛਣ ਪਾਏ ਜਾਂਦੇ ਹਨ ਤਾਂ ਉਹ ਅਨੀਮੀਏ ਦਾ ਰੋਗੀ ਹੋ ਸਕਦਾ ਹੈ:-
- ਭਾਰੀ ਕੰਮ ਕਰਨ ਤੇ ਸਾਹ ਚੜ੍ਹਨਾ
- ਚੱਕਰ ਆਉਣਾ
- ਸਰੀਰਕ ਥਕਾਵਟ ਅਤੇ ਸੁਸਤੀ
- ਸਿਰ ਦੁੱਖਣਾ
- ਨੀਂਦ ਨਾ ਆਉਣਾ
- ਚਮੜੀ ਦਾ ਪੀਲਾ ਹੋਣਾ
- ਨਜ਼ਰ ਧੁੰਦਲੀ ਹੋਣਾ
- ਭੁੱਖ ਅਤੇ ਪਿਆਸ ਨਾ ਲੱਗਣਾ
- ਦਿਲ ਦੀ ਧੜਕਣ ਵੱਧ ਜਾਣਾ
- ਸਰੀਰ ਵਿਚ ਸੂਈਆਂ ਅਤੇ ਕੰਢੇ ਚੁੱਭਣ ਦਾ ਅਹਿਸਾਸ ਹੋਣਾ
- ਨਹੁੰਆਂ ਦਾ ਚੱਮਚ ਵਰਗੇ ਆਕਾਰ ਦਾ ਹੋਣਾ
- ਨਹੁੰਆਂ ਦਾ ਸੁੱਕਣਾ ਅਤੇ ਜਲਦੀ ਟੁੱਟ ਜਾਣਾ
- ਸਰੀਰ ਵਿਚ ਲੋਹੇ ਦੀ ਸਹੀ ਮਾਤਰਾ ਪ੍ਰਾਪਤ ਕਰਨ ਦੇ ਤਰੀਕੇ
- ਜਿੱਥੋਂ ਤੱਕ ਹੋ ਸਕੇ ਖੁਰਾਕ ਵਿਚ ਮਾਸਾਹਾਰੀ ਭੋਜਨ ਦੀ ਵਧੇਰੇ ਵਰਤੋਂ ਕਰੋ।
ਲੋਹੇ ਦੀ ਪ੍ਰਾਪਤੀ ਨੂੰ ਵਧਾਉਣ ਲਈ ਖੁਰਾਕ ਵਿਚ ਵਿਟਾਮਿਨ “ਸੀ'' ਭਰਪੂਰ ਸਰੋਤ ਜਿਵੇਂ ਸੰਤਰਾ, ਨਿੰਬੂ, ਆਮਲਾ ਅਤੇ ਅਮਰੂਦ ਆਦਿ ਸ਼ਾਮਲ ਕਰੋ। ਜੇਕਰ ਲੋਹਾ ਭਰਪੂਰ ਭੋਜਨਾਂ ਨੂੰ ਵਿਟਾਮਿਨ “ਸੀ“ ਯੁਕਤ ਸਰੋਤਾਂ ਨਾਲ ਇਕੱਠਾ ਖਾਧਾ ਜਾਵੇ, ਤਾਂ ਇਹ ਲੋਹੇ ਨੂੰ ਸ਼ਰੀਰ ਵਿੱਚ ਆਸਾਨੀ ਨਾਲ ਸੋਖਣ ਵਿੱਚ ਸਹਾਈ ਹੁੰਦੇ ਹਨ।
- ਪੁੰਗਰੇ ਅਤੇ ਖਮੀਰੇ ਭੋਜਨਾਂ ਦੀ ਵਰਤੋਂ ਕਰੋ।
-ਚਾਹ ਅਤੇ ਕਾਫੀ ਦੀ ਘੱਟ ਤੋਂ ਘੱਟ ਵਰਤੋਂ ਕਰੋ। ਇਹ ਭੋਜਨ ਸ਼ਰੀਰ ਵਿੱਚ ਲੋਹੇ ਦੇ ਸੋਖਣ ਨੂੰ ਘਟਾਉਂਦੇ ਹਨ। ਇਸ ਲਈ ਜਿੰਨ੍ਹਾਂ ਹੋ ਸਕੇ ਇੰਨ੍ਹਾਂ ਪਦਾਰਥਾਂ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ।
-ਪੇਟ ਦੇ ਕੀੜੇ ਅਤੇ ਬਿਮਾਰੀਆਂ ਦਾ ਸਹੀ ਸਮ੍ਹੇਂ ਇਲਾਜ ਕਰਵਾਉ।
-ਘਰੇਲੂ ਬਗੀਚੀ ਲਗਾਉ ਤਾਂ ਜੋ ਲੋਹੇ ਨਾਲ ਭਰਪੂਰ ਖੁਰਾਕ (ਫਲ ਅਤੇ ਸਬਜੀਆਂ) ਆਸਾਨੀ ਨਾਲ ਪ੍ਰਾਪਤ ਕੀਤੀਆਂ ਜਾ ਸਕਣ।
- ਭੋਜਨ ਤੋਂ ਇਲਾਵਾ ਲੋਹੇ ਨਾਲ ਭਰਪੂਰ ਡਾਕਟਰੀ ਗੋਲੀਆਂ ਦਾ ਸੇਵਨ ਕਰੋ।
ਡਾ. ਮਨਦੀਪ ਸ਼ਰਮਾ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ)
ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ
9878044359