ਗੁਰੂ ਦੀ ਮਹੱਤਤਾ ਸਾਰੀ ਦੁਨੀਆ ਜਾਣਦੀ ਹੈ, ਸਾਡੇ ਗ੍ਰੰਥਾਂ 'ਚ ਵੀ ਗੁਰੂ ਦੀ ਮਹੱਤਤਾ ਦੀ ਜ਼ਿਕਰ ਬਹੁਤ ਵਾਰ ਮਿਲਦਾ ਹੈ। ਹਰ ਕਾਮਯਾਬ ਵਿਅਕਤੀ ਦੀ ਕਾਮਯਾਬੀ ਪਿੱਛੇ ਜਿੱਥੇ ਉਸ ਇਨਸਾਨ ਦੀ ਦਿਨ ਰਾਤ ਦੀ ਮਿਹਨਤ ਹੁੰਦੀ ਹੈ ਉਥੇ ਓਨਾ ਹੀ ਯੋਗਦਾਨ ਉਸਦੇ ਗੁਰੂ ਦਾ ਹੁੰਦਾ ਹੈ ਜਿਸਨੇ ਕਾਮਯਾਬੀ ਦੇ ਪੂਰਨੇ ਪਾਏ। ਕੋਈ ਵੀ ਪੇਸ਼ਾ ਹੋਵੇ, ਖੇਡ ਹੋਵੇ ਜਾਂ ਫ਼ਿਰ ਕੋਈ ਕਾਰੋਬਾਰ ਹੋਵੇ ਬਿਨ੍ਹਾਂ ਸਿੱਖੇ ਅਤੇ ਬਿਨ੍ਹਾਂ ਤਜ਼ਰਬੇ ਤੋਂ ਉਸ 'ਚ ਕਾਮਯਾਬੀ ਹਾਸਲ ਕਰਨਾ ਪਰਛਾਵੇਂ ਮਗਰ ਭੱਜਣ ਦੇ ਬਰਾਬਰ ਹੈ। ਗੁਰੂ ਹੀ ਉਹ ਇਨਸਾਨ ਹੈ ਜੋ ਇਕ ਦਿਸ਼ਾਹੀਣ ਜ਼ਿੰਦਗੀ ਨੂੰ ਦਿਸ਼ਾ ਦੇਣ ਦੇ ਨਾਲ ਨਾਲ ਉਸ ਨੂੰ ਤਰਾਸ਼ਣ ਦਾ ਕੰਮ ਵੀ ਕਰਦਾ ਹੈ। ਅਜਿਹੇ ਹੀ ਇਕ ਵਿਲੱਖਣ ਇਨਸਾਨ ਦੀ ਜ਼ਿੰਦਗੀ ਨਾਲ ਰੂਬਰੂ ਕਰਾਉਣ ਦਾ ਮੌਕਾ ਮਿਲ ਰਿਹਾ ਜੋ ਬਹੁਤ ਹੀ ਹਰਫ਼ਨ ਮੌਲਾ ਸਖਸ਼ੀਅਤ ਹੈ। ਪੇਸ਼ੇ ਤੋਂ ਅਧਿਆਪਕ ਸਨ ਅਤੇ ਬਤੌਰ ਗੁਰੂ ਉਨ੍ਹਾਂ ਨੇ ਇਸ ਖ਼ਿਤਾਬ ਨੂੰ ਬਾਖੂਬੀ ਸੰਭਾਲਿਆ ਅਤੇ
ਗੁਰੂ ਦੇ ਫਰਜ਼ਾਂ ਨੂੰ ਸਾਰੀ ਜਿੰਦਗੀ ਨਿਭਾ ਕੇ ਅਣਗਿਣਤ ਬੱਚਿਆਂ ਦੀ ਜ਼ਿੰਦਗੀ ਦੇ ਰਾਹ ਰੁਸ਼ਨਾਏ। ਲਿਖਣਾ, ਗਾਉਣਾ, ਕੀਰਤਨ ਕਰਨਾ ਅਤੇ ਹੋਰ ਬਹੁਤ ਕੁਝ ਉਨ੍ਹਾਂ ਦੀ ਸਖਸ਼ੀਅਤ ਦਾ ਹਿੱਸਾ ਹੈ। ਤਰਨਤਾਰਨ ਜਿਲ੍ਹੇ ਦੇ ਚੋਹਲਾ ਸਾਹਿਬ ਅਤੇ ਉਸ ਦੇ ਆਸ-ਪਾਸ ਦੇ ਇਲਾਕੇ 'ਚ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇਗਾ ਜੋ ਉਨ੍ਹਾਂ ਨੂੰ ਜਾਣਦਾ ਅਤੇ ਉਨਾਂ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਨਹੀਂ ਹੋਵੇਗਾ। ਮਾਸਟਰ ਸੁਰਜੀਤ ਸਿੰਘ ਜੀ ਦਾ ਜਨਮ 1 ਅਗਸਤ 1955 'ਚ ਮਾਤਾ ਗੁਰਨਾਮ ਕੌਰ ਅਤੇ ਚੰਨਣ ਸਿੰਘ ਦੇ ਘਰ ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਸੰਗਤਪੁਰ 'ਚ ਹੋਇਆ ਜੋ ਕਿ ਅੱਜ ਕਲ ਤਰਨਤਾਰਨ ਜਿਲ੍ਹੇ 'ਚ ਹੈ। ਪਰਿਵਾਰ ਪਿੱਛੋਂ ਪਾਕਿਸਤਾਨ ਤੋਂ ਉੱਜੜ ਕੇ ਭਾਰਤ-ਪਾਕਿਸਤਾਨ ਵੰਡ ਸਮੇਂ ਭਾਰਤ ਆਇਆ ਸੀ। ਲੁਹਾਰ ਜਾਤ ਨਾਲ ਸੰਬੰਧਿਤ ਹੋਣ ਕਰਕੇ ਮਾਸਟਰ ਜੀ ਦੇ ਪਿਤਾ ਜੀ ਲੁਹਾਰ ਦਾ ਕੰਮ ਕਰਦੇ ਸਨ। ਸੁਰਜੀਤ ਸਿੰਘ ਜੀ ਦਾ ਰੁਝਾਨ ਬਚਪਨ ਤੋਂ ਹੀ ਪੜਾਈ 'ਚ
ਬਹੁਤ ਜ਼ਿਆਦਾ ਸੀ। ਇਸ ਲਈ ਇਹੀ ਕਾਰਨ ਹੈ ਕਿ ਉਹ ਆਪਣੇ 8 ਭੈਣ-ਭਰਾਵਾਂ 'ਚੋ ਇੱਕਲੇ ਹੀ ਉੱਚ ਵਿਦਿਆ ਹਾਸਲ ਕਰ ਸਕੇ। ਉਹਨਾਂ ਦੀ ਜ਼ਿੰਦਗੀ ਬਹੁਤ ਜ਼ਿਆਦਾ ਸੰਘਰਸ਼ 'ਚੋਂ ਲੰਘ ਕੇ ਇਹੋ ਜਿਹੇ ਮੁਕਾਮ 'ਤੇ ਪਹੁੰਚੀ ਹੈ ਜਿਸ ਦੀ ਕਲਪਨਾ ਕਰਨੀ ਵੀ ਸ਼ਾਇਦ ਔਖੀ ਹੈ। Àਨ੍ਹਾਂ ਨੇ ਸਫਲਤਾ ਹਾਸਲ ਕਰਨ ਲਈ ਦਿਨ-ਰਾਤ ਇਕ ਕੀਤਾ ਹੈ, ਲੁਹਾਰ ਦਾ ਕੰਮ ਏਨਾ ਸਖ਼ਤ ਹੁੰਦਾ ਹੈ ਕਿ ਸਾਰਾ ਦਿਨ ਲੋਹੇ ਨਾਲ ਮੱਥਾ ਮਾਰਨ ਤੋਂ ਬਾਅਦ ਪੜ੍ਹਾਈ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਇਕ ਸਮਾਂ ਅਜਿਹਾ ਸੀ ਜਦੋਂ ਉਨ੍ਹਾਂ ਨੂੰ ਮੁਸ਼ਕਿਲ ਨਾਲ 2-3 ਘੰਟੇ ਸੌਣ ਨੂੰ ਮਿਲਦੇ ਸਨ, ਉਹ ਖਾਲਸਾ ਕਾਲਜ ਅੰਮ੍ਰਿਤਸਰ 'ਚ ਪੜ੍ਹਦੇ ਸਨ ਅਤੇ ਕਾਲਜ ਤੋਂ ਵਾਪਸ ਆ ਕੇ ਕੰਮ ਕਰਨਾ ਅਤੇ ਰਾਤ ਨੂੰ ਕੰਮ ਤੋਂ ਬਾਅਦ ਪੜ੍ਹਾਈ ਕਰਨੀ ਅਤੇ ਤੜਕੇ ਵਾਲੀ ਬੱਸ ਉੱਤੇ ਫ਼ਿਰ ਕਾਲਜ ਜਾਣਾ। ਇਹ ਸਿਲਸਿਲਾ ਬਹੁਤ ਸਮਾਂ ਇੰਝ ਹੀ ਚੱਲਦਾ ਰਿਹਾ ਪਰ
ਉਨ੍ਹਾਂ ਨੇ ਹਿੰਮਤ ਨਹੀਂ ਛੱਡੀ ਅਤੇ ਦਿਨ ਰਾਤ ਦੀ ਇਸ ਮਿਹਨਤ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਉਹ ਇਹ ਗੱਲ ਸਮਝ
ਚੁੱਕੇ ਸਨ ਕਿ ਜਿੰਨਾ ਚਿਰ ਲੋਹਾ ਭੱਠੀ 'ਚ ਤਪ ਕੇ ਲਾਲ ਨਹੀਂ ਹੁੰਦਾ ਓਨਾ ਚਿਰ ਉਸ ਨੂੰ ਮਨ ਚਾਹਿਆ ਆਕਾਰ ਦੇਣਾ ਬਹੁਤ ਔਖਾ ਹੈ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਨੂੰ ਇਕ ਮਨ ਚਾਹਿਆ ਆਕਾਰ ਦੇਣ ਲਈ ਇਨਸਾਨ ਨੂੰ ਮਿਹਨਤ ਦੀ ਭੱਠੀ 'ਚ ਲਾਲ ਹੋ ਕੇ ਸੰਘਰਸ਼ ਦੀ ਸੱਟ ਸਹਿਣੀ ਹੀ ਪਵੇਗੀ। ਉਸ ਜ਼ਮਾਨੇ 'ਚ ਕੰਮੀ-ਕਾਮਿਆਂ ਦੇ ਬੱਚਿਆਂ 'ਚ ਪੜ੍ਹਾਈ ਦਾ ਰੁਝਾਨ ਘੱਟ ਹੀ ਸੀ ਤੇ ਜੇਕਰ ਕੋਈ ਪੜ੍ਹਨਾ ਚਾਹੁੰਦਾ ਸੀ ਤਾਂ ਗਰੀਬੀ ਰਾਹ 'ਚ ਰੌੜਾ ਬਣ ਜਾਂਦੀ ਸੀ। ਸਮਾਜਿਕ ਪੱਧਰ ਤੇ ਵੀ ਲੋਕਾਂ ਦੇ ਮਜਾਕ ਦਾ ਪਾਤਰ ਬਣਨਾ ਪੈਂਦਾ ਸੀ ਕਿਉਂਕਿ ਲੋਕਾਂ ਦੇ ਤਾਨ੍ਹੇ ਮਿਹਣੇ ਆਮ ਗੱਲ ਸੀ। ਪਰ ਇਸ ਦੇ ਬਾਵਜੂਦ ਸਭ ਕੁਝ ਸਹਿੰਦੇ ਹੋਏ, ਕੰਮ ਵੀ ਕੀਤਾ, ਡੰਗਰ-ਵੱਛਾ ਵੀ ਸੰਭਾਲਿਆ ਅਤੇ ਪੜ੍ਹਾਈ ਵੀ ਕੀਤੀ ਜਿਸਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਉਨ੍ਹਾਂ ਦੇ ਪਿਤਾ ਜੀ ਵੀ ਉਨ੍ਹਾਂ ਦੀ ਪੜ੍ਹਾਈ ਦੇ ਹੱਕ 'ਚ ਨਹੀਂ ਸਨ, ਉਨ੍ਹਾਂ ਦੇ ਪਿਤਾ ਜੀ ਚਾਹੁੰਦੇ ਸਨ ਕਿ ਉਹ ਉਨ੍ਹਂ ਦੇ ਨਾਲ ਦੁਕਾਨ ਤੇ
ਕੰਮ ਕਰਨ ਕਿਉਂਕਿ ਇਹ ਪੜ੍ਹਨਾ-ਲਿਖਣਾ ਉਨ੍ਹਾਂ ਲਈ ਨਹੀਂ ਬਣਿਆ ਅਤੇ ਨਾ ਇਸਦਾ ਕੋਈ ਫਾਇਦਾ ਹੈ। ਪਰ ਜਿਵੇਂ ਕਹਿ ਸਕਦੇ ਹਾਂ ਕਿ ਪਰਵਾਨੇ ਨੇ ਤਾਂ ਇਹ ਧਾਰਿਆ ਹੋਇਆ ਸੀ ਕਿ ਸੜਨਾ ਹੀ ਸੜਨਾ ਹੈ ਇਸ ਲਈ ਉਹ ਆਪਣੀ ਜ਼ਿਦ ਤੇ ਅੜੇ ਰਹੇ ਅਤੇ ਜਿਵੇਂ ਕਿਵੇਂ ਵੀ ਪੜ੍ਹਾਈ ਜਾਰੀ ਰੱਖੀ। ਬਾਕੀ ਕੰਮਾਂ ਉੱਤੇ ਵੀ ਪੂਰਾ ਧਿਆਨ ਦਿੱਤਾ ਤਾਂ ਜੋ ਕਦੇ ਕੋਈ ਕੰਮ ਨਾ ਹੋਣ ਕਰਕੇ ਉਨ੍ਹਾਂ ਦੀ ਪੜ੍ਹਾਈ ਨਾ ਛੱਡਵਾ ਦਿੱਤੀ ਜਾਵੇ। ਇਸੇ ਮਿਹਨਤ ਅਤੇ ਸਿਰੜ ਦੇ ਕਰਕੇ ਹੀ ਜ਼ਿੰਦਗੀ ਨੇ ਉਨ੍ਹਾਂ ਨੂੰ ਉਹ ਸਭ ਕੁਝ ਦਿੱਤਾ ਜਿਸਦੀ ਉਹ ਜ਼ਿੰਦਗੀ ਤੋਂ ਮੰਗ ਕਰਦੇ ਸਨ। ਮਾਸਟਰ ਸੁਰਜੀਤ ਸਿੰਘ ਜੀ ਦੀ ਜ਼ਿੰਦਗੀ ਦਾ ਇਕ ਸ਼ਾਨਦਾਰ ਪਹਿਲੂ ਹੋਰ ਵੀ ਹੈ ਜੋ ਉਨ੍ਹਾਂ ਨੂੰ ਬਾਕੀ ਸਭ ਨਾਲੋਂ ਵੱਖਰਾ ਕਰਦਾ ਹੈ ਜਿਸ ਕਰਕੇ ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ ਤੇ ਇਹ ਲੇਖ ਉਨ੍ਹਾਂ ਤੋਹਫ਼ੇ ਵਜੋਂ ਦੇ ਰਿਹਾ ਹਾਂ। ਉਹ ਪਹਿਲੂ ਹੈ ਉਨ੍ਹਾਂ ਦੀ ਵਿਲੱਖਣ ਸੋਚ ਅਤੇ ਇਮਾਨਦਾਰੀ। ਉਹ ਆਪਣੇ ਕੰਮ ਪ੍ਰਤੀ ਬਹੁਤ ਹੀ ਇਮਾਨਦਾਰ ਸਨ, ਰਿਟਾਇਰ ਹੋਣ ਦੇ ਬਾਵਜੂਦ Àਨ੍ਹਾਂ ਦੀ ਲੋਕ ਪ੍ਰਿਯਤਾ 'ਚ ਕੋਈ ਕਮੀ ਨਹੀਂ ਆਈ ਜਿਸਦਾ ਮੁੱਖ ਕਾਰਨ ਉਨ੍ਹਾਂ ਦਾ ਆਪਣੇ ਕੰਮ ਪ੍ਰਤੀ ਇਮਾਨਦਾਰ ਵਤੀਰਾ ਅਤੇ ਲੋਕਾਂ ਨਾਲ ਮੇਲ-ਜੋਲ ਵਾਲਾ ਸੁਭਾਅ। ਉਹ ਗਰੀਬ ਬੱਚਿਆਂ ਦੀ ਸਿੱਖਿਆ ਪ੍ਰਤੀ ਬਹੁਤ ਯਤਨਸ਼ੀਲ ਹਨ। ਸਕੂਲ 'ਚ ਪੜ੍ਹਾਉਣ ਤੋਂ ਇਲਾਵਾ ਉਹ ਕਿਸੇ ਲੋੜਵੰਦ ਨੂੰ ਮੁਫ਼ਤ 'ਚ ਟਿਊਸ਼ਨ ਵੀ ਦਿੰਦੇ ਹਨ, ਅੱਜ ਵੀ ਉਨ੍ਹਾਂ ਕੋਲ ਬਹੁਤ ਅਜਿਹੇ ਬੱਚੇ
ਆਉਂਦੇ ਹਨ ਜੋ ਗਰੀਬੀ ਕਾਰਨ ਮਹਿੰਗੇ ਟ੍ਰੇਨਿੰਗ ਸੈਂਟਰਾਂ ਦੀਆਂ ਫੀਸਾਂ ਨਹੀਂ ਦੇ ਪਾਉਂਦੇ ਅਤੇ ਉਹ ਉਨ੍ਹਾਂ ਨੂੰ ਮੁਫ਼ਤ ਸਿੱਖਿਆ ਦਿੰਦੇ ਹਨ। ਉਂਝ ਉਹ ਰਿਟਾਇਰਮੈਂਟ ਤੋਂ ਬਾਅਦ ਆਪਣਾ ਸਮਾਂ ਪਰਿਵਾਰ ਨਾਲ ਬਤੀਤ ਕਰਦੇ ਹਨ ਪਰ ਜੇਕਰ ਕੋਈ ਲੋੜਵੰਦ ਉਨ੍ਹਾਂ ਨੂੰ ਮਦਦ ਲਈ ਕਹਿੰਦਾ ਹੈ ਤਾਂ ਉਹ ਉਸ ਲਈ ਸਮਾਂ ਜ਼ਰੂਰ ਕੱਢ ਲੈਂਦੇ ਹਨ। ਪੂਰੇ ਇਲਾਕੇ 'ਚ ਉਨ੍ਹਾਂ ਦੇ ਇਸ ਜਜ਼ਬੇ ਅਤੇ ਇਮਾਨਦਾਰੀ ਨੂੰ ਸਲਾਹਿਆ ਜਾਂਦਾ ਹੈ, ਨੇੜਲੇ ਕਈ ਪਿੰਡਾਂ 'ਚ ਲੋਕ ਉਨ੍ਹਾਂ ਦੀ ਤਰੀਫ਼ ਕਰਦੇ ਨਹੀਂ ਥੱਕਦੇ।
ਇਸ ਬਾਰੇ ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦੇ ਕਿਹਾ ਕਿ ਉਹ ਬਹੁਤ ਗਰੀਬੀ ਤੇ ਪਿੱਛੜੇ ਸਮਾਜ 'ਚੋਂ ਅੱਗੇ ਨਿਕਲ ਕੇ ਆਏ ਹਨ, ਉਨ੍ਹਾਂ ਨੇ ਸੁਪਨਾ ਲਿਆ ਸੀ ਕਿ ਇਸ ਜ਼ਿੰਦਗੀ ਚੋਂ ਨਿਕਲ ਕੇ ਇਕ ਚੰਗੀ ਜ਼ਿੰਦਗੀ ਜਿਉਣੀ ਹੈ ਅਤੇ ਲੋਕਾਂ ਦੀ ਭਲਾਈ ਲਈ ਜਿੰਨਾ ਹੋ ਸਕੇਗਾ ਉਹ ਕਰਨਗੇ।
ਉਨ੍ਹਾਂ ਦਾ ਸੁਪਨਾ ਹੈ ਕਿ ਉਹ ਗਰੀਬ ਬੱਚੇ ਜੋ ਮਜ਼ਬੂਰੀਆਂ ਕਰਕੇ ਅੱਗੇ ਨਹੀਂ ਵੱਧ ਪਾਉਂਦੇ Àਨ੍ਹਾਂ ਦੀ ਜਿੰਨੀ ਹੋ ਸਕੇ ਮਦਦ ਕਰਨ ਤਾਂ ਜੋ ਉਹ ਵੀ ਇਕ ਆਦਰਸ਼ ਜ਼ਿੰਦਗੀ ਜੀ ਸਕਣ। ਉਹ ਕੋਈ ਅਜਿਹੀ ਸੰਸਥਾ ਦਾ ਨਿਰਮਾਣ ਕਰਨਾ ਚਾਹੁੰਦੇ ਹਨ ਜੋ ਸਿੱਖਿਆ ਦੇ ਖੇਤਰ 'ਚ ਲੋੜਵੰਦਾਂ ਨੂੰ ਮੁਫ਼ਤ ਜਾਂ ਬਹੁਤ ਜਾਇਜ਼ ਪੈਸਿਆਂ 'ਚ ਉੱਚ ਕੋਟੀ ਦੀ ਸਿੱਖਿਆ ਦੇ ਸਕਣ ਜੋ ਬਹੁਤ ਮਹਿੰਗੇ-ਮਹਿੰਗੇ ਸਕੂਲ ਅਤੇ ਟਿਊਸ਼ਨ ਸੈਂਟਰ ਐਨੀ ਲੁੱਟ-ਖਸੁੱਟ ਕਰਕੇ ਵੀ ਨਹੀਂ ਦੇ ਪਾ ਰਹੇ। ਪਰ ਫ਼ਿਲਹਾਲ ਕੋਈ ਮਾਲੀ ਮਦਦ ਨਾ ਹੋਣ ਕਰਕੇ ਉਹ ਇਹ ਸੁਪਨਾ ਬੱਚਿਆਂ ਨੂੰ ਮੁਫ਼ਤ ਟ੍ਰੇਨਿੰਗ ਦੇ ਕੇ ਪੂਰਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਉਨ੍ਹਾਂ ਕੋਲ ਹੈ ਉਹ ਓਨੇ ਨਾਲ ਹੀ ਕੰਮ ਚਲਾ ਲੈਣਗੇ। ਅਜੋਕੇ ਯੁੱਗ 'ਚ ਸਿੱਖਿਆ ਦਾ ਵਪਾਰੀਕਰਨ ਜਿਸ ਉੱਚ ਦਰਜ਼ੇ ਤੱਕ ਪੁਹੰਚ ਚੁੱਕਿਆ ਹੈ ਉਹ ਸਮਾਂ ਦੂਰ ਨਹੀਂ ਜਦੋਂ ਸਿੱਖਿਆ ਦੇ ਅਧਾਰ ਤੇ ਸਮਾਜ 'ਚ ਵਰਗੀਕਰਨ ਹੋਵੇਗਾ ਅਤੇ ਹੋ ਵੀ ਰਿਹਾ ਹੈ। ਮਹਿੰਗੇ ਪ੍ਰਾਈਵੇਟ ਸਕੂਲ ਇਕ ਸਟੇਟਸ ਬਣ ਚੁੱਕਾ ਹੈ, ਆਮ ਸਕੂਲ 'ਚ ਪੜ੍ਹਦੇ ਬੱਚੇ ਨੂੰ ਬਹੁਤ ਨੀਵਾਂ ਸਮਝਿਆ ਜਾਂਦਾ ਹੈ। ਮਾਪਿਆਂ 'ਚ ਇਹ ਵੱਧਦਾ ਹੋਇਆ ਰੁਝਾਨ ਨਵੀਆਂ ਸਮੱਸਿਆਵਾਂ ਨੂੰ ਜਨਮ ਦੇਵੇਗਾ। ਅਸੀਂ ਆਮ ਹੀ ਇਹ ਗੱਲ ਵੇਖਦੇ ਹਾਂ ਕਿ ਬੱਚਾ ਬਹੁਤ
ਮਹਿੰਗੇ ਸਕੂਲ 'ਚ ਵਿਦਿਆ ਹਾਸਲ ਕਰ ਰਿਹਾ ਹੈ ਪਰ ਉਹ ਆਪਣੀ ਮਾਂ-ਬੋਲੀ ਤੋਂ ਹੀ ਟੁੱਟ
ਚੁੱਕਾ ਹੈ, ਇਸ 'ਚ ਕੋਈ ਦੋਰਾਵਾਂ ਨਹੀਂ ਕਿ ਅੰਗਰੇਜ਼ੀ ਆਉਣੀ ਬਹੁਤ ਜ਼ਰੂਰੀ ਹੈ ਪਰ ਪੰਜਾਬੀ ਦੀ ਕਬਰ ਤੇ ਅੰਗਰੇਜ਼ੀ ਦਾ ਮਹਿਲ ਉਸਾਰਿਆ ਜਾਵੇ ਇਹ ਬਹੁਤ ਦੁੱਖਦਾਇਕ ਹੈ। ਸਕੂਲ ਪੰਜਾਬੀ ਬੋਲਣ ਉੱਤੇ ਪਾਬੰਦੀ ਲਗਾਉਂਦੇ ਹਨ ਸਕੂਲ ਦੇ ਸਟਾਫ ਅਤੇ ਬੱਚਿਆਂ ਨੂੰ ਇਹ ਹਿਦਾਇਤਾਂ ਹਨ ਕਿ ਹਿੰਦੀ ਬੋਲੀ ਜਾਵੇ ਨਹੀਂ ਤਾਂ ਜੁਰਮਾਨਾ ਹੋਵੇਗਾ। ਪੈਸੇ ਅਤੇ ਸ਼ੋਸ਼ੇਬਾਜ਼ੀ ਦੀ ਇਸ ਲਹਿਰ ਨੇ ਇਕ ਨਵੀਂ ਹੀ ਰੀਤ ਦੇ ਪੂਰਨੇ ਪਾ ਦਿੱਤੇ ਹਨ ਜਿਸਦਾ ਅਸਰ ਅਸੀਂ ਆਪਣੇ ਆਸ-ਪਾਸ ਰੋਜ਼ ਵੇਖਦੇ ਹਾਂ, ਜਨਤਕ ਥਾਵਾਂ ਤੇ ਲੋਕ ਪੰਜਾਬੀ ਬੋਲਣੋਂ ਝਕਦੇ ਹਨ, ਕਿਸੇ ਵੀ ਸਰਕਾਰੀ ਜਾਂ ਗੈਰ-ਸਰਕਾਰੀ ਦਫਤਰ 'ਚ ਪੰਜਾਬ 'ਚ ਰਹਿਣ ਦੇ ਬਾਵਜੂਦ ਪੰਜਾਬੀ ਨਹੀਂ ਬੋਲੀ ਜਾਂਦੀ। ਇਹ ਇਕ ਬਹੁਤ ਹੀ ਦੁੱਖਦਾਇਕ
ਅਤੇ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੂੰ ਕਈ ਸਕੂਲਾਂ 'ਚੋ ਬਤੌਰ ਮੁੱਖ-ਅਧਿਆਪਕ ਕੰਮ ਕਰਨ ਲਈ ਪੇਸ਼ਕਸ਼ ਕੀਤੀ ਗਈ ਪਰ ਉਨ੍ਹਾਂ ਨੇ ਇਹ ਕਹਿ ਕੇ ਸਾਫ ਮਨ੍ਹਾ ਕਰ ਦਿੱਤਾ ਕਿ ਜਿਸ ਹਿਸਾਬ ਨਾਲ ਸਕੂਲ ਸਿਰਫ਼ ਪੈਸੇ ਬਣਾਉਣ ਦੀ ਮਸ਼ੀਨ ਬਣ ਚੁੱਕੇ ਹਨ
ਉਹ ਇਸ ਮਸ਼ੀਨ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ, ਹਾਂ ਜੇਕਰ ਪਹਿਲ ਵਿਦਿਆ ਦੀ ਹੋਵੇਗੀ ਅਤੇ
Àਨ੍ਹਾਂ ਨੂੰ ਉਨ੍ਹਾਂ ਦੇ ਹਿਸਾਬ ਨਾਲ ਕੰਮ ਕਰਨ ਦਿੱਤਾ ਜਾਵੇਗਾ ਤਾਂ ਉਹ ਸੋਚ ਸਕਦੇ ਹਨ, ਪਰ ਸਭ ਨੂੰ ਪਤਾ ਹੈ ਪਹਿਲ ਕਿਸ ਚੀਜ਼ ਦੀ ਹੈ। ਸਿੱਖਿਆ ਤੋਂ ਇਲਾਵਾ Àਨ੍ਹਾਂ ਦਾ ਲੋਕਾਂ ਨਾਲ ਬਹੁਤ ਮੇਲ-ਮਿਲਾਪ ਹੈ, ਹਰ ਕਿਸੇ ਦੇ ਸੁੱਖ-ਦੁੱਖ 'ਚ ਸ਼ਾਮਲ ਹੋਣਾ ਜਿਵੇਂ ਉਨ੍ਹਾਂ ਦਾ ਸੁਭਾਅ ਹੀ ਹ। ਸ਼ਾਇਦ ਇਹੀ ਕਾਰਨ ਹੈ ਕਿ ਜਿਸ ਕਰਕੇ ਉਹ ਲੋਕਾਂ ਦੇ ਹਰਮਨ ਪਿਆਰੇ ਹਨ। ਉਨ੍ਹਾਂ ਨੇ ਅੱਜ ਦੇ ਹਾਲਾਤਾਂ ਉੱਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਸਮਾਂ ਬਹੁਤ ਬਦਲ ਗਿਆ ਹੈ ਅੱਜ ਕਲ ਨਾ ਤਾਂ ਬੱਚੇ ਹੀ ਪਹਿਲਾਂ ਜਿਹੇ ਰਹੇ ਹਨ ਤੇ ਨਾ ਹੀ ਅਧਿਆਪਕ। ਬੱਚੇ ਅਧਿਆਪਕ ਦੀ ਇੱਜਤ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਕਰਦੇ ਹਨ, ਉਨ੍ਹਾਂ ਆਪਣੇ ਸਮੇਂ ਨੂੰ ਯਾਦ ਕਰਦੇ ਕਿਹਾ ਕਿ ਉਨ੍ਹਾਂ ਦੇ ਸਮੇਂ 'ਚ Àਨ੍ਹਾਂ ਤੋਂ ਪੜ੍ਹੇ ਵਿਦਿਆਰਥੀ ਅੱਜ ਵੀ ਜਦੋਂ ਮਿਲਦੇ ਹਨ ਤਾਂ ਉਨ੍ਹਾਂ ਦਾ ਬਹੁਤ ਇੱਜਤ ਮਾਣ ਕਰਦੇ ਹਨ, ਪਰ ਅਜੋਕੇ ਸਮੇਂ 'ਚ ਇਹ
ਕਦਰਾਂ-ਕੀਮਤਾਂ 'ਚ ਬਹੁਤ ਹੀ ਜ਼ਿਆਦਾ ਗਿਰਾਵਟ ਆ ਗਈ ਹੈ, ਬੱਚੇ ਅਧਿਆਪਕ ਦਾ ਆਦਰ ਉਸ ਭਾਵਨਾ ਨਾਲ ਨਹੀਂ ਕਰਦੇ ਜਿਸ ਨਾਲ ਕੁਝ ਕੁ ਸਮਾਂ ਪਹਿਲਾਂ ਹੁੰਦਾ ਸੀ। ਇਸ 'ਚ ਕੋਈ ਸ਼ੱਕ ਨਹੀਂ ਕਿ ਸਮਾਂ ਹਰ ਛੈਅ ਨੂੰ ਆਪਣੇ ਪ੍ਰਭਾਵ 'ਚ ਲੈਂਦਾ ਹੈ ਫਿਰ ਭਾਵੇਂ ਉਹ ਪ੍ਰਭਾਵ ਸਕਾਰਾਤਮਕ ਹੋਵੇ ਜਾਂ ਨਾਕਾਰਾਤਮਕ, ਪਰ ਇਸ ਯੁੱਗ-ਪਾਲਟਾਉ ਪ੍ਰਭਾਵ ਨੇ ਦਿਲਾਂ 'ਚ ਰਿਸ਼ਤਿਆਂ ਅਤੇ ਆਦਰ ਸਤਿਕਾਰ ਦੀ ਭਾਵਨਾ ਨੂੰ ਬਹੁਤ ਨੀਵਾਂ ਕਰ ਦਿੱਤਾ ਹੈ। ਖੈਰ ਬਦਲਦੇ ਸਮੇਂ ਦੀ ਬਦਲਦੀ ਤਰਜ਼ ਦੇ ਨਾਲ ਹੀ ਸਾਨੂੰ ਚੱਲਣਾ ਪੈਂਦਾ ਹੈ ਪਰ ਫ਼ਿਰ ਵੀ ਜਿੱਥੋਂ ਤੱਕ ਹੋ ਸਕੇ ਜੇਕਰ ਹਰ ਇਨਸਾਨ ਆਪੋ-ਆਪਣੀ ਜਿੰਮੇਵਾਰੀ ਸਮਝ ਲਵੇ ਅਤੇ ਇਨਸਾਨੀਅਤ ਨੂੰ ਪਹਿਲ ਦੇ ਅਧਾਰ ਤੇ ਮੰਨੇ ਤਾਂ ਸਮਾਜ 'ਚ ਨਾਕਾਰਾਤਮਕ ਉਠਦਿਆਂ ਲਹਿਰਾਂ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ। ਮਾਸਟਰ ਸੁਰਜੀਤ ਸਿੰਘ ਜੀ ਦਾ ਇਕ ਅੰਦਾਜ਼ ਹੈ ਜੋ ਹਮੇਸ਼ਾਂ ਤੋਂ ਹੀ ਚਰਚਾ ਦਾ ਵਿਸ਼ਾ ਰਿਹਾ ਹੈ ਉਹ ਹੈ ਉਨ੍ਹਾਂ ਦਾ ਸਾਈਕਲ ਦੇ ਨਾਲ ਮੋਹ। ਉਨ੍ਹਾਂ ਨੇ ਆਪਣੀ ਸਾਰੀ ਨੌਕਰੀ ਸਾਈਕਲ ਉੱਤੇ ਸਕੂਲ ਜਾ ਕੇ ਹੀ ਕੀਤੀ ਇਸ ਤੋਂ ਇਲਾਵਾ ਉਹ ਜਦੋਂ ਕਦੇ ਵੀ ਕਿਤੇ ਆਉਂਦੇ ਜਾਂਦੇ ਹਨ ਤਾਂ ਜ਼ਿਆਦਾਤਰ ਸਾਈਕਲ ਉੱਤੇ ਹੀ ਨਜ਼ਰ ਆਉਂਦੇ ਹਨ, ਉਨ੍ਹਾਂ ਨੇ ਹਸਦਿਆਂ ਹੋਇਆ ਕਿਹਾ ਕਿ ਕਈ ਵਾਰੀ ਉਨ੍ਹਾਂ ਦੇ
ਕਈ ਸ਼ਾਗਿਰਦ ਮਿਲਦੇ ਹਨ ਅਤੇ ਉਨ੍ਹਾਂ ਨੂੰ ਟਿੱਪਣੀ ਕਰਦੇ ਹਨ ਕਿ ਸਰ ਜੀ ਹੁਣ ਤਾਂ ਸਾਈਕਲ ਛੱਡ ਦਿਓ, ਅਸੀਂ ਤੁਹਾਨੂੰ ਵੇਖਦੇ-ਵੇਖਦੇ ਬੁੱਢੇ ਹੋ ਗਏ ਹਾਂ ਪਰ ਤੁਸੀਂ ਅੱਜ ਵੀ ਉਂਝ ਦੇ ਹੀ ਹੋ ਨਾ ਤੁਹਾਡੀਆਂ ਗੱਲਾਂ ਬਦਲੀਆਂ, ਨਾ ਤੁਹਾਡਾ ਸੁਭਾਅ ਅਤੇ ਨਾ ਤੁਹਾਡਾ 'ਸਾਇਕਲ'। Àਨ੍ਹਾਂ ਦਾ ਕਹਿਣਾ ਹੈ ਕਿ ਸਾਈਕਲ ਉਨ੍ਹਾਂ ਦੀ ਜ਼ਿੰਦਗੀ ਦਾ ਅਟੁੱਟ ਅੰਗ ਹੈ ਉਹ ਆਪਣੇ-ਆਪ ਨੂੰ ਸਾਈਕਲ ਤੋਂ ਬਿਨ੍ਹਾਂ ਕਦੇ ਸੋਚ ਵੀ ਨਹੀਂ ਸਕਦ। Àਨ੍ਹਾਂ ਦੀ ਸਿਹਤ ਅਤੇ ਤੰਦਰੁਸਤੀ ਦਾ ਰਾਜ ਵੀ ਸਾਈਕਲ ਹੀ
ਹੈ, ਰੋਜ਼ਾਨਾ ਸਵੇਰੇ ਤੜਕੇ ਉਹ ਕਈ ਕਿਲੋਮੀਟਰ ਸਾਇਕਲਿੰਗ ਕਰਕੇ ਸੱਜਰੀ ਸਵੇਰ ਦਾ ਆਨੰਦ ਮਾਣਦੇ ਹਨ ਜੋ ਕਿ ਉਨ੍ਹਾਂ ਲਈ ਈਂਧਨ ਦਾ ਕੰਮ ਕਰਦਾ ਹੈ। ਅੱਜ ਕਲ ਹਰ ਇਨਸਾਨ ਸੁੱਖ ਦਾ ਇੰਨਾ ਜਿਆਦਾ ਆਦੀ ਹੋ ਚੁੱਕਾ ਹੈ ਅਤੇ ਹਰ ਕੰਮ 'ਚ ਏਨੀ ਤੇਜ਼ੀ ਚਾਹੁੰਦਾ ਹੈ ਕਿ ਉਸਦਾ ਸਾਰਾ ਜੀਵਨ ਮਸ਼ੀਨਾਂ ਦੇ ਸਹਾਰੇ ਹੋ ਗਿਆ ਹੈ, ਕੰਮ ਦੀ ਰਫ਼ਤਾਰ ਵਧਾਉਣ ਲਈ ਜਿੱਥੇ ਮਸ਼ੀਨੀ ਯੁੱਗ ਦਾ ਸਮਰਥਨ ਜ਼ਰੂਰੀ ਹੈ
ਉੱਥੇ ਇਹ ਮਸ਼ੀਨਾਂ ਸਾਡੀ ਸਿਹਤ ਲਈ ਬਹੁਤ ਵੱਡਾ ਖਤਰਾ ਬਣ ਰਹੀਆਂ ਹਨ। 1-2 ਕਿਲੋਮੀਟਰ ਜਾਂ
ਇਸ ਤੋਂ ਵੀ ਨੇੜੇ-ਤੇੜੇ ਜਾਣ ਲਈ ਮੋਟਰਸਾਈਕਲ ਦੀ ਵਰਤੋਂ ਦਾ ਰੁਝਾਨ ਬਣ ਚੁੱਕਾ ਹੈ ਜਿਸ ਨਾਲ ਜਿਥੇ ਵਾਤਾਵਰਨ ਪ੍ਰਭਾਵਿਤ ਹੋ ਰਿਹਾ ਉਥੇ ਸਾਡੀ ਸਿਹਤ ਨੂੰ ਵੀ ਬਹੁਤ ਮਾੜੇ ਨਤੀਜੇ ਭੁਗਤਣੇ ਪੈ ਰਹੇ ਹਨ।
ਇਸ ਲੇਖ 'ਚ ਜਿਨ੍ਹਾਂ ਸੰਭਵ ਹੋ ਸਕਿਆ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਪਰ ਬਹੁਤ ਸਾਰੇ ਪਹਿਲੂ ਹਾਲੇ ਵੀ ਲਿਖਣ ਵਾਲੇ ਬਾਕੀ ਹਨ। ਪਰਮਾਤਮਾ ਉਨ੍ਹਾਂ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ਅਤੇ
ਉਹ ਹਮੇਸ਼ਾਂ ਇੰਝ ਹੀ ਆਪਣੀ ਸਖਸ਼ੀਅਤ ਦੀ ਮਹਿਕ ਖਿਲਾਰਦੇ ਰਹਿਣ।
ਧੰਨਵਾਦ
ਸਨਦੀਪ ਸਿੰਘ ਸਿੱਧੂ
9463661542