''ਮੈਂ ਵੈਲਣ ਹੋ ਜੂੰ ਵੈਲੀਆਂ ਤੇਰਿਆਂ ਦੁੱਖਾਂ ਦੀ ਮਾਰੀ'' ਕਿਸੇ ਤੀਵੀਂ ਵਲੋਂ ਦਿੱਤਾ ਗਿਆ ਇਕ ਡਰਾਵਾ ਹੈ ਕਿ ਜੇਕਰ ਉਸ ਦੀਆਂ ਬੁਰੀਆਂ ਆਦਤਾਂ ਨਾ ਗਈਆਂ ਤਾਂ ਮੈਂ ਵੀ ਤੇਰੇ ਪਿੱਛੇ ਲੱਗ ਕੇ ਵੈਲਣ ਬਣ ਜਾਣਾ ਹੈ ਤੇ ਕਿਸੇ ਨਸ਼ੇ ਦਾ ਸੇਵਨ ਕਰਨ ਲੱਗ ਜਾਣਾ ਹੈ। ਇਸ ਤੋਂ ਕੀ ਭਾਸਦਾ ਹੈ ਕਿ ਨਸ਼ਾ ਇਕ ਬਹੁਤ ਹੀ ਬੁਰੀ ਨਿਆਮਤ ਹੈ। ਨਸ਼ੇ ਦਾ ਸੇਵਨ ਸਮਾਜ ਵਿਚ ਬਹੁਤ ਸਾਰੀਆਂ ਅਲਾਮਤਾਂ ਨੂੰ ਜਨਮ ਦਿੰਦਾ ਹੈ। ਨਸ਼ੇ ਵਿਚ ਗ੍ਰਸਤ ਹੋਇਆ ਕੋਈ ਆਦਮੀ ਜਾਂ ਔਰਤ ਆਪਣੇ ਘਰ ਦੀ ਬਰਬਾਦੀ ਆਪ ਹੀ ਕਰ ਬੈਠਦਾ ਹੈ। ਕਿਸੇ ਇਕ ਦਾ ਨਸ਼ੇ-ਗ੍ਰਸਤ ਹੋਣਾ ਘਰ ਦੇ ਸਾਰੇ ਮੈਂਬਰਾਂ ਦੇ ਦੁੱਖਾਂ ਦਾ ਕਾਰਨ ਬਣਦਾ ਹੈ। ਘਰ 'ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਜ਼ਿੰਦਗੀ ਮੌਤ ਤੋਂ ਵੀ ਬਦਤਰ ਹੋ ਜਾਂਦੀ ਹੈ।
ਨਸ਼ੇ ਨੂੰ ਅੰਗਰੇਜ਼ੀ ਭਾਸ਼ਾ ਵਿਚ Intoxicant ਜਾਂ Intoxication ਕਹਿਦੇ ਹਨ ਅਤੇ ਜੋ ਨਸ਼ਿਆਂ ਦਾ ਆਦੀ ਹੋ ਜਾਵੇ ਉਸਨੂੰ Addictive ਆਖਦੇ ਹਨ। ਨਸ਼ੇ ਨੂੰ ਪੰਜਾਬੀ ਭਾਸ਼ਾ ਵਿਚ ਹੋਰ ਵੀ ਕਈ ਨਾਂਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਮਦਹੋਸ਼ੀ, ਬਦਮਸਤੀ, ਲਹਿਰਾ, ਹੁਲਾਰਾ, ਖੁਮਾਰ, ਖੁਮਾਰੀ, ਬੇਹੋਸ਼ੀ, ਅਮਲ ਆਦਿ। ਨਸ਼ੇ ਨੂੰ ਖੁਮਾਰੀ ਜਾਂ ਹੱਦ ਤੋਂ ਬਾਹਰ ਉਤਸ਼ਾਹ ਅਤੇ ਕੁੜੱਤਣ ਕਹਿ ਕੇ ਵੀ ਪ੍ਰਰੀਭਾਸ਼ਿਤ ਕੀਤਾ ਜਾ ਸਕਦਾ ਹੈ। ਨਸ਼ੇ ਵਾਲੀ ਪ੍ਰਸਥਿਤੀ ਉਹ ਪ੍ਰਸਿਥਤੀ ਹੁੰਦੀ ਹੈ ਜਦੋਂ ਅਲਕੋਹਲ ਦੀ ਵਰਤੋਂ ਹੱਦ ਤੋਂ ਵਧ ਕਰਨ ਨਾਲ ਇਸ ਦੇ ਅਮਲ ਨਾਲ ਭਰਿਆ ਹੋਇਆ ਵਿਅਕਤੀ ਅਸਥਾਈ, ਮੂਰਖਾਂ ਜਾਂ ਪਾਗਲਾਂ ਆਦਿ ਵਾਲੀ ਸਥਿਤੀ ਵਿਚ ਚਲਾ ਜਾਂਦਾ ਹੈ ਤੇ ਲੜ-ਖੜਾਹਟ ਪੈਦਾ ਹੋ ਜਾਂਦੀ ਹੈ। ਜ਼ਹਿਰ ਜਾਂ ਹੋਰ ਜ਼ਹਿਰੀਲੇ ਪਦਾਰਥਾਂ ਨਾਲ ਪੈਦਾ ਹੋਈ ਸਥਿਤੀ ਨੂੰ ਵੀ ਨਸ਼ੇ ਦੇ ਤੌਰ 'ਤੇ ਪ੍ਰੀਭਾਸ਼ਿਤ ਕੀਤਾ ਜਾ ਸਕਦਾ ਹੈ।
ਬਹੁਤ ਜ਼ਿਆਦਾ ਨਸ਼ੇ ਦੀ ਵਰਤੋਂ ਮਨੁੱਖੀ ਜੀਵਨ ਨੂੰ ਖਤਰੇ ਵਿਚ ਪਾ ਦਿਦੀ ਹੈ। ਇਸ ਨਾਲ ਕੈਂਸਰ ਹੋਣ ਦਾ ਖਤਰਾ ਪੈਦਾ ਹੁੰਦਾ ਹੈ। ਇਹ ਕੈਂਸਰ ਮੂÎੰਹ ਦਾ ਕੈਂਸਰ, ਗਲੇ ਦਾ, ਅਨਾਦਰ ਆਦਿ ਦਾ ਵੀ ਹੋ ਸਕਦਾ ਹੈ। ਨਸ਼ਾ ਜਿਗਰ, ਛਾਤੀ, ਨਾੜੀ, ਇਮਿਊਨ ਸਿਸਟਮ ਆਦਿ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸਰੀਰ ਵਿਚ ਬਹੁਤ ਜ਼ਿਆਦਾ ਕਮਜ਼ੋਰੀ ਉਤਪਨ ਹੋ ਜਾਣ ਦਾ ਕਾਰਨ ਵੀ ਨਸ਼ਾ ਹੀ ਬਣਦਾ ਹੈ। ਨਸ਼ੇ ਦੇ ਸੇਵਨ ਨਾਲ ਬੈਕਟੀਰੀਆ ਉਤਪÎੰਨ ਹੋ ਜਾਂਦਾ ਹੈ ਜੋ ਕਿ ਜ਼ਿਗਰ ਲਈ ਵੀ ਨੁਕਸਾਨ ਦੇਹ ਸਾਬਤ ਹੁੰਦਾ ਹੈ। ਇਹ ਦਿਲ ਨੂੰ ਕਮਜ਼ੋਰ ਬਣਾ ਦਿੰਦਾ ਹੈ ਤੇ ਹਾਈ ਬਲੱਡ-ਪ੍ਰੈਸ਼ਰ ਦੀ ਸਮੱਸਿਆ ਪੈਦਾ ਹੋ ਸਕਦੀ ਹੈ।
ਨਸ਼ਾ ਕਈ ਪ੍ਰਕਾਰ ਦਾ ਹੁੰਦਾ ਹੈ ਜਿਵੇਂ ਚਿੱਟਾ, ਸ਼ਰਾਬ, ਬੀੜੀ, ਸਿਗਰਟਾਂ, ਚਰਸ, ਗਾਂਜ਼ਾ, ਕੋਕੇਨ, ਟੀਕੇ-ਸੂਈਆਂ ਦਾ ਨਸ਼ਾ, ਟੈਕਸਡਰੋਮ, ਕੈਫੀਨ, ਡਰੱਗਜ਼ ਦੀ ਵਧੇਰੇ ਮਾਤਰਾ ਆਦਿ। ਅਕਸਰ ਅਸੀਂ ਦੇਖਦੇ ਹਾਂ ਕਿ ਨਸ਼ੇ ਵਾਲੀਆਂ ਬੋਤਲਾਂ ਜਾਂ ਡੱਬੀਆਂ ਆਦਿ 'ਤੇ ਇਹ ਲਿਖਿਆ ਵੀ ਮਿਲਦਾ ਹੈ ਕਿ 'ਨਸ਼ਾ ਸਿਹਤ ਲਈ ਹਾਨੀਕਾਰਨ ਹੈ'' ਪਰ ਇਸ ਲਿਖਤ ਵੱਲ ਕੋਈ ਵੀ ਭੜੂਆ ਧਿਆਨ ਦੇਣ ਲਈ ਰਾਜ਼ੀ ਨਹੀਂ ਹੈ। ਨਸ਼ਾ ਸਰੀਰ ਦੇ ਨਾਲ-ਨਾਲ ਸਿਹਤ ਲਈ ਵੀ ਹਾਨੀਕਾਰਕ ਸਿੱਧ ਹੁੰਦਾ ਹੈ ਅਤੇ ਨਸ਼ਿਆਂ ਦੇ ਸੇਵਨ ਕਰਨ ਵਾਲੇ ਆਦਮੀਂ ਲੰਬੇ ਸਮੇਂ ਤੱਕ ਬੀਮਾਰ ਰਹਿ ਸਕਦੇ ਹਨ ਅਤੇ ਅੰਤ ਨਸ਼ੇ ਦੀ ਲਤ ਕਾਰਨ ਦੁੱਖਾਂ ਭਰੀ ਮੌਤ ਨੂੰ ਗਲੇ ਲਗਾ ਕੇ ਹਮੇਸ਼ਾਂ ਲਈ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਂਦੇ ਹਨ। ਫਿਰ ਜਿਸ ਘਰ ਦਾ ਇਕੋ ਇਕ ਕਮਾਉਣ ਵਾਲਾ ਨਸ਼ਿਆਂ ਕਾਰਨ ਮੌਤ ਦੇ ਮੂਹ ਵਿਚ ਚਲਿਆ ਜਾਵੇ ਤਾਂ ਫਿਰ ਉਸ ਘਰ ਵਿਚ ਕਿਸ ਤਰ੍ਹਾਂ ਦੀ ਰੌਸ਼ਨੀ ਹੋਵੇਗੀ ਸੂਝਵਾਨ ਲੋਕ ਇਸ ਗੱਲ ਦਾ ਅੰਦਾਜ਼ਾ ਭਲੀ-ਭਾਂਤ ਲਗਾ ਸਕਦੇ ਹਨ। ਪੁਰਾਣੇ ਸਮਿਆਂ ਵਿਚ ਨਸ਼ੇ ਦਾ ਸੇਵਨ ਰਾਖ਼ਸ਼ਸ਼ ਲੋਕ ਕਰਿਆ ਕਰਦੇ ਸਨ ਪਰ ਅੱਜ ਰਾਖ਼ਸ਼ਸ਼ ਰੂਪ ਬੰਦੇ ਨੇ ਧਾਰਨ ਕਰ ਲਿਆ ਹੈ ਜਿਸ ਕਾਰਨ ਮਨੁੱਖੀ ਜੀਵਨ ਲਈ ਖਤਰੇ ਦਾ ਬਿਗੁਲ ਵੱਜ ਗਿਆ ਹੈ।
ਬਹੁਤ ਸਾਰੀਆਂ ਰੋਗ ਦੂਰ ਕਰਨ ਵਾਲੀਆਂ ਦਵਾਈਆਂ ਵਿਚ ਵੀ ਨਸ਼ੇ ਦੇ ਅੰਸ਼ ਮੌਜੂਦ ਹੁੰਦੇ ਹਨ। ਕੁਝ ਇਕ ਡਾਕਟਰ ਤਾਂ ਨਸ਼ੇ ਦੀ ਦਵਾਈ ਜਾਂ ਨਸ਼ੇ ਨੂੰ ਇਲਾਜ ਲਈ ਵਰਤਣ ਦੀ ਸਲਾਹ ਦਿੰਦੇ ਹੋਏ ਵੀ ਦੇਖੇ ਜਾ ਸਕਦੇ ਹਨ ਪਰ ਇਨ੍ਹਾਂ ਦਵਾਈਆਂ ਦਾ ਜ਼ਿਆਦਾ ਸੇਵਨ ਵੀ ਨੁਕਸਾਨ ਦੇਹ ਸਾਬਤ ਹੁੰਦਾ ਹੈ। ਨਸ਼ਾ ਸਰੀਰ ਦੀਆਂ ਮਾਸ-ਪੇਸ਼ੀਆਂ ਨੂੰ ਕਮਜ਼ੋਰ ਕਰਕੇ ਸਰੀਰ ਵਿਚ ਕਮਜ਼ੋਰੀ ਭਰ ਦਿੰਦਾ ਹੈ। ਯਾਦਦਾਸ਼ਤ ਸ਼ਕਤੀ 'ਤੇ ਵੀ ਨਸ਼ੇ ਦਾ ਮਾੜਾ ਅਸਰ ਪੈਂਦਾ ਹੈ। ਵੈਲ ਤਾਂ ਇਕ ਮਾੜਾ ਵੇ ਤੂੰ ਤਾਂ ਦੋ-ਦੋ ਲਾਈ ਫਿਰਦਾ, ਵੈਲੀ ਨਾ ਕਿਸੇ ਤੀਵੀਂ ਦੇ ਹੋਵੇ ਘਰ ਵਾਲਾ ਨੀ, ਦਾਰੂ ਤਾਂ ਕਬਰਾਂ ਤੱਕ ਜਾਊ ਆਦਿ ਨਸ਼ਿਆਂ ਨਾਲ ਸਬੰਧਿਤ ਬਹੁਤ ਸਾਰੇ ਗੀਤ ਆਏ। ਬਹੁਤ ਸਾਰੇ ਕਲਾਕਾਰਾਂ ਨੇ ਨਸ਼ੇ ਨੂੰ ਬੜਾਵਾ ਦੇਣ ਵਾਲੇ ਗੀਤ ਵੀ ਗਾਏ ਹਨ ਜਿਹੜਾ ਕਿ ਬੜਾ ਮਾੜਾ ਝੁਕਾਵ ਹੈ। ਕਹਿੰਦੇ ਨੇ ਕਿ ਦੇਸ਼ ਜਾਂ ਕੌਮ ਦਾ ਭਾਰ ਨੌਜਵਾਨ ਪੀੜੀ ਦੇ ਮੋਢਿਆਂ 'ਤੇ ਹੁੰਦਾ ਹੈ। ਹੁਣ ਜੇਕਰ ਇਹ ਮੋਢੇ ਹੀ ਲੜ-ਖੜਾਉਣ ਲੱਗ ਜਾਣ ਤਾਂ ਦੇਸ਼ ਕਿਧਰ ਨੂੰ ਜਾਵੇਗਾ?
ਨਸ਼ਾ ਘਰ ਦੇ ਘਰ ਬਰਬਾਦ ਕਰ ਦਿਦਾ ਹੈ। ਇਹ ਕਿਸ ਸਮਝ ਦਾ ਨਤੀਜਾ ਹੈ ਕਿ ਘਰ ਦਾ ਕੋਈ ਜੀਅ ਆਪਣੇ ਟੱਬਰ ਦੇ ਪੇਟ ਦੀ ਭੁੱਖ ਮਿਟਾਉਣ ਨਾਲੋਂ ਆਪਣੇ ਮੂÎੰਹ ਦਾ ਸੁਆਦ ਨਸ਼ਿਆਂ ਦਾ ਸੇਵਨ ਕਰਕੇ ਪੂਰਾ ਕਰਦਾ ਹੈ। ਨਸ਼ੇ ਦੀ ਵਿਕਰੀ ਧੜਾ-ਧੜ ਹੁੰਦੀ ਹੈ। ਕੋਈ ਸਕੂਲ ਜਾਂ ਕਾਲਜ ਖੋਲ੍ਹ ਕੇ ਦੇਖ ਲਓ ਉਹ ਤਾਂ ਬੇਸ਼ੱਕ ਦੋ ਦਿਨ ਵੀ ਨਾ ਚੱਲੇ ਪਰ ਨਸ਼ੇ ਦੀਆਂ ਦੁਕਾਨਾਂ 'ਤੇ ਗ੍ਰਾਹਕਾਂ ਦੀ ਭੀੜ ਇਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਨਸ਼ਾ ਘਰ ਦੇ ਨਾਲ ਦੇਸ਼ ਦੇ ਭਵਿੱਖ ਨੂੰ ਵੀ ਖਤਰੇ ਵਿਚ ਪਾ ਦਿੰਦਾ ਹੈ।
ਮੈਨੂੰ ਗੱਲ ਚੇਤੇ ਆ ਰਹੀ ਹੈ ਕਿ ਇਕ ਦਿਨ ਸਵੇਰੇ-ਸਵੇਰੇ ਸੈਰ ਕਰਨ ਨਿਕਲਿਆ ਮੇਰੇ ਅੱਗੇ ਚਾਰ-ਪੰਜ ਭਈਏ ਅਤੇ ਇਕ ਭਈਆ-ਰਾਣੀ ਜਾ ਰਹੇ ਸਨ ਭਈਆ ਰਾਣੀ ਦੇ ਕੁੱਸੜ ਦੋ ਬੱਚੇ ਚੁੱਕੇ ਹੋਏ ਸਨ ਅਤੇ ਇਕ ਬੱਚਾ ਭਈਏ ਨੇ ਚੁੱਕਿਆ ਹੋਇਆ ਸੀ। ਉਹ ਆਪਸ ਵਿਚ ਗੱਲਾਂ ਕਰਦੇ ਜਾ ਰਹੇ ਸਨ ਕਿ ਉਹ ਕਿਹੜੀ ਚੀਜ਼ ਹੈ ਜੋ ਉਮਰ ਭਰ ਆਦਮੀ ਦਾ ਸਾਥ ਦਿੰਦਾ ਹੈ? ਤਾਂ ਇਕ ਭਈਏ ਨੇ ਕਿਹਾ ਕਿ ਔਰਤ। ਦੂਸਰੇ ਭਈਏ ਨੇ ਝੱਟ ਉਹਦੇ ਮੂਹ 'ਤੇ ਗੱਲ ਮਾਰਦੇ ਹੋਏ ਕਿਹਾ ਕਿ ਇਹ ਬਿਲਕੁੱਲ ਗਲਤ ਹੈ। ਉਹ ਸਿਰਫ ਦਾਰੂ ਹੀ ਹੈ ਜੋ ਚਾਹੇ ਖੁਸ਼ੀ ਮੇਂ ਪੀਓ ਚਾਹੇ ਗਮੀਂ ਮੇਂ ਪੀਓ। ਮੇਰੇ ਕਹਿਣ ਦਾ ਭਾਵ ਕਿ ਲੋਕਾਂ ਦੀ ਨਾ-ਸਮਝੀ ਨੇ ਦੁਨੀਆ ਦੀ ਸੋਚ ਹੀ ਕੁਛ ਐਸੀ ਕਰ ਦਿੱਤੀ ਹੈ ਕਿ ਉਹ ਨਸ਼ੇ ਨੂੰ ਆਪਣੇ ਜੀਵਨ ਦਾ ਜ਼ਰੂਰੀ ਬਹੁਮੁੱਲਾ ਹਿੱਸਾ ਮੰਨ ਕੇ ਇਸ ਨਸ਼ੇ ਦੀ ਗ੍ਰਿਫਤ ਵਿਚ ਬੜੀ ਹੀ ਬੁਰੀ ਤਰ੍ਹਾਂ ਜਕੜੇ ਜਾ ਰਹੇ ਹਨ।
ਨਸ਼ਾ ਬੀਮਾਰੀਆਂ ਦਾ ਕਾਰਨ ਤਾਂ ਬਣਦਾ ਹੀ ਹੈ ਦੂਜੇ ਪਾਸੇ ਇਹ ਘਰ ਵਿਚ ਵੀ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ। ਜਿਵੇਂ ਕਿ ਘਰ ਦਾ ਮੁਖੀ ਬੱਚਿਆਂ ਦੇ ਪਾਲਣ-ਪੋਸ਼ਣ ਕਰਨ ਦੀ ਬਜਾਏ ਨਸ਼ੇ ਨੂੰ ਜ਼ਿਆਦਾ ਮਹੱਤਵ ਦਿੰਦਾ ਹੈ ਤਾਂ ਘਰ ਵਿਚ ਲੜਾਈ-ਝਗੜੇ ਵਧਦੇ ਹਨ, ਘਰਾਂ ਦਾ ਮਾਹੌਲ ਵਿਗੜ ਜਾਂਦਾ ਹੈ। ਨਸ਼ਿਆਂ ਨੂੰ ਬੜਾਵਾ ਦੇਣ ਵਾਲੇ ਬਹੁਤ ਸਾਰੇ ਗੀਤ ਆਏ ਹਨ। ਜੇਕਰ ਕਿਸੇ ਕਲਾਕਾਰ ਨਾਲ ਇਸ ਬਾਬਤ ਗੱਲ ਕੀਤੀ ਜਾਵੇ ਤਾਂ ਉਹ ਕਹਿ ਦਿੰਦੇ ਹਨ ਕਿ ਗੀਤਕਾਰ ਗੀਤ ਲਿਖਦਾ ਹੈ ਤੇ ਅਸੀਂ ਗਾ ਦਿੰਦੇ ਹਾਂ ਜਾਂ ਫਿਰ ਪਬਲਿਕ ਦੀ ਮੰਗ ਵੀ ਇਹੀ ਹੈ।
ਇਕ ਗੀਤ ਮੈਨੂੰ ਯਾਦ ਆ ਰਿਹਾ ਹੈ ਕਿ 'ਰਾਹ ਵਿਚ ਠੇਕਾ ਦੇਖ ਕੇ ਯਾਰੋ, ਕੋਲੋਂ ਲੰਘ ਨਾ ਹੋਵੇ ਲਾਲ ਪਰੀ ਹੱਡਾਂ ਵਿਚ ਰਚ ਗਈ, ਨਾ ਪੀਵਾਂ ਦਿਲ ਰੋਵੇ।' ਭਾਵ ਨਸ਼ੇ ਦੀ ਲਤ ਲੱਗੀ ਵਾਲੇ ਦਾ ਹਾਲ ਫਿਰ ਇਸ ਤਰ੍ਹਾਂ ਵੀ ਹੋ ਜਾਂਦਾ ਹੈ। ''ਟੁੱਟੇ ਦਿਲਾਂ ਦੀ ਦਵਾਈ ਲੈ ਲਓ ਯਾਰੋਂ, ਇਹ ਕੇਵਲ ਠੇਕਿਆਂ ਤੋਂ ਮਿਲਦੀ ਹੈ।'' ਕੁਛ ਇਕ ਲੋਕ ਤਾਂ ਇਹੋ ਜਿਹੀ ਭਾਵਨਾ ਵੀ ਰੱਖਦੇ ਹਨ। ਭਾਵ ਕੁਝ ਲੋਕਾਂ ਦੀ ਇਹ ਸੋਚ ਹੈ ਕਿ ਨਸ਼ੇ ਦਾ ਸੇਵਨ ਉਨ੍ਹਾਂ ਦੇ ਗਮਾਂ ਨੂੰ ਰਾਹਤ ਪਹੁੰਚਾਉਂਦਾ ਹੈ ਪਰ ਅਜਿਹੀ ਸੋਚ ਰੱਖਣ ਵਾਲੇ ਇਸਦੇ ਮਾਰੂ ਪ੍ਰਭਾਵ ਤੋਂ ਨਹੀਂ ਬਚ ਪਾਉਂਦੇ।
ਕਿਸੇ ਘਰ ਦੀ ਕੋਈ ਔਲਾਦ ਨਸ਼ਿਆਂ ਦੀ ਆਦੀ ਹੋ ਜਾਵੇ ਤਾਂ ਉਹਦੇ ਮਾਪੇ ਤਾਂ ਜਿਊਂਦੇ-ਜੀਅ ਆਪਣੇ-ਆਪ ਨੂੰ ਮਰਿਆ ਹੋਇਆ ਮਹਿਸੂਸ ਕਰਦੇ ਹਨ। ਪੈਸੇ ਦੀ ਬਰਬਾਦੀ ਤਾਂ ਹੁੰਦੀ ਹੀ ਹੈ ਨਾਲ ਦੀ ਨਾਲ ਘਰ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਘਿਰ ਜਾਂਦਾ ਹੈ। ਘਰ ਦਾ ਮਾਹੌਲ ਕਿਸੇ ਕਬਰ-ਸਥਾਨ ਤੋਂ ਵੱਧ ਕੇ ਕੁਝ ਨਹੀਂ ਹੈ, ਜਿੱਥੇ ਹਮੇਸ਼ਾਂ ਭੂਤਾਂ-ਚੁੜੇਲਾਂ ਦਾ ਵਾਸਾ ਹੀ ਹੁੰਦਾ ਹੈ। ਜੀਵ ਆਤਮਾ ਤਾਂ ਕੇਵਲ ਮੁਰਦੇ ਦਾ ਸਸਕਾਰ ਆਦਿ ਕਰਨ ਲਈ ਹੀ ਪ੍ਰਵੇਸ਼ ਕਰਦੀ ਹੈ। ਅਸਲ ਵਿਚ ਜੀਵਤ ਮਨੁੱਖਾਂ ਦੀ ਥਾਂ 'ਤੇ ਉੱਥੇ ਮੁਰਦਾ ਰੂਹਾਂ ਦਾ ਵਾਸ ਜ਼ਿਆਦਾ ਹੋ ਜਾਂਦਾ ਹੈ। ਘਰ ਦੇ ਬਾਕੀ ਮੈਂਬਰ ਜਿਊਂਦੇ-ਜੀਅ ਮਰ ਜਾਂਦੇ ਹਨ। ਇਕ ਦੇ ਮੂੰਹ ਦਾ ਸੁਆਦ ਸਾਰੇ ਘਰ ਨੂੰ ਬਰਬਾਦ ਕਰ ਕੇ ਰੱਖ ਦਿੰਦਾ ਹੈ।
ਸਰੀਰਕ ਆਦਤ ਕਰਕੇ ਵੀ ਨਸ਼ਾ ਹੁੰਦਾ ਹੈ, ਮਨੋਵਿਗਿਆਨਕ ਨਸ਼ਾ ਵੀ ਹੁੰਦਾ ਹੈ। ਨਸ਼ਾ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਮਿੱਤਰਾਂ ਤੋਂ ਵੀ ਦੂਰ ਲੈ ਜਾਂਦਾ ਹੈ। ਪੜ੍ਹਾਈ ਕਰਨ ਜਾਂ ਰੋਜ਼ੀ ਰੋਟੀ ਕਮਾਉਣ ਦਾ ਕਾਰਜ ਕਰਨ ਵਿਚ ਮੁਸ਼ਕਲ ਪੇਸ਼ ਆਉਂਦੀ ਹੈ। ਇਸ ਨਾਲ ਚੋਰੀ-ਚੱਕਾਰੀ, ਜੂਆ ਆਦਿ ਦੀ ਲਤ ਵੀ ਲੱਗ ਜਾਂਦੀ ਹੈ। ਨਸ਼ੇ ਦੀ ਲਤ ਵਾਲਾ ਆਦਮੀ ਹਰ ਕੰਮ ਤੋਂ ਜੀਅ ਚੁਰਾਉਣ ਲੱਗਦਾ ਹੈ। ਬੇਚੈਨੀ, ਗੁੱਸਾ ਜਾਂ ਉਦਾਸੀ ਲੜਾਈ ਝਗੜਿਆਂ ਦਾ ਕਾਰਨ ਵੀ ਬਣਦੀ ਹੈ। ਨਸ਼ੇ ਦੀ ਲਤ ਲੱਗਣ ਨਾਲ ਉਦਾਸੀ ਦਾ ਆਲਮ ਵੀ ਛਾ ਜਾਂਦਾ ਹੈ, ਨਾ ਮਿਲੇ ਤਾਂ ਬੇਚੈਨੀ ਵਧਦੀ ਹੈ, ਚਿੰਤਾਵਾਂ ਘੇਰਾ ਪਾ ਲੈਂਦੀਆਂ ਹਨ। ਯਾਦਦਾਸ਼ਤ ਸ਼ਕਤੀ ਦਾ ਚਲੇ ਜਾਣਾ, ਅਸਲੀਅਤ ਤੋਂ ਨਿਰਲੇਪਤਾ ਆ ਜਾਣਾ ਆਦਿ ਕਿਸ ਜ਼ਿੰਦਗੀ ਦੇ ਲੱਛਣ ਹਨ ਇਸ ਬਾਰੇ ਜਾਣਨਾ ਵੀ ਅਤਿਅਤ ਜ਼ਰੂਰੀ ਹੈ। ਕਬਜ਼, ਜ਼ਿਗਰ ਦਾ ਨੁਕਸਾਨ, ਦਿਮਾਗੀ ਕਮਜ਼ੋਰੀ, ਸੁਸਤੀ, ਚੇਤਨਾ ਦਾ ਨੁਕਸਾਨ, ਘਰਾਂ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਪੈਦਾ ਹੋਣਾ, ਘਰਾਂ 'ਚ ਲੜਾਈ ਝਗੜਿਆਂ ਦਾ ਵੱਧਣਾ, ਘਰ 'ਚ ਤਨਾਓ ਦੀ ਪ੍ਰਸਥਿਤੀ ਪੈਦਾ ਹੋ ਜਾਣਾ ਆਦਿ ਸਾਰੇ ਨੁਕਸਾਨ ਹੀ ਤਾਂ ਹਨ ਕੋਈ ਲਾਭ ਵਾਲੀ ਗੱਲ ਨਹੀਂ ਹੈ। ਤਦ ਹੀ ਤਾਂ ਅਸੀਂ ਕਹਿÎੰਦੇ ਹਾਂ ਕਿ-ਨਸ਼ੇ 'ਚ ਜਿਸਦੀ ਫਸੇ ਔਲਾਦ, ਉਹ ਘਰ ਹੋ ਜਾਂਦਾ ਬਰਬਾਦ।
ਪਰਸ਼ੋਤਮ ਲਾਲ ਸਰੋਏ
ਮੋਬਾ : 91-92175-44348
ਸੱਭਿਆਚਾਰ ਦਾ ਸੱਭਿਅਤਾ ਨਾਲ ਸਦੀਵੀ ਮੇਲ ਕਰਵਾਉਂਦੀ ਹੈ-ਸੁਰਿੰਦਰ ਕੌਰ
NEXT STORY