ਵੈਸੇ ਤਾਂ ਉਸ ਸ਼ੇਰ ਨੂੰ ਜੰਗਲ ਦਾ ਰਾਜਾ ਕਹਿੰਦੇ ਸੀ ਪਰ ਰਾਜੇ ਵਾਲੀ ਉਸ ਵਿਚ ਕੋਈ ਗੱਲ ਨਹੀਂ ਸੀ ਕਿਉਂਕਿ ਰਾਜੇ ਦਾ ਧਰਮ ਹੁੰਦਾ ਹੈ ਆਪਣੇ ਅਧੀਨ ਸਾਰੀ ਜਨਤਾ ਦਾ ਧਿਆਨ ਰੱਖਣਾ ਅਤੇ ਉਨ੍ਹਾਂ ਲਈ ਭਲਾਈ ਕੰਮਾਂ ਦਾ ਉਪਰਾਲਾ ਕਰਨਾ। ਉਹ ਤਾਂ ਇਸ ਸਭ ਦੇ ਉਲਟ ਇਕ ਖੂੰਖਾਰ ਸ਼ੇਰ ਦੀ ਤਰ੍ਹਾਂ ਹੀ ਵਰਤਾਓ ਕਰ ਰਿਹਾ ਸੀ। ਭਲਾਈ ਬਾਰੇ ਤਾਂ ਕੀ ਸੋਚਣਾ, ਉਹ ਤਾਂ ਸਦਾ ਜੰਗਲੀ ਜਾਨਵਰਾਂ ਦੀ ਮੌਤ ਦਾ ਸੁਹੇਨਾ ਲੈ ਕੇ ਹੀ ਘੁੰਮਦਾ ਰਹਿੰਦਾ ਪਰ ਕਹਿੰਦੇ ਨੇ ਪਾਪੀ ਅਤੇ ਜਾਲਮ ਨੂੰ ਮਾਰਨ ਲਈ ਕੋਈ ਨਾ ਕੋਈ ਛੇਤੀ ਹੀ ਰਾਹ ਲੱਭ ਜਾਂਦਾ ਹੈ।
ਜੰਗਲ ਦੇ ਸਾਰੇ ਜੀਵ ਉਸ ਨਿਰਦੇਈ ਰਾਜੇ ਦੇ ਰਾਜ ਵਿਚ ਬਹੁਤ ਦੁਖੀ ਸਨ। ਕਿਸੇ ਨਾ ਕਿਸੇ ਤਰ੍ਹਾਂ ਉਹ ਲੁੱਕ-ਛਿਪ ਕੇ ਦਿਨ ਕਟੀ ਜਾ ਰਹੇ ਸਨ। ਗੱਲ ਵੀ ਠੀਕ ਸੀ ਮਾੜ੍ਹਾ ਜਾਂ ਕਮਜ਼ੋਰ ਕਰ ਵੀ ਕੀ ਸਕਦਾ ਹੈ? ਪਰ ਜੇ ਕਈ ਦਿਮਾਗ ਇਕੱਠੇ ਮਿਲ ਕੇ ਕੰਮ ਕਰਨ ਤਾਂ ਵੱਡੀ ਤੋਂ ਵੱਡੀ ਮੁਸੀਬਤ ਦਾ ਵੀ ਹੱਲ ਮਿਲ ਜਾਂਦਾ ਹੈ। ਇਸੇ ਤਰ੍ਹਾਂ ਹੀ ਵਾਪਰਿਆ ਉਸ ਜੰਗਲ ਵਿਚ।
ਇਕ ਦਿਨ ਕਈ ਬਾਂਦਰ ਰੁੱਖਾਂ ਪਰ ਟਪੂਸੀਆਂ ਮਾਰਦੇ ਖੇਡ ਰਹੇ ਸਨ ਕਿ ਅਚਾਨਕ ਉਨ੍ਹਾਂ ਦੇਖਿਆ ਕਿ ਇਕ ਹਾਥੀ ਉਨ੍ਹਾਂ ਵੱਲ ਆ ਰਿਹਾ ਹੈ ਅਤੇ ਹਾਥੀ ਉਪਰ ਇਕ ਚੂਹਾ ਨਿਡਰ ਹੋ ਕੇ ਖੇਡ ਰਿਹਾ ਹੈ। ਟੱਪਦੇ ਚੂਹੇ ਨੂੰ ਦੇਖ ਸਾਰੇ ਬਾਂਦਰ ਤਾੜੀਆਂ ਮਾਰਨ ਲੱਗੇ। ਉਨ੍ਹਾਂ ਨੂੰ ਹੱਸਦਿਆਂ ਦੇਖ ਹਾਥੀ ਵੀ ਰੁਕ ਗਿਆ ਅਤੇ ਚੂਹੇ ਬਾਰੇ ਸੁਣ ਆਪ ਵੀ ਹੱਸ ਪਿਆ। ਇੰਨੇ ਚਿਰ ਨੂੰ ਇਕ ਲੂੰਬੜੀ ਵੀ ਉਥੇ ਆ ਗਈ, ਸਭ ਨੂੰ ਹੱਸਦੇ ਦੇਖ, ਅੱਗ-ਬੱਬੂਲਾ ਹੋ ਗਈ ਅਤੇ ਬੋਲੀ,''ਤੁਹਾਨੂੰ ਹੱਸਣ ਦੀ ਪਈ ਏ, ਜੰਗਲ ਦੇ ਸਾਰੇ ਜਾਨਵਰ ਸ਼ੇਰ ਦੇ ਡਰ ਨਾਲ ਤਰਾਹ-ਤਰਾਹ ਕਰਦੇ ਲੁੱਕਦੇ ਛਿਪਦੇ ਫਿਰ ਰਹੇ ਹਨ, ਕੋਈ ਦਿਮਾਗ ਤੋਂ ਕੰਮ ਲਓ।'' ਲੂੰਬੜੀ ਦੀ ਗੱਲ ਸੁਣ ਸਭ ਸ਼ਾਂਤ ਹੋ ਗਏ ਅਤੇ ਇਕ ਬਾਂਦਰ ਬੋਲਿਆ, 'ਪਰ ਕੀਤਾ ਕੀ ਜਾਵੇ ? ਕੋਈ ਰਸਤਾ ਤਾਂ ਹੈ ਨਹੀਂ।'' ਹੁਣ ਚੂਹਾ ਵੀ ਛਾਲ ਮਾਰ ਕੇ ਹੇਠਾਂ ਉਤਰ ਆਇਆ ਅਤੇ ਬੋਲਿਆ, ''ਲੂੰਬੜੀ ਠੀਕ ਕਹਿੰਦੀ ਏ, ਰਸਤਾ ਤਾਂ ਬਣਾਇਆ ਬਣਦਾ ਏ, ਏਥੇ ਆਪਾਂ ਚਾਰ ਦਿਮਾਗ ਇਕੱਠੇ ਹਾਂ, ਕੋਈ ਤਰਕੀਬ ਸੋਚੋ ਤਾਂ ਕਿ ਮੌਤ ਦੇ ਮੂੰਹ 'ਚੋ ਬਚਿਆ ਜਾਵੇ।'' ਲੂੰਬੜੀ ਕਹਿਣ ਲੱਗੀ,''ਤਕਰੀਬ ਤਾਂ ਹੈ ਇਸ ਲਈ ਉਪਰਾਲਾ ਵੱਡਾ ਕਰਨਾ ਪਵੇਗਾ''। ਇਹ ਸੁਣ ਇਕ ਬਾਂਦਰ ਬੋਲਿਆ, '' ਹਾਂ,ਅਸੀਂ ਜਿਊਣ ਲਈ ਵੱਡੇ ਤੋਂ ਵੱਡਾ ਉਪਰਾਲਾ ਕਰਨ ਨੂੰ ਤਿਆਰ ਹਾਂ, ਲੂੰਬੜੀ! ਤੂੰ ਸਾਨੂੰ ਸਕੀਮ ਸਮਝਾ'' । ਇੰਨੀ ਦੇਰ ਨੂੰ ਜੰਗਲ 'ਚੋਂ ਆਵਾਜ਼ ਆਈ, ''ਬਚਾਓ-ਬਚਾਓ ਸ਼ੇਰ ਆ ਗਿਆ। '' ਇਹ ਸੁਣ ਹਾਥੀ ਬੋਲਿਆ, '' ਲਓ, ਸੁਣ ਲਓ, ਫਿਰ ਕਿਸੇ ਦੀ ਜਾਨ ਨੂੰ ਆ ਪਈ। ਆਪਾਂ ਇਕ ਪਾਸੇ ਹੋ ਕੇ ਗੁਪਤ ਸਕੀਮ ਬਣਾਉਂਦੇ ਹਾਂ।''
ਹੁਣ ਲੂੰਬੜੀ ਨੇ ਕਿਹਾ, '' ਨਾਲ ਦੇ ਸ਼ਹਿਰ ਵਿਚ ਲਾਖ ਦਾ ਇਕ ਵੱਡਾ ਭੰਡਾਰ ਹੈ, ਆਪਾਂ ਉਹ ਲਾਖ ਲਿਆ ਕੇ ਜੰਗਲ ਵਿਚ ਰਾਜੇ ਸ਼ੇਰ ਲਈ ਲਾਖ ਦਾ ਮਹਿਲ ਬਣਾਵਾਂਗੇ ਅਤੇ ਸ਼ੇਰ ਨੂੰ ਮਨਾ ਕੇ ਉਸ ਮਹਿਲ ਵਿਚ ਜਾਣ ਲਈ ਕਹਾਂਗੇ।'' ਹੁਣ ਹਾਥੀ ਨੇ ਕਿਹਾ ਕਿ '' ਮੈਂ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਲਾਖ ਦਾ ਇਕ ਵੱਡਾ ਭੰਡਾਰ ਰਾਤੋ-ਰਾਤ ਲੈ ਆਵਾਂਗਾ, ਤਸੀਂ ਮਹਿਲ ਬਣਾਉਣ ਦੀ ਤਿਆਰੀ ਕਰਨਾ।'' ਬਾਂਦਰ ਬੋਲਿਆ, ''ਜੇ ਸਾਨੂੰ ਲੋੜੀਂਦੇ ਮਜ਼ਦੂਰ ਮਿਲ ਜਾਣ ਤਾਂ ਮੈਂ ਆਪਣੇ ਸਾਥੀਆਂ ਨੂੰ ਮਹਿਲ ਬਣਾਉਣ ਲਈ ਕਹਾਂਗਾ ਅਤੇ ਇਕ ਦੋ ਦਿਨਾਂ ਵਿਚ ਹੀ ਮਹਿਲ ਬਣ ਜਾਵੇਗਾ।'' ਹੁਣ ਚੂਹੇ ਨੇ ਆਪਣਾ ਯੋਗਦਾਨ ਪਾਉਣਾ ਠੀਕ ਸਮਝਿਆ ਉਸਨੇ ਕਿਹਾ, ''ਜੇ ਮਹਿਲ ਵਿਚੋਂ ਸਾਡੇ ਲਈ ਨਿਕਲਣ ਦਾ ਰਸਤਾ ਹੋਇਆ ਤਾਂ ਮੈਂ ਅਨੇਕਾਂ ਚੂਹਿਆਂ ਨਾਲ ਮਜ਼ਦੂਰੀ ਕਰਨ ਨੂੰ ਤਿਆਰ ਹਾਂ।'' ਇਹ ਸੁਣ ਲੂੰਬੜੀ ਖੁਸ਼ ਹੋਈ ਅਤੇ ਉਸਨੇ ਕਿਹਾ , '' ਸ਼ੇਰ ਨੂੰ ਮਹਿਲ ਵਿਚ ਲਿਆਉਣ ਦੀ ਡਿਊਟੀ ਮੇਰੀ ਰਹੀ।''
ਫਿਰ ਕੀ ਸੀ ਰਾਤੋ ਰਾਤ ਲਾਖ ਦੇ ਭੰਡਾਰ ਆ ਗਏ, ਬਾਂਦਰ ਸੈਨਾ, ਸੈਂਕੜੇ ਚੂਹਿਆਂ ਦੀ ਮਦਦ ਨਾਲ ਮਹਿਲ ਤਿਆਰ ਕਰਨ ਲੱਗੀ। ਮਹਿਲ ਨੂੰ ਖੂਬਸੂਰਤ ਅਤੇ ਹਵਾਦਾਰ ਬਣਾਉਣ ਲਈ ਇਸ ਤਰ੍ਹਾਂ ਰਾਹ ਰੱਖੇ ਗਏ ਕਿ ਬਾਂਦਰ, ਚੂਹੇ ਅਤੇ ਲੂੰਬੜੀ ਅਰਾਮ ਨਾਲ ਬਾਹਰ ਨਿਕਲ ਜਾਣ ਪਰ ਸ਼ੇਰ ਨਾ ਨਿਕਲ ਸਕੇ। ਦੋ ਤਿੰਨ ਦਿਨਾਂ ਵਿਚ ਲਾਖ ਦਾ ਸ਼ਾਨਦਾਰ ਹਵਾਦਾਰ ਮਹਿਲ ਤਿਆਰ ਹੋ ਗਿਆ। ਹੁਣ ਲੂੰਬੜੀ ਰਾਜਾ ਸ਼ੇਰ ਪਾਸ ਗਈ ਅਤੇ ਬੇਨਤੀ ਕੀਤੀ, '' ਰਾਜਾ ਸ਼ੇਰ, ਜੰਗਲ ਦੇ ਸਭ ਜਾਨਵਰ, ਤੁਹਾਡੀ ਬੇ-ਅਰਾਮੀ ਤੋਂ ਪ੍ਰੇਸ਼ਾਨ ਹਨ। ਤੁਸੀਂ ਕਦੇ ਕਿਤੇ ਲੁਕਦੇ ਹੋ ਅਤੇ ਕਦੇ ਕਿਤੇ। ਸਭ ਜਾਨਵਰਾਂ ਨੇ ਸਲਾਹ ਕਰਕੇ ਤੁਹਡੇ ਲਈ ਸ਼ਾਨਦਾਰ ਮਹਿਲ ਬਣਾਇਆ ਏ ਜੋ ਉਹ ਤੁਹਾਨੂੰ ਤੋਹਫੇ ਵਿਚ ਦੇਣਾ ਚਾਹੁੰਦੇ ਹਨ। ਤੁਸੀਂ ਮਹਿਲਾਂ ਵਿਚ ਰਹੋਗੇ ਅਤੇ ਮਹਿਲਾਂ ਤੋਂ ਬਾਹਰ ਹਾਥੀ ਤੁਹਾਡੀ ਰਾਖੀ ਕਰਨਗੇ। ਇਹ ਸੁਣ ਸ਼ੇਰ ਬੜਾ ਖੁਸ਼ ਹੋਇਆ ਅਤੇ ਮਹਿਲ ਦੇਖਣ ਦੀ ਇੱਛਾ ਪ੍ਰਗਟ ਕੀਤੀ।
ਦੱਸੀ ਸਕੀਮ ਅਨੁਸਾਰ, ਲੂਬੜੀ ਸ਼ੇਰ ਨੂੰ ਲੈ ਮਹਿਲਾਂ ਵਿਚ ਪਹੁੰਚ ਗਈ ਅਤੇ ਸ਼ੇਰ ਵੀ ਮਹਿਲ ਦੇਖ ਕੇ ਹੈਰਾਨ ਰਹਿ ਗਿਆ। ਉਸ ਲਈ ਇਕ ਚਿਪਕਦਾਰ ਸਿੰਘਾਸਨ ਵੀ ਬਣਾਇਆ ਗਿਆ। ਲੂਬੜੀ ਬੋਲੀ, '' ਆ ਦੇਖੋ ਤੁਹਾਡਾ ਸੁੰਦਰ ਸਿੰਘਾਸ਼ਨ , ਇਸ ਪਰ ਬੈਠੋ ਅਤੇ ਰਾਜ ਕਰੋ। '' ਸ਼ੇਰ ਸਿੰਘਾਸਨ ਤੇ ਬੈਠ ਗਿਆ ਅਤੇ ਇਕ ਬਾਂਦਰ ਉਦਘਾਟਨ ਕਰਨ ਲਈ ਰਾਜੇ ਦੀ ਆਰਤੀ ਉਤਾਰਨ ਲੱਗਾ । ਆਰਤੀ ਕਰਨ ਸਮੇਂ ਵੱਡੇ ਥਾਲ ਵਿਚ ਕਈ ਜਲਦੇ ਦੀਪ ਰੱਖੇ ਗਏ ਸਨ। ਸ਼ੇਰ ਸਿੰਘਾਸਨ ਤੇ ਬੈਠ ਅਨੰਦ ਚਿਤ ਹੋ ਗਿਆ ਅਤੇ ਅਨੰਦ ਵਿਚ ਅੱਖਾਂ ਮੀਚਣ ਲੱਗਾ। ਸਭ ਜਾਨਵਰ ਦੇਖ ਰਹੇ ਸਨ। ਮੁੱਖ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸੀ। ਮੌਕਾ ਦੇਖ ਉਸ ਸ਼ਰਾਰਤੀ ਬਾਂਦਰ ਨੇ ਸਾਰੇ ਦੀਵੇ ਇੱਧਰ-ਉੱਧਰ ਲਾਖ ਪਾਸ ਸੁੱਟ ਦਿੱਤੇ। ਬਾਕੀ ਜਾਨਵਰ ਤੁਰੰਤ ਆਪਣੇ-ਆਪਣੇ ਰਸਤਿਆਂ ਰਾਹੀਂ ਬਾਹਰ ਨਿਕਲ ਗਏ। ਮਹਿਲ ਨੂੰ ਅੱਗ ਲੱਗ ਗਈ। ਜਦ ਸ਼ੇਰ ਨੇ ਅੱਖਾਂ ਖੋਲ੍ਹੀਆਂ ਚਾਰੇ ਪਾਸੇ ਅੱਗ ਹੀ ਅੱਗ। ਉਹ ਉੱਠਣ ਲੱਗਾ ਤਾਂ ਸਿੰਘਾਸਨ ਨਾਲ ਚਿਪਕ ਗਿਆ। ਮਿੰਟਾਂ ਵਿਚ ਲਾਖ ਦਾ ਮਹਿਲ ਰਾਖ ਬਣ ਗਿਆ ਅਤੇ ਬਾਹਰ ਬਾਂਦਰ ਤੇ ਚੂੰਹੇ ਭੰਗੜਾ ਪਾ ਰਹੇ ਸਨ। ਇਸ ਤਰ੍ਹਾਂ ਮਿਲਵਰਤਣ ਅਤੇ ਸਮਝਦਾਰੀ ਨੇ ਜ਼ਾਲਮ ਰਾਜੇ ਦਾ ਅੰਤ ਕਰ ਦਿੱਤਾ।
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37ਡੀ,
ਪ੍ਰਿ. ਗੋਸਲ ਦੀ ਬਾਲ ਕਵਿਤਾ ਨੇ ਕੈਲਗਰੀ (ਕੈਨੇਡਾ) 'ਚ ਰੰਗ ਬੰਨਿਆ
NEXT STORY