'ਜਿੱਥੇ ਫੁੱਲ ਉੱਥੇ ਕੰਡਾ' ਦਾ ਸਿਧਾਂਤ ਤਾਂ ਪ੍ਰਮਾਣਿਤ ਹੈ ਪਰ ਦੂਜੇ ਬੰਨ੍ਹੇ ਫੁੱਲ ਦੀ ਸੁਗੰਧੀ ਲੈਣ ਲਈ ਕੰਡੇ ਦੀ ਝਰੀਟ ਖਾਣੀ ਵੀ ਸਾਡੇ ਲਈ ਆਮ ਜਿਹਾ ਹੈ। ਇਹ ਝਰੀਟ ਤਕਲੀਫ ਦਿੰਦੀ ਹੈ। ਅੱਜ ਦੇ ਸਮੇਂ ਦੀ ਮੁੱਖ ਲੋੜ ਮੋਬਾਇਲ ਫੋਨ ਖੁਸ਼ਬੂ ਘੱਟ ਅਤੇ ਝਰੀਟ ਵੱਧ ਦਿੰਦਾ ਹੈ । ਇਸ ਸਥਿਤੀ ਨੇ ਪੁਰਾਣੇ ਸਿਧਾਂਤਾ ਦੀ ਲੜੀ ਨੂੰ ਅੱਗੇ ਤੋਰਿਆ ਹੈ।
ਪ੍ਰਸ਼ਾਸਨਿਕ ਢਾਂਚੇ ਵਿਚ ਉੱਚ ਅਧਿਕਾਰੀ ਆਪਣੀ ਹਊਮੈਂ ਅਤੇ ਹੈਂਕੜ ਨਾਲ ਦੂਜੇ 'ਤੇ ਬੇਲੋੜਾ ਭਾਰ ਸੁੱਟੀ ਜਾਂਦਾ ਹੈ । ਦੂਜੇ ਦੀ ਮਜ਼ਬੂਰੀ ਅਤੇ ਮਾਨਸਿਕਤਾ ਸਮਝਣ ਤੋਂ ਕੋਰਾ ਹੁੰਦਾ ਹੈ । ਭਾਂਵੇ ਫੋਨ ਸੁਣਨ ਵਾਲਾ ਕੋਈ ਜ਼ਰੂਰੀ ਪ੍ਰਸ਼ਾਸਨਿਕ ਕੰਮ ਕਰ ਰਿਹਾ ਹੋਵੇ ਉਸ ਉੱਤੇ ਪਹਿਲਾ ਮੇਰਾ ਕੰਮ ਕਰਨ ਦਾ ਰੋਅਬ ਚਾੜ੍ਹਿਆ ਜਾਂਦਾ ਹੈ। ਮੁਲਾਜ਼ਮ ਦੀ ਦਸ਼ਾ ਹਨੇਰੀ ਵਿਚ ਭਟਕੇ ਪੰਛੀ ਵਾਲੀ ਹੋ ਜਾਂਦੀ ਹੈ ਇਹ ਸਥਿਤੀ ਮਾਨਸਿਕ ਪ੍ਰੇਸ਼ਾਨੀ ਪੈਦਾ ਕਰਕੇ ਹਫੜਾ-ਦਫੜੀ ਮਚਾ ਦਿੰਦੀ ਹੈ । ਇਸ ਨਾਲ ਦੁਰਘਟਨਾ ਵੀ ਹੋ ਜਾਂਦੀ ਹੈ ।
ਮੋਬਾਇਲ ਫੋਨ ਦੀ ਜਦੋਂ ਘੰਟੀ ਵੱਜਦੀ ਹੈ ਤਾਂ ਜਿਹੋ-ਜਿਹੀ ਵੀ ਸਥਿਤੀ ਹੋਵੇ ਫੋਨ ਸੁਣਨਾ ਪੈਂਦਾ ਹੈ । ਜੇ ਫੋਨ ਨਾਂ ਸੁਣੇ ਤਾਂ ਦੋਵੇਂ ਜਣੇ ਹੀ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਮੋਬਾਇਲ ਫੋਨ ਦੀ ਘੰਟੀ ਵੱਜਦੀ ਸਾਰ ਮਨ ਵਿਚ ਹਾਂ ਤੇ ਨਾਂ ਪੱਖੀ ਪ੍ਰਭਾਵ ਆਉਣੇ ਸ਼ੁਰੂ ਹੋ ਜਾਂਦੇ ਹਨ ।ਸੋਸ਼ਲ ਮੀਡੀਆ ਨੇ ਮੋਬਾਇਲ ਫੋਨ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਘਰ ਬਣਾਇਆ ਹੈ, ਜੋ ਮਰਜੀ ਲਿਖੀ ਜਾਓ ਕੋਈ ਰੋਕ-ਟੋਕ ਨਹੀਂ ਇਹ ਸਥਿਤੀ ਸਮਾਜਿਕ ਉਲਝਣਾ ਅਤੇ ਵਿਅਕਤੀਗਤ ਮਾਨਸਿਕ ਪ੍ਰੇਸ਼ਾਨੀ ਸਹੇੜਦੀ ਹੈ। ਸਿਹਤ ਪੱਖੋਂ ਵੀ ਮੋਬਾਇਲ ਫੋਨ ਦੀਆਂ ਪਰੇਸ਼ਾਨੀਆਂ ਵਾਲੀਆਂ ਰਿਪੋਟਾਂ ਆ ਰਹੀਆਂ ਹਨ ।
ਅੱਜ ਫੋਨ ਸੁਣਨ ਵੇਲੇ ਅਜੀਬ ਆਦਤ ਅਤੇ ਰੀਤੀ ਬਣਦੀ ਜਾ ਰਹੀ ਹੈ ਕਿ ਘੰਟੀ ਵੱਜਦੀ ਸਾਰ ਉੱਠ ਕੇ ਪਰੇ ਹੋ ਕੇ ਫੋਨ ਸੁਣਨਾ । ਇਹ ਸਥਿਤੀ ਕਈ ਤਰ੍ਹਾਂ ਦੇ ਪ੍ਰਭਾਵ ਛੱਡਦੀ ਹੈ । ਨਾਲ ਬੈਠਾ ਵਿਅਕਤੀ ਹੀਣ ਭਾਵਨਾ ਮਹਿਸੂਸ ਕਰਨ ਲੱਗਦਾ ਹੈ । ਮੋਬਾਇਲ ਫੋਨ ਨੂੰ ਸੁਣਨ ਵੇਲੇ ਮਿਰਚਾਂ ਲੱਗੀ ਸਥਿਤੀ ਇਕ ਫੈਸ਼ਨ ਅਤੇ ਰੂਝਾਨ ਬਣਦੀ ਜਾ ਰਹੀ ਹੈ । ਕਈ ਲੋਕ ਫੁਕਰੇ ਪਣ ਵਿਚ ਫੋਨ ਦਾ ਦੁਰਉਪਯੋਗ ਕਰਦੇ ਹਨ । ਕੁੜੀਆਂ ਮੁੰਡਿਆਂ ਦੇ ਬਖੇੜੇ ਤਾਂ ਆਮ ਹੀ ਮਾਨਸਿਕ ਪੇਸ਼ਾਨੀ ਪੈਦਾ ਕਰਦੇ ਹੋਏ ਮੋਬਾਇਲ ਫੋਨ ਨੂੰ ਦੋਸ਼ੀ ਠਹਿਰਾ ਦਿੰਦੇ ਹਨ ।
ਸਾਨੂੰ ਆਪਣੀ ਆਦਤ ਬਦਲ ਕੇ ਫੁੱਲ ਤੋਂ ਖੁਸ਼ਬੂ ਲੈਣੀ ਚਾਹੀਦੀ ਹੈ ਨਾ ਕਿ ਕੰਡੇ ਤੋਂ ਝਰੀਟ ਖਾਣੀ ਚਾਹੀਦੀ ਹੈ । ਇਸ ਦਾ ਸਦਉਪਯੋਗ ਮਾਨਸਿਕ , ਸਮਾਜਿਕ ਅਤੇ ਆਰਥਿਕ ਤਰੱਕੀ ਦਾ ਰਾਮਬਾਣ ਹੈ। ਸਾਰੇ ਖੇਤਰਾਂ ਵਿਚ ਮੋਬਾਇਲ ਫੋਨ ਨੂੰ ਕਰਨ ਅਤੇ ਸੁਣਨ ਲਈ ਨੈਤਿਕ ਨਿਯਮਾਂਵਲੀ ਬਹੁਤ ਜ਼ਰੂਰੀ ਹੈ। ਸਿੱਕੇ ਦੀ ਕੀਮਤ ਤਾਂ ਹੈ ਜੇ ਦੂਜਾ ਪਾਸਾ ਵੀ ਸਹੀ ਹੈ । ਇਸ ਲਈ ਮੋਬਾਇਲ ਫੋਨ ਦੇ ਸਾਰੇ ਪੱਖਾ ਦੀ ਪਰਖ ਪੜਚੋਲ ਕਰਕੇ ਪ੍ਰਸ਼ਾਸਨਿਕ ਅਤੇ ਸਮਾਜਿਕ ਨਿਯਮਾਂਵਲੀ ਤੈਅ ਹੋਣੀ ਚਾਹੀਦੀ ਹੈ ਤਾਂ ਜੋ ਮੋਬਾਇਲ ਬਨਾਮ ਪ੍ਰੇਸ਼ਾਨੀ ਦਾ ਸਿਰਲੇਖ ਬਦਲ ਕੇ ਸਾਰਥਿਕ ਸਿਰਲੇਖ ਖੋਜਿਆ ਜਾ ਸਕੇ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445
ਦੇਸ਼ ਦੀ ਏਕਤਾ ਲਈ ਰਾਸ਼ਟਰੀ ਯੁਵਾ ਕੈਂਪ ਦਾ ਅਹਿਮ ਰੋਲ
NEXT STORY