ਪਿਛਲੇ ਸਮੇਂ ਤੇ ਜੇਕਰ ਝਾਤ ਮਾਰੀਏ ਤਾਂ ਜ਼ਾਹਿਰ ਹੁੰਦਾ ਹੈ ਕਿ ਕਿਸ ਤਰ੍ਹਾਂ ਸਾਰੇ ਭੈਣ-ਭਰਾ, ਮਾਤਾ-ਪਿਤਾ, ਚਾਚਾ-ਚਾਚੀ, ਤਾਇਆ-ਤਾਈ ਆਦਿ ਇਕੱਠੇ ਇਕ ਪਰਿਵਾਰ ਵਿਚ ਮਿਲ ਜੁਲ ਕੇ ਰਹਿੰਦੇ ਸਨ। ਕੰਮ ਅਤੇ ਜ਼ਮੀਨ-ਜਾਇਦਾਦ ਸਾਰਿਆਂ ਦੀ ਸਾਝੀਂ ਮੰਨੀ ਜਾਂਦੀ ਸੀ। ਭਾਵ ਕਿ ਸਾਰਾ ਪਰਿਵਾਰ ਏਕੇ ਵਿਚ ਰਹਿ ਕੇ ਸਮਾਜ ਵਿਚ ਆਪਣੀ ਇਕ ਵਿੱਲਖਣ ਪਛਾਣ ਰੱਖਦਾ ਸੀ।ਜੋ ਕਿ ਪੀੜ੍ਹੀ ਦਰ ਪੀੜ੍ਹੀ ਚਲਦੀ ਰਹਿੰਦੀ ਸੀ। ਪਰ ਸਮੇਂ ਦੀ ਕਰਵਟ ਨੇ ਇਹਨ੍ਹਾਂ ਪਰਿਵਾਰਾਂ ਨੂੰ ਏਨੇ ਛੋਟੇ ਭਾਗਾਂ ਵਿਚ ਵੰਡ ਕੇ ਰੱਖ ਦਿੱਤਾ ਕਿ ਮਨੁੱਖ ਨੂੰ ਮਨੁੱਖ ਤਂੋ, ਭਰਾ ਨੂੰ ਭਰਾ ਤੋਂ, ਪੁੱਤ ਨੂੰ ਮਾਪਿਆਂ ਤੋਂ ਵੱਖ ਹੋ ਕੇ ਰਹਿਣ ਦਾ ਆਨੰਦ ਆਉਣ ਲੱਗ ਗਿਆ। ਅਜਿਹੇ ਦੌਰ ਵਿਚ ਜਿੱਥੇ ਇਕ ਪਰਿਵਾਰ ਦੀ ਏਕਤਾ ਦੀ ਗੱਲ ਕਰਨੀ ਮੁਸ਼ਕਿਲ ਜਾਪਦੀ ਹੈ, ਉੱਥੇ ਰਾਜ ਜਾਂ ਰਾਸ਼ਟਰ ਦੀ ਏਕਤਾ ਬਾਰੇ ਸੋਚਣਾ ਤਾਂ ਬਹੁਤ ਦੂਰ ਦਾ ਵਿਸ਼ਾ ਹੋ ਜਾਂਦਾ ਹੈ।
ਹੁਣ ਜੇਕਰ ਇਸ ਪਹਿਲੂ ਤੇ ਡੂੰਘਾਈ ਨਾਲ ਅਧਿਐਨ ਕਰੀਏ ਤਾਂ ਚਿੰਤਾਂ ਜ਼ਾਹਿਰ ਹੁੰਦੀ ਹੈ ਕਿ ਜੇਕਰ ਇੰਝ ਹੀ ਹਰੇਕ ਵਿਅਕਤੀ ਇਕ-ਦੂਜੇ ਤੋਂ ਦੂਰ ਹੁੰਦਾ ਗਿਆ ਤਾਂ ਕੋਈ ਵੀ ਦੇਸ਼ ਜਾਂ ਰਾਸ਼ਟਰ ਕਿਵੇਂ ਵਿਕਾਸ ਕਰੇਗਾ ਅਤੇ ਕਿਵੇਂ ਸੁਰੱਖਿਅਤ ਰਹਿ ਸਕੇਗਾ। ਫਿਰ ਤਾਂ ਕੋਈ ਵੀ ਵਿਦੇਸ਼ੀ ਤਾਕਤ ਅਸਾਨੀ ਨਾਲ ਦੇਸ਼ ਨੂੰ ਨੁਕਸਾਨ ਪਹੁੰਚਾ ਸਕੇਗੀ। ਦੇਸ਼ ਦੀ ਮਜ਼ਬੂਤੀ, ਏਕਤਾ ਤੇ ਸੁਰੱਖਿਆਂ ਲਈ ਜਿੱਥੇ ਸਾਡੀਆਂ ਸਰਕਾਰਾਂ ਆਪਣਾ ਕਾਰਜ ਕਰ ਰਹੀਆਂ ਹਨ, ਉੱਥੇ ਦੇਸ਼ ਵਿਚ ਕੁਝ ਅਜਿਹਿਆਂ ਸੰਸਥਾਵਾਂ ਵੀ ਕੰਮ ਕਰ ਰਹੀਆਂ ਹਨ, ਜਿੰਨਾਂ ਦਾ ਦੇਸ਼ ਦੇ ਲੋਕਾਂ ਨੂੰ ਏਕੇ ਵਿਚ ਬੰਨ੍ਹ ਕੇ ਰੱਖਣ ਲਈ ਅਹਿਮ ਯੋਗਦਾਨ ਹੈ। ਕਿਸੇ ਵੀ ਰਾਸ਼ਟਰ ਦੀ ਤਰੱਕੀ, ਵਿਕਾਸ ਤੇ ਏਕਤਾ ਲਈ ਉੱਥੋਂ ਦੀ ਨੌਜਵਾਨ ਪੀੜ੍ਹੀ ਦਾ ਵੱਡਾ ਰੋਲ ਹੁੰਦਾ ਹੈ। ਅਜਿਹੀ ਹੀ ਇਕ ਸੰਸਥਾ 'ਨੈਸ਼ਨਲ ਯੂਥ ਪ੍ਰੋਜੈਕਟ' ਜਿਸ ਨੂੰ 'ਰਾਸ਼ਟਰੀ ਨੌਜਵਾਨ ਸੰਸਥਾ' ਕਹਿੰਦੇ ਹਨ। ਇਹ ਸੰਸਥਾ 1970 ਤੋਂ ਆਪਣਾ ਕਾਰਜ ਕਰ ਰਹੀ ਹੈ। ਇਸ ਸੰਸਥਾ ਦੀ ਸਥਾਪਨਾ ਗਾਂਧੀਵਾਦੀ ਐੱਸ. ਐੱਨ. ਸੁਬਾਰਾਓ ਨੇ ਕੀਤੀ ਸੀ।ਇਹ ਸੰਸਥਾ ਦੇਸ਼ ਦੇ ਹਰੇਕ ਪ੍ਰਾਂਤ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਇਕੱਠਾ ਕਰਕੇ ਰਾਸ਼ਟਰੀ ਏਕਤਾ ਦੇ ਵਿਸ਼ੇਸ਼ ਕੈਂਪਾਂ ਦਾ ਆਯੋਜਿਤ ਕਰ ਰਹੀ ਹੈ। ਜੋ ਕਿ 3 ਤੋਂ 8 ਦਿਨਾਂ ਤਕ ਦੇ ਹੁੰਦੇ ਹਨ। ਜਿਸ ਵਿਚ ਭਾਰਤ ਦੇ ਸਾਰੇ 29 ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਨੌਜਵਾਨ ਹਿੱਸਾ ਲੈਂਦੇ ਹਨ। ਕੈਂਪ ਦੀ ਸ਼ੁਰੂਆਤ ਸੰਸਥਾ ਦੇ ਡਾਇਰੈਕਟਰ ਐੱਸ. ਐੱਨ. ਸੁਬਾਰਾਓ ਵਲੋਂ ਦੇਸ਼ ਪਿਆਰ ਦਾ ਗੀਤ ਨੌਜਵਾਨ ਆਓ ਰੇ ਗਾ ਕੇ ਕੀਤੀ ਜਾਂਦੀ ਹੈ। ਜਿੰਨਾਂ ਨੂੰ ਸੰਵਿਧਾਨ ਦੁਆਰਾ ਮਾਨਤਾ ਪ੍ਰਾਪਤ 18 ਭਾਸ਼ਾਵਾਂ ਵਿਚ ਗੱਲ ਕਰਨ ਅਤੇ ਗਾਉਣ ਦੀ ਵਿਸ਼ੇਸ਼ ਕਲਾਂ ਮੁਹਾਰਤ ਹੈ। ਜੋ ਕਿ ਨੌਜਵਾਨਾਂ ਨੂੰ ਕਾਫੀ ਪ੍ਰਭਾਵਿਤ ਕਰਦੀ ਹੈ। ਇਸ ਤੋਂ ਬਾਅਦ ਹਰੇਕ ਰਾਜ ਆਪਣੇ ਪਹਿਰਾਵੇ ਵਿਚ 'ਭਾਰਤ ਮਾਤਾ' ਦੇ ਬਣੇ ਮਾਡਲ ਨਕਸ਼ੇ ਤੇ ਆਪਣੇ ਪ੍ਰਾਂਤ ਦੀ ਵਿਸ਼ੇਸ਼ਤਾ ਦਾ ਨਾਅਰਾ ਬੁਲੰਦ ਕਰਕੇ ਆਪਣੇ ਰਾਜ ਸਾਹਮਣੇ ਦੀਵਾ ਜਲਾ ਕੇ ਰੌਸ਼ਨੀ ਦਾ ਆਗਾਜ਼ ਕਰਦਾ ਹੈ। ਕੈਂਪ ਦੌਰਾਨ ਜਿੱਥੇ ਦੇਸ਼ ਦੇ ਕੌਨੇ-ਕੌਨੇ ਤੋਂ ਆਏ ਨੌਜਵਾਨਾਂ ਨੂੰ ਦੂਜੇ ਪ੍ਰਾਂਤਾਂ ਦੀ ਬੋਲੀ, ਰਹਿਣ-ਸਹਿਣ ਅਤੇ ਪਹਿਰਾਵੇ ਬਾਰੇ ਜਾਣਕਾਰੀ ਮਿਲਦੀ ਹੈ, ਉੱਥੇ ਵਾਰੋ-ਵਾਰੀ ਹਰੇਕ ਪ੍ਰਾਂਤ ਦੇ ਭੋਜਨ ਦਾ ਲੁਤਫ ਲੈਣ ਦਾ ਵੀ ਮੌਕਾ ਮਿਲਦਾ ਹੈ। ਇਸ ਕੈਂਪ ਵਿਚ ਦੇਸ਼-ਪ੍ਰੇਮ, ਏਕਤਾ, ਭਾਈਚਾਰਾ, ਸ਼ਾਂਤੀ, ਮਿੱਤਰਤਾ, ਸਦਭਾਵਨਾ ਅਤੇ ਵਿਸ਼ਵ ਸ਼ਾਂਤੀ ਦੀ ਵਿਸ਼ੇਸ਼ ਵਾਰਤਾਲਾਪ ਨੌਜਵਾਨਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੀ ਹੈ। ਕੈਂਪ ਦੀ ਹਰੇਕ ਸ਼ਾਮ ਨੌਜਵਾਨਾਂ ਵਲੋਂ ਆਪਣੇ-ਆਪਣੇ ਪ੍ਰਾਂਤ ਦੇ ਪਹਿਰਾਵੇ ਵਿਚ ਪੇਸ਼ ਕੀਤਾ ਆਪਣਾ ਸੱਭਿਆਚਾਰ, ਨਾਚ, ਸੰਗੀਤ, ਪ੍ਰੋਗਰਾਮ ਅਜਿਹੇ ਦੇਸ਼ ਪਿਆਰ ਦੇ ਬੰਧਨ ਵਿਚ ਬੰਨ੍ਹ ਦਿੰਦਾ ਹੈ ਕਿ ਪੂਰਾ ਰਾਸ਼ਟਰ ਇਕ ਪਰਿਵਾਰ ਦੀ ਤਰ੍ਹਾਂ ਹੋ ਜਾਂਦਾ ਹੈ।
ਇਹ ਕੈਂਪ ਦੇਸ਼ ਦੇ ਹਰੇਕ ਰਾਜ ਜਿਵੇਂ ਨਾਗਾਲੈਂਡ, ਅਸਾਮ, ਆਂਧਰਾ ਪ੍ਰਦੇਸ਼, ਚੇਨੱਈ, ਕੇਰਲ, ਉਡੀਸਾ, ਰਾਜਸਥਾਨ, ਮੱਧ ਪ੍ਰਦੇਸ਼, ਤ੍ਰਿਪੁਰਾ, ਸਿੱਕਮ, ਗੁਜਰਾਤ, ਮਹਾਂਰਾਸ਼ਟਰ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਇੱਥੋਂ ਤਕ ਕਿ ਸਮੁੰਦਰੋਂ ਪਾਰ ਅੰਡੇਮਾਨ-ਨਿਕੋਬਾਰ ਵੀ ਲੱਗ ਚੁੱਕੇ ਹਨ। ਜਿੱਥੇ ਲੇਖਕ ਸਮੇਤ ਦੇਸ਼ ਦੇ ਬਹੁਤ ਸਾਰੇ ਨੋਜਵਾਨਾਂ ਨੂੰ ਜਾਣ ਦਾ ਮੌਕਾ ਮਿਲਿਆ ਹੈ। ਇੱਥੇ ਹੀ ਬੱਸ ਨਹੀਂ ਇਹ ਏਕਤਾ ਦਾ ਸੰਦੇਸ਼ ਰਾਸ਼ਟਰ ਤੋਂ ਬਾਹਰ ਵੀ ਅਮਰੀਕਾ, ਇੰਗਲੈਂਡ, ਜਰਮਨੀ, ਕਨੇਡਾ, ਸਿੰਗਾਪੁਰ, ਸ੍ਰੀਲੰਕਾ, ਨੇਪਾਲ, ਬੰਗਲਾ ਦੇਸ਼ ਆਦਿ ਕਈ ਦੇਸ਼ਾਂ ਵਿਚ ਵੀ ਸੰਸਥਾ ਦੇ ਡਾਇਰੈਕਟਰ ਦੁਆਰਾ ਦਿੱਤਾ ਗਿਆ ਹੈ। ਭਾਵੇਂ ਉਹ ਅੱਜ ਆਪਣੀ ਉਮਰ ਦੇ ਨੌਂ ਦਹਾਕੇ ਪੂਰੇ ਕਰਨ ਵਾਲੇ ਹਨ। ਰਾਸ਼ਟਰੀ ਏਕਤਾ ਲਈ ਇਹ ਕੈਂਪ ਲਗਾਤਾਰ ਬਰਕਰਾਰ ਹਨ। ਪੰਜਾਬ ਵਿਚ ਵੀ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਤੇ 3 ਦਸੰਬਰ ਤੋਂ 10 ਦਸੰਬਰ ਤਕ ਅੱਠ ਰੋਜ਼ਾਂ 'ਅੰਤਰਰਾਸ਼ਟਰੀ ਸਦਭਾਵਨਾ ਅਤੇ ਭਾਈਚਾਰਾ ਕੈਂਪ' ਦਾ ਸੁਲਤਾਨਪੁਰ ਲੋਧੀ ਵਿਖੇ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੀ ਦੇਖਰੇਖ ਪੰਜਾਬ ਦੀ ਇਕਾਈ ਦੇ ਪ੍ਰਧਾਨ ਅਮਰੀਕ ਸਿੰਘ ਕਲੇਰ ਬੜੀ ਸ਼ਿੱਦਤ ਨਾਲ ਕਰ ਰਹੇ ਹਨ। ਜਿਸ ਵਿਚ ਪੂਰੇ ਭਾਰਤ ਅਤੇ ਦੇਸ਼ਾਂ ਵਿਦੇਸ਼ਾਂ ਤੋਂ 5500 ਨੌਜਵਾਨ ਮੁੰਡੇ ਕੁੜੀਆਂ ਭਾਗ ਲੈ ਕੇ 55000 ਪੌਦੇ ਲਗਾ ਕੇ 550 ਯੂਨਿਟ ਖੂਨਦਾਨ ਕਰਕੇ ਰਾਸ਼ਟਰੀ ਏਕਤਾ ਨੂੰ ਇਕ ਵੱਡਾ ਹੁਲਾਰਾ ਦੇਣਗੇ।
ਜੇਕਰ ਇਸ ਸੰਦਰਭ ਵਿਚ ਦਲੀਲੀ ਢੰਗ ਨਾਲ ਸੋਚਿਆ ਜਾਵੇ ਤਾਂ ਜ਼ਾਹਿਰ ਹੁੰਦਾ ਹੈ ਕਿ ਕਿਸੇ ਵੀ ਦੇਸ਼ ਜਾਂ ਰਾਸ਼ਟਰ ਨੂੰ ਬੁਲੰਦੀਆਂ 'ਤੇ ਲੈ ਕੇ ਜਾਣਾ ਹੋਵੇ, ਤਾਂ ਉੱਥੋਂ ਦੇ ਨੌਜਵਾਨਾਂ ਨੂੰ ਜਾਗਰੂਕ ਕਰਨਾ ਅਤਿ ਜ਼ਰੂਰੀ ਹੈ। ਕਿਉਂਕਿ ਨੌਜਵਾਨ ਹੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਸੋ ਜਿੱਥੇ ਇਹ ਸਮਾਜਿਕ ਸੰਸਥਾਵਾਂ ਪੂਰੀ ਤਨਦੇਹੀ ਨਾਲ ਆਪਣਾ ਕਾਰਜ ਕਰ ਰਹੀਆਂ ਹਨ, ਉੱਥੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਾਡੇ ਨੌਜਵਾਨ ਇਹਨ੍ਹਾਂ ਕੈਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਸਾਡੀਆਂ ਸਰਕਾਰਾਂ ਵੀ ਇਹਨ੍ਹਾਂ ਸੰਗਠਨਾਂ ਨੂੰ ਅਹਿਮ ਯੋਗਦਾਨ ਦੇ ਕੇ ਹੁਲਾਰਾ ਦੇਣ। ਸ਼ਾਲਾ….! ਆਸ਼ਾ ਕਰਦੇ ਹਾਂ ਕਿ ਇਕ ਦਿਨ ਪੂਰਾ ਭਾਰਤ ਹੀ ਨਹੀਂ ਸਗੋਂ ਪੂਰਾ ਵਿਸ਼ਵ ਹੀ ਸ਼ਾਂਤੀ ਅਤੇ ਏਕਤਾ ਦੇ ਬੰਧਨ ਵਿਚ ਬੱਝ ਕੇ ਆਪਣੀ ਮਿਸਾਲ ਪੈਦਾ ਕਰੇ।
ਰਾਜੇਸ਼ ਬੁਢਲਾਡਾ
ਮੋਬਾਇਲ: 94171-63195
ਪੀ.ਏ.ਯੂ. ਵਿਚ ਹੋਇਆ ਆਰ. ਆਰ. ਅਗਰਵਾਲ ਯਾਦਗਾਰੀ ਭਾਸ਼ਣ
NEXT STORY