ਪਤਾ ਲੱਗਾ ਕਿ ਸਾਡੇ ਸਹਿਜਵੰਤੇ ਬਜ਼ੁਰਗ ਸ: ਨਿਰੰਜਨ ਸਿੰਘ ਸਾਥੀ ਸੁਰਗਵਾਸ ਹੋ ਗਏ ਨੇ। ਪਹਿਲਾਂ ਮਹਿੰਦਰ ਸਾਥੀ ਗਿਆ ਤੇ ਹੁਣ ਦੂਜਾ ਸਾਥੀ। ਪੰਜਾਬੀ ਸਾਹਿੱਤ ਵਿੱਚ ਹੁਣ ਸਾਥੀ ਮੁੱਕ ਗਏ। ਸਾਥੀ ਲੁਧਿਆਣਵੀ ਪਹਿਲਾਂ ਚਲਾ ਗਿਆ ਸੀ ਵਲਾਇਤ ਵਾਲਾ। ਸਾਥੀ ਜੀ ਨਾਲ ਮੇਰੀ ਪਹਿਲੀ ਮੁਲਾਕਾਤ 1975 ਚ ਗੁਰਚਰਨ ਰਾਮਪੁਰੀ ਨੇ ਕਰਵਾਈ ਸੀ। ਲਿਖਾਰੀ ਸਭਾ ਰਾਮਪੁਰ ਦੇ ਸਾਲਾਨਾ ਸਮਾਗਮ 'ਤੇ। ਰਾਮਪੁਰੀ ਕੈਨੇਡਾ ਤੋਂ ਆਇਆ ਹੋਇਆ ਸੀ, ਰੰਗੀਨ ਤਸਵੀਰਾਂ ਵਾਲਾ ਕੈਮਰਾ ਲੈ ਕੇ। ਸਾਡੀਆਂ ਸਭਨਾਂ ਦੀਆਂ ਉਸ ਰੰਗੀਨ ਤਸਵੀਰਾਂ ਖਿੱਚੀਆਂ।
ਮੈਂ ਪਹਿਲੀ ਵਾਰ ਰਾਮਪੁਰ ਸਭਾ 'ਚ ਗਿਆ ਸਾਂ। ਲਾਲਚ ਸੀ ਗੁਰਚਰਨ ਰਾਮਪੁਰੀ ਵੇਖਣ ਦਾ। ਅਸਲ ਵਿੱਚ ਸਾਨੂੰ ਸੁਰਜੀਤ ਰਾਮਪੁਰੀ ਜੀ ਸੱਦਾ ਦੇ ਕੇ ਗਏ ਸਨ ਗੌਰਮਿੰਟ ਕਾਲਿਜ 'ਚ ਆ ਕੇ। ਸੁਰਜੀਤ ਰਾਮਪੁਰੀ ਨੇ ਹੀ ਦੱਸਿਆ ਕਿ ਲਿਖਾਰੀ ਸਭਾ ਵੱਲੋਂ ਸਾਥੀ ਜੀ ਦੀ ਪੁਸਤਕ ਕਥਨਾਵਲੀ ਤੇ ਲੋਕ ਕਹਾਣੀਆਂ ਦੀ ਕਿਤਾਬ ਮੱਲ ਸਿੰਘ ਰਾਮਪੁਰੀ ਨਾਲ ਸਾਂਝੇ ਤੌਰ 'ਤੇ ਏਨੀ ਮੇਰੀ ਬਾਤ ਛਾਪੀ ਗਈ ਹੈ। ਉਦੋਂ ਸ: ਨਿਰੰਜਨ ਸਿੰਘ ਸਾਥੀ ਇਸ ਇਲਾਕੇ 'ਚ ਸਕੂਲ ਅਧਿਆਪਕ ਸਨ।
ਸਾਥੀ ਜੀ ਲੰਮਾ ਸਮਾਂ ਨਾ ਮਿਲ ਸਕੇ।ਮਗਰੋਂ ਕਈ ਸਾਲਾਂ ਬਾਅਦ ਅਕਸਰ ਮਿਲਦੇ। ਬਹੁਤ ਸਹਿਜ, ਸੁਹਜ, ਸਾਦਗੀ ਤੇ ਸੰਤੁਲਨ ਦੀ ਮੂਰਤ ਸਨ। ਕੁਝ ਸਾਲਾਂ ਤੋਂ ਮੇਰਾ ਵੀ ਜਲੰਧਰ ਚੱਕਰ ਨਹੀਂ ਲੱਗਿਆ, ਜਿਸ ਕਾਰਨ ਉਨ੍ਹਾਂ ਨਾਲ ਮੁਲਾਕਾਤ ਨਾ ਹੋ ਸਕੀ। ਉਹ ਹਰ ਵੇਲੇ ਕੁਝ ਨਾ ਕੁਝ ਪੜ੍ਹਦੇ ਲਿਖਦੇ ਰਹਿੰਦੇ। ਕਦੇ ਵਾਧੂ ਗੱਲ ਨਹੀਂ ਸੀ ਸੁਣੀ ਉਨ੍ਹਾਂ ਦੇ ਮੂੰਹੋਂ। ਬਾਬਲ ਵਰਗੇ ਸਨ ਸਾਡੇ ਲਈ। ਦੋ ਅਪਰੈਲ ਨੂੰ ਉਨ੍ਹਾਂ 91ਵਾਂ ਸਾਲ ਸੰਪੂਰਨ ਕੀਤਾ ਸੀ।
ਉਨ੍ਹਾਂ ਦੀ ਰਚਨਾ ਚਰਨ ਚਲਹੁ ਮਾਰਗਿ ਗੋਬਿੰਦ ਬੜੀ ਮੁੱਲਵਾਨ ਰਚਨਾ ਹੈ। ਚਤਰ ਸਿੰਘ ਜੀਵਨ ਸਿੰਘ ਵਾਲਿਆਂ ਪ੍ਰਕਾਸ਼ਿਤ ਕੀਤੀ। ਉਨ੍ਹਾਂ ਦਾ ਜਨਮ ਪਿੰਡ ਭਾਵੇਂ ਜ਼ਿਲ੍ਹਾ ਹੁਸ਼ਿਆਰਪੁਰ 'ਚ ਪਰਸੋਵਾਲ ਸੀ ਪਰ ਉਮਰ ਦਾ ਲੰਮਾ ਸਮਾਂ ਉਹ ਗੁਰੂ ਤੇਗ ਬਹਾਦਰ ਨਗਰ ਨੇੜੇ ਮਾਡਲ ਟਾਉਨ ,ਜਲੰਧਰ ਚ ਹੀ ਰਹੇ। ਉਨ੍ਹਾਂ ਦੇ ਸਹਿਕਰਮੀ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਉਹ ਕੋਵਿਡ ਤੋਂ ਪੀੜਤ ਹੋ ਗਏ ਸਨ ਪਰ ਪੂਰੇ ਠੀਕ ਹੋਣ ਉਪਰੰਤ ਕਿਸੇ ਰੋਗ ਕਾਰਨ ਹਸਪਤਾਲ 'ਚ ਸਨ। ਸਿਆਣੀ ਉਮਰ ਕਾਰਨ ਸਰਜਰੀ ਕਰਨੋਂ ਵੀ ਡਾਕਟਰ ਸਾਹਿਬਾਨ ਦੋਚਿੱਤੀ ਚ ਸਨ, ਅਜੇ ਫ਼ੈਸਲਾ ਕਰਨਾ ਸੀ ਕਿ ਕੀ ਕਰੀਏ? ਪਰ ਉਹ ਅੰਤਿਮ ਫ਼ਤਹਿ ਬੁਲਾ ਗਏ।
1949 ਚ ਉਨ੍ਹਾਂ ਦੀ ਪਹਿਲੀ ਕਿਤਾਬ ਪੰਥਕ ਹਲੂਣੇ ਛਪੀ। ਦੋ ਸਾਲਾਂ ਬਾਦ ਟੁੱਟੀਆਂ ਜੰਜ਼ੀਰਾਂ। ਵਰਤਮਾਨ ਪੰਜਾਬੀ ਸ਼ਬਦਜੋੜ 1953 'ਚ ਛਪੀ। ਪੰਖੜੀਆਂ 1956,ਹਰਿਆਣਾ ਦੇ ਲੋਕ ਰੁਮਾਂਸ 1964, ਏਨੀ ਮੇਰੀ ਬਾਤ 1966 ਤੇ ਕਥਨਾਵਲੀ 1973 'ਚ ਛਪੀ।
ਹਰਿਆਣਾ ਦੇ ਚਰਖੀ ਦਾਦਰੀ ਇਲਾਕੇ 'ਚ ਪੜ੍ਹਾਉਂਦਿਆਂ ਉਨ੍ਹਾਂ ਉਥੇ ਵੀ ਸਾਹਿੱਤ ਸਭਾ ਸਥਾਪਤ ਕਰ ਦਿੱਤੀ। ਜਲੰਧਰ ਦੀ ਪੰਜਾਬੀ ਲੇਖਕ ਸਭਾ ਦੇ ਵੀ ਉਹ ਲੰਮਾ ਸਮਾਂ ਅਹੁਦੇਦਾਰ ਰਹੇ। ਇਹੋ ਜਹੇ ਸੱਜਣਾਂ ਦੇ ਜਾਣ 'ਤੇ ਮਨ ਬੇਹੱਦ ਉਦਾਸ ਹੁੰਦਾ ਹੈ ਕਿਉਂਕਿ ਇਹ ਪਿਆਰੇ ਗਿਆਨ ਭੰਡਾਰ ਕੋਸ਼ ਹੁੰਦੇ ਨੇ। ਸਾਡੇ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਵਾਂਗ। ਜੋ ਜਾਣਦੇ ਹੁੰਦੇ ਹਨ ਕਿ ਕਿਹੜਾ ਗਿਆਨ ਕਿਸ ਕਿਤਾਬ ਵਿੱਚ ਕਿੱਥੇ ਲੁਕਿਆ ਬੈਠਾ ਹੈ। ਵਰਤਣ ਵੇਲੇ ਇਨ੍ਹਾਂ ਦੀ ਅਗਵਾਈ ਉਸ ਬਾਪੂ ਵਰਗੀ ਲੱਗਦੀ ਹੈ ਜੋ ਕਾਲ਼ੀ ਬੋਲ਼ੀ ਰਾਤ ਵਿੱਚ ਸਾਡੇ ਅੱਗੇ ਲਾਲਟੈਣ ਲੈ ਕੇ ਤੁਰ ਰਿਹਾ ਹੋਵੇ। ਸਾਥੀ ਜੀ ਦੀ ਸਰਬਪੱਖੀ ਗਿਆਨਵੰਤ ਸ਼ਖ਼ਸੀਅਤ ਨੂੰ ਸਲਾਮ!
ਗੁਰਭਜਨ ਗਿੱਲ
ਮਾਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾਉਣ 'ਤੇ ਸਿਆਸੀ ਘਮਸਾਨ, ਕੈਪਟਨ-ਯੋਗੀ ਦੀਆਂ ਵੱਖ-ਵੱਖ ਦਲੀਲਾਂ
NEXT STORY