ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖੋਂ 1595 ਈਸਵੀ ਨੂੰ ਅੰਮ੍ਰਿਤਸਰ ਸਾਹਿਬ ਦੇ ਨੇੜੇ ਪਿੰਡ ਬਡਾਲੀ ਵਿਖੇ ਹੋਇਆ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦੀ ਖ਼ੁਸ਼ੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਿਆਸ ਦਰਿਆ ਦੇ ਕਿਨਾਰੇ 'ਤੇ ਸ੍ਰੀ ਹਰਗੋਬਿੰਦਪੁਰ ਨਾਂ ਦਾ ਨਗਰ ਵਸਾਇਆ। ਜਦੋਂ ਜਹਾਂਗੀਰ ਬਾਦਸ਼ਾਹ ਦੇ ਹੁਕਮ 'ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਸੇ ਵੇਲੇ ਸੋਚ ਲਿਆ ਸੀ ਕਿ ਹੁਣ ਮੁਗਲ ਹਕੂਮਤ ਨਾਲ ਦੋ-ਦੋ ਹੱਥ ਕਰਨੇ ਹੀ ਪੈਣਗੇ। ਇਸ ਲਈ ਜਦੋਂ ਆਪ ਜੀ ਨੂੰ ਗੁਰਗੱਦੀ ਦੀ ਰਸਮ ਨਿਭਾਈ ਜਾ ਰਹੀ ਸੀ ਤਾਂ ਬਾਬਾ ਬੁੱਢਾ ਜੀ ਨੂੰ ਉਚੇਚੇ ਤੌਰ 'ਤੇ ਆਖ ਕੇ ਆਪ ਜੀ ਨੇ ਦੋ ਤਲਵਾਰਾਂ ਧਾਰਨ ਕੀਤੀਆਂ।
ਇਕ ਤਲਵਾਰ ਮੀਰੀ ਦਾ ਪ੍ਰਤੀਕ ਸੀ ਤੇ ਦੂਜੀ ਪੀਰੀ ਦਾ। ਗੁਰੂ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ। ਇਹ ਇੱਕ ਸੰਯੋਗ ਦੀ ਹੀ ਗੱਲ ਸੀ ਕਿ ਸਿੱਖ ਧਰਮ ਦਾ ਆਰੰਭ ਭਾਰਤ ਵਿਚ ਮੁਗਲਾਂ ਦਾ ਰਾਜ ਸਥਾਪਤ ਹੋਣ ਦੇ ਨਾਲ ਹੀ ਹੋਇਆ ਸੀ। ਮੁਗ਼ਲ ਬਾਦਸ਼ਾਹਾਂ ਵੱਲੋਂ ਦਿੱਲੀ ਵਿੱਚ ਤਖ਼ਤ 'ਤੇ ਬੈਠ ਕੇ ਲੋਕਾਂ ਦੇ ਫ਼ੈਸਲੇ ਕੀਤੇ ਜਾਂਦੇ ਸਨ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਤਖ਼ਤਾਂ ਦੇ ਮੁਕਾਬਲੇ ਇਕ ਅਜਿਹਾ ਤਖ਼ਤ ਬਣਾਇਆ ਜਿਸਨੂੰ ਅਕਾਲ ਦਾ ਤਖ਼ਤ ਕਿਹਾ ਗਿਆ। ਜਿਹੜਾ ਅੱਜ ਵੀ ਸਿੱਖ ਧਰਮ ਲਈ ਮਾਣ ਦਾ ਪ੍ਰਤੀਕ ਹੈ ਅਤੇ ਉਸ ਤਖ਼ਤ ਤੋਂ ਆਉਣ ਵਾਲੇ ਕਿਸੇ ਵੀ ਹੁਕਮ ਨੂੰ ਹਰ ਇਕ ਸਿੱਖ ਲਈ ਮੰਨਣਾ ਲਾਜ਼ਮੀ ਹੁੰਦਾ ਹੈ।
ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਹੋਈ ਉਸ ਵੇਲੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਉਮਰ ਸਿਰਫ਼ ਗਿਆਰਾਂ ਸਾਲ ਦੀ ਹੀ ਸੀ। ਬਾਬਾ ਬੁੱਢਾ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਘੋੜ ਸਵਾਰੀ, ਸ਼ਿਕਾਰ ਖੇਡਣ, ਕੁਸ਼ਤੀਆਂ ਲੜਨ ਅਤੇ ਹੋਰ ਕਈ ਬਹਾਦਰੀ ਦੀਆਂ ਖੇਡਾਂ ਦੀ ਸਿਖਲਾਈ ਦਿੱਤੀ ਅਤੇ ਸ਼ਸਤਰਾਂ ਦੀ ਸੁਯੋਗ ਵਰਤੋਂ ਵੀ ਸਿਖਾਈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਉੱਤੇ ਬੈਠਣ ਸਾਰ ਹੀ ਇਹ ਹੁਕਮ ਜਾਰੀ ਕੀਤਾ ਕਿ ਉਨ੍ਹਾਂ ਲਈ ਸੁੰਦਰ ਘੋੜੇ, ਸ਼ਸਤਰ ਅਤੇ ਨੌਜਵਾਨ ਭੇਟ ਕੀਤੇ ਜਾਣ ਤਾਂ ਜੋ ਉਹ ਆਪਣੀ ਸੈਨਾ ਤਿਆਰ ਕਰ ਸਕਣ। ਵੱਡੀ ਗਿਣਤੀ ਵਿੱਚ ਲੋਕੀਂ ਆਪਣੇ ਸੁਡੌਲ ਅਤੇ ਨੌਜਵਾਨ ਮੁੰਡਿਆਂ ਨੂੰ ਗੁਰੂ ਸਾਹਿਬ ਜੀ ਦੇ ਅੱਗੇ ਅਰਪਣ ਕਰਨ ਲੱਗੇ। ਜਿਨ੍ਹਾਂ ਦੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੈਨਾ ਤਿਆਰ ਕੀਤੀ।
ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਚਾਰ ਯੁੱਧ ਲੜਨੇ ਪਏ ਅਤੇ ਹਰ ਇੱਕ ਯੁੱਧ ਵਿਚ ਗੁਰੂ ਸਾਹਿਬ ਜੀ ਨੇ ਫਤਿਹ ਹਾਸਲ ਕੀਤੀ। ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਵਧ ਰਹੀ ਤਾਕਤ ਨੂੰ ਵੇਖਦਿਆਂ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਖ਼ਾਸ ਤੌਰ 'ਤੇ ਗੁਰੂ ਸਾਹਿਬ ਜੀ ਦੇ ਤਾਇਆ ਪਿਰਥੀ ਚੰਦ ਵੱਲੋਂ ਦਿੱਲੀ ਦੇ ਬਾਦਸ਼ਾਹ ਦੇ ਦਰਬਾਰ ਵਿੱਚ ਜਾ ਕੇ ਗੁਰੂ ਜੀ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਅਤੇ ਗੁਰੂ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਵੀ ਰਹਿਣਾ ਪਿਆ। ਜਿੱਥੋਂ ਗੁਰੂ ਸਾਹਿਬ ਜੀ ਨੇ ਬਵੰਜਾ ਹੋਰ ਕੈਦੀ ਰਾਜਿਆਂ ਦੀ ਰਿਹਾਈ ਕਰਵਾਈ।
ਜਦੋਂ ਬਾਦਸ਼ਾਹ ਜਹਾਂਗੀਰ ਨੂੰ ਇਹ ਗੱਲ ਪਤਾ ਲੱਗੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਸ ਨੂੰ ਗੁੰਮਰਾਹ ਕਰਕੇ ਕਰਵਾਈ ਗਈ ਹੈ ਤਾਂ ਉਸ ਨੇ ਮੁੱਖ ਦੋਸ਼ੀ ਮੰਨੇ ਜਾਂਦੇ ਚੰਦੂ ਸ਼ਾਹ ਨੂੰ ਫੜ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹਵਾਲੇ ਕਰ ਦਿੱਤਾ ਜਿਸ ਨੂੰ ਉਚਿਤ ਸਜ਼ਾ ਸੁਣਾਈ ਗਈ।
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸਿੱਖ ਧਰਮ ਨੂੰ ਬਹੁਤ ਵੱਡੇ ਪੱਧਰ ਤੇ ਫੈਲਾਉਣ ਲਈ ਉਨ੍ਹਾਂ ਥਾਂਵਾਂ ਦੀ ਉਚੇਚੇ ਤੌਰ 'ਤੇ ਯਾਤਰਾ ਕੀਤੀ ਜਿਨ੍ਹਾਂ ਥਾਵਾਂ 'ਤੇ ਗੁਰੂ ਨਾਨਕ ਦੇਵ ਜੀ ਗਏ ਸਨ। ਖ਼ਾਸ ਤੌਰ ਉੱਤੇ ਜੰਮੂ ਕਸ਼ਮੀਰ ਦੇ ਇਲਾਕੇ ਵਿੱਚ ਅਤੇ ਉੱਤਰ ਪੂਰਬ ਵਿੱਚ ਪੀਲੀਭੀਤ ਦੇ ਇਲਾਕੇ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿਚ ਅਜੇ ਵੀ ਬਹੁਤ ਵੱਡੀ ਗਿਣਤੀ ਵਿੱਚ ਗੁਰਦੁਆਰੇ ਸਾਹਿਬ ਮੌਜੂਦ ਹਨ ਜੋ ਇਸ ਗੱਲ ਦਾ ਪ੍ਰਤੀਕ ਹਨ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਇਨ੍ਹਾਂ ਥਾਵਾਂ 'ਤੇ ਆਏ ਸਨ।
ਜੰਮੂ ਅਤੇ ਕਸ਼ਮੀਰ ਤੋਂ ਵੱਡੀ ਗਿਣਤੀ ਵਿਚ ਉਹ ਲੋਕੀਂ ਸਿੱਖ ਬਣੇ ਜੋ ਹਿੰਦੂਆਂ ਤੋਂ ਜ਼ਬਰਦਸਤੀ ਮੁਸਲਮਾਨ ਬਣਾਏ ਗਏ ਸਨ। ਜਦੋਂ ਗੁਰੂ ਜੀ ਜੰਮੂ ਕਸ਼ਮੀਰ ਤੋਂ ਵਾਪਸ ਆ ਰਹੇ ਸਨ ਤਾਂ ਗੁਜਰਾਤ ਵਿਖੇ ਇੱਕ ਵਿਸ਼ੇਸ਼ ਘਟਨਾ ਵਾਪਰੀ। ਸ਼ਾਹ ਦੌਲਾ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗ੍ਰਹਿਸਤ ਵੀ ਧਾਰਨ ਕੀਤਾ ਹੈ ਤਾਂ ਉਨ੍ਹਾਂ ਗੁਰੂ ਜੀ ਅੱਗੇ ਆਪਣੇ ਪ੍ਰਸ਼ਨ ਰੱਖਦਿਆਂ ਕਿਹਾ ਕਿ ਹਿੰਦੂ ਕੀ ਤੇ ਪੀਰੀ ਕੀ? ਔਰਤ ਕੀ ਤੇ ਫ਼ਕੀਰੀ ਕੀ? ਪੁੱਤਰ ਕੀ ਤੇ ਵੈਰਾਗ ਕੀ? ਦੌਲਤ ਕੀ ਤੇ ਤਿਆਗ ਕੀ? ਇਸ ਦਾ ਉੱਤਰ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਦਿੱਤਾ: ਔਰਤ ਈਮਾਨ ਹੈ, ਪੁੱਤਰ ਨਿਸ਼ਾਨ ਹੈ, ਦੌਲਤ ਗੁਜ਼ਰਾਨ ਹੈ, ਫ਼ਕੀਰ ਨਾ ਹਿੰਦੂ ਨਾ ਮੁਸਲਮਾਨ ਹੈ।
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਇਕ ਨਵਾਂ ਨਗਰ ਕੀਰਤਪੁਰ ਸਾਹਿਬ ਵਸਾਇਆ ਅਤੇ ਅਨੇਕਾਂ ਗੁਰਦੁਆਰਿਆਂ ਤੇ ਮੰਦਰਾਂ ਅਤੇ ਮਸਜਿਦਾਂ ਦੀਆਂ ਇਮਾਰਤਾਂ ਵੀ ਬਣਵਾਈਆਂ। ਜਹਾਂਗੀਰ ਦੀ ਮੌਤ ਤੋਂ ਬਾਅਦ 1627 ਈਸਵੀ ਨੂੰ ਸ਼ਾਹਜਹਾਨ ਗੱਦੀ 'ਤੇ ਬੈਠਾ ਅਤੇ ਉਸ ਨੇ ਗ਼ੈਰ ਮੁਸਲਮਾਨਾਂ ਦੇ ਵਿਰੁੱਧ ਆਪਣਾ ਸਖ਼ਤ ਰਵੱਈਆ ਅਪਣਾਉਣਾ ਸ਼ੁਰੂ ਕਰ ਦਿੱਤਾ। 1628 ਈਸਵੀ ਨੂੰ ਸ਼ਾਹਜਹਾਨ ਅੰਮ੍ਰਿਤਸਰ ਦੇ ਨੇੜੇ ਸ਼ਿਕਾਰ ਖੇਡ ਰਿਹਾ ਸੀ ਅਤੇ ਗੁਮਟਾਲਾ ਦੇ ਸਥਾਨ 'ਤੇ ਉਸ ਦਾ ਇੱਕ ਬਾਜ਼ ਭੁੱਲ ਕੇ ਦੂਰ ਕਿਧਰੇ ਭਟਕਦਾ ਹੋਇਆ ਅੱਗੇ ਚਲਾ ਗਿਆ। ਸਿੱਖਾਂ ਦੇ ਇੱਕ ਸ਼ਿਕਾਰ ਖੇਡਣ ਵਾਲੇ ਟੋਲੇ ਨੇ ਇਸ ਬਾਜ਼ ਨੂੰ ਸੰਭਾਲ ਲਿਆ।
ਜਦੋਂ ਬਾਦਸ਼ਾਹ ਦੇ ਸੇਵਕ ਇਹ ਬਾਜ਼ ਹਾਸਲ ਕਰਨ ਲਈ ਸਿੱਖਾਂ ਕੋਲ ਪਹੁੰਚੇ ਤਾਂ ਸਿੱਖਾਂ ਨੇ ਬਾਜ਼ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਗੱਲ ਬਹਿਸਬਾਜ਼ੀ ਤੋਂ ਵਧਦੀ ਵਧਦੀ ਹੱਥੋਪਾਈ ਤੱਕ ਪਹੁੰਚ ਗਈ ਤੇ ਸਿੱਖਾਂ ਨੇ ਬਾਦਸ਼ਾਹ ਦੇ ਸੈਨਿਕਾਂ ਦੀ ਮਾਰ ਕੁਟਾਈ ਕਰਕੇ ਉਨ੍ਹਾਂ ਨੂੰ ਉਥੋਂ ਭਜਾ ਦਿੱਤਾ। ਬਾਅਦ ਵਿਚ ਇਸ ਬਾਜ਼ ਦੇ ਕਾਰਨ ਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਪਹਿਲਾ ਯੁੱਧ ਲੜਨਾ ਪਿਆ। ਇਸ ਜੰਗ ਵਿੱਚ ਸ਼ਾਹ ਜਹਾਨ ਦਾ ਸੈਨਾਪਤੀ ਮੁਖਲਿਸ ਖ਼ਾਨ ਮਾਰਿਆ ਗਿਆ। ਇਸ ਲੜਾਈ ਦੇ ਦੌਰਾਨ ਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪੁੱਤਰੀ ਬੀਬੀ ਵੀਰੋ ਦੀ ਸ਼ਾਦੀ ਹੋਈ।
ਇਸ ਤਰ੍ਹਾਂ ਤਿੰਨ ਹੋਰ ਜੰਗ ਗੁਰੂ ਜੀ ਨੂੰ ਲੜਨੇ ਪਏ। ਇਸ ਤੋਂ ਬਾਅਦ ਗੁਰੂ ਜੀ ਕੀਰਤਪੁਰ ਸਾਹਿਬ ਵਿਖੇ ਚਲੇ ਗਏ ਅਤੇ ਧਰਮ ਪ੍ਰਚਾਰ ਦਾ ਕੰਮ ਦੁਬਾਰਾ ਵੱਡੇ ਪੱਧਰ 'ਤੇ ਸ਼ੁਰੂ ਕਰ ਦਿੱਤਾ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਗੁਰੂ ਹਰਿ ਰਾਇ ਜੀ ਨੂੰ ਸੌਂਪ ਦਿੱਤੀ ਕਿਉਂਕਿ ਬਾਬਾ ਗੁਰਦਿੱਤਾ ਜੀ 1638 ਈਸਵੀ ਵਿੱਚ ਅਕਾਲ ਚਲਾਣਾ ਕਰ ਚੁੱਕੇ ਸਨ। ਗੁਰੂ ਹਰਿ ਰਾਇ ਸਾਹਿਬ ਜੀ ਨੂੰ ਗੁਰਤਾ ਗੱਦੀ ਸੌਂਪਣ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ 3 ਮਾਰਚ 1644 ਈਸਵੀ ਨੂੰ ਜੋਤੀ ਜੋਤ ਸਮਾ ਗਏ ਸਨ।
ਗੁਰਪ੍ਰੀਤ ਸਿੰਘ ਨਿਆਮੀਆਂ
1947 ਹਿਜਰਤਨਾਮਾ-60 : ਦੌਲਤ ਸਿੰਘ ਗਿੱਲ
NEXT STORY