ਪੰਜਾਬੀਆਂ ਦੀ ਜਿੰਦਜਾਨ ਕਣਕ ਹਰਿਆਵਲ ਤੋਂ ਸੁਨਹਿਰੀ ਹੋ ਕੇ ਜੇਬ ਹਰੀ ਕਰਨ ਵੱਲ ਜਾ ਰਹੀ ਹੈ। ਸਾਡੇ ਮਾਣ ਮੱਤੇ ਵਿਰਸੇ ਨਾਲ ਜੁੜੀ ਕਣਕ ਆਰਥਿਕ ਅਤੇ ਸੱਭਿਆਚਾਰਕ ਪੱਖੋਂ ਸਾਡਾ ਜੀਵਨ ਸ਼ਿੰਗਾਰਦੀ ਹੈ। ਇਸੇ ਲਈ ਹਰੀ ਕ੍ਰਾਂਤੀ ਦੀ ਖੋਂ ਹੋਈ ਸੀ । 1960 ਤੋਂ ਪਹਿਲਾਂ ਕੁਦਰਤ ਦੀ ਮਿਹਰਬਾਨੀ ਤੇ ਕਣਕ ਦੀ ਆਮਦ ਟਿਕੀ ਹੋਈ ਸੀ । ਮਾਰੂ ਕਣਕ ਮਸਾਂ ਹੀ ਛੇ ਮਹੀਨੇ ਦੇ ਗੁਜ਼ਾਰੇ ਜੋਗੀ ਘਰ ਪਹੁੰਚਦੀ ਸੀ। ਪਹਿਲੇ ਕਣਕ ਭੜੋਲਿਆਂ ਵਿੱਚ ਫੇਰ ਵੱਡੇ ਡਰੰਮਾਂ ਵਿੱਚ ਹੁਣ ਬੱਦਲਾਂ ਹੇਠ ਹੀ ਅੰਬਾਰ ਲੱਗੇ ਰਹਿੰਦੇ ਹਨ। ਇਸ ਕ੍ਰਾਂਤੀ ਨੇ ਅਤੀਤ ਨੂੰ ਭਵਿੱਖ ਨਾਲ ਜੋੜ ਕੇ ਹਾੜ੍ਹੀ ਦੀ ਰਾਣੀ ਬਣਾ ਕੇ ਕਣਕ ਨੂੰ ਪੇਸ਼ ਕੀਤਾ ਹੈ। ਹਕੀਕਤ ਵੀ ਇਹੋ ਹੈ ।
ਸਮਾਜਿਕ ਅਤੇ ਸੱਭਿਆਚਾਰਕ ਵੰਨਗੀ ਦੀ ਕਹਾਵਤ ਕੁੜੀ ਪੇਟ ਵਿੱਚ ਕਣਕ ਖੇਤ ਵਿੱਚ ਆ ਜਵਾਈਆ ਮੰਡੇ ਖਾ ਬਹੁਤ ਕੁਝ ਸਾਂਭੀ ਬੈਠੀ ਹੈ । ਸਰਕਾਰ ਨੇ ਕਣਕ ਦੀਆਂ ਉੱਨਤ ਕਿਸਮਾਂ ਦੀ ਖੋਜ ਕਰਕੇ ਕਿਸਾਨ ਨੂੰ ਦਿੱਤੀ। ਆਰਥਿਕਤਾ ਦਾ ਧੁਰਾ ਕਹਾਉਂਦੀ ਕਣਕ ਨੇ ਕੇਂਦਰੀ ਪੂਲ ਵਿੱਚ ਵੱਧ ਯੋਗਦਾਨ ਪਾਉਣ ਕਰਕੇ ਪੰਜਾਬ ਅਤੇ ਕਿਸਾਨ ਦਾ ਨਾਮ ਰੋਸ਼ਨ ਕੀਤਾ ਹੈ । ਹੁਣ ਤਾਂ ਕਣਕ ਦੇ ਢੇਰਾਂ ਨੂੰ ਸਾਂਭਣਾ ਵੀ ਮੁਸ਼ਕਲ ਹੋ ਜਾਂਦਾ ਹੈ । ਇਸ ਪ੍ਰਤੀ ਵੱਖ-ਵੱਖ ਸਿਆਸੀ ਖੇਡਾਂ ਵੀ ਹੁੰਦੀਆਂ ਹਨ । ਕਣਕ ਨਾਲ ਤਰ੍ਹਾਂ-ਤਰ੍ਹਾਂ ਦੀਆਂ ਸੱਭਿਆਚਾਰਕ ਸਮਾਜਿਕ ਅਤੇ ਸਾਹਿਤਿਕ ਵੰਨਗੀਆਂ ਵੀ ਇਸ ਗੱਲ ਦੀ ਗਵਾਹ ਹਨ , ਕਿ ਕਣਕ ਦਾ ਪੰਜਾਬੀਆਂ ਨਾਲ ਗੂੜ੍ਹਾ ਰਿਸ਼ਤਾ ਹੈ ।
ਪਹਿਲੇ ਸਮੇਂ ਦੀ ਕਹਾਵਤ ਹੈ ਕਿ ਜਿਸ ਦੀ ਕੋਠੀ ਦਾਣੇ ਉਸ ਦੇ ਕਮਲੇ ਵੀ ਸਿਆਣੇ ਭਾਵ ਇਹ ਕਿ ਜਦੋਂ ਕੋਠੀ ਭੜੋਲੇ ਵਿੱਚ ਕਣਕ ਆ ਜਾਂਦੀ ਸੀ , ਉਦੋਂ ਤਰ੍ਹਾਂ ਤਰ੍ਹਾਂ ਦੇ ਸਮਾਜਿਕ ਫੁਰਨੇ ਫੁਰਦੇ ਸਨ । ਨਵੇਂ ਕਪੜੇ ਸਿਲਾਉਣੇ ਵਿਆਹ ਕਰਨੇ ਅਤੇ ਹੋਰ ਸੁਪਨੇ ਵੀ ਕਣਕ ਦੀ ਆਮਦ ਤੇ ਨਿਰਭਰਸੀ। 40 ਕਿੱਲੋ ਬੀਜ ਤੋਂ 30 ਕੁਇੰਟਲ ਬਣਾ ਕੇ ਅੰਬਾਰ ਲਗਾਉਣਾ ਕਿਸਾਨ ਦਾ ਮਿਹਨਤੀ ਸੁਭਾਅ ਅਤੇ ਲਗਨ ਦਰਸਾਉਂਦਾ ਹੈ। ਇਸੇ ਕਰਕੇ ਅੰਨਦਾਤਾ ਵੀ ਕਹਾਉਂਦਾ ਹੈ। ਪਹਿਲਾਂ ਕਣਕਾਂ ਬਲਦਾਂ ਨਾਲ ਗਾਹੀਆਂ ਜਾਂਦੀਆ ਸਨ, ਫਿਰ ਥਰੈਸ਼ਰ ਹੁਣ ਟਰੈਕਟਰ ਅਤੇ ਕੰਬਾਈਨਾਂ ਝੱਟ ਪੱਟ ਕਣਕ ਕੱਢ ਦਿੰਦੀਆਂ ਹਨ। ਕਣਕ ਦਾ ਹਾੜ੍ਹੀ ਨਾਲ ਜਿਸਮ ਰੂਹ ਦਾ ਰਿਸ਼ਤਾ ਹੈ । ਦੋਵੇਂ ਇੱਕ ਦੂਜੇ ਤੋਂ ਬਿਨ੍ਹਾਂ ਅਧੂਰੇ ਲੱਗਦੇ ਹਨ । ਅੱਜ ਸਿਹਤ ਦੇ ਪੱਖ ਤੋਂ ਕਣਕ ਅਲਰਜੀ ਵੀ ਕਰ ਰਹੀ ਹੈ। ਜੋ ਕੇ ਕੁਦਰਤ ਦੀ ਕਰੋਪੀ ਦੀ ਮਿਸਾਲ ਹੈ। ਕਣਕ ਦਾ ਜੂਸ ਵੱਖ-ਵੱਖ ਬਿਮਾਰੀਆਂ ਲਈ ਵੀ ਵਰਤਿਆ ਜਾਂਦਾ ਹੈ ।
ਲਾਲਾ ਧਨੀ ਰਾਮ ਚਾਤਰਿਕ ਦੀ ਅਮਰ ਲਿਖਤ ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ ਲੰਬੜਾਂ ਤੇ ਸ਼ਾਹਾ ਦਾ ਹਿਸਾਬ ਕੱਟ ਕੇ ਅੱਜ ਵੀ ਕਣਕ ਦੇ ਸੱਭਿਆਚਾਰਕ , ਆਰਥਿਕ ਅਤੇ ਸਾਹਿਤਿਕ ਰੁਤਬੇ ਨੂੰ ਹੁਲਾਰਾ ਦਿੰਦੀ ਹੈ। ਬਜ਼ੁਰਗਾਂ ਦੀ ਲਿਖਤਾ ਕਣਕ ਕਮਾਦੀ ਸੰਘਣੀ ਡੱਡੂ ਟੱਪ ਜਵਾਰ , ਮੈਂਸੀ ਜਾਈਆਂ ਕੱਟੀਆਂ ਤਾਂ ਸੋਨੇ ਦੇ ਘਰਬਾਰ ਕਣਕ ਬਾਰੇ ਵੱਖ-ਵੱਖ ਸੁਮੇਲਾ ਦੀ ਮਿਸਾਲ ਰੱਖਦੀ ਹੈ। ਮਾਣ ਮੱਤੇ ਗਾਇਕਾਂ ਨੇ ਏਧਰ ਕਣਕਾਂ ਓਧਰ ਕਣਕਾਂ ਵੀ ਗਾ ਕੇ ਕਣਕ ਦਾ ਸੱਭਿਆਚਾਰਕ ਰੂਪਾਂਤਰ ਪੇਸ਼ ਕੀਤਾ ਹੈ ।
ਹਾੜ੍ਹੀ ਦੀ ਰਾਣੀ ਕਣਕ ਜੀਵਨ ਦੇ ਸਾਰੇ ਪੱਖਾਂ ਨੂੰ ਖੁਸ਼ਹਾਲ ਬਣਾ ਕੇ ਹਰੇ ਤੋਂ ਸੁਨਹਿਰੀ ਬਣਾਉਂਦੀ ਹੈ । ਪੰਜਾਬੀਆਂ ਲਈ ਭਾਵੇਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਹੋਣ ਪਰ ਕਣਕ ਦੀ ਰੋਟੀ ਤੋਂ ਬਿਨਾਂ ਤ੍ਰਿਪਤੀ ਨਹੀਂ ਹੁੰਦੀ । 20 ਕੁ ਦਿਨਾਂ ਦੀ ਮਿਹਨਤ ਰੂਪੀ ਹਫੜਾ ਦਫੜੀ ਛੇ ਮਹੀਨੇ ਦਾ ਗੁਜ਼ਾਰਾ ਸਾਂਭ ਲੈਂਦੀ ਹੈ। ਬਦਲੇ ਜ਼ਮਾਨੇ ਨੇ ਕਣਕ ਨੂੰ ਆਪਣੀ ਰੰਗਤ ਵੀ ਦਿੱਤੀ ਹੈ । ਅਨੇਕਾਂ ਕਾਜ ਸਵਾਰਨ ਲਈ ਕਣਕ ਦਾ ਵੱਡਾ ਯੋਗਦਾਨ ਹੈ। ਹਾੜ੍ਹੀ ਅਤੇ ਪੰਜਾਬੀਆਂ ਦੀ ਰੂਹ ਨਾਲ ਕਣਕ ਦਾ ਸੁਮੇਲ ਸਦੀਵੀ ਰਹੇਗਾ ।ਹਾੜ੍ਹੀ ਨਾਲ ਕਣਕ ਦੀ ਪਹਿਚਾਣ ਬਾਕੀ ਫਸਲਾਂ ਨਾਲੋਂ ਅਲੱਗ ਚਮਕਦੀ ਰਹੇਗੀ ।
ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ
ਜਿਦਣ ਦੀ ਯਾਰ ਨਾਲੋਂ ਯਾਰੀ ਟੁੱਟੀ ਐ
NEXT STORY