ਸਕੂਲ ਤੋਂ ਪੜ੍ਹ ਕੇ ਜਦੋਂ ਘਰ ਆਉਂਦੇ ....ਅਚਾਨਕ ਘਰ ਵਿੱਚ ਮਿਲਣ ਆਈ ਨਾਨੀ ਨੂੰ ਬੈਠਿਆਂ ਵੇਖਦੇ ਤਾਂ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਹਿੰਦਾ । ਨਾਨੀ ਨੂੰ ਮਿਲਣ ਤੋਂ ਬਾਅਦ ਇਹੀ ਕਹਿੰਦੇ , ਬੇਬੇ ਹੁਣ ਕਈ ਦਿਨ ਰਹਿਣਾ ਹੈ , ਵਾਪਿਸ ਛੇਤੀ ਨਹੀਂ ਜਾਣਾ । ਮਨ ਵਿੱਚ ਇਹੀ ਚਿੰਤਾ ਰਹਿੰਦੀ ਕੇ ਅਗਲੇ ਦਿਨ ਵਾਪਿਸ ਨਾ ਚਲੇ ਜਾਣ।
ਬੇਬੇ ਵੱਲੋਂ ਘਰ ਦੀ ਬਣਾ ਕੇ ਲਿਆਂਦੀ ਵੇਸਣ ਦੀ ਪੰਜੀਰੀ, ਸਾਉਣ ਮਹੀਨੇ ਦੇ ਬਿਸਕੁਟ ਅਤੇ ਦੀਵਾਲੀ ਦੇ ਤਿਉਹਾਰ ਉੱਤੇ ਬਣਾ ਕੇ ਲਿਆਂਦਾ ਖੋਆ ਅੱਜ ਵੀ ਚੇਤਿਆਂ ਵਿੱਚ ਸੁਆਦ ਖਿਲਾਰਦਾ ਹੈ । ਜਦੋਂ ਬੇਬੇ ਨਾਲ ਨਿੱਕੀਆਂ ਗੱਲਾਂ ਕਰਦੇ ਉਸਦੇ ਆਲੇ ਦੁਆਲੇ ਭੱਜੇ ਫਿਰਦੇ। ਬੇਬੇ ਲਿਆਂਦੀ ਚੀਜ਼ ਖਾਣ ਨੂੰ ਕਹਿੰਦੀ । ਉਸ ਚੀਜ਼ ਵੱਲ ਤਾਂ ਧਿਆਨ ਘੱਟ ਜਾਂਦਾ ਬਸ ਬੇਬੇ ਦੇ ਆਉਣ ਦੀ ਨਿਰਾਲੀ ਜਿਹੀ ਖ਼ੁਸ਼ੀ ਚਿਹਰਿਆਂ 'ਤੇ ਨੱਚਦੀ ਹੁੰਦੀ ।
ਰਾਤ ਨੂੰ ਬੇਬੇ ਤੋਂ ਬਾਤਾਂ ਸੁਣਦਿਆਂ ਪਤਾ ਹੀ ਨਾ ਲੱਗਦਾ ...ਰਾਤ ਕਿੰਨੀ ਬੀਤ ਜਾਂਦੀ । ਭੈਣ ਭਰਾਵਾਂ ਨੇ ਬੇਬੇ ਨਾਲ ਸੌਣ ਦੀ ਜ਼ਿੱਦ ਕਰਨੀ ਤੇ ਇੱਕ ਦੂਜੇ ਨੂੰ ਧੂਹ ਧੂਹ ਪਰੇ ਸੁੱਟਣਾ ...ਬੇਬੇ ਨਾਲ ਮੈਂ ਸੌਣਾ ਹੈ । ਬੇਬੇ ਦੇ ਕੱਪੜਿਆਂ ਵਾਲਾ ਝੋਲ਼ਾ ਅਣਦੱਸੀ ਥਾਂ 'ਤੇ ਲੁਕੋ ਦੇਣਾ ਤੇ ਵਾਪਿਸ ਨਾ ਜਾਣ ਦੀ ਜ਼ਿੱਦ ਕਈ ਵਾਰ ਝਿੜਕਾਂ ਨਾਲ ਛੱਡਣੀ ਪੈਂਦੀ । ਉਹਨਾਂ ਦੇ ਜਾਣ ਪਿੱਛੋਂ ਕਈ ਕਈ ਦਿਨ ਘਰ ਵਿੱਚ ਮਨ ਨਾ ਲੱਗਣਾ ਤੇ ਉਹਨਾਂ ਦੀ ਯਾਦ ਤੰਗ ਕਰਦੀ ।
ਇਹ ਵੀ ਪੜ੍ਹੋ : ਕਹਾਣੀਨਾਮਾ: ਪੜ੍ਹੋ ਬੀਤ ਚੁੱਕੇ ਬਚਪਨ ਦੀਆਂ ਬਾਤਾਂ ਪਾਉਂਦੀਆਂ ਦੋ ਮਿੰਨੀ ਕਹਾਣੀਆਂ
ਹੁਣ ਵੀ ਉਹ ਬੇਪਰਵਾਹੀਆਂ ਦਾ ਹਸੀਨ ਜਿਹਾ ਮਾਹੌਲ ਤੇ ਨਾਨੀ ਦੀ ਬੁੱਕਲ ਦਾ ਨਿੱਘ ਕਈ ਵਾਰ ਮਨ ਨੂੰ ਅਸ਼ਾਂਤ ਕਰ ਦਿੰਦਾ ਹੈ। ਵਕਤ ਦੇ ਬਦਲ ਜਾਣ ਬਨਾਲ ਸਾਰੇ ਰਿਸ਼ਤੇ ਵੀ ਪਿਆਰ ਤੋਂ ਸੱਖਣੇ ਫਿੱਕੇ ਫਿੱਕੇ ਜਿਹੇ ਜਾਪਦੇ ਹਨ ਪਰ ਉਹ ਰਿਸ਼ਤਿਆਂ ਨਾਲ ਹੰਢਾਏ ਪਿਆਰ ਦੇ ਪਲ ਅੱਜ ਵੀ ਖ਼ੁਸ਼ੀ ਦਿੰਦੇ ਹਨ ਤੇ ਬੇਬੇ ਦੀ ਬੱਚਿਆਂ ਲਈ ਲਿਆਂਦੀ ਚੀਜ਼ੀ ਦੀ ਮਹਿਕ ਅਨੰਦ ਘਨੇਰਾ ਕਰ ਦਿੰਦੀ ਹੈ।
ਇਹ ਵੀ ਪੜ੍ਹੋ :ਕਹਾਣੀਨਾਮਾ 'ਚ ਪੜ੍ਹੋ ਅੱਜ ਦੀ ਕਹਾਣੀ 'ਇਜ਼ਹਾਰ -ਏ-ਮੁਹੱਬਤ'
ਰਾਜਵਿੰਦਰ ਕੌਰ ਵਿੜਿੰਗ
ਕਹਾਣੀਨਾਮਾ 'ਚ ਪੜ੍ਹੋ ਅੱਜ ਦੀ ਕਹਾਣੀ 'ਇਜ਼ਹਾਰ -ਏ-ਮੁਹੱਬਤ'
NEXT STORY