ਕੰਜਕਾਂ ਪੂਜਨ ਲਈ ਕਲੋਨੀ ਦੀਆਂ ਔਰਤਾਂ ਤਿਆਰ ਸੀ,
ਮਿਲੀ ਨਾ ਕੋਈ ਕੁੜੀ ਬਹਿ ਗਏ, ਲੱਭ ਥੱਕ ਹਾਰ ਜੀ,
ਫੇਰ ਕਿਸੇ ਦੱਸਿਆ, ਆਪਣੇ ਸ਼ਹਿਰ ਤੋਂ ਹੈ ਬਾਹਰ ਜੀ,
ਬਾਰਾਂ ਕੁੜੀਆਂ ਦਾ ਪਿਓ ਹੈਗਾ ਸਰਦਾਰ ਜੀ।।
ਸੁਣ ਕੇ ਗੱਲ ਉਹਦੀ ਮੈਂ ਵੀ ਹਾਸੇ ਨਾਲ ਕਹਿ ਗਿਆ,,
ਮੁੰਡੇ ਪਿੱਛੇ ਸਰਦਾਰ ਧੀਆਂ ਬਾਰਾਂ ਜੰਮ ਬਹਿ ਗਿਆ।।
ਜਲਦੀ-ਜਲਦੀ ਪੁਹੰਚੇ ਹੋਰ ਗੁਆਂਢੀ ਮੇਰੇ ਨਾਲ ਸੀ।
ਜਾਂਦੇ ਹੀ ਮੈਂ ਕਿਹਾ, ਸਰਦਾਰ ਜੀ ! ਸਤਿ ਸ੍ਰੀ ਆਕਾਲ ਜੀ।।
ਤੁਹਾਡੀਆਂ ਕੁੜੀਆਂ ਲੈ ਕੇ ਜਾਣੀਆਂ ਅਸੀਂ ਅੱਜ ਘਰ ਜੀ,
ਤੁਹਾਡੀ ਘਰਵਾਲੀ ਨੇ ਤਾਂ, ਇਹਨਾਂ ਦੀ ਪੂਜਾ ਹੈਗੀ ਕਰ ਲਈ।।
ਸੁਣ ਕੇ ਗੱਲ ਮੇਰੀ, ਮੇਰੇ ਮੂਹਰੇ ਆਣ ਉਹ ਖਲ੍ਹੋਇਆ,
ਕਹਿੰਦਾ ਕਿਹੜੀ ਘਰਵਾਲੀ , ਅਜੇ ਮੇਰਾ ਵਿਆਹ ਵੀ ਨਹੀਂ ਹੋਇਆ।
ਇਹਨਾਂ ਬਾਰੇ ਪੁੱਛੋ ਨਾ, ਗੱਲਾਂ ਰਹਿਣ ਦਿਓ ਦੱਬੀਆਂ,
ਕੀ-ਕੀ ਦੱਸਾਂ ਮੈਨੂੰ ਇਹ, ਕਿਥੋਂ ਕਿਥੋਂ ਲੱਭੀਆਂ।
ਮੰਦਰ, ਮਸੀਤਾਂ ਕਈਆਂ ਹਸਪਤਾਲਾਂ ਵਿਚ ਛੱਡੀਆਂ,
ਇਹ ਜੋ ਦੋ ਛੋਟੀਆਂ ਨੇ, ਮੈਂ ਕੂੜੇ ਵਿਚੋਂ ਕੱਢੀਆਂ।
ਇਹ ਜੋ ਕੋਲ ਖਲੋਤੀ, ਮਾਂਪੇਂ ਕਸਰ ਪੂਰੀ ਕੱਢ ਗਏ,
ਅਸੀਂ ਮੁਰਦੇ ਸ਼ਮਸ਼ਾਨ ਲੈ ਕੇ ਜਾਂਦੇ,
ਉਹ ਜਿਊਂਦੀ ਨੂੰ ਹੀ ਛੱਡ ਗਏ।
ਇਹ ਜੋ ਤੁਰੀ ਆਉਂਦੀ, ਥੋੜਾ ਜਿਹਾ ਲੰਘ ਮਾਰ ਕੇ,
ਮਹਿੰਗੀ ਜਿਹੀ ਗੱਡੀ ਕਿਸੇ ਛੱਪੜ ਕੋਲ ਖਲਾਰ ਕੇ।
ਆਪਣੀ ਵਾਲੀ ਸਾਈਡ ਦਾ ਸ਼ੀਸ਼ਾ ਹੇਠਾਂ ਸੀ ਉਤਾਰ ਕੇ।
ਦੌੜਾ ਲਈ ਸੀ ਗੱਡੀ , ਬੈਗ ਛੱਪੜ ਵਿਚ ਮਾਰ ਕੇ।
ਬੈਗ ਬਾਹਲਾ ਸੋਹਣਾ, ਮੈਂ ਤਾਂ ਲਾਲਚ ਨੂੰ ਸੀ ਚੁਕਿਆ,
ਖੋਲ ਕੇ ਜੱਦ ਦੇਖਿਆ, ਮੇਰਾ ਰੌਣਾ ਨਹੀਂ ਰੁਕਿਆ,
ਬੈਗ ਵਿਚ ਤੁੰਨਿਆ ਸੀ ਇਹਨੂੰ,
ਪੈਰ ਪੂਰੇ ਮੋੜ ਕੇ
ਪਤਾ ਵੀ ਨਹੀਂ ਲੱਗਿਆ ਉਹਨੂੰ, ਉਹਨੇ ਪੈਰ ਇਹਦੇ ਤੌੜ ਤੇ।
ਪਤਾ ਨਹੀਂ ਕਿਦਾਂ ਇਹ ਸਭ ਕੁਝ ਸਹਾਈ ਬੈਠੀ ਹੈ।
ਸੱਤ ਸਾਲ ਹੋ ਗਏ, ਕਮਲੀ ਦਿਲ ਨੂੰ ਲਾਈ ਬੈਠੀ ਹੈ।
ਸੁਣ ਕੇ ਗੱਲ ਸਰਦਾਰ ਦੀ , ਚੇਤੇ ਆਏ ਸਭ ਪਾਪ ਸੀ,
ਅੱਜ ਧੀ ਦੇ ਮੂਹਰੇ ਖੜਾ, ਹੈਵਾਨ ਉਹਦਾ ਬਾਪ ਸੀ।
ਤੱਕੇ ਚਿਹਰੇ ਗੁਆਂਢੀਆਂ ਦੇ,
ਉਹ ਵੀ ਮੈਂ ਸੀ ਭਾਪ ਲਏ।
ਕਿਸੇ ਨਾ ਕਿਸੇ ਕੁੜੀ ਦੇ,
ਮਾਂਪੇਂ ਉਹ ਵੀ ਜਾਪਦੇ।
ਦਿਲ ਤੇ ਪੱਥਰ ਰੱਖ ਕੇ ਕੁੜੀਆਂ ਨੂੰ, ਘਰ ਲੈ ਕੇ ਆ ਗਿਆ ।
ਸਭ ਨੂੰ ਵਾਰੋ ਵਾਰੀ ਅਸੀਂ ਪੂਜਾ ਲਈ ਬਿਠਾ ਲਿਆ।
ਜਿਹਨਾਂ ਹੱਥਾਂ ਆਪਣੇ ਹੱਥੀਂ
ਤੋੜੇ ਸੀਗੇ ਪੈਰ ਸੀ,
ਟੁੱਟੇ ਹੋਏ ਪੈਰਾਂ ਕੋਲੋਂ ਮੰਗਦੇ ਉਹ ਖੈਰ ਸੀ।
“ਗੁਰਮੀਤ'' ਕਿਉਂ ਲੋਕ ਕੁੱਖਾਂ ਵਿਚ ਮਾਰ ਕੇ,
ਬੈਗਾਨੀਆਂ ਪੂਜੀ ਜਾਂਦੇ ਹੈ।
ਕਈ ਮਾਪੇਂ ਇਸੇ ਤਰ੍ਹਾਂ ਕੰਜਕਾਂ ਮਨਾਉਂਦੇ ਹੈ।
ਗੁਰਮੀਤ ਸਿੰਘ ਮੀਤ
9779797204