ਅੱਜ 23 ਮਾਰਚ ਹੈ , ਮੈਨੂੰ ਖੂਬ ਸਜਾਵਣਗੇ |
ਅੱਗੇ ਹੋ ਹੋ ਗਲ ਵਿੱਚ ਮੇਰੇ , ਹਾਰ ਪਾਵਣਗੇ |
ਗੱਡੀ 'ਤੇ ਰੱਖ ਮੇਰੀ ਫੋਟੋ , ਰੈਲੀਆਂ 'ਤੇ ਜਾਵਣਗੇ |
ਬੰਨ੍ਹ ਪੀਲੀਆਂ ਪੱਗਾਂ , ਉੱਚੀ ਨਾਅਰੇ ਲਾਵਣਗੇ |
ਅੱਜ 23 ਮਾਰਚ ਹੈ , ਮੈਨੂੰ ਖੂਬ ਸਜਾਵਣਗੇ |
ਮੈਂ ਤੇ ਮੇਰੇ ਸਾਥੀਆਂ ਨਹੀਂ ਚਾਹੀ ਸੀ ਮਸ਼ਹੂਰੀ |
ਚਾਹਤ ਆਜ਼ਾਦੀ ਦੀ , ਨਹੀ ਰੱਖਣੀ ਸੀ ਅਧੂਰੀ |
ਬਣ ਬਾਗੀ ਸੀ ਤੋੜਨੀ ਅੰਗਰੇਜਾਂ ਦੀ ਮਗਰੂਰੀ |
ਇਹ ਫਿਰੰਗੀ ਹੋਰ ਰਾਜ ਨਹੀਂ ਕਰ ਪਾਵਣਗੇ
ਅੱਜ 23 ਮਾਰਚ ਹੈ , ਮੈਨੂੰ ਖੂਬ ਸਜਾਵਣਗੇ |
ਫਿਰੰਗੀਆਂ ਮੁਲਕ ਸਾਡਾ ਬਹੁਤ ਲੁੱਟਿਆ ਸੀ |
ਕਈ ਚਾੜ੍ਹੇ ਫਾਂਸੀ , ਕਈਆਂ ਨੂੰ ਕੁੱਟਿਆ ਸੀ |
ਤਸੀਹੇ ਦਿੱਤੇ ਕਈਆਂ ਕਾਲੇਪਾਣੀ ਸੁੱਟਿਆ ਸੀ |
ਸੋਚਿਆ, ਚਾਅ ਸ਼ਹੀਦਾਂ ਦੇ ਪੂਰੇ ਹੋ ਜਾਵਣਗੇ
ਅੱਜ 23 ਮਾਰਚ ਹੈ , ਮੈਨੂੰ ਖੂਬ ਸਜਾਵਣਗੇ |
ਮੁੱਕੀ ਕਾਲੀ ਰਾਤ ਆਇਆ ਨਵਾਂ ਸਵੇਰਾ ਜੀ |
ਲੈ ਲਈ ਆਜ਼ਾਦੀ, ਮੁਲਕ ਹੁਣ ਤੇਰਾ ਮੇਰਾ ਜੀ |
ਸੀ ਸ਼ਹੀਦਾਂ ਦੀਆਂ ਮਾਂਵਾਂ ਦਾ , ਵੱਡਾ ਜੇਰਾ ਜੀ |
ਰਲ-ਮਿਲ ਸਭ ਆਜ਼ਾਦੀ ਦੀ ਖੁਸ਼ੀ ਮਨਾਵਣਗੇ
ਅੱਜ 23 ਮਾਰਚ ਹੈ , ਮੈਨੂੰ ਖੂਬ ਸਜਾਵਣਗੇ |
ਪਰ ,,,,,ਬਣ ਬੁੱਤ ਕਿਸੇ ਚੌਂਕ ਦੀ ਮੈਂ ਸ਼ਾਨ ਬਣ ਗਿਆਂ |
ਭਾਸ਼ਣਾਂ ਵਿੱਚ ਮੁਲਕ ਦਾ ਮੈਂ ਮਾਨ ਬਣ ਗਿਆਂ |
ਇਤਿਹਾਸ ਦੀ ਕਿਤਾਬ ਦੀ ਮੈਂ ਜਾਨ ਬਣ ਗਿਆਂ |
ਰਾਜਗੁਰੂ ਸੁਖਦੇਵ ਦੇ ਬੁੱਤ ਵੀ , ਝਾੜੇ ਜਾਵਣਗੇ ,
ਅੱਜ 23 ਮਾਰਚ ਹੈ , ਮੈਨੂੰ ਖੂਬ ਸਜਾਵਣਗੇ |
ਨਹੀਂ ਲੋੜ ਸਾਨੂੰ ਇਨ੍ਹਾ ਰੰਗ-ਬਰੰਗੇ ਹਾਰਾਂ ਦੀ |
ਕਰ ਨਸ਼ੇ ਸੜਕਾਂ 'ਤੇ ਖਰੂਦ ਪਾਉਣਦੇ ਯਾਰਾਂ ਦੀ |
ਲਗਾ ਕੇ ਫੁੱਲਾਂ ਦੇ ਮਖੌਟੇ ਘੁੰਮ ਰਹੇ ਖਾਰਾਂ ਦੀ |
ਜਿਹੜੇ ਲੈ ਵੋਟਾਂ , ਨਾ ਛੇਤੀ ਮੁਖ ਵਿਖਲਾਵਣਗੇ ,
ਅੱਜ 23 ਮਾਰਚ ਹੈ , ਮੈਨੂੰ ਖੂਬ ਸਜਾਵਣਗੇ |
ਨਸ਼ੇ , ਭ੍ਰਿਸ਼ਟਾਚਾਰ , ਚੋਰੀ ਤੇ ਬੇਰੁਜ਼ਗਾਰੀ ਹੈ |
ਕਿਸਾਨ ਤੇ ਕਿਰਤੀ ਦੀ ਲੁੱਟ ਅਜੇ ਵੀ ਜਾਰੀ ਹੈ |
ਗਰੀਬੀ ਮਿਟਾਉਣ ਦੀ ਯੋਜਨਾ ਇੱਥੇ ਹਾਰੀ ਹੈ |
ਲਈ ਅਜਾਦੀ , ਪਰ ਚੰਗੇ ਦਿਨ ਕਦ ਆਵਣਗੇ
ਅੱਜ 23 ਮਾਰਚ ਹੈ , ਮੈਨੂੰ ਖੂਬ ਸਜਾਵਣਗੇ |
ਫਿਰ ਵੀ ਵੀਰੋ , ਧੰਨਵਾਦ ਤੁਹਾਨੂੰ ਮੇਰਾ ਹੈ |
ਸਮਾਜ ਨੂੰ ਬਦਲਣ ਦਾ ਤੁਹਾਡਾ ਵੀ ਜੇਰਾ ਹੈ |
ਸਾਡੇ ਬੁੱਤਾਂ 'ਤੇ ਨਹੀਂ , ਸੋਚ 'ਤੇ ਫੁੱਲ ਚੜ੍ਹਾਵਣਗੇ ,
ਅੱਜ 23 ਮਾਰਚ ਹੈ , ਮੈਨੂੰ ਖੂਬ ਸਜਾਵਣਗੇ ........
ਅੱਜ 23 ਮਾਰਚ ਹੈ , ਮੈਨੂੰ ਖੂਬ ਸਜਾਵਣਗੇ.........
(ਮਨਜੀਤ ਸਿੰਘ ਬੱਧਣ)
ਦਿਲ ਵਿੱਚ ਹੌਂਸਲਾ ਤੇ ਰੱਬ ਉੱਤੇ ਪੂਰੀ ਆਸ ਰੱਖੀ
NEXT STORY