ਬਚਪਨ ਵਿਚ ਜਦੋਂ ਕਿਸੇ ਮੁੰਡੇ ਦਾ ਵਿਆਹ ਹੁੰਦਾ ਤਾਂ ਸਾਨੂੰ ਚਾਅ ਚੜ੍ਹ ਜਾਂਦਾ। ਹੱਸਦਾ ਖੇਡਦਾ ਜੋੜਾ, ਖੁਸ਼ੀਆਂ ਮਨਾਉਂਦੀ ਮੁੰਡੇ ਦੀ ਭੈਣ, ਮਾਂ ਬਾਪ ਤੇ ਬਾਕੀ ਸਾਰਾ ਪਰਿਵਾਰ, ਐਦਾਂ ਲਗਦਾ ਜਿਵੇਂ ਇਹ ਸਾਰਾ ਕੁੱਝ ਸਾਡੇ ਘਰ ਹੋ ਰਿਹਾ ਹੋਵੇ ਤੇ ਪੂਰੀ ਤਰ੍ਹਾਂ ਸਥਾਈ ਹੋਵੇ। ਪਰ ਅਜੇ ਕੁੱਝ ਕੁ ਮਹੀਨੇ ਹੀ ਲੰਘਦੇ ਕਿ, ਇਸੇ ਘਰ ਵਿਚੋਂ ਕੁੱਟ ਮਾਰ ਤੇ ਉੱਚੀ ਉੱਚੀ ਰੋਣ ਦੀ ਆਵਾਜ਼ ਸੁਣਦੀ। ਹੌਲੀ-ਹੌਲੀ ਪਤਾ ਲਗਦਾ ਨਵੀਂ ਵਿਆਹੀ ਨਾਲ ਸਹੁਰਾ ਪਰਿਵਾਰ ਤਸ਼ਦਦ ਕਰ ਰਿਹਾ ਹੁੰਦਾ ਤੇ ਕੁੱਝ ਕੁ ਸਾਲਾਂ ਬਾਅਦ ਇਸੇ ਘਰ ਵਿਚ ਦੁਰਘਟਨਾ ਨਾਲ਼ ਨੂੰਹ ਮਰ ਜਾਂਦੀ ਤੇ ਇਸ ਘਟਨਾ ਵਿਚ ਲੜਕੇ ਤੇ ਉਸ ਦੀ ਮਾਂ ਦਾ ਸਭ ਤੋਂ ਵੱਧ ਹੱਥ ਹੁੰਦਾ। ਮਾਪੇ ਰੋ ਵਿਲਕ ਕੇ ਚੁੱਪ ਕਰਕੇ ਬੈਠ ਜਾਂਦੇ।
ਦੂਸਰੇ ਪਾਸੇ ਵਧੀਆ ਪਰਿਵਾਰ ਹੁੰਦਾ। ਸਾਰੇ ਜੀਅ ਰਲ ਮਿਲ ਕਿ ਖੁਸ਼ੀ ਨਾਲ਼ ਸਵਰਗ ਬਣਾਕੇ ਰਹਿੰਦੇ। ਵੱਡੇ ਮੈਂਬਰ ਛੋਟਿਆਂ ਨੂੰ ਪਿਆਰ ਕਰਦੇ, ਉਨ੍ਹਾਂ ਦੀਆਂ ਗ਼ਲਤੀਆਂ 'ਤੇ ਮੁਸਕੁਰਾ ਪੈਂਦੇ ਤੇ ਛੋਟੇ ਵੱਡਿਆਂ ਦਾ ਸਤਿਕਾਰ ਕਰਦੇ। ਇੱਥੇ ਹਰ ਮੈਂਬਰ ਦੀ ਆਪਣੀ ਇਕ ਥਾਂ ਹੁੰਦੀ, ਜਿਵੇਂ ਸੱਸ ਦੀ ਹਰ ਗੱਲ ਨੂੰਹ ਮੰਨਦੀ ਤੇ ਸੱਸ ਉਸ ਨੂੰ ਧੀਏ ਕਹਿ ਕਿ ਸੀਨੇ ਲਾਉਂਦੀ। ਸੱਸ ਜਦੋਂ ਬਣ ਠਣ ਕਿ ਜੀਪ 'ਤੇ ਡਰਾਈਵਰ ਨੂੰ ਨਾਲ਼ ਲੈ ਕਿ ਖੇਤਾਂ ਵੱਲ ਜਾਂ ਕਿਸੇ ਸਾਕ ਸਬੰਧੀਆਂ ਨੂੰ ਮਿਲਣ ਜਾਂਦੀ ਤਾਂ ਦੇਖ ਕੇ ਅਜਿਹਾ ਹੀ ਸੁਪਨਾ, ਆਉਣ ਵਾਲੇ ਸਮੇਂ ਨੂੰ ਲੈ ਕੇ, ਮੇਰਾ ਰੋਮ ਰੋਮ ਝੂਮ ਉੱਠਦਾ ਤੇ ਜਿੱਥੇ ਪਤੀ, ਬੱਚਿਆਂ ਤੇ ਉਨ੍ਹਾਂ ਦੇ ਵਧਦੇ ਪਰਿਵਾਰਾਂ ਦੇ ਨਿੱਘ ਭਰੇ ਸੁਪਨਿਆਂ ਵਿਚ ਖੋ ਜਾਂਦੀ, ਉਥੇ ਹੀ ਇਕ ਆਦਰਸ਼ ਨੂੰਹ, ਪਤਨੀ, ਮਾਂ ਤੇ ਫ਼ਿਰ ਆਦਰਸ਼ ਸੱਸ ਦੇ ਵੀ ਖ਼ੂਬਸੂਰਤ ਸੁਪਨੇ ਵਿਚ ਆਪ ਮੁਹਾਰੇ ਖੋ ਜਾਂਦੀ ਤੇ ਇਹ ਖ਼ੁਆਬ ਕਿਸੇ ਜੰਨਤ ਦੇ ਖ਼ੁਆਬ ਨਾਲੋਂ ਘੱਟ ਨਾ ਲੱਗਦਾ।
ਅਜਿਹੇ ਖ਼ੁਆਬ ਆਪਣੀ ਪਸੰਦ ਦੇ ਮੁਤਾਬਕ ਹਰ ਕੋਈ ਲੈਂਦਾ ਹੈ। ਸਮੇਂ ਤੇ ਤਕਦੀਰ ਨੇ ਆਪਣੇ ਅਨੁਸਾਰ ਚਲਣਾ ਹੁੰਦਾ ਹੈ, ਉਸ ਦਾ ਤੁਹਾਡੇ ਕੁੱਝ ਖ਼ੁਆਬਾਂ ਨਾਲ਼ ਕੋਈ ਸਰੋਕਾਰ ਨਹੀਂ ਹੁੰਦਾ। ਤਕਦੀਰ ਦੀਆਂ ਬਹੁਤ ਸਾਰੀਆਂ ਲਕੀਰਾਂ ਆਪਣੀ ਮਿਹਨਤ ਤੇ ਲਗਨ ਨਾਲ਼ ਬਦਲਣ ਦੀ ਸਮਰੱਥਾ ਦੇ ਬਾਵਜੂਦ, ਬਹੁਤ ਕੁੱਝ ਸਾਡੇ ਹੱਥ ਨਹੀਂ ਹੁੰਦਾ। ਉਸ ਨੇ ਅਟੱਲ ਹੀ ਰਹਿਣਾ ਹੁੰਦਾ ਹੈ, ਫ਼ਿਰ ਚਾਹੇ ਤੁਸੀਂ ਮੋਮ ਦੇ ਬਣ ਕਿ ਵਿਚਰੋ ਤੇ ਭਾਂਵੇਂ ਹੀਰੇ ਦੇ। ਮੇਰੀ ਸੋਚਨੀ ਵੀ ਕੁੱਝ ਅਜਿਹੀ ਸੀ ਕਿ ਮੈਂ ਘਟੀਆ ਤੋਂ ਘਟੀਆ ਸੋਚ ਰੱਖਣ ਵਾਲੇ ਨੂੰ ਵੀ ਆਪਣੀ ਨੇਕ ਨੀਤੀ ਤੇ ਪਿਆਰ ਨਾਲ਼ ਨੇਕ ਆਚਰਨ ਵਿਚ ਢਾਲ ਲਵਾਂਗੀ, ਪਰ ਇਹ ਹੋ ਨਾ ਸਕਿਆ ਤੇ ਮੈਨੂੰ ਤੇ ਮੇਰੇ ਜਿਹੇ ਮੇਰੇ ਪੁੱਤਰ ਨੂੰ ਦੋ ਵਾਰ ਬੇਹੱਦ ਵੱਡੇ ਵੱਡੇ ਧੋਖੇ ਖਾਣੇ ਪਏ।
ਇੱਥੇ ਮੈਂ ਆਪਣੇ ਜੀਵਨ ਦੀਆਂ ਚੁਣੌਤੀਆਂ 'ਤੇ ਸੰਖੇਪ ਜਿਹਾ ਚਾਨਣਾ ਪਾਉਣਾ ਚਾਹਾਂਗੀ। ਬਚਪਨ ਵੱਡੇ ਪਰਿਵਾਰ ਤੇ ਗੁਰਬਤ ਕਾਰਨ, ਪੜ੍ਹਾਈ ਵਿਚ ਮਾਇਕ ਔਕੜਾਂ, ਸ਼ਾਦੀ ਤੋਂ ਬਾਅਦ ਪਤੀ ਦੇ ਨਸ਼ੇ ਦੀ ਲਤ ਕਾਰਨ, ਤਿੰਨ ਬੱਚਿਆਂ ਦੀ ਸਾਰੀ ਜਿੰਮੇਵਾਰੀ ਜਿਸ ਵਿਚ ਵੱਡੀਆਂ ਪੜ੍ਹਾਈਆਂ, ਵਿਦੇਸ਼ ਵਿਚ ਦੋ-ਦੋ ਵਾਰ ਭੇਜਣਾ ਤੇ ਉਨ੍ਹਾਂ ਨਾਲ਼ ਸ਼ਾਦੀਆਂ ਸਬੰਧੀ ਦੋ-ਦੋ ਵਾਰ ਧੋਖਾ ਸਹਿਣਾ ਕੁੱਝ ਵੱਡੀਆਂ ਚੁਣੌਤੀਆਂ ਦੇ ਨਾਲ਼-ਨਾਲ਼ ਰੋਜ਼ਾਨਾ ਦੇ ਝਮੇਲਿਆਂ ਨਾਲ ਦੋ ਚਾਰ ਹੋਣਾ ਮੇਰੇ ਜੀਵਨ ਦੇ ਪਹਿਲੂ ਸਨ।
ਅਸਲੀ ਗੱਲ 'ਤੇ ਆਉਣ ਤੋਂ ਪਹਿਲਾਂ ਕਹਿਣਾ ਚਾਹੁੰਦੀ ਹਾਂ, ਨਾ ਤਾਂ ਸਾਰੀਆਂ ਸੱਸਾਂ ਇਕ ਤਰ੍ਹਾਂ ਦਾ ਸੁਭਾਅ ਰੱਖਦੀਆਂ ਹਨ ਤੇ ਨਾ ਹੀ ਨੂੰਹਾਂ। ਭਾਵ, ਨਾ ਸਾਰੀਆਂ ਸੱਸਾਂ ਸਹੀ ਜਾਂ ਗ਼ਲਤ ਹੁੰਦੀਆਂ ਹਨ, ਤੇ ਨਾ ਨੂੰਹਾਂ। ਬਹੁਤ ਸਾਰੀਆਂ ਨੂੰਹਾਂ ਪਰਿਵਾਰਿਕ ਕਦਰਾਂ ਕੀਮਤਾਂ ਨੂੰ ਚੰਗੀ ਤਰ੍ਹਾਂ ਜਾਣਦੀਆਂ ਤੇ ਨਿਭਾਉਂਦੀਆ ਹਨ। ਮੈਂ ਉਨ੍ਹਾਂ ਤੋਂ ਸਦਕੇ ਜਾਂਦੀ ਹਾਂ।
ਹੁਣ ਹੱਡ ਬੀਤੀ ਸ਼ੁਰੂ ਕਰਦੀ ਹਾਂ। 7 ਸਾਲ ਪਹਿਲਾਂ ਬੇਟੇ ਦੀ ਸ਼ਾਦੀ ਕੀਤੀ, ਨੂੰਹ PR ਲੈ ਕੇ ਚਲੀ ਗਈ l ਦੋ ਸਾਲ ਮਾਂ ਬੇਟੇ ਦੇ ਸੰਤਾਪ ਹੰਡਾਉਣ ਮਗਰੋਂ ਤਲਾਕ ਮਿਲਿਆ ਪਰ ਦਿਲ ਵਿਚ ਅਜੇ ਵੀ ਟੀਸ ਸੀ ਕਿ ਅਸੀਂ ਕੀ ਮਾੜਾ ਕੀਤਾ। ਦੋਨਾਂ ਨੇ ਪੂਰਾ ਪਿਆਰ, ਸਤਿਕਾਰ ਤੇ ਹਰ ਸੁਖ ਸਹੂਲਤ ਦਿੱਤੀ, ਪਰ ਬਾਅਦ ਵਿਚ ਜੋ ਪਤਾ ਲਗਾ ਉਸ ਨਾਲ਼ ਸਾਡੇ ਲੂੰ ਕੰਡੇ ਖੜ੍ਹੇ ਹੋ ਗਏ। ਉਹ ਇਹ ਸੀ ਕਿ ਪਹਿਲਾਂ ਵੀ ਨਿਊਜ਼ੀਲੈਂਡ ਦੇ ਹੀ ਇਕ ਲੜਕੇ ਨਾਲ਼ ਵਿਆਹੀ ਸੀ, ਜਿਸ ਕੋਲੋਂ ਵੱਡੀ ਰਕਮ ਲੈ ਕੇ ਤਲਾਕ ਲਿਆ ਸੀ ਤੇ ਸਾਡੇ ਕੋਲੋਂ ਵੀ ਇਹੀ ਚਾਹੁੰਦੀ ਸੀ ਪਰ ਅਸੀਂ ਕੋਰਟ ਵਿਚ ਤੱਥ ਪੇਸ਼ ਕਰਕੇ ਆਪਣੇ ਆਪ ਨੂੰ ਬਚਾ ਲਿਆ।
ਕੁੱਝ ਕੁ ਸਮੇਂ ਵਿਚ ਹੀ ਬੇਟੇ ਦੀ ਇਕ ਵਰਕਮੇਟ ਨੇ ਰਿਸ਼ਤਾ ਲੱਭਕੇ ਕਰਵਾ ਦਿੱਤਾ। ਪਿਛੇ ਪੰਜਾਬ ਵਿਚ ਰਹਿ ਰਹੇ ਮਾਪਿਆਂ ਨਾਲ਼ ਵੀ ਪੂਰੀ ਖੁੱਲ੍ਹ ਕੇ ਗੱਲ ਹੋਈ, ਪਰ ਵਿਆਹ ਤੋਂ ਪਹਿਲਾਂ ਬੇਟੇ ਨੂੰ ਲੜਕੀ ਬਾਰੇ ਕੁੱਝ ਇਤਰਾਜ਼ਯੋਗ ਗੱਲਾਂ ਦਾ ਪਤਾ ਲੱਗਿਆ, ਤਾਂ ਉਸ ਨੇ ਸ਼ਾਦੀ ਤੋਂ ਇਨਕਾਰ ਕਰ ਦਿੱਤਾ, ਪਰ ਇਹ ਲੜਕੀ ਸਾਡੇ ਪੈਰਾਂ ਵਿਚ ਪੈ ਗਈ ਤੇ ਰੋ ਰੋ ਕਿ ਤਰਲੇ ਮਾਰਨ ਲੱਗੀ ਕਿ ਮੈਂ ਪਹਿਲਾਂ ਹੀ ਦੋ ਵਾਰੀ ਸ਼ਾਦੀਸ਼ੁਦਾ ਹਾਂ, ਮੇਰੇ ਨਾਲ਼ ਕੌਣ ਵਿਆਹ ਕਰੇਗਾ ? ਇਸ ਦੇ ਤਰਲਿਆਂ ਵਿਚ ਇਸ ਦੇ ਮਾਪੇ ਵੀ ਸ਼ਾਮਲ ਸਨ। ਉਸ ਵੇਲੇ ਦੀ ਇਸ ਦੀ ਸ਼ਬਦਾਵਲੀ ਸੀ ਕੇ ਤੁਸੀਂ ਦੋਵੇਂ ਮੇਰੇ ਲਈ ਦੇਵੀ ਤੇ ਦੇਵਤਾ ਸਮਾਨ ਹੋ। ਹੱਥ ਜੋੜਨੇ, ਪੈਰੀ ਪੈਣਾ, ਸੇਵਾ ਕਰਨੀ ਆਮ ਗੱਲ ਸੀ। ਮਿੱਠੀਆਂ ਮਿੱਠੀਆਂ ਗੱਲਾਂ, ਪਰਿਵਾਰਿਕ ਆਪਣੇਪਨ ਨਾਲ਼ ਭਰੀਆਂ, ਘਰ ਦੀ ਤਰੱਕੀ ਦੀਆਂ ਗੱਲਾਂ ਕਰਨੀਆਂ ਇਸ ਦਾ ਆਮ ਸੁਭਾਅ ਸੀ। ਅਸੀਂ ਇਸ ਦੇ ਉਪਰੋਕਤ ਝਾਂਸੇ ਵਿਚ ਫੱਸ ਗਏ ਤੇ ਸਭ ਕੁੱਝ ਭੁੱਲ ਕੇ ਅਸੀਂ ਇਸ ਨੂੰ ਅਪਨਾ ਲਿਆ। ਕੋਰੋਨਾ ਦੇ ਲੈਵਲ ਦੋ ਵਿਚ ਹੀ ਮੈਂ ਆਪ ਹੀ ਇੰਨਾ ਦੀ ਸ਼ਾਦੀ ਕੀਤੀ, ਪਰ ਇਹ ਖੁਸ਼ੀ ਬਹੁਤ ਥੋੜ੍ਹਾ ਚਿਰ ਸੀ। ਕਿਉਂਕਿ ਥੋੜੀ ਹੀ ਦੇਰ ਬਾਅਦ ਇਸ ਦੇ ਘਰ ਵਾਲੇ ਇਸ ਨਾਲ਼ ਕਲੇਸ਼ ਪਾਉਣ ਲੱਗ ਪਏ ਜਿਸ ਦਾ ਅਸਰ ਸਾਡੇ, ਖਾਸ ਕਰਕੇ ਇਸ ਦੇ ਇਮੀਗ੍ਰੇਸ਼ਨ ਤੇ ਜੌਬ ਆਦਿ ਦੇ ਕੰਮਾਂ ਤੇ ਪੈਣ ਲੱਗਿਆ। ਸਾਡੇ ਤਿੰਨਾਂ ਦੇ ਮਸ਼ਵਾਰੇ ਅਨੁਸਾਰ ਉਨ੍ਹਾਂ ਨੂੰ ਕੁੱਝ ਦੇਰ ਲਈ ਪਾਸੇ ਕੀਤਾ। ਇਸ ਦੌਰਾਨ ਇਸ ਨੇ ਸਾਨੂੰ ਆਪਣੇ ਤੇ ਆਪਣੇ ਘਰਦਿਆਂ ਬਾਰੇ ਬਹੁਤ ਕੁੱਝ ਦੱਸਿਆ, ਜਿਸ ਵਿਚ ਇਸਦੀ ਪਰਸਨਲ ਤੇ ਪ੍ਰਾਈਵੇਟ ਲਾਈਫ, ਪਿਤਾ ਦੀ ਤੇ ਇਸ ਦੀ ਆਪਣੀ ਦਿਮਾਗੀ ਬਿਮਾਰੀ ਤੇ ਹੋਰ ਬਹੁਤ ਕੁੱਝ। ਇਸ ਸਭ ਕੁੱਝ ਨੂੰ ਅਸੀਂ ਆਪਣੇ ਅੰਦਰ ਸਮੋ ਲਿਆ ਤੇ ਇਸ ਦਾ ਇਲਾਜ ਕਰਵਾਉਣ ਬਾਰੇ ਇਸ ਦੀ ਸਹਿਮਤੀ ਲੈ ਕੇ ਇਲਾਜ ਸ਼ੁਰੂ ਕਰਵਾਇਆ। ਪਰ ਕੁੱਝ ਦੇਰ ਠੀਕ ਜਿਹੀ ਰਹਿਣ ਤੋਂ ਬਾਅਦ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਹੁਣ ਤਕ ਇਸ ਨੂੰ ਇਮੀਗ੍ਰੇਸ਼ਨ ਸਪੋਰਟ ਮਿਲ ਚੁੱਕੀ ਸੀ।
ਇਕ ਦਿਨ ਮੇਰੇ ਵੱਲੋਂ ਸਾਰਿਆਂ ਦੀ ਚਾਹ ਬਣਾਉਣ ਲਈ ਕਹਿਣ 'ਤੇ ਸਿਰਫ ਇਕ ਜਣੇ ਦੀ ਬਣਾਈ ਤੇ ਸਾਰਿਆਂ ਸਾਹਮਣੇ ਠੀਕ ਢੰਗ ਨਾਲ਼ ਨਾ ਸੁਨਣ ਦਾ ਬਹਾਨਾ ਲਾ ਕੇ ਸੌਰੀ ਕਹਿ ਦਿਤੀ। ਅਸੀਂ ਵੀ ਗੱਲ ਆਈ ਗਈ ਕਰ ਦਿਤੀ। ਪਰ ਰਾਤ ਨੂੰ ਬੇਟੇ ਅੱਗੇ ਸਾਰੀ ਗੱਲ ਮੇਰੇ ਉਤੇ ਮੜ੍ਹ ਦਿੱਤੀ ਕਿ ਮੰਮੀ ਨੇ ਇਕ ਜਣੇ ਦੀ ਚਾਹ ਲਈ ਹੀ ਕਿਹਾ ਸੀ l ਦੂਸਰੀ ਵਾਰੀ ਇਸ ਨੇ ਫ਼ਿਰ ਸਾਡੇ ਮਾਂ ਪੁੱਤ ਵਿਚ ਉਸ ਵੇਲੇ ਫਰਕ ਪਾਉਣ ਦੀ ਕੋਸ਼ਿਸ਼ ਕੀਤੀ, ਜਦ ਆਪ ਹੀ ਆਪਣੇ $40000 ਸਾਨੂੰ ਦੇਣ ਦੀ ਉਸ ਵੇਲੇ ਗੱਲ ਕੀਤੀ ਜਦੋਂ ਇਸ ਦੇ ਘਰ ਦਿਆਂ ਨਾਲ਼ ਝਗੜਾ ਹੋਇਆ ਸੀ। ਇੱਥੇ ਮੈਂ ਇਸ ਦੇ ਪੈਸੇ ਇਸ ਨੂੰ ਆਪਣੇ ਹੀ ਕੋਲ ਰੱਖਣ ਨੂੰ ਕਿਹਾ ਪਰ ਇਹ ਨਹੀਂ ਮੰਨੀ, ਤੇ ਪੈਸੇ ਬੇਟੇ ਤੇ ਇਸ ਦੇ ਜੁਆਇੰਟ ਅਕਾਊਂਟ ਵਿਚ ਟਰਾਂਸਫਰ ਕਰ ਦਿੱਤੇ, ਪਰ ਸ਼ਾਮ ਨੂੰ ਬੇਟੇ ਦੇ ਘਰ ਪਰਤਨ ਤੇ ਉਸ ਨੂੰ ਕਹਿ ਦਿੱਤਾ ਮੰਮੀ ਨੇ ਮੇਰੇ ਕੋਲੋਂ ਜ਼ਬਰਦਸਤੀ ਪੈਸੇ ਜੁਆਇੰਟ ਅਕਾਊਂਟ ਵਿਚ ਪਵਾ ਲਏ ਹਨ। ਇਸ ਗੱਲ 'ਤੇ ਬੇਟਾ ਮੇਰੇ ਨਾਲ਼ ਨਾਰਾਜ਼ ਹੋ ਗਿਆ। ਪਰ ਮੈਨੂੰ ਥੋੜ੍ਹਾ-ਥੋੜ੍ਹਾ ਅੰਦਾਜ਼ਾ ਹੋ ਗਿਆ ਤੇ ਮੈਂ ਦੋਹਾਂ ਨੂੰ ਕੋਲ ਬਿਠਾ ਕੇ ਅਸਲੀਅਤ ਪਤਾ ਕੀਤੀ। ਅੰਤ ਨੂੰ ਇਸਨੇ ਮੰਨ ਕੇ ਮਾਫੀ ਮੰਗੀ। ਪਰ ਇਸ ਦੇ ਅਜਿਹੇ ਚੱਲਿਤਰ ਬੰਦ ਨਾ ਹੋਏ, ਸਗੋਂ ਦਿਨ ਪ੍ਰਤੀਦਿਨ ਵਧਦੇ ਗਏ। ਹੁਣ ਹਰ ਰੋਜ ਘਰ ਵਿਚ ਕਲੇਸ਼ ਰਹਿਣ ਲੱਗ ਪਿਆ। ਕਦੇ ਕੱਪੜਿਆਂ ਨੂੰ ਲੈ ਕਿ, ਕਦੇ ਕੰਮ ਨੂੰ ਲੈ ਕਿ, ਕਦੇ ਪੇਕਿਆਂ ਨੂੰ ਇੱਥੇ ਬੁਲਾਉਣ ਲਈ l ਪਰ ਅਸੀਂ ਬੈਠ ਕੇ ਹਰ ਚੀਜ਼ ਦਾ ਹੱਲ ਕੱਢ ਲੈਂਦੇ। ਪਰ ਅਸੀਂ ਮਾਂ ਪੁੱਤ ਨੇ ਹਾਰ ਨਾ ਮੰਨਕੇ, ਰੋਜ਼ ਦੇ ਨਰਕ ਜਿਹੇ ਹਾਲਾਤਾਂ ਨਾਲ਼ ਸਮਝੌਤਾ ਕਰ ਲਿਆ।
ਇਹ ਪ੍ਰੈਗਨੈਂਟ ਹੋ ਗਈ, ਸਾਰੇ ਖੁਸ਼ ਸਾਂ, ਇਸ ਦੀ ਹਰ ਮੰਗ ਪਹਿਲਾਂ ਤੋਂ ਵੀ ਜ਼ਿਆਦਾ ਸ਼ਿੱਦਤ ਨਾਲ਼ ਪੂਰੀ ਕਰਦੇ। ਇੱਥੋਂ ਤੱਕ ਕਿ ਇਨ੍ਹਾਂ ਦੋਨਾਂ ਵਿਚੋਂ ਕਿਸੇ ਦੀ ਵੀ ਜੌਬ ਨਾ ਹੋਣ 'ਤੇ ਆਪਣੇ ਪੈਸਿਆਂ ਵਿਚੋਂ ਸਾਰਾ ਖਰਚਾ ਤੇ ਛੇ ਮਹੀਨੇ ਬਾਅਦ ਆਉਣ ਵਾਲੇ ਬੱਚੇ ਲਈ ਮਹਿੰਗਾ ਮਹਿੰਗਾ ਸਾਮਾਨ, ਫੋਟੋਸ਼ੂਟ ਤੇ ਹੋਰ ਬਹੁਤ ਸਾਰੇ ਬੇਲੋੜੇ ਖਰਚਿਆਂ ਤੋਂ ਵੀ ਨਾਂਹ ਨਾ ਕੀਤੀ। ਇਸ ਦੇ ਨਾਲ਼-ਨਾਲ਼ ਦੱਸਣਾ ਜ਼ਰੂਰੀ ਹੈ ਕੇ ਜਿਥੇ ਅਸੀਂ ਦੋਨੋਂ ਇਸ ਤੋਂ ਜਾਨ ਵਾਰਦੇ ਫਿਰਦੇ ਸਾਂ, ਉੱਥੇ ਹੀ ਇਹ ਸਾਡੇ ਦੋਸਤਾਂ ਮਿੱਤਰਾਂ ਵਿਚ ਸਾਡੇ ਖ਼ਿਲਾਫ਼ ਅੱਗ ਲਗਾ ਰਹੀ ਸੀ, ਜਿਸ ਦਾ ਸਾਨੂੰ ਜ਼ਰਾ ਵੀ ਅਹਿਸਾਸ ਨਹੀਂ ਸੀ l ਇਹ ਉਨ੍ਹਾਂ ਕੋਲ ਮੇਰੇ ਵੱਲੋਂ ਕਿਤੇ ਨਿਹਾਇਤ ਹੀ ਘਟੀਆ ਤੇ ਭੈੜੇ ਵਤੀਰੇ ਦਾ ਅਜਿਹਾ ਮੁੱਢ ਬੰਨ੍ਹਦੀ ਕਿ ਉਹ ਮੰਨਦੇ ਹੀ ਨਾ ਸਗੋਂ ਮੇਰੇ ਨਾਲ਼ ਉਨ੍ਹਾਂ ਦਾ ਵਿਹਾਰ ਵੀ ਬੇਹੱਦ ਬੇਇੱਜਤ ਕਰਨ ਵਾਲਾ ਹੋ ਜਾਂਦਾ। ਇਸ ਸਭ ਵਿਚਾਲੇ ਬੱਚਾ ਪੈਦਾ ਹੋ ਗਿਆ। ਅਸੀਂ ਸਾਰਿਆਂ ਨੇ ਰਲਕੇ ਖੂਬ ਖੁਸ਼ੀਆਂ ਮਨਾਈਆਂ। ਮੈਨੂੰ ਤੇ ਬੇਟੇ ਨੂੰ ਥੋੜੀ ਦੇਰ ਬਾਅਦ ਹੱਥ ਲਾਉਣ ਤੋਂ ਮਨਾ ਕਰ ਦਿੱਤਾ। ਅਸੀਂ ਮਨ ਮਸੋਸ ਕੇ ਰਹਿ ਗਏ। ਘਰ ਵਿਚ ਗਾਹ ਵੱਧ ਗਿਆ। ਅਸੀਂ ਦੋਨੋਂ ਜਿਨ੍ਹਾਂ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰਦੇ ਉਨ੍ਹਾਂ ਹੀ ਜ਼ਿਆਦਾ ਸਾਨੂੰ ਗਾਲਾਂ ਕੱਢ-ਕੱਢ ਕੇ ਬੋਲਣ ਲਈ ਮਜਬੂਰ ਕਰਦੀ ਜਦੋਂ ਮੈਂ ਮਾੜਾ ਜਿਹਾ ਬੋਲਕੇ ਕਹਿੰਦੀ ਧੀਏ ਸਾਡਾ ਇਹ ਮਤਲਬ ਤਾਂ ਨਹੀਂ ਸੀ। ਇਹ ਰਾਸ਼ਨਪਾਨੀ ਲੈ ਕੇ ਚੜ੍ਹ ਜਾਂਦੀ ਤੇ ਗਾਲਾਂ ਕੱਢਦੀ। ਇਸ ਦੌਰਾਨ ਘਰੋਂ ਭੱਜਣ ਲੱਗ ਪਈ। ਮਾੜੀ ਮਾੜੀ ਗੱਲ ਤੇ ਪੁਲਸ ਬੁਲਾਉਣ ਲੱਗ ਪਈ। ਸਾਡੀ ਦੋਨਾਂ ਦੀ ਸਾਰੀ ਬਣੀ ਬਣਾਈ ਇੱਜ਼ਤ ਮਿੱਟੀ ਵਿਚ ਰੋਲ ਦਿੱਤੀ। ਇਸੇ ਦੌਰਾਨ ਬੇਟੇ ਦੀ ਅੱਡੀ ਤੇ ਫਰੈਕਚਰ ਹੋ ਗਿਆ, ਉਹ ਵੀ ਇਸ ਦੇ ਪੌੜੀਆਂ ਤੋਂ ਧੱਕਾ ਮਾਰਨ ਕਾਰਨ ਹੋਇਆ। ਮੈਂ ਉਸ ਨੂੰ ਰਾਤ ਹੀ ਹਸਪਤਾਲ ਲੈ ਕੇ ਭੱਜੀ, ਪਿੱਛੋਂ ਇਸ ਨੇ ਸਾਡੇ ਫੋਨ, ਟੈਬਲੇਟਸ, ਟੀ ਵੀ, ਲੈਪਟੋਪ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਨੁਕਸਾਨ ਕਰ ਦਿੱਤਾ। ਲੱਗ ਰਿਹਾ ਸੀ ਕਿ ਇਸ ਨੂੰ ਕੋਈ ਦੌਰਾ ਪੈ ਗਿਆ ਹੋਵੇ। ਅਸੀਂ ਮਾਂ ਪੁੱਤ ਡੌਂਰ ਭੌਂਰ ਹੋ ਗਏ ਸਾਂ, ਹਸਪਤਾਲ ਤੋਂ ਆਉਂਦੇ, ਘਰ ਪੁਲਸ ਇੰਟੈਰੋਗੇਟ ਕਰਨ ਲੱਗ ਜਾਂਦੀ। ਕਈ-ਕਈ ਘੰਟਿਆਂਬਧੀ ਨਾ ਚਾਹ ਨਾ ਪਾਣੀ। ਮੈਨੂੰ ਸ਼ੂਗਰ ਘਟਣ ਕਾਰਨ ਚੱਕਰ ਆਉਣ ਲੱਗ ਪਾਏ ਤੇ ਮੈਂ ਜਮੀਨ ਤੇ ਡਿੱਗ ਪਈ।
ਜਿਵੇਂ ਕੇ ਇਹ ਪਹਿਲਾਂ ਕਈ ਵਾਰ ਮੈਨੂੰ ਘਰ ਛੱਡਣ ਲਈ ਕਹਿ ਚੁੱਕੀ ਸੀ। ਹੁਣ ਵੀ ਮੈਨੂੰ ਨਿਊਜ਼ੀਲੈਂਡ ਛੱਡ ਕੇ ਇੰਡੀਆ ਜਾਨ ਲਈ ਜ਼ੋਰ ਪਾਉਣ ਲੱਗ ਪਈ, ਬਦਲੇ ਵਿਚ ਆਪਣੇ ਮਾਪਿਆਂ ਨੂੰ ਇਥੇ ਬੁਲਾਉਣ ਵਾਸਤੇ ਦਬਾਅ ਪਾਉਣ ਲੱਗ ਪਈ। ਹੁਣ ਗੱਲ-ਗੱਲ 'ਤੇ ਝਗੜਾ ਕਰਕੇ ਸਾਡੇ ਬਾਕੀ ਦੇ ਰਹਿੰਦੇ ਰਿਸ਼ਤੇਦਾਰਾਂ ਵਿਚ ਵੀ ਸਾਡੇ ਖ਼ਿਲਾਫ਼ ਗੰਦ ਉਗਲਣ ਲੱਗ ਪਈ। ਉਦਾਹਰਣ ਦੇ ਤੌਰ 'ਤੇ ਰੋ-ਰੋ ਕੇ, ਮੇਰੀ ਲੜਕੀ ਨੂੰ ਜੋ ਕੇ ਆਸਟ੍ਰੇਲੀਆ ਰਹਿੰਦੀ ਹੈ, ਕਹਿੰਦੀ ਮੰਮੀ ਤੇ ਹਸਬੈਂਡ ਨੇ ਮੈਨੂੰ ਤੇ ਬੇਬੀ ਨੂੰ ਮਾਰਿਆ, ਗਾਲਾਂ ਕੱਢੀਆਂ ਤੇ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਨਾਲ਼ੇ ਤੁਹਾਡੇ ਦੋਹਾਂ ਜੀਆਂ ਖ਼ਿਲਾਫ਼ ਇੱਮੀਗ੍ਰੇਸ਼ਨ ਵਿਚ ਲਿਖਕੇ ਦਿੱਤਾ ਹੈ ਕੇ ਇਹ ਫਰਾਡ ਹਨ ਤੇ ਇਨ੍ਹਾਂ ਨੂੰ ਰੈਜ਼ੀਡੈਂਸੀ ਨਾ ਦਿੱਤੀ ਜਾਵੇ। ਇਸ ਤਰ੍ਹਾਂ ਇਸ ਨੇ ਸਾਡੇ ਸਾਰੇ ਹੀ ਰਿਸ਼ਤੇ ਤੁੜਵਾ ਦਿੱਤੇ। ਹਰ ਜਗਾ ਮੈਨੂੰ ਡੈਣ ਦਿਖਾਇਆ। ਲੱਗਭਗ ਸਭ ਨੇ ਸਾਡੇ ਨਾਲੋਂ ਨਾਤਾ ਤੋੜ ਲਿਆ ਤੇ ਬੋਲਚਾਲ ਬੰਦ ਕਰ ਦਿੱਤੀ।
ਆਖਿਰਕਾਰ ਬੱਚਾ ਲੈ ਕੇ ਪੁਲਸ ਕਸਟਡੀ ਵਿਚ ਸੇਫ ਹੋਮ ਵਿਚ ਇਹ ਕਹਿ ਕੇ ਚਲੀ ਗਈ ਕੇ ਮੈਨੂੰ ਤੇ ਮੇਰੇ ਬੱਚੇ ਨੂੰ ਇਨ੍ਹਾਂ ਦੋਨਾਂ ਮਾਂ ਪੁੱਤ ਤੋਂ ਜਾਣੀ ਖ਼ਤਰਾ ਹੈ। ਅਸੀਂ ਕੁਰਲਾਉਂਦੇ ਦੇ ਕੁਰਲਾਉਂਦੇ ਰਹਿ ਗਏ। ਘਰ ਸੁੰਨਾ ਖਾਣ ਨੂੰ ਪਵੇ, ਉਹ ਮਾਸੂਮ ਜਾ ਚੁੱਕਾ ਸੀ, ਜਿਸ ਲਈ ਅਸੀਂ ਹਜ਼ਾਰਾਂ ਖ਼ੁਆਬ ਬੁਣੇ ਸਨ। ਉੱਪਰੋਂ ਇਸ ਵੱਲੋਂ ਕੋਰਟ ਦਾ ਨੋਟਸ ਤੇ ਵਕੀਲਾਂ ਦੀ ਭਾਲ 'ਤੇ ਮੱਥਾ ਪੱਚੀ, ਪੈਸੇ ਦਾ ਪਾਣੀ ਵਾਂਗ ਰੁੜਣਾ, ਘਰ ਦਾ ਉਜਾੜਾ। ਕਈ ਵਾਰ ਬੇਜ਼ਾਰ ਹੋ ਕੇ ਆਤਮਹੱਤਿਆ ਦਾ ਵੀ ਖ਼ਿਆਲ ਆਇਆ ਪਰ ਬੇਟੇ ਦੇ ਮੂੰਹ ਵੱਲ ਵੇਖਕੇ ਰੋ ਕੇ ਚੁੱਪ ਕਰ ਜਾਂਦੀ। ਬੇਟੇ ਨੇ ਰੋਣਾ ਹੁੰਦਾ ਬਾਥਰੂਮ ਵਿਚ ਵੜਕੇ ਅੱਥਰੂ ਬਹਾ ਆਉਂਦਾ। ਹੁਣ ਮੈਨੂੰ ਅਪਨਾ ਆਪ ਬੇਮਤਲਬ ਜਿਹਾ ਲੱਗਦਾ ਹੈ ਤੇ ਜੀਵਨ ਸੁੰਨਾ।
- ਨਰੇਸ਼ ਕੁਮਾਰੀ ਸ਼ਰਮਾ
(ਨੋਟ - ਇਹ ਲੇਖਿਕਾ ਦੇ ਨਿੱਜੀ ਵਿਚਾਰ ਹਨ)
ਧੀ ਦੇ ਪ੍ਰਤੀ ਪਿਓ ਦਾ ਅਨੋਖਾ ਪਿਆਰ
NEXT STORY