ਲੰਗੀਆਂ ਪੰਚਾਇਤੀ ਚੋਣਾਂ ਵਿਚ ਤਕਰੀਬਨ ਸਾਰੀਆਂ ਪਾਰਟੀਆਂ ਹੀ ਜਿੱਤ ਗਈਆਂ ਤੇ ਲੋਕਾਂ ਦੀ ਤੇ ਲੋਕਤੰਤਰ ਦੀ ਹਾਰ ਹੋਈ ਹੈ। ਕਿਉਂਕਿ ਕਈ ਪਾਰਟੀਆਂ ਤਾਂ ਆਪਣੀਆਂ ਵੋਟਾਂ ਆਪਣੇ ਨਾਲ ਰੱਖਣ ਲਈ ਚੋਣਾਂ ਵਿਚ ਉਤਰੀਆਂ ਸਨ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਲੋਕ ਉਹਨਾਂ ਤੋਂ ਦੂਰ ਹੋ ਰਹੇ ਹਨ।ਜਿੱਤ ਦੀ ਆਸ ਉਹਨਾਂ ਨੂੰ ਘੱਟ ਸੀ ਕਿਉਕਿ ਉਹਨਾਂ ਆਪਣੀ ਸਰਕਾਰ ਵੇਲੇ ਹਰ ਜਾਇਜ਼ ਨਾਜਾਇਜ਼ ਢੰਗ ਨਾਲ ਚੌਣਾਂ ਜਿੱਤੀਆ ਨਹੀਂ ਲੁੱਟੀਆਂ ਸਨ। ਐਂਤਕੀ ਦੂਜੀ ਪਾਰਟੀ ਦੀ ਵਾਰੀ ਸੀ। ਉਹਨਾਂ ਸਰਵਸੰਮਤੀ ਨਹੀਂ ਸਬਰਸੰਮਤੀ ਕੀਤੀ। ਇਨ੍ਹਾਂ ਚੌਣਾ ਵਿਚ ਲੋਕ ਇਕ ਵਾਰ ਫਿਰ ਹਾਰ ਗਏ ਕਿਉਂਕਿ ਇਨ੍ਹਾਂ ਚੋਣਾਂ ਵਿਚ ਲੋਕਾਂ ਦੀ ਭਾਈਚਾਰਕ ਸਾਂਝ ਵਿਚ ਫਿਰ ਤਰੇੜ ਪਈ ਹੈ। ਜਾਂ ਇਹ ਕਹਿ ਲਵੋ ਕਿ ਪਹਿਲਾਂ ਦੀ ਪਾਈ ਤਰੇੜ ਹੋਰ ਡੁੰਘੀ ਹੋਈ ਹੈ। ਸਿਆਸਤ ਨੇ ਭਾਈ ਨਾਲ ਭਾਈ, ਚਾਚੇ ਭਤੀਜੇ , ਨੂੰਹ-ਸੱਸ ਆਦਿ ਨੂੰ ਇਕ ਦੂਜੇ ਸਾਹਮਣੇ ਦੁਸ਼ਮਣ ਬਣਾ ਖੜਾ ਦਿੱਤਾ। ਰਹਿੰਦੀ ਕਸਰ ਵਾਰਡ ਬੰਦੀ ਨੇ ਕੱਢ ਦਿੱਤੀ ਕਿਉਕਿ ਇਕ ਵਾਰਡ ਵਿਚ ਕੁਝ ਘਰਾਂ ਦੀਆਂ ਹੀ ਵੋਟਾਂ ਹੁੰਦੀਆ ਹਨ। ਉਹ ਸਾਰੇ
ਘਰ ਆਪਣੇ ਹੀ ਸ਼ਰੀਕੇ ਕਬੀਲੇ ਦੇ ਹੁੰਦੇ ਹਨ।ਸਿਆਸੀ ਪਾਰਟੀਆਂ ਨੇ ਉਨ੍ਹਾਂ ਦੀ ਭਾਈਚਾਰਕ ਸਾਂਝ ਕਤਲ ਕਰਕੇ ਇਕ ਦੂਜੇ ਦੇ ਸਹਾਮਣੇ ਖੜਾ ਦਿੱਤੇ। ਇਨ੍ਹਾਂ ਚੋਣਾ ਵਿਚ ਪਈ ਕੁੜੱਤਣ ਘਟਨ ਵਿਚ ਪਤਾ ਨਹੀਂ ਕਿੰਨਾਂ ਸਮਾਂ ਲੱਗੇਗਾ। ਉਦੋਂ ਤਕ ਹੋਰ ਚੋਣਾਂ ਆ ਜਾਣੀਆਂ ਹਨ। ਇਹ ਤਾਂ ਸੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਾਂ ਕਦੇ ਲੋਕ ਪਿੰਡਾਂ ਵਿਚ ਸਮਝਦਾਰ, ਸਿਆਣਾ, ਇਮਾਨਦਾਰ ਆਦਮੀ ਪੰਚ ਸਰਪੰਚ ਚੁਨਣਦੇ ਸੀ। ਸਿਆਣੇ ਲੋਕ ਸਰਪੰਚ ਦੇ ਸਾਰੇ ਆਧੀਕਾਰਾਂ ਦੀ ਸਹੀ ਵਰਤੋਂ ਕਰਦੇ ਸਨ। ਹੁਣ ਉਹ ਗੱਲ ਨਹੀਂ ਰਹੀ ਕਿਉਂਕਿ ਸਿਆਣੇ, ਇਮਾਨਦਾਰ, ਆਦਮੀ ਤਾਂ ਅਜਿਹੇ ਕੰਮਾਂ ਤੋਂ ਕਿਨਾਰਾ ਕਰ ਰਹੇ ਹਨ। ਸਿਆਸੀ ਲੀਡਰਾਂ ਨੇ ਆਪਣੇ ਨਾਲ ਰਲ ਮਿਲ ਕੇ ਖਾਣ ਪੀਣ ਵਾਲੇ ਲੋਕਾਂ ਨੂੰ ਅੱਗੇ ਲਿਆਉਂਦਾ ਹੈ। ਲੋਕਾਂ ਦੀ ਮੱਤ ਨੂੰ ਵੀ ਪਤਾ ਨਹੀਂ ਕੀ ਹੋ ਗਿਆ ਹੈ।ਲੋਕ ਹੁਣ ਆਦਮੀ ਨਹੀਂ ਪਾਰਟੀ ਦੇਖਦੇ ਹਨ। ਮੇਰੇ ਨੇੜਲੇ ਪਿੰਡ ਵਿਚ ਇਕ ਅੰਗੂਠਾ ਛਾਪ ਨੇ ਐਮ.ਏ.ਪਾਸ ਅਤੇ ਇਕ ਪਿੰਡ ਕੁਝ ਕੁ ਪੜ੍ਹੇ ਨੇ ਐੱਲ.ਐੱਲ. ਬੀ. ਵਕੀਲ ਨੂੰ ਹਰਾ ਦਿੱਤਾ। ਇਨ੍ਹਾਂ ਘੱਟ ਪੜ੍ਹੇ ਤੇ ਅਨਪੜ ਦੇ ਜਿੱਤਣ ਦਾ ਕਾਰਨ ਪਾਰਟੀਬਾਜ਼ੀ ਸੀ।ਕਿਉਂਕਿ ਘੱਟ ਪੜ੍ਹੇ ਤੇ ਅਨਪੜ੍ਹ ਸਤਾਧਾਰੀ ਪਾਰਟੀ ਦੇ ਖਾਸਮ ਖਾਸ ਸੀ। ਸਿਆਸੀ ਪਾਰਟੀਆਂ ਨੇ ਲੋਕਾਂ ਦੀ ਮੱਤ ਇਸ ਹੱਦ ਤਕ ਮਾਰ ਦਿੱਤੀ ਹੈ ਕੇ ਹੁਣ ਲੋਕਾਂ ਨੂੰ ਪਿੰਡ ਦੇ ਭਲੇ ਬੂਰੇ ਦਾ ਖਿਆਲ ਨਹੀਂ ਰਹਿੰਦਾ ਨਾ ਹੀ ਉਨ੍ਹਾਂ ਨੂੰ ਪੜ੍ਹੇ ਲਿਖੇ ਵਿਚ ਕੋਈ ਫਰਕ ਨਹੀਂ ਦਿੱਸਦਾ। ਉਹ ਸਿਆਸੀ ਲੋਕਾਂ ਦੇ ਚੰਗੁਲ ਵਿਚ ਫਸ ਗਏ ਹਨ ਕਿ ਉਹ ਸਿਰਫ ਪਾਰਟੀ, ਪਾਰਟੀ, ਹੀ ਕਰਦੇ ਰਹਿੰਦੇ ਹਨ। ਹਾਂ ਕੁਝ ਚਲਾਕ ਲੋਕ ਮੌਕਾ ਦੇਖ ਕੇ ਆਪਣੇ ਨਿੱਜੀ ਮੁਨਾਫੇ ਅਨੁਸਾਰ ਪਾਰਟੀ ਵੀ ਬਦਲ ਜਾਂਦੇ ਹਨ। ਇਹ ਸਭ ਕੁਝ ਮਿਲਾਕੇ ਦੇਖੀਏ ਤਾਂ ਇਨ੍ਹਾਂ ਚੋਣਾ ਵਿਚ ਇਕ ਵਾਰ ਫਿਰ ਲੋਕਾਂ ਦੀ ਹਾਰ ਤੇ ਪਾਰਟੀਆਂ ਦੀ ਜਿੱਤ ਹੋਈ ਹੈ। ਇਸ ਤੋਂ ਵੀ ਅੱਗੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਤਾਧਾਰੀ ਪਾਰਟੀ ਦੀ ਜਿੱਤ ਹੋਈ ਹੈ ਤੇ ਲੋਕਤੰਤਰ ਫਿਰ ਤੋਂ ਹਾਰ ਗਿਆ।
ਜਸਕਰਨ ਲੰਡੇ
ਪਿੰਡ ਤੇ ਡਾਕ ਲੰਡੇ
ਜ਼ਿਲਾ ਮੋਗਾ
ਫੋਨ 94171-03413