ਸ਼ਬਦਾਂ ਦੀ ਖੇਤੀ ਵਾਲੇ ਬੀਜਦੇ ਕਿਆਰੇ ਨੇ,
ਹੌਂਸਲੇ ਬੁਲੰਦ ਭਾਵੇਂ ਕੱਚੇ ਹੀ ਚੁਬਾਰੇ ਨੇ,
ਬੀਜਦੇ ਫਸਲ ਯਾਰੋਂ, ਕਲਮ ਦਾ ਹਲ ਵਾਹ ਕੇ,
ਫਿਰ ਵੀ ਖੰਜ਼ਰ, ਕਾਹਤੋਂ ਦੁਨੀਆਂ ਨੇ ਮਾਰੇ ਨੇ।
ਸ਼ਬਦਾਂ ਦੀ ਖੇਤੀ ਵਾਲੇ....।
ਪਿਆਰ ਦੇ ਮਨੁੱਖਤਾ ਨੂੰ ਕਲਮ ਦੀ ਓਟ ਲੈ ਕੇ,
ਕੱਟਦੇ ਜੀਵਨ ਇਹ ਮੁਸੀਬਤਾਂ ਤੇ ਚੋਟ ਲੈ ਕੇ,
ਖ਼ੂਨ ਵਾਲੇ ਹੰਝੂ ਰੋਂਦੇ, ਹਾਲ ਦੇਖ ਦੁਨੀਆ ਦਾ,
ਮਿਹਨਤੀ ਕਿਉਂ ਭੁੱਖੇ, ਦੂਜੇ ਲੁੱਟਦੇ ਨਜ਼ਾਰੇ ਨੇ।
ਸ਼ਬਦਾਂ ਦੀ ਖੇਤੀ ਵਾਲੇ....।
ਊਚ-ਨੀਚ ਭੇਦ ਤਾਂ, ਨਿਕੰਮਿਆਂ ਬਣਾਇਆ ਏ,
ਮਾਲਕ ਤੇ ਨੌਕਰ ਦਾ, ਝੇੜਾ ਜਿਨਾਂ ਪਾਇਆ ਏ,
ਲੇਖਕਾਂ ਦੀ ਸੋਚ, ਸਾਰੇ ਇਨਸਾਨ ਇੱਕੋ ਜਿਹੇ,
ਬੰਦੇ ਨੇ ਬੰਦੇ ਦੇ ਸੀਨੇ, ਖੰਜ਼ਰ ਕਿਉਂ ਮਾਰੇ ਨੇ।
ਸ਼ਬਦਾਂ ਦੀ ਖੇਤੀ ਵਾਲੇ.....।
ਜ਼ਿੰਦਗੀ ਦਾ ਪਤਾ ਨਹੀਂ, ਸਫ਼ਰ ਕਦ ਮੁੱਕ ਜਾਣਾ,
ਘੜੀ ਦਾ ਪਤਾ ਨਹੀਂ ਏ, ਸਾਹ ਕਦ ਰੁੱਕ ਜਾਣਾ,
ਲੋਕੀ ਪੈਰਾਂ ਦੂਜਿਆਂ ਵਿਚ, ਕੰਡੇ ਕਿਉਂ ਖਿਲਾਰਦੇ,
ਪੁੱਛਣ ਸਵਾਲ ਇਹ ਜੋ ਲੇਖਕ ਬੇਚਾਰੇ ਨੇ।
ਸ਼ਬਦਾਂ ਦੀ ਖੇਤੀ ਵਾਲੇ....।
ਸ਼ੀਸ਼ਾ ਜੋ ਦਿਖਾਉਂਦੇ, ਲੋਕੀ ਕਦਰ ਨਾ ਪਾਂਵਦੇ,
ਮਰਨ ਤੋਂ ਬਾਅਦ ਇਨ੍ਹਾਂ, ਨਾਂ 'ਤੇ ਮੇਲੇ ਲਾਂਵਦੇ,
ਲਿਖਣਾ ਕੋਈ ਕੰਮ ਨਹੀਂ, ਠੋਕਰਾਂ ਕਹਿ ਮਾਰਦੇ,
ਦੁੱਖਾਂ ਵਾਲੇ ਬੀਜ਼, ਜਾਂਦੇ ਰਾਹਾਂ ਵਿਚ ਖਿਲਾਰੇ ਨੇ।
ਸ਼ਬਦਾਂ ਦੀ ਖੇਤੀ ਵਾਲੇ....।
ਮੌਤ ਹੋ ਜਾਣ 'ਤੇ ਇਹ, ਜੀਵਿਤ ਕਹਾਉਂਦੇ ਨੇ,
ਜੀਵਤਾਂ ਨੂੰ ਲੋਕੀ, ਭਲਾ-ਬੁਰਾ ਈ ਸੁਣਾਉਂਦੇ ਨੇ,
ਭੀੜ ਜੋ ਹਨੇਰਿਆਂ ਦੀ, ਵਧ ਗਈ ਦੁਨੀਆਂ 'ਤੇ,
ਚਾਨਣ ਨੇ ਤਾਂਹੀਂ ਜਾਂਦੇ, ਸੂਲੀ ਉੱਤੇ ਚਾੜੇ ਨੇ।
ਸ਼ਬਦਾਂ ਦੀ ਖੇਤੀ ਵਾਲੇ.....।
ਪਰਸ਼ੋਤਮ! ਸਾਹ ਰੁਕਦਾ, ਤਾਂ ਟੈਂਸ਼ਨ ਵੀ ਮੁੱਕਦੀ,
ਆ ਕੇ ਚਰਨਾਂ ਦੇ ਵਿਚ, ਦੁਨੀਆ ਵੀ ਝੁੱਕਦੀ,
ਜੀਵਤਾਂ ਦੀ ਲਾਸ਼ ਉੱਤੇ, ਰੋਟੀਆਂ ਪਕਾਉਂਦੇ ਲੋਕੀ,
ਖੇਤ ਕੱਦੂਆਂ ਦੇ ਕਿਹੜੇ, ਲੋਕਾਂ ਦੇ ਉਜਾੜੇ ਨੇ।
ਸ਼ਬਦਾਂ ਦੀ ਖੇਤੀ ਵਾਲੇ....।
ਮੋਇਆਂ ਤਾਂਈਂ ਪੂਜਣੇ ਦੀ, ਰੀਤ ਈ ਚਲਾਈ ਏ,
ਸ਼ਰਮ-ਹਯਾ ਦੀ ਲੋਈ, ਦੁਨੀਆ ਨੇ ਲਾਹੀ ਏ,
ਜੀਵਤਾਂ ਤੋਂ ਖੋਹ ਕੇ, ਖਾਣਾ ਮੋਇਆਂ ਤਾਂਈਂ ਦਿੰਦੇ,
ਸਰੋਏ ਕਹੇ ਦੁਨੀਆਂ 'ਤੇ, ਪੈ ਗਏ ਖਿਲਾਰੇ ਨੇ।
ਸ਼ਬਦਾਂ ਦੀ ਖੇਤੀ ਵਾਲੇ....।
ਪਰਸ਼ੋਤਮ ਲਾਲ ਸਰੋਏ